ਹਰ ਸਮਕਾਲ ਦਾ ਨਾਨਕ

10/15/2019 11:57:14 AM

ਹਰ ਸਮਕਾਲ ਦਾ ਨਾਨਕ

ਧਰਮ-ਚਿੰਤਨ ਦੀ ਦਾਅਵੇਦਾਰੀ ਇਹ ਰਹੀ ਹੈ ਕਿ ਇਹ ਲੋੜ ਵਿਚੋਂ ਪੈਦਾ ਨਹੀਂ ਹੁੰਦਾ, ਲੋੜ ਵਾਸਤੇ ਪੈਦਾ ਹੁੰਦਾ ਹੈ ਕਿਉਂ ਕਿ ਧਰਮ, ਬੰਦੇ ਦੀ ਪੁਕਾਰ ਨੂੰ ਮਿਲਿਆ ਹੋਇਆ ਦੈਵੀ ਹੁੰਗਾਰਾ ਹੁੰਦਾ ਹੈ। ਇਸ ਦੇ ਬਾਵਜੂਦ ਧਰਮ ਦੀ ਪਛਾਣ ਧਾਰਮਿਕ ਫਿਰਕਿਆਂ ਦੇ ਰੂਪ ਵਿਚ ਹੀ ਪ੍ਰਗਟ ਹੁੰਦੀ ਰਹੀ ਹੈ। ਇਸੇ ਕਰ ਕੇ ਧਰਮ ਇਕ-ਵਚਨ ਤੋਂ ਬਹੁ-ਵਚਨ ਹੁੰਦਾ ਰਿਹਾ ਹੈ ਅਤੇ ਨਤੀਜਨ ਦੁਨੀਆ ਵਿਚ ਬਹੁਤ ਸਾਰੇ ਧਰਮ ਵੱਖ-ਵੱਖ ਨਾਵਾਂ ਨਾਲ ਜਾਣੇ ਜਾਣ ਲੱਗ ਪਏ ਹਨ। ਸਿੱਖ-ਧਰਮ ਉਨ੍ਹਾਂ ਵਿਚੋਂ ਇਕ ਹੋ ਗਿਆ ਹੈ ਅਤੇ ਇਸ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ। ਧਰਮ ਦੀ ਪਛਾਣ ਸਦਾ ਹੀ ਅਧਰਮ ਦੇ ਹਵਾਲੇ ਨਾਲ ਹੁੰਦੀ ਰਹੀ ਹੈ। ਚੁਫੇਰੇ ਫੈਲੀ ਅਨੈਤਿਕਤਾ ਵਿਚ ਨੈਤਿਕਤਾ ਦਾ ਝੰਡਾ ਗੱਡਣ ਦਾ ਨਾਮ ਹੀ ਧਰਮ ਹੈ। ਬਹੁਤੀਆਂ ਸਮੱਸਿਆਵਾਂ, ਇਸ ਧਾਰਨਾ ਨਾਲ ਜੁੜੀਆਂ ਹੋਈਆਂ ਹਨ ਕਿ ਜੋ ਬੀਜਦੇ ਹਾਂ, ਉਹੀ ਵੱਢਣਾ ਪੈਂਦਾ ਹੈ। ਠੀਕ ਬੀਜਣ ਦੀ ਚੇਤਨਾ ਦਾ ਅਮਲ ਹੀ ਧਰਮ ਅਖਵਾਉਂਦਾ ਰਿਹਾ ਹੈ। ਜੇ ਬੀਜੇ ਕੋਈ ਹੋਰ ਅਤੇ ਵੱਢਣਾ ਕਿਸੇ ਹੋਰ ਨੂੰ ਪੈ ਜਾਵੇ ਤਾਂ ਇਸ ਨੂੰ ਬਾਬਾ ਨਾਨਕ ਨੇ ਅਧਾਰਮਿਕ ਵਰਤਾਰਾ ਕਿਹਾ ਹੋਇਆ ਹੈ (ਧਰਮ ਪੰਖ ਕਰਿ ਉਡਰਿਆ...)। ਇਹੋ ਜਿਹੇ ਹਾਲਾਤ ਵਿਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਅਤੇ ਉਹ ਸਮਾਂ ਭਗਤਾਂ ਅਤੇ ਸੰਸਾਰੀਆਂ ਦੀਆਂ ਕੋਟੀਆਂ ਵਿਚ ਵੰਡਿਆ ਹੋਇਆ ਸੀ। ਸੰਸਾਰੀਆਂ ਦੇ ਸਮਕਾਲ ਨੂੰ ਇਕ ਪਾਸੇ ਭੂਤ ਵਿਚ ਕੀਤੀਆਂ ਨੂੰ ਭੁਗਤਣ ਅਤੇ ਦੂਜੇ ਪਾਸੇ ਭਵਿੱਖ ਨੂੰ ਸੰਵਾਰਨ ਦੇ ਲੇਖੇ ਲਾ ਦੇਣ ਵਾਲੇ ਰਾਹ ਪਾ ਦਿੱਤਾ ਗਿਆ ਸੀ। ਇਹ ਸਥਾਪਤ ਸੱਚ ਹੈ ਕਿ ਵਰਤਮਾਨ ਦੇ ਗੁਆਚਣ ਨਾਲ ਦੁਸ਼ਵਾਰੀਆਂ ਹੀ ਬੰਦੇ ਦੀ ਹੋਣੀ ਹੋ ਜਾਂਦੀਆਂ ਹਨ। ਬਾਬਾ ਜੀ ਨੇ ਵੇਖਿਆ ਕਿ ਦਿੱਭਤਾ ਦੇ ਸੂਖਮ ਪਹਿਲੂਆਂ ਨੂੰ ਬੰਦੇ ਦੇ ਵਹਿਮਾਂ ਭਰਮਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਆਮ ਬੰਦੇ ਦੀ ਪਹੁੰਚ ਤੋਂ ਪਾਸੇ ਹੋ ਗਈ ਅਧਿਆਤਮਿਕਤਾ ਨੂੰ ਆਮ ਬੰਦੇ ਦੀ ਪਹੁੰਚ ਵਿਚ ਲਿਆਉਣ ਦੀਆਂ ਵਿਧੀਆਂ ਨੂੰ ਸਿੱਖ-ਧਰਮ ਵਜੋਂ ਪਹਿਲੀ ਵਾਰ ਬਾਬਾ ਜੀ ਨੇ ਹੀ ਸਥਾਪਤ ਕੀਤਾ ਸੀ। ਇਹ ਕਹਿਣ ਦਾ ਯਤਨ ਕਰ ਰਿਹਾ ਹਾਂ ਕਿ ਦਿੱਭਤਾਂ ਨੂੰ ਬੰਦੇ ਦੇ ਹੱਕ ਵਿਚ ਭੁਗਤਾਉਣ ਦੀਆਂ ਸੰਭਾਵਨਾਵਾਂ ਦੀ ਗੱਲ ਗੁਰੂ ਨਾਨਕ ਦੇਵ ਜੀ ਨੇ ਹੀ ਸ਼ੁਰੂ ਕੀਤੀ ਸੀ।

ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਸ਼ਬਦ-ਬ੍ਰਹਮ ਦੀ ਗੱਲ ਤਾਂ ਚੱਲਦੀ ਸੀ ਪਰ ਸ਼ਬਦ-ਗੁਰੂ ਦੀ ਗੱਲ ਬਾਬਾ ਨਾਨਕ ਨਾਲ ਹੀ ਸ਼ੁਰੂ ਹੋਈ ਸੀ। ਸ਼ਬਦ-ਬ੍ਰਹਮ ਦੇ ਅਧਿਕਾਰੀਆਂ ਵਿਚ ਆਮ ਬੰਦਾ ਸ਼ਾਮਲ ਨਹੀਂ ਸੀ ਪਰ ਸ਼ਬਦ-ਗੁਰੂ ਦਾ ਅਧਿਕਾਰੀ ਆਮ ਬੰਦੇ ਨੂੰ ਬਣਾ ਦਿੱਤਾ ਗਿਆ ਸੀ। ਸ਼ਬਦ-ਬ੍ਰਹਮ ਤੋਂ ਸ਼ਬਦ-ਗੁਰੂ ਤੱਕ ਦੀ ਯਾਤਰਾ ਨੂੰ ਖਾਸ ਬੰਦਿਆਂ ਤੋਂ ਆਮ ਬੰਦਿਆਂ ਤੱਕ ਦੀ ਯਾਤਰਾ ਵਾਂਗ ਸਮਝਿਆ ਸਮਝਾਇਆ ਜਾਣਾ ਹੀ ਸਿੱਖ-ਧਰਮ ਹੋ ਗਿਆ ਸੀ। ਇਹੀ ‘ਸੁਰਤਿ ਧੁਨਿ ਚੇਲਾ’ ਤੋਂ ‘ਗੁਰੂ ਮਾਨਿਓ ਗ੍ਰੰਥ’ ਤੱਕ ਦੀ ਯਾਤਰਾ ਹੋ ਗਈ ਹੈ। ਇਸ ਯਾਤਰਾ ਨਾਲ ਹਰੇਕ ਨੂੰ ਆਪ ਨਿਭਣਾ ਪੈਂਦਾ ਹੈ। ਇਸ ਨਾਲ ਜੁੜੇ ਹੋਏ ਗੁਰਮੁਖ ਅਤੇ ਮਨਮੁਖ ਇਕੋ ਸਿੱਕੇ ਦੇ ਦੋ ਪਾਸਿਆਂ ਵਾਂਗ ਤਾਂ ਹਨ ਪਰ ਦੇਵਤਾ ਅਤੇ ਸ਼ੈਤਾਨ ਦੇ ਪਾਤਰਾਂ ਵਾਂਗ ਇਕ ਦੂਜੇ ਦੀ ਸਮਾਨਾਂਤਰਤਾ ਵਿਚ ਨਹੀਂ ਹਨ। ਧਰਤੀ ਦੀ ਇਸ ਵੰਡ ਨੂੰ ਆਮ ਬੰਦੇ ਦੀ ਮਾਨਸਿਕਤਾ ਵਿਚ ਸਵਰਗ ਅਤੇ ਨਰਕ ਦੇ ਵਿਸ਼ਵਾਸ ਵਾਂਗ ਉਤਾਰਿਆ ਗਿਆ ਸੀ। ਬਾਬਾ ਨਾਨਕ ਦੇ ਧਿਆਨ ਵਿਚ ਪੂਰਬੀ ਧਰਮਾਂ ਦਾ ਅਵਤਾਰਵਾਦ ਅਤੇ ਸਾਮੀ ਧਰਮਾਂ ਦਾ ਪੈਗੰਬਰੀਵਾਦ ਸੀ ਅਤੇ ਇਨ੍ਹਾਂ ਦੋਹਾਂ ਦੇ ਨਾਲ ‘ਗੁਰੂ’ ਨੂੰ ਟਿਕਾਇਆ ਗਿਆ ਸੀ। ਗੁਰੂ, ਆਮ ਬੰਦੇ ਦਾ ਰਹਿਬਰ ਸੀ ਅਤੇ ਏਸੇ ਨੂੰ ਸਿੱਖੀ ਦੀ ਧੁਰੋਹਰ ਵਜੋਂ ਵਰਤ ਲਿਆ ਗਿਆ ਸੀ। ਦਿੱਭ ਵਰਤਾਰਿਆਂ ਦੇ ਪ੍ਰਸੰਗ ਉਸਾਰ ਵਿਚ ਗੁਰੂ ਦਾ ਸਿੱਖ ਨਾਲ ਉਹੀ ਰਿਸ਼ਤਾ ਹੋ ਗਿਆ ਹੈ, ਜਿਹੜਾ ਗੁਰੂ-ਦੇਹ ਦਾ ਅਕਾਲ ਨਾਲ ਹੋ ਗਿਆ ਸੀ। ਅਕਾਲ ਰੂਪ ਨਾਨਕ ਹੀ ਗੁਰੂ ਰੂਪ ਅੰਗਦ ਹੋ ਗਿਆ ਸੀ। ਗੁਰੂ-ਦੇਹ ਤੋਂ ਸ਼ਬਦ-ਗੁਰੂ ਵੱਲ ਸੇਧਤ ਉਸਾਰ ਜਾਗਤ ਜੋਤਿ ਜ਼ਾਹਰਾ ਜ਼ਹੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੋ ਗਿਆ ਹੈ। ਪਵਿੱਤਰ ਗ੍ਰੰਥਾਂ ਦੇ ਇਤਿਹਾਸ ਵਿਚ ਇਹ ਵਰਤਾਰਾ ਆਪਣੇ ਵਰਗਾ ਆਪ ਹੋ ਗਿਆ ਹੈ। ਇਸ ਵਾਸਤੇ ਇਕ ਪਾਸੇ ਨਾਨਕ-ਜੋਤਿ ਨੂੰ ਦਸ ਪੀਹੜੀਆਂ ਤੱਕ ਸੰਘਰਸ਼ ਕਰਨਾ ਪਿਆ ਸੀ ਅਤੇ ਇਸੇ ਵਿਚ ਨਾਨਕ ਨਾਮਲੇਵਾ ਹਿੱਸਾ ਲੈਂਦੇ ਰਹੇ ਸਨ। ਇਸ ਦਾ ਚਿੰਤਨਾਤਮਿਕ ਉਸਾਰ ਜੇ ਭੱਟ ਬਾਣੀਕਾਰਾਂ ਦੇ ਹਵਾਲੇ ਨਾਲ ਕਰਾਂਗੇ ਤਾਂ ਸਮਝ ਸਕਾਂਗੇ ਕਿ ਦਿੱਭਤਾਂ ਦੇ ਦੇਹੀ ਪ੍ਰਗਟਾਵਿਆਂ ਵਿਚ ਵੀ ਗੁਰੂ ਜੋਤਿ ਆਪਣੀਆਂ ਸੂਖਮਤਾਈਆਂ ਦੀ ਸ਼ਾਖਸ਼ਾਤ ਗੁਰਮੁਖਤਾਈ ਨੂੰ ਸਾਹਮਣੇ ਲਿਆਉਂਦੀ ਰਹੀ ਸੀ। ਨਾਨਕ-ਜੋਤਿ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਮੀ ਹੋਈ ਹੈ।

ਧਰਮ-ਚਿੰਤਨ ਵਿਚ ਦੇਹੀ-ਮਾਧਿਅਮ ਦੀ ਥਾਂ ਸ਼ਬਦ-ਮਾਧਿਅਮ ਦੇ ਗੁਰਮਤੀ ਵਰਤਾਰੇ ਨਾਲ ਬਿਨਸਣਹਾਰਤਾ ਦੀ ਤਾਣੀ ਵਿਚ ਉਲਝੇ ਹੋਏ ਅਬਿਨਸਣਹਾਰ ਵਰਤਾਰਿਆਂ ਦਾ ਜਿਹੜਾ ਗੁਰਮਤਿ ਪ੍ਰਸੰਗ ਬਾਬਾ ਨਾਨਕ ਨੇ ਸਾਹਮਣੇ ਲਿਆਂਦਾ ਸੀ, ਉਸ ਨਾਲ ਬੰਦੇ ਦੀ ਮੁਕਤੀ ਦਾ ਪ੍ਰਸੰਗ ਜੀਵਨ-ਮੁਕਤੀ ਹੋ ਗਿਆ ਸੀ। ਹੋਣੀ ਨੂੰ ਮੁਕਤੀ ਵਿਚ ਪਰਿਵਰਤਿਤ ਕਰ ਸਕਣ ਦੀ ਗੁਰਮਤਿ ਵਿਧੀ ਨੇ ਸਕਰਮਕ ਸਸ਼ਕਤੀਕਰਨ ਦੇ ਜੀਵਨ ਦੀਆਂ ਸੰਭਾਵਨਾਵਾਂ ਦਾ ਰਾਹ ਪੱਧਰਾ ਕਰ ਦਿੱਤਾ ਸੀ/ਹੈ। ਦੇਹੀ ਸਰੋਕਾਰਾਂ ਨਾਲ ਨਿਭਦਿਆਂ ਸੁਰਗ ਨੂੰ ਜਿੱਤਣ ਦੇ ਪ੍ਰਤੱਖਣ ਦਾ ਖਿਆਲ ਬਾਬਾ ਨਾਨਕ ਤੋਂ ਪਹਿਲਾਂ ਨਹੀਂ ਸੀ। ਸੁਰਗ ਨੂੰ ਪਉੜੀ ਲਾਉਣ ਵਰਗੇ ਕਥਾ ਸੰਸਾਰ ਵਿਚ ਪ੍ਰਾਪਤ ਕਾਲਪਨਿਕ ਵਰਤਾਰਿਆਂ ਨੂੰ ਧਰਤੀ ’ਤੇ ਸਾਖਸ਼ਾਤ ਕਰਨ ਦੀਆਂ ਵਿਧੀਆਂ ਰਾਹੀਂ ਪ੍ਰਾਪਤ ਹੋਣ ਵਾਲੇ ਸੰਪੂਰਨ ਜੀਵਨ ਵਿਚ ਸਵਰਗ ਅਤੇ ਨਰਕ ਦੇ ਦਖਲ ਨੂੰ ਰੱਦਿਆ ਗਿਆ ਹੈ। ਇਸ ਤਰ੍ਹਾਂ ਸਵਰਗ ਅਤੇ ਨਰਕ ਜ਼ਿੰਦਗੀ ਨਾਲ ਜੁੜੇ ਹੋਏ ਨੇਕੀ ਅਤੇ ਬਦੀ ਦੇ ਮਹਿਜ ਬਿੰਬ ਹੋ ਗਏ ਹਨ। ਇਸ ਨਾਲ ਧਰਮ, ਵਿਚੋਲਗਿਰੀ ਦੇ ਬੰਧਨਾ ਵਿਚੋਂ ਨਿਕਲ ਕੇ ਵਿਸਮਾਦੀ ਸੰਘਰਸ਼ ਹੋ ਗਿਆ ਸੀ/ਹੈ। ਇਸ ਨਾਲ ਧਰਮ ਦੀ ਪਰਖ ਇਹ ਹੋ ਗਈ ਹੈ ਕਿ ਸਬੰਧਤ ਧਰਮ ਨੇ ਕਿਹੋ ਜਿਹਾ ਬੰਦਾ ਪੈਦਾ ਕੀਤਾ ਹੈ? ਸਾਰਿਆਂ ਨੂੰ ਪਤਾ ਹੈ ਕਿ ਪ੍ਰਾਪਤ ਵਿਚ ਪ੍ਰਬੰਧ ਦੀ ਸਿਰਜਨਾ ਬੰਦਾ ਹੀ ਕਰ ਸਕਦਾ ਹੈ। ਧਰਮ ਜੇ ਸਿਧਾਂਤਕਤਾ ਦੀ ਥਾਂ ਪ੍ਰਬੰਧਨ ਹੋ ਜਾਏਗਾ ਤਾਂ ਧਰਮ, ਬੰਦੇ ਜੇਡਾ ਹੋ ਜਾਏਗਾ। ਅਧਿਆਤਮਿਕ ਪ੍ਰਸੰਗ ਵਿਚ ਧਰਮ ਨੂੰ ਅਮਲ ਵਿਚ ਲਿਆਉਣ ਦਾ ਮਾਧਿਅਮ ਬੰਦਾ ਹੀ ਬਣਦਾ ਰਿਹਾ ਹੈ। ਇਸੇ ਕਰ ਕੇ ਅਵਤਾਰਾਂ, ਪੈਗੰਬਰਾਂ ਅਤੇ ਗੁਰੂਆਂ ਨੂੰ ਬੰਦੇ ਦੀ ਜੂਨ ਵਿਚ ਆਉਣਾ ਪੈਂਦਾ ਰਿਹਾ ਹੈ। ਇਸੇ ਵਰਤਾਰੇ ਦੇ ਹਵਾਲੇ ਨਾਲ ਬੰਦਾ, ਬੰਦਿਆਂ ਨੂੰ ਮਗਰ ਲਾਉਂਦਾ ਰਿਹਾ ਹੈ। ਇਸ ਨਾਲ ਧਰਮ ਦੇ ਨਾਮ ’ਤੇ ਬੰਦਿਆਂ ਦੇ ਧਰਮ ਚੱਲਦੇ ਰਹੇ ਹਨ। ਧਰਮ ਵਿਚੋਂ ਦੇਹੀ ਦਖਲ ਤੋਂ ਮੁਕਤੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ-ਗੁਰੂ ਰਾਹੀਂ ਦਿਵਾਈ ਸੀ ਅਤੇ ਇਸ ਵਾਸਤੇ ਇਕੋ ਇਕ ਸ੍ਰੋਤ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੋ ਗਿਆ ਹੈ। ਸ਼ਬਦ-ਗੁਰੂ ਦੀ ਅਗਵਾਈ ਵਿਚ ਧਾਰਮਿਕ ਪਛਾਣ ਤੋਂ ਮੁਕਤ ਰਹਿ ਕੇ ਵੀ ਧਰਮੀ ਕਹਾਇਆ ਜਾ ਸਕਦਾ ਹੈ। ਇਸੇ ਨੂੰ ਹਰ ਸਮਕਾਲ ਲਈ ਲੋੜੀਂਦਾ ਧਰਮ ਕਿਹਾ ਜਾ ਰਿਹਾ ਹੈ। ਇਸੇ ਦੇ ਮੋਢੀ ਦਾ 550ਵਾਂ ਗੁਰਪੁਰਬ ਮਨਾਇਆ ਜਾ ਰਿਹਾ ਹੈ।

–ਬਲਕਾਰ ਸਿੰਘ ਪ੍ਰੋਫੈਸਰ

93163-01328