ਬਹੁ-ਸੱਭਿਆਚਾਰਾਂ ਦਾ ਨਾਨਕ-ਮਾਡਲ

09/17/2019 10:57:24 AM

ਬਹੁ-ਸੱਭਿਆਚਾਰਾਂ ਦਾ ਨਾਨਕ-ਮਾਡਲ

ਇਹ ਤਾਂ ਸਾਰਿਆਂ ਨੇ ਮੰਨ ਲਿਆ ਹੈ ਕਿ ਬਾਬਾ ਨਾਨਕ ਸਾਰਿਆਂ ਦਾ ਸਾਂਝਾ ਸੀ ਅਤੇ ਹੈ। ਜਿਨ੍ਹਾਂ ਨੂੰ ਅਜਿਹਾ ਨਹੀਂ ਲੱਗਦਾ, ਉਨ੍ਹਾਂ ਨੂੰ ਫਿਰ ਤੋਂ ਬਾਣੀ ਦੀ ਰੌਸ਼ਨੀ ਵਿਚ ਵਿਚਾਰ ਕਰਨੀ ਚਾਹੀਦੀ ਹੈ। ਸਾਰਿਆਂ ਦਾ ਸਾਂਝਾ ਹੋਣ ਕਰ ਕੇ ਉਨ੍ਹਾਂ ਦੀ ਦੇਹ ਨੂੰ ਲੈ ਕੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਝਗੜਾ ਵੀ ਹੋਇਆ ਸੀ। ਪ੍ਰੰਪਰਾ ਇਸ ਗੱਲ ਦੀ ਗਵਾਹ ਹੈ ਕਿ ਦੋਹਾਂ ਧਿਰਾਂ ਦੇ ਹੱਥ ਵਿਚ ਬਾਬਾ ਨਾਨਕ ਦੀ ਦੇਹ ਦੀ ਥਾਂ ਫੁੱਲਾਂ ਦੀ ਢੇਰੀ ਹੀ ਹਾਸਲ ਹੋਈ ਸੀ। ਇਹੀ ਫੁੱਲ ਉਨ੍ਹਾਂ ਦੋਹਾਂ ਧਿਰਾਂ ਨੇ ਆਪਸ ਵਿਚ ਵੰਡ ਲਏ ਸਨ। ਇਹੋ ਜਿਹੀਆਂ ਅਦਭੁੱਤ ਘਟਨਾਵਾਂ ਗੁਰੂ ਜੀ ਨਾਲ ਆਮ ਹੀ ਜੁੜੀਆਂ ਹੋਈਆਂ ਪ੍ਰਾਪਤ ਹਨ। ਉਨ੍ਹਾਂ ਦੀ ਸਾਰਿਆਂ ਦਾ ਸਾਂਝਾ ਹੋਣ ਦੀ ਸਥਾਪਤ ਹੋ ਰਹੀ ਧਾਰਮਿਕ ਅਕਸ ਤੋਂ ਭੈਅਭੀਤ ਉਨ੍ਹਾਂ ਦੇ ਸਮਕਾਲੀ ਧਾਰਮਿਕ ਲੀਡਰਾਂ ਨੇ ਉਨ੍ਹਾਂ ਸਾਹਮਣੇ ਦੁੱਧ ਦਾ ਭਰਿਆ ਹੋਇਆ ਕਟੋਰਾ ਪੇਸ਼ ਕਰ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਧਾਰਮਿਕ ਆਗੂਆਂ ਦੀ ਸਪੇਸ ਪਹਿਲਾਂ ਹੀ ਪੈਦਾ ਹੋਣ ਆਗੂਆਂ ਨਾਲ ਨੱਕੋ-ਨੱਕ ਭਰੀ ਹੋਈ ਹੈ ਅਤੇ ਇਸ ਸਪੇਸ ਵਿਚ ਤੁਸੀਂ ਕਿਵੇਂ ਪਰਵੇਸ਼ ਕਰੋਗੇ? ਬਿੰਬ ਰਾਹੀਂ ਹੋ ਰਹੀ ਇਸ ਗੱਲਬਾਤ ਵਿਚ ਗੁਰੂ ਜੀ ਨੇ ਬਿੰਬ ਰਾਹੀਂ ਜਵਾਬ ਦਿੰਦਿਆਂ ਦੁੱਧ ਦੇ ਭਰੇ ਹੋਏ ਪਿਆਲੇ ਵਿਚ ਚਮੇਲੀ ਦਾ ਫੁੱਲ ਰੱਖ ਦਿੱਤਾ ਸੀ। ਇਸ ਨਾਲ ਗੁਰੂ ਜੀ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਇਨ੍ਹਾਂ ਨਾਲ ਉਲਝੇ ਬਿਨਾਂ ਆਪਣੀ ਸਮਝ ਲੋੜਵੰਦਾਂ ਨਾਲ ਸਾਂਝੀ ਕਰਨ ਆਏ ਹਨ। ਗੁਰੂ ਜੀ ਵਲੋਂ ਰੱਖੀ ਗਈ ਇਸ ਸੰਬਾਦੀ-ਨੀਂਹ ’ਤੇ ਓਸੇ ਹੀ ਜੋਤਿ ਅਤੇ ਜੁਗਤਿ ਦੀ ਨੁਮਾਇੰਦਗੀ ਕਰਦਿਆਂ ਨੌਂ ਗੁਰੂ ਸਾਹਿਬਾਨ ਨੇ ਸਿੱਖ ਧਰਮ ਦੀ ਉਸਾਰੀ ਕੀਤੀ ਸੀ। ਟਕਰਾਅ ਪੈਦਾ ਕਰਨ ਤੋਂ ਸਦਾ ਗੁਰੇਜ਼ ਕੀਤਾ ਅਤੇ ਗਲ ਪਏ ਟਕਰਾਵਾਂ ਨਾਲ ਖਿੜੇ ਮੱਥੇ ਟਕਰਾਉਣ ਦੇ ਸਿਰੜ੍ਹ ’ਤੇ ਸਦਾ ਪਹਿਰਾ ਦਿੱਤਾ ਸੀ। ਇਸੇ ਨਾਲ ਨਿਭਦਿਆਂ ਗੁਰੂ ਕਿਆਂ ਨੇ ਪ੍ਰਾਪਤ ਸਿੱਖ ਇਤਿਹਾਸ ਪੈਦਾ ਕੀਤਾ ਸੀ ਤੇ ਹੈ। ਪੰਥਕਤਾ ਵਿਚ ਵੀ ਸਰਬੱਤ ਦੇ ਭਲੇ ਦੀ ਜੋਤਿ ਸਦਾ ਜਗਦੀ ਰਹੀ ਹੈ। ਬਹੁਤ ਸਾਰੇ ਬਿਖੜੇ ਪੜਾਵਾਂ ਵਿਚੋਂ ਲੰਘਦਿਆਂ, ਸਿੱਖ-ਭਾਈਚਾਰਾ, ਸਿੱਖ-ਸੱਭਿਆਚਾਰ ਅਤੇ ਸਿੱਖ-ਅਧਿਆਤਮ ਆਪਣੇ ਅਾਪਣੇ ਰੰਗ ਵਿਚ ਉਸਰਦੇ ਰਹੇ ਹਨ। ਪ੍ਰਗਟਾਵਿਆਂ ਵਿਚ ਸਥਾਨਕਤਾ ਦੇ ਹਵਾਲੇ ਨਾਲ ਸੰਘਰਸ਼ ਵੀ ਕਰਨੇ ਪੈਂਦੇ ਰਹੇ ਹਨ ਅਤੇ ਟੀਚਾ ਇਹੋ ਰਿਹਾ ਹੈ ਕਿ ‘ਸਿਰ ਜਾਏ ਤਾਂ ਜਾਏ ਸਿੱਖੀ ਸਿਦਕ ਨਾ ਜਾਏ’। ਇਸ ਦੇ ਨਾਲ-ਨਾਲ ਨਾਨਕ ਨਾਮ ਲੇਵਾ ਲੋੜਵੰਦਾਂ ਦੀ ਸੇਵਾ ਲਈ ਤਨ, ਮਨ ਅਤੇ ਧਨ ਨਾਲ ਪਹਿਰਾ ਦਿੰਦੇ ਰਹੇ ਹਨ। ਅਜਿਹਾ ਬਾਣੀ ਦੀ ਅਗਵਾਈ ਵਿਚ ਵਾਪਰਦਾ ਰਿਹਾ ਹੈ। ਇਸ ਦੀ ਛਾਪ ਨਾਲ ਸਿੱਖ, ਜਿਵੇਂ ਗੁਰੂ-ਦੇਹ ਨਾਲ ਨਿਭਦੇ ਰਹੇ ਸਨ, ਉਸੇ ਤਰ੍ਹਾਂ ਸ਼ਬਦ-ਗੁਰੂ ਨਾਲ ਨਿਭਦੇ ਆ ਰਹੇ ਹਨ। ਇਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰਦੁਆਰਾ ਇਸ ਭਾਵਨਾ ਦੇ ਸ਼ਾਹਦ ਹੋ ਗਏ ਹਨ ਕਿ ਦੂਜੇ ਦੇ ਦੂਜੇਪਨ ਨਾਲ ਨਿਭ ਸਕਣ ਦਾ ਪ੍ਰਗਟਾਵਾ ਜਿਵੇਂ ਦੁਨੀਆਂ ਭਰ ਵਿਚ ਨਾਨਕ ਨਾਮ ਲੇਵਾ ਕਰ ਰਹੇ ਹਨ, ਉਸ ਨੂੰ ਰੀਸ ਕਰਨਯੋਗ ਨਾਨਕ-ਮਾਡਲ ਕਿਹਾ ਜਾਣਾ ਚਾਹੀਦਾ ਹੈ। ਇਸ ਦ੍ਰਿਸ਼ਟੀ ਤੋਂ ਸਿੱਖ-ਸਭਿਆਚਾਰ, ਜਿਵੇਂ ਬਹੁ-ਸਭਿਆਚਾਰਕ ਵਰਤਾਰਿਆਂ ਵਿਚ ਨਿਭ ਸਕਣ ਦੀ ਸਮਰੱਥਾ ਦਾ ਪ੍ਰਗਟਾਵਾ ਕਰ ਰਿਹਾ ਹੈ, ਉਹ ਗੁਰੂ ਨਾਨਕ ਦੇਵ ਜੀ ਕਰ ਕੇ ਹੀ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਸਾਰਾ ਸਾਲ ਮਨਾਇਆ ਜਾਣਾ ਹੈ। ਸਾਲ 2019, ਸਿਆਸੀ ਦ੍ਰਿਸ਼ਟੀ ਤੋਂ ਸਾਰੀ ਦੁਨੀਆ ਦੀਆਂ ਨਿਗਾਹਾਂ ਵਿਚ ਹੈ। ਇਹੋ ਜਿਹੇ ਹਾਲਾਤ ਵਿਚ ਗੁਰੂ ਨਾਨਕ ਦੇਵ ਜੀ ਇਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਵੰਡ ਕੇ ਵੇਖਿਆ ਜਾ ਰਿਹਾ ਹੈ। ਕਮਾਲ ਇਹ ਹੈ ਕਿ ਦੋਵੇਂ ਦੇਸ਼ਾਂ ਦੇ ਸਿਆਸੀ ਪ੍ਰਤੀਨਿਧ ਇਕ ਦੂਜੇ ਵੱਲ ਵੇਖਣਾ ਵੀ ਨਹੀਂ ਚਾਹੁੰਦੇ। ਇਸ ਦੇ ਬਾਵਜੂਦ ਦੋਵੇਂ ਦੇਸ਼ 550ਵਾਂ ਗੁਰਪੁਰਬ ਮਨਾਉਣ ਵਾਸਤੇ ਪੱਬਾਂ ਭਾਰ ਹੋਈ ਬੈਠੇ ਹਨ। ਸਿਆਸੀ ਤਣਾਅ ਵਿਚ ਜਿਸ ਤਰ੍ਹਾਂ ਦੇ ਚਾਅ ਨਾਲ ਗੁਰਪੁਰਬ ਮਨਾਉਣ ਦੀਆਂ ਤਿਆਰੀਆਂ ਭਾਰਤ ਅਤੇ ਪਾਕਿਸਤਾਨ ਵਿਚ ਹੋ ਰਹੀਆਂ ਹਨ, ਉਸ ਨਾਲ ਸਾਬਤ ਹੁੰਦਾ ਜਾ ਰਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਾਰਿਆਂ ਦੇ ਸਾਂਝੇ ਹਨ ਅਤੇ ਸਾਰਿਆਂ ਦੇ ਸਾਂਝੇ ਰਹਿਣਗੇ। ਪੰਜਾਬ ਸਰਕਾਰ ਬਾਬਾ ਨਾਨਕ ਦੀ ਇਸ ਸੋਚ ਨੂੰ ਲਾਂਘੇ ਤੇ ਯਾਦਗਾਰੀ ਨਿਸ਼ਾਨੀਆਂ ਉਸਾਰ ਕੇ ਸ਼ਿਲਾਲੇਖੀ ਪ੍ਰੰਪਰਾ ਦੀ ਸੁਰ ਵਿਚ ਸਦਾ ਲਈ ਪੱਕਾ ਕਰਨਾ ਚਾਹੁੰਦੀ ਹੈ ਅਤੇ ਇਸ ਵਾਸਤੇ ਲਗਾਤਾਰ ਸਿਰ ਜੋੜ ਕੇ ਸੋਚਿਆ ਜਾ ਰਿਹਾ ਹੈ। ਇਸ ਨਾਲ ਇਸ ਸੋਚ ਨੇ ਪੱਕਿਆਂ ਹੋ ਜਾਣਾ ਹੈ ਕਿ ਬਾਬਾ ਨਾਨਕ ਸਾਰੀ ਦੁਨੀਆ ਦੇ ਹਨ। ਇਸ ਰਾਹ ’ਤੇ ਤੁਰਦਿਆਂ ਇਹ ਵੀ ਸਾਹਮਣੇ ਆ ਜਾਣਾ ਹੈ ਕਿ ਨਾਨਕ-ਚਿੰਤਨ ਦੁਆਰਾ ਧਰਮਾਂ ਵਿਚਕਾਰ ਅਮਨ ਸਥਾਪਤ ਕਰ ਸਕਣ ਦੀਆਂ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਹਨ। ਸਿਆਸੀ-ਤਪਸ਼ ਨੂੰ ਠਾਰਨ ਵਾਸਤੇ ਇਸ ਵਰ੍ਹੇ ਨੂੰ ਲੋੜੀਂਦੀ ਮੁਹਿੰਮ ਦਾ ਆਗਾਜ਼ ਮੰਨਿਆ ਜਾ ਸਕਦਾ ਹੈ। ਇਸ ਗੱਲ ਦੀ ਗਵਾਹੀ ਉਨ੍ਹਾਂ ਚਿੰਤਕਾਂ ਨੇ ਭਰੀ ਹੋਈ ਹੈ, ਜਿਨ੍ਹਾਂ ਨੇ ਅੰਗ੍ਰੇਜ਼ੀ ਅਨੁਵਾਦ ਦੁਆਰਾ ਗੁਰੂ ਨਾਨਕ ਦੇਵ ਜੀ ਦੀ ਕੇਵਲ ਝਲਕ ਹੀ ਵੇਖੀ ਸੀ। ਇਨ੍ਹਾਂ ਵਿਚੋਂ ਪ੍ਰੋ. ਅਰਨਲਡ ਟਾਇਬੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਾਨਵਤਾ ਦਾ ਸਾਂਝਾ ਅਧਿਆਤਮਿਕ ਖਜ਼ਾਨਾ ਕਿਹਾ ਹੋਇਆ ਹੈ ਅਤੇ ਇਸ ਨੂੰ ਲੋਕਾਂ ਤੱਕ ਲੈ ਕੇ ਜਾਣ ਦੀ ਵਕਾਲਤ ਵੀ ਕੀਤੀ ਹੋਈ ਹੈ। ਪ੍ਰਸਿੱਧ ਚਿੰਤਕ ਪਰਲ ਐੱਸ. ਬੱਕ ਲਿਖਦੀ ਹੈ ਕਿ ਉਸ ਨੇ ਦੁਨੀਆਂ ਦੇ ਧਰਮਾਂ ਦੇ ਧਰਮ ਗ੍ਰੰਥ ਪੜ੍ਹੇ ਹਨ ਪਰ ਜਿਸ ਤਰ੍ਹਾਂ ਬਾਣੀ ਦਾ ਪ੍ਰਭਾਵ ਮਨ, ਦਿਲ ਅਤੇ ਦਿਮਾਗ਼ ’ਤੇ ਪੈਂਦਾ ਹੈ, ਉਹ ਹੋਰ ਕਿਧਰੇ ਨਹੀਂ ਹੈ। ਆਰ. ਐੱਸ. ਐੱਸ. ਦੇ ਮੁਖੀਆ ਮੋਹਨ ਭਾਗਵਤ ਦਾ ਬਿਆਨ ਮੇਰੇ ਧਿਆਨ ਵਿਚ ਆਇਆ ਹੈ ਕਿ ਜਿਸ ਵੇਲੇ ਭਾਰਤ, ਠੱਗੀ, ਝੂਠ, ਲਾਲਚ ਅਤੇ ਧੜੇਬਾਜ਼ੀ ਦੀ ਖੱਡ ਵਿਚ ਡਿੱਗ ਕੇ ਕਾਸੇ ਜੋਗਾ ਨਹੀਂ ਰਿਹਾ ਸੀ, ਉਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਤਮ-ਜਾਗ੍ਰਿਤੀ ਦਾ ਨਵਾਂ ਰਾਹ ਵਿਖਾਇਆ ਸੀ। ਇਨ੍ਹਾਂ ਟਿੱਪਣੀਆਂ ਨਾਲ ਇਹ ਕਹਿਣਾ ਸੌਖਾ ਹੋ ਗਿਆ ਹੈ ਕਿ ਆਤਮ-ਜਾਗ੍ਰਿਤੀ ਹਰ ਸਮੇਂ ਦੀ ਲੋੜ ਹੁੰਦੀ ਹੈ ਕਿਉਂਕਿ ਅੱਖਾਂ ਖੋਲ੍ਹਣ ਨਾਲ ਹੀ ਦੁਆਲੇ ਪਈਆਂ ਚੀਜ਼ਾਂ ਨਜ਼ਰ ਆ ਸਕਦੀਆਂ ਹਨ। ਬੰਦੇ ਦਾ ਬੰਦਾ ਹੋਣ ਦੀ ਮਜਬੂਰੀ ਵਿਚ ਅੱਖਾਂ ਮੀਟ ਕੇ ਤੁਰਨਾ ਪੈਂਦਾ ਹੈ। ਇਹੋ ਜਿਹੀ ਹਾਲਤ ਵਿਚ ਜੀਣ ਦਾ ਚਾਅ ਮਰ ਜਾਂਦਾ ਹੈ ਅਤੇ ਮੌਤ ਤੋਂ ਪਹਿਲਾਂ ਮਰ ਜਾਣ ਦਾ ਸੰਤਾਪ ਮਾਸੂਮਾਂ ਨੂੰ ਵੀ ਭੋਗਣਾ ਪੈ ਜਾਂਦਾ ਹੈ। ਇਹੋ ਜਿਹੀ ਹਾਲਤ ਵਿਚ ਗੁਰੂ ਨਾਨਕ ਦੇਵ ਜੀ ਨੇ ਜਿਊਣ ਦੀ ਜਾਚ ਸਿਖਾਈ ਸੀ। ਇਹ ਜੀਵਨ-ਜਾਚ ਧਰਮ ਅਤੇ ਸਭਿਆਚਾਰ ਨੂੰ ਇਕੱਠਿਆਂ ਤੋਰਨ ਦੀ ਸੀ। ਇਸ ਵੇਲੇ ਇਹੋ ਜਿਹੀ ਸਿਧਾਂਤਕੀ ਨੂੰ ਬਹੁਲਵਾਦ ਕਿਹਾ ਜਾ ਰਿਹਾ ਹੈ। ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਵਾਸਤੇ ਚੰਗਾ ਸੋਚਣ ਅਤੇ ਚੰਗਾ ਕਰਨ ਦਾ ਸੁਭਾਅ ਹੀ ਬਾਬੇ ਨਾਨਕ ਨੇ ਪੈਦਾ ਕੀਤਾ ਸੀ। ਅਜਿਹਾ ਧਰਮ ਨੂੰ ਧਾਰਨ ਕਰ ਕੇ ਹੀ ਸੰਭਵ ਹੋ ਸਕਦਾ ਹੈ। ਇਹੀ ਜਦੋਂ ਧਰਮ ਨੂੰ ਪੂਜਾ ਵਿਧੀਆਂ ਤੱਕ ਮਹਿਦੂਦ ਕਰ ਦਿੰਦਾ ਹੈ ਤਾਂ ਆਤਮ-ਜਾਗ੍ਰਿਤੀ ਦੀ ਥਾਂ ’ਤੇ ਅੰਧ-ਆਸਥਾ ਦਾ ਬੋਲਬਾਲਾ ਹੋ ਜਾਂਦਾ ਹੈ। ਇਹੀ ਪ੍ਰਾਪਤ ਸੱਭਿਆਚਾਰਾਂ ਵਿਚਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੱਭਿਆਚਾਰ ਹੈ।

-ਬਲਕਾਰ ਸਿੰਘ ਪ੍ਰੋਫੈਸਰ

9316301328