ਲਾਹੌਰ ’ਚ ਜੁੰਮੇ ਦੀ ‘ਸੰਗਤ’ ਦਾ ਸਿਲਸਿਲਾ ‘ਕਿਛੁ ਸੁਣੀਐ ਕਿਛੁ ਕਹੀਐ’

10/04/2019 2:09:03 PM

ਸਾਂਝੀਵਾਲਤਾ
ਲਾਹੌਰ ’ਚ ਜੁੰਮੇ ਦੀ ‘ਸੰਗਤ’ ਦਾ ਸਿਲਸਿਲਾ ‘ਕਿਛੁ ਸੁਣੀਐ ਕਿਛੁ ਕਹੀਐ’

ਨਜ਼ਮ ਹੁਸੈਨ ਸੱਯਦ ਲਾਹੌਰ ਦੇ ਨਿਹਾਇਤ ਹੀ ਮਕਬੂਲ ਅਦੀਬ ਹਨ। ਉਨ੍ਹਾਂ ਦਾ ਰਚਿਆ ਨਾਟਕ ‘ਤਖ਼ਤ ਲਾਹੌਰ’ ਪੰਜਾਬੀਅਤ ਦਾ ਕੀਮਤੀ ਸਿਰਨਾਵਾਂ ਹੈ। ਸੂਫ਼ੀਆਂ ਨੂੰ ਸਮਝਣਾ ਹੋਵੇ ਤਾਂ ਇਸ ਨਾਟਕ ਨੂੰ ਵੇਖਣਾ ਜ਼ਰੂਰੀ ਹੈ। ਇਹ ਨਾਟਕ ਸੂਫ਼ੀਆਂ ਦਾ ਅਤੇ ਬਾਗੀਆਂ ਦਾ ਰਿਸ਼ਤਾ ਸਮਝਾਉਂਦਾ ਹੈ। ਪੰਜਾਬ ਦਾ ਲੋਕ ਨਾਇਕ ਦੁੱਲਾ ਭੱਟੀ ਅਤੇ ਪੰਜਾਬ ਦੇ ਸੂਫ਼ੀ ਸ਼ਾਇਰ ਸ਼ਾਹ ਹੁਸੈਨ ਇਕੋ ਮਦਰੱਸੇ ਵਿਚ ਪੜ੍ਹੇ ਅਤੇ ਇਕ ਨੇ ਬੰਦੂਕ ਚੁੱਕੀ ਇਕ ਨੇ ਕਲਮ ਚੁੱਕੀ ਪਰ ਦੋਵਾਂ ਦੀ ਇਬਾਦਤ ਸਾਂਝੀ ਲੋਕਾਈ ਹੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਧਨਾਸਰੀ ਰਾਗ ਦਾ ਸਫ਼ਾ 661 ’ਤੇ ਇਕ ਸ਼ਬਦ ਦਰਜ ਹੈ।

ਜਬ ਲਗ ਦੁਨੀਆ ਰਹੀਐ ਨਾਨਕ।।

ਕਿਛੁ ਸੁਣੀਐ ਕਿਛੁ ਕਹੀਐ।।

ਕੁਝ ਅਜਿਹਾ ਹੀ ਸਿਲਸਿਲਾ ਲਾਹੌਰ ਵਿਚ ਨਜ਼ਮ ਹੁਸੈਨ ਹੁਣਾਂ ਨੇ ਸ਼ੁਰੂ ਕੀਤਾ। ਜੁੰਮੇ (ਸ਼ੁੱਕਰਵਾਰ) ਦੀ ਹਰ ਸ਼ਾਮ ਨੂੰ ਨਜ਼ਮ ਹੁਸੈਨ ਸਈਅਦ ਦੇ ਘਰ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ। ਇਹਨੂੰ ਨਜ਼ਮ ਹੁਸੈਨ ਸੱਯਦ ਨੇ ਨਾਮ ਦਿੱਤਾ-‘ਸੰਗਤ’

ਨਜ਼ਮ ਹੁਸੈਨ ਸੱਯਦ ਦਾ ਪਿਛੋਕੜ ਬਟਾਲੇ ਦਾ ਹੈ, ਇੱਥੇ ਉਨ੍ਹਾਂ ਦੇ ਪਰਿਵਾਰ ਵਿਚ ਪੀਰਾਂ ਦਾ ਸਿਲਸਿਲਾ ਪੀਰ ਫ਼ਜ਼ਲ ਸ਼ਾਹ ਤੋਂ ਤੁਰਦਾ ਆਇਆ ਹੈ। 1947 ਦੀ ਵੰਡ ਤੋਂ ਬਾਅਦ ਨਜ਼ਮ ਹੁਸੈਨ ਸਈਅਦ ਲਾਹੌਰ ਦੇ ਵਸਨੀਕ ਬਣ ਜਾਂਦੇ ਹਨ। ਇਸ ਲਿਹਾਜ਼ ਤੋਂ ਵੀ ਸੰਗਤ ਦੀ ਆਪਣੀ ਮਹੱਤਤਾ ਹੈ ਕਿ ਵੰਡ ਦੇ ਬਾਵਜੂਦ ਵੀ ਅਦਬ ਦਾ ਇਹ ਸਿਲਸਿਲਾ ਸੰਗਤ ਕਰਦਿਆਂ ਸੰਵਾਦ ਦੀ ਰਵਾਇਤ ਸੰਗ ਬਾਬਾ ਸ਼ੇਖ ਫ਼ਰੀਦ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ, ਬਾਬਾ ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਮੀਆਂ ਮੁਹੰਮਦ ਬਖ਼ਸ਼ ਹੁਣਾਂ ਨੂੰ ਚੇਤੇ ਕਰ ਰਿਹਾ ਹੈ।

ਨਜ਼ਮ ਹੁਸੈਨ ਸਈਅਦ ਦੀ ਸ਼ਾਗਿਰਦ ਅਤੇ ਲਾਹੌਰ ਯੂਨੀਵਰਸਿਟੀ ਦੇ ਪ੍ਰੋਫੈਸਰ ਅਸਮਾ ਕਾਦਰੀ ਕਹਿੰਦੇ ਹਨ ਇਸ ਸੰਗਤ ਦੇ ਵਿਚ ਅਸੀਂ ਗ਼ੈਰ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ। ਇਸ ਸੰਗਤ ਦੇ ਵਿਚ ਅਸੀਂ ਗ਼ੈਰ ਸਿੱਖਾਂ ਨੇ ਭਾਈ ਗੁਰਦਾਸ ਦੀਆਂ ਵਾਰਾਂ ਦੋ ਵਾਰ ਪੜ੍ਹੀਆਂ। ਇਹ ਪੰਜਾਬੀਅਤ ਦੀ ਸੰਗਤ ਸੀ। ਇਸ ਦੇ ਵਿਚ ਅਸੀਂ ਬਾਬਾ ਸ਼ੇਖ਼ ਫ਼ਰੀਦ, ਬਾਬਾ ਬੁੱਲ੍ਹੇ ਸ਼ਾਹ, ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਜਾਬ ਦੇ ਕਿੱਸੇ, ਪੰਜਾਬ ਦੀਆਂ ਵਾਰਾਂ, ਪੰਜਾਬ ਦੇ ਸੂਫੀ ਭਾਵ ਕੇ ਪੰਜਾਬ ਦੇ ਅਦਬ ਨੂੰ ਆਪਣੀ ਚੇਤਨਾ ਵਿਚ ਮਾਣਿਆ ਅਤੇ ਆਪਣੀ ਸੁਰਤ ਵਿਚ ਸਮਝਿਆ।

‘ਸੰਗਤ’ ਦਾ ਵਿਚਾਰ ਸੀ ਕਿ ਕੋਈ ਅਜਿਹਾ ਜਮਾਵੜਾ ਹੋਵੇ, ਜਿੱਥੇ ਪੰਜਾਬੀ ਅਦਬ ਨੂੰ ਵਿਚਾਰ ਸਕੀਏ, ਗਾ ਸਕੀਏ। ਨਜ਼ਮ ਹੁਸੈਨ ਸਈਅਦ ਕਹਿੰਦੇ ਸਨ ਕਿ ਰਲ-ਮਿਲ ਕੇ ਬੈਠੀਏ, ਕੋਈ ਵਿਚਾਰ ਕਰੀਏ ਪੰਜਾਬੀ ਅਦਬ ਲਈ ਇਹ ਬੂਹਾ ਖੁੱਲ੍ਹਾ ਹੈ। ਸੋ 1972 ਦੇ ਸਾਲਾਂ ਵਿਚ ਇਹ ਸੰਗਤ ਸ਼ੁਰੂ ਕੀਤੀ ਗਈ ਅਤੇ ਅੱਜ ਦੀ ਤਾਰੀਖ਼ ਤੱਕ ਬਿਨਾਂ ਨਾਗਾ ਇਹ ਸੰਗਤ ਇਸੇ ਤਰ੍ਹਾਂ ਸੱਜ ਰਹੀ ਹੈ।

ਨਜ਼ਮ ਹੁਸੈਨ ਸੱਯਦ ਦੀ ਸੰਗਤ ਦਾ ਵਿਚਾਰ ਇਸ ਦੌਰ ਅੰਦਰ ਕਰਨਾ ਜ਼ਰੂਰੀ ਕਿਉਂ ਹੈ? ਇਹ ਆਮ ਲੋਕਾਂ ਵੱਲੋਂ ਬਣਾਈ ਗਈ ਬੈਠਕ ਹੈ, ਜਿਸ ਵਿਚ ਆਮ ਲੋਕਾਂ ਨੇ ਆਪਣੇ ਉੱਦਮ ਨਾਲ ਰਲ-ਮਿਲ-ਬਹਿ ਸੰਵਾਦ ਦੀ ਪ੍ਰੰਪਰਾ ਨੂੰ ਜਿਊਂਦਾ ਰੱਖਿਆ, ਬਰਕਰਾਰ ਰੱਖਿਆ। ਇਸ ਆਧੁਨਿਕ ਦੌਰ ਦੇ ਅੰਦਰ ਬੰਦੇ ਅਦਬ ਤੋਂ ਉਦਾਸੀਨ ਹਨ, ਅਜਿਹਾ ਨਜ਼ਰੀਆ ਅਕਸਰ ਸਾਡੇ ਸਾਹਮਣੇ ਆਉਂਦਾ ਰਹਿੰਦਾ ਹੈ। ਅਜਿਹੇ ’ਚ ਅਜਿਹੀ ਸੰਗਤ ਦੀ ਬਹੁਤ ਜ਼ਰੂਰਤ ਹੈ। ਲਾਹੌਰ ਦੇ ਅੰਦਰ ਗੈਰ ਸਿੱਖਾਂ ਨੇ ਇਸ ਸੰਗਤ ਦੇ ਮਾਰਫਤ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਅਤੇ ਵਿਚਾਰਿਆ ਹੈ। ਇੰਝ ਇਹ ਕਿਸੇ ਖਾਸ ਇਕ ਧਰਮ ਜਾਂ ਇਕ ਤਬਕੇ ਦੀ ਨਿਸ਼ਾਨਦੇਹੀ ਨਹੀਂ ਕਰਦਾ। ਇਹ ਸਾਂਝੀਵਾਲਤਾ ਦਾ ਦਸਤਾਵੇਜ਼ ਬਣ ਜਾਂਦਾ ਹੈ। ਡਾ. ਅਸਮਾ ਕਾਦਰੀ ਕਹਿੰਦੇ ਹਨ ਕਿ ਇਹ ਸੰਗਤ ਵਿਚ ਕਦੀ ਪੰਜ ਜਣੇ ਹੁੰਦੇ ਹਨ ਅਤੇ ਕਦੀ 50 ਜਣੇ ਇਕੱਠੇ ਹੋ ਜਾਂਦੇ ਹਨ। ਇਸ ਸੰਗਤ ਵਿਚ ਵਿਦਿਆਰਥੀ, ਡਾਕਟਰ, ਲਾਹੌਰ ਦੇ ਲੋਕ, ਕਲਰਕ, ਭਾਰਤ ਤੋਂ ਆਏ ਹੋਏ ਪ੍ਰਾਹੁਣੇ, ਪੁਲਸ, ਕਲਾ-ਸੰਗੀਤ ਜਗਤ ਦੇ ਲੋਕਾਂ ਤੋਂ ਲੈ ਕੇ ਹਰ ਉਮਰ ਦੇ ਬੰਦੇ ਸ਼ਾਮਲ ਹੁੰਦੇ ਰਹੇ ਹਨ ਅਤੇ ਹੁੰਦੇ ਰਹਿੰਦੇ ਹਨ।

ਸੰਗਤ ਇਕ ਸੰਵਾਦ ਦਾ ਰੂਪ ਹੈ, ਇਸੇ ਸੰਵਾਦ ਨੂੰ ਇਸ ਪ੍ਰੰਪਰਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ’ਚ ਸੰਗਤ ਕਰਦੇ ਹੋਏ ਪ੍ਰਮੁੱਖਤਾ ਨਾਲ ਥਾਂ ਦਿੱਤੀ ਸੀ। ਤਰਕਾਲਾਂ ਵੇਲੇ ਸੂਰਜ ਢਲਣ ਦੇ ਨਾਲ ਸੰਗਤ ਸ਼ੁਰੂ ਹੋ ਜਾਂਦੀ ਹੈ ਅਤੇ ਇਸ ਵਿਚ ਨਜ਼ਮ ਹੁਸੈਨ ਸੱਯਦ ਇਕ ਪਰਚਾ ਤਿਆਰ ਕਰਦੇ ਹਨ। ਮਿਸਾਲ ਦੇ ਤੌਰ ’ਤੇ ਜਿਵੇਂ ਕਿ ਇਹ ਸੰਵਾਦ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਚੌਥੀ ਵਾਰ ਵਿਚਾਰ ਰਹੇ ਹਾਂ। ਇਹ ਸਿਲਸਿਲਾ ਦੋ ਸਾਲ ਚੱਲੇ ਤਿੰਨ ਜਾਂ ਚਾਰ ਸਾਲ ਇਸ ਦੇ ਵਿਚ ਮੁਕੰਮਲ ਅਧਿਐਨ ਕੀਤਾ ਜਾਂਦਾ ਹੈ। ਸੰਗਤ ਵਿਚ ਸ਼ਾਮਲ ਇਸ ਪਰਚੇ ਨੂੰ ਪੜ੍ਹਦੇ ਹਨ ਵਿਚਾਰਦੇ ਹਨ ਅਤੇ ਪੂਰਾ ਇਕ ਘੰਟਾ ਸਬੰਧਤ ਰਚਨਾਵਾਂ ਦੀ ਚਰਚਾ ਵਿਆਖਿਆ ਸਹਿਤ ਕੀਤੀ ਜਾਂਦੀ ਹੈ। ਜਦੋਂ ਕੋਈ ਵੀ ਰਚਨਾ ਦਾ ਵਿਚਾਰ ਸਭ ਨੂੰ ਸਮਝ ਆ ਜਾਂਦਾ ਹੈ, ਉਸ ਤੋਂ ਬਾਅਦ ਇਸ ਨੂੰ ਮਿਲ ਬਹਿ ਕੇ ਗਾਵਿਆ ਜਾਂਦਾ ਹੈ। ਗਾਵੀ ਰਚਨਾ ਦੀ ਧੁਨ ਨਜ਼ਮ ਹੁਸੈਨ ਸੱਯਦ ਆਪ ਤਿਆਰ ਕਰਦੇ ਹਨ ਅਤੇ ਇਸ ਨੂੰ ਫ਼ੌਤ ਹੋਣ ਤੱਕ ਸੰਗਤ ਵਿਚ ਸਮੀਨਾ ਹਸਨ ਸੱਯਦ ਗਾਉਂਦੇ ਸਨ । ਸਮੀਨਾ ਹਸਨ ਨਜ਼ਮ ਹੁਸੈਨ ਦੇ ਬੇਗਮ ਸਨ, ਜਿਹੜੇ ਕਿ ਦੋ ਸਾਲ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਅਤੇ ਹੁਣ ਸੰਗਤ ਵਿਚ ਵੱਖ-ਵੱਖ ਗਵੱਈਏ ਰਚਨਾਵਾਂ ਨੂੰ ਗਾਉਂਦੇ ਹਨ। ਸੰਗਤ ਦੀ ਇਹ ਖੂਬਸੂਰਤੀ ਹੈ ਕਿ ਗ਼ੈਰ ਸਿੱਖ ਸਮੀਨਾ ਹਸਨ ਸੱਯਦ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬਾਬਾ ਸ਼ੇਖ ਫਰੀਦ ਅਤੇ ਹੋਰ ਪੰਜਾਬੀ ਅਦੀਬਾਂ ਨੂੰ 45 ਸਾਲ ਗਾਉਂਦੇ ਰਹੇ। ਸਮੀਨਾ ਹਸਨ ਨੇ ਜੋ ਗਾਵਿਆ, ਉਹ ਸਾਊਂਡ ਕਲਾਊਡ ’ਤੇ ਉਪਲੱਬਧ ਹੈ।

ਡਾ. ਅਸਮਾ ਕਾਦਰੀ ਕਹਿੰਦੇ ਹਨ ਕਿ ਸੰਗਤ ਦੀ ਖੂਬਸੂਰਤੀ ਦਾ ਅੰਦਾਜ਼ਾ ਤੁਸੀਂ ਇਥੋਂ ਹੀ ਲਾ ਸਕਦੇ ਹੋ ਕਿ ਇਸ ਸੰਗਤ ਦੇ ਵਿਚ ਅਸੀਂ ਅਮੀਰ-ਗਰੀਬ, ਊਚ-ਨੀਚ, ਹਰ ਜਾਤ, ਹਰ ਧਰਮ-ਰੰਗ-ਨਸਲ ਤੋਂ ਉੱਪਰ ਉੱਠ ਕੇ ਸਾਂਝੀਵਾਲਤਾ ਨੂੰ ਸੈਲੀਬ੍ਰੇਟ ਕੀਤਾ ਹੈ। ਇਹ ਬਾਬਾ ਸ਼ੇਖ ਫ਼ਰੀਦ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਦੀ ਦਿੱਤੀ ਹੋਈ ਰਵਾਇਤ ਹੈ ਜਿਹੜੀ ਇਸ ਦੌਰ ਤੱਕ ਪਹੁੰਚਦੀ ਹੈ। ਇਸ ਤੋਂ ਪਿਆਰੀ ਗੱਲ ਕੀ ਹੋਵੇਗੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਇਸੇ ਸੰਗਤ ਵਿਚੋਂ ਸੁਣਿਆ ਅਤੇ ਇਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦੀਆਂ ਕਾਵਿਕ ਛੋਹਾਂ ਬਾਰੇ ਪੀ. ਐੱਚ. ਡੀ. ਕੀਤੀ।

ਇਸ ਤੋਂ ਬਾਅਦ ਸੰਗਤ ਦੇ ਅਖੀਰ ਵਿਚ ਲੰਗਰ ਤਿਆਰ ਕੀਤਾ ਜਾਂਦਾ ਹੈ। ਇਸ ਲੰਗਰ ਵਿਚ ਦਾਲ ਰੋਟੀ ਅਤੇ ਕੜਾਹ ਪ੍ਰਸ਼ਾਦ ਹੁੰਦਾ ਹੈ। ਲੰਗਰ ਪੰਗਤ ਵਿਚ ਬਹਿ ਕੇ ਸਭ ਰਲ ਕੇ ਖਾਂਦੇ ਹਨ ਅਤੇ ਇੰਝ ਵੱਖ-ਵੱਖ ਧਰਮਾਂ ਦੇ ਲੋਕ, ਵੱਖ-ਵੱਖ ਰਵਾਇਤਾਂ ਦੀ ਸਮਝ ਇਕ ਸੰਗਤ ਦੇ ਰੂਪ ਵਿਚ ਸਾਂਝੀਵਾਲਤਾ ਨੂੰ ਵਿਚਾਰਦੀ ਹੋਈ, ਪੰਜਾਬੀ ਅਦਬ ਦੇ ਬਹਾਨੇ ਸਿੱਖੀ-ਇਸਲਾਮ ਅਤੇ ਸੂਫ਼ੀ ਪ੍ਰੰਪਰਾ ਦੇ ਦਰਸ਼ਨ ਕਰਦੀ ਹੈ। ਡਾ. ਅਸਮਾ ਕਾਦਰੀ ਕਹਿੰਦੇ ਹਨ ਕਿ 550 ਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤ ਦੀ ਇਸ ਰਵਾਇਤ ਦੇ ਰੂ-ਬ-ਰੂ ਹੋਣਾ ਵੀ ਸਾਂਝੀਵਾਲਤਾ ਦੀ ਇਕ ਗਵਾਹੀ ਹੈ।

ਸੰਗਤ ਦੀ ਅਜਿਹੀ ਮਿਸਾਲ ਭਰੀ ਕਹਾਣੀ ਦੇ ਨਾਲ ਆਓ ਅਸੀਂ ਵੀ ਨਿੱਕੀਆਂ-ਨਿੱਕੀਆਂ ਸੰਗਤਾਂ ਆਪਣੇ ਘਰਾਂ ਵਿਚ ਆਪਣੇ ਮੁਹੱਲਿਆਂ ਵਿਚ ਕਰਨੀਆਂ ਸ਼ੁਰੂ ਕਰੀਏ। ਮਨੁੱਖੀ ਮਨ ਦੇ ਅੰਦਰ ਗੁਰਬਾਣੀ ਰੂਹਾਨੀਅਤ ਅਤੇ ਇੰਝ ਦਾ ਅਦਬ ਜਿਊਂਦਾ ਰਹੇਗਾ ਤਾਂ ਕਦਰਾਂ ਕੀਮਤਾਂ, ਅਹਿਸਾਸ, ਸੁਹਜ ਪੁੰਗਰਦਾ ਰਹੇਗਾ। ਇਸ ਦੌਰ ਅੰਦਰ ਅਜਿਹੇ ਸੰਵਾਦ ਦੀ ਲੋੜ ਹੈ। ਇਹ ਗੁਰੂ ਨਾਨਕ ਸਾਹਿਬ ਦੀ ਸੰਵਾਦ ਪ੍ਰੰਪਰਾ ਹੋਵੇਗੀ, ਜੋ ਬਾਬਾ ਸ਼ੇਖ ਫਰੀਦ ਦੀ ਬਾਰ੍ਹਵੀਂ ਸਦੀ ਤੋਂ ਤੁਰਦੀ ਹੋਈ ਇਸ ਦੌਰ ਤੱਕ ਪਹੁੰਚ ਰਹੀ ਹੈ।

ਸਮੀਨਾ ਹਸਨ ਨੇ ਜੋ ਗਾਵਿਆ

https://soundcloud.com/saminahasansyed/samina-hasan-syed-sings-baba-nanak-bin-guru-shabad-na-chutiye

-ਹਰਪ੍ਰੀਤ ਸਿੰਘ ਕਾਹਲੋਂ