ਬ੍ਰਹਿਮੰਡ ਦਾ ਕੇਂਦਰ ਬਿੰਦੂ ''ੴ ''

08/18/2019 9:48:18 AM

ਮੂਲ-ਮੰਤਰ ਦੇ ਆਰੰਭ ਵਿਚ “ੴ '' ਇਸੇ ਸੱਚਾਈ ਦਾ ਲਖਾਇਕ ਹੈ ਭਾਵ ਉਹ ਸਰਬ-ਸਮਰੱਥ, ਸਰਬ-ਸ਼ਕਤੀਮਾਨ, ਸਰਬ-ਉੱਚ ਇਕੋ-ਇਕ ਪ੍ਰਮਾਤਮਾ ਸਰਵ-ਵਿਆਪੀ ਹੈ, ਸਾਰੇ ਜੀਵਾਂ ਵਿਚ ਉਸੇ ਦੀ ਹੀ ਜੋਤ ਹੈ ਅਤੇ ਇਕ ਰਸ ਵਿਆਪਕ ਹੈ, ਜਿਸ ਕਰ ਕੇ ਸਭ ਵਿਚ ਚੇਤਨਾ ਅਤੇ ਸੁਰਤ ਦਾ ਚਾਨਣ ਹੋ ਰਿਹਾ ਹੈ। ਇਹ ਬ੍ਰਹਿਮੰਡ ਪ੍ਰਮਾਤਮਾ ਦਾ ਸਾਕਾਰ ਰੂਪ ਹੈ ਅਤੇ ਇਸ ਅੰਦਰ ਪ੍ਰਵਰਤਤਿ ਜੋਤਿ ਅਕਾਲ ਪੁਰਖ ਦਾ ਨਿਰਾਕਾਰ ਰੂਪ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖ ਮਾਤਰ ਨੂੰ ਉਸੇ ਅਕਾਲ ਜੋਤਿ ਦਾ ਧਿਆਨ ਧਰਨ ਅਤੇ ਸਿਮਰਨ ਕਰਨ ਲਈ ਪ੍ਰੇਰਦੇ ਹਨ।

ਸਭ ਮਹਿ ਜੋਤਿ ਜੋਤਿ ਹੈ ਸੋਇ।। ਤਿਸਕੈ ਚਾਨਣਿ ਸਭਿ ਮਹਿ ਚਾਨਣ ਹੋਇ।। (੬੬੩)।।
ਤਥਾ
ਊਰਮ ਧੂਰਮ ਜੋਤਿ ਉਜਾਲਾ ।। ਤੀਨਿ ਭਵਣ ਮਹਿ ਗੁਰ ਗੋਪਾਲਾ।।(੯੩੦)।।
ਤਥਾ
ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ।।
ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ।।(੧੪੨੭)।।


ਉਸ ਸਮੇਂ ਪੁਜਾਰੀਵਾਦ ਵਲੋਂ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾਂਦਾ ਸੀ ਕਿ ਧਰਤੀ ਬਲਦ ਦੇ ਸਿੰਙ ਦੇ ਉੱਤੇ ਖੜ੍ਹੀ ਹੈ ਅਤੇ ਜਦੋਂ ਬਲਦ ਇਕ ਸਿੰਙ ਬਦਲ ਕੇ ਧਰਤੀ ਦਾ ਭਾਰ ਦੂਜੇ ਸਿੰਙ ਉੱਤੇ ਚੁੱਕਦਾ ਹੈ ਤਾਂ ਧਰਤੀ ਹਿਲ ਜਾਂਦੀ ਹੈ ਅਰਥਾਤ ਭੂਚਾਲ ਆ ਜਾਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਵਹਿਮ ਰੂਪੀ ਕੂੜ-ਪ੍ਰਚਾਰ ਦਾ ਪਰਦਾਫਾਸ਼ ਕੀਤਾ ਅਤੇ ਕਿਹਾ ਸੱਚ-ਧਰਮ ਹੀ ਬਲਦ ਹੈ ਜੋ ਦਇਆ ਤੋਂ ਉਪਜਦਾ ਹੈ ਅਤੇ ਸੰਤੋਖ ਇਸ ਦਾ ਸੂਤਰ ਪਾਤ ਹੈ, ਜਿਸ ਉੱਤੇ ਸਾਰਾ ਵਿਸ਼ਵ ਟਿਕਿਆ ਹੋਇਆ ਹੈ। ਬੜੇ ਤਰਕ ਨਾਲ ਗੁਰੂ ਜੀ ਸਵਾਲ ਕਰਦੇ ਹਨ ਕਿ ਧਰਤੀ ਦੇ ਹੇਠ ਹੋਰ ਧਰਤੀ ਹੈ ਅਤੇ ਉਸ ਦੇ ਹੇਠਾਂ ਹੋਰ ਧਰਤੀ ਹੈ, ਫਿਰ ਉਨ੍ਹਾਂ ਅਨੇਕਾਂ ਧਰਤੀਆਂ ਦੇ ਭਾਰ ਨੂੰ ਚੁੱਕਣ ਲਈ ਕਿਹੜਾ ਬਲਦ ਜਾਂ ਸ਼ਕਤੀ ਹੈ।

ਗੁਰੂ ਜੀ ਫਰਮਾਉਂਦੇ ਹਨ ਕਿ ਇਹ ਸਭ ਕੁਝ ਅਕਾਲ ਪੁਰਖ ਦੇ ਓਟ ਆਸਰੇ ਅਤੇ ਉਸ ਦੇ ਬਝਵੇਂ ਨਿਯਮ “ਧਰਮ'' ਉੱਤੇ ਟਿਕਿਆ ਹੋਇਆ ਹੈ ਅਤੇ ਇਸ ਨਿਯਮ ਦਾ ਮਹੱਤਵਪੂਰਨ ਪਹਿਲੂ ਹੈ “ਸੰਤੋਖ'' ਭਾਵ ਬ੍ਰਹਿਮੰਡ ਵਿਚ ਵਿਚਰ ਰਹੇ ਵੱਖ-ਵੱਖ ਅਕਾਰੀ ਅਨੇਕਾਂ ਸੂਰਜ, ਚੰਦ, ਤਾਰੇ, ਗ੍ਰਹਿ, ਧਰਤੀ, ਅਕਾਸ਼, ਪਾਤਾਲ ਆਦਿ ਸਭ ਇਸ ਬਝਵੇਂ ਇਲਾਹੀ ਨਿਯਮ ਭੈਅ, ਕੰਟਰੋਲ ਤਥਾ ਹੁਕਮ ਅੰਦਰ ਹੀ ਕਾਰਜਸ਼ੀਲ ਅਤੇ ਗਤੀਸ਼ੀਲ ਹਨ। ਇਸ ਕਰਕੇ ਹੀ ਇਨ੍ਹਾਂ ਵਿਚ ਕਦੀ ਟਕਰਾਅ ਨਹੀਂ ਹੁੰਦਾ। ਇਹ ਉਸ ਸਰਬ ਸ਼ਕਤੀਮਾਨ ਪਰਮਾਤਮਾ ਦੀ ਕਲਾਮਈ ਅਦਭੁਤ ਖੇਡ ਹੀ ਹੈ। ਵਿਸ਼ਵ ਦੇ ਵਿਗਿਆਨੀ ਅਜੇ ਤਕ ਇਸ ਭੇਤ ਨੂੰ ਸਮਝਣ ਲਈ ਖੋਜ ਰਹੇ ਹਨ। ਇਸ ਲਈ ਗੁਰੂ ਜੀ ਸਮਝਾਉਂਦੇ ਹਨ :-

ਧੌਲੁ ਧਰਮੁ ਦਇਆ ਕਾ ਪੂਤੁ।। ਸੰਤੋਖੁ ਥਾਪਿ ਰਖਿਆ ਜਿਨਿ ਸੂਤਿ।। 
ਜੇ ਕੋ ਬੁਝੈ ਹੋਵੈ ਸਚਿਆਰੁ ।। ਧਵਲੈ ਉਪਰਿ ਕੇਤਾ ਭਾਰੁ।। 
ਧਰਤੀ ਹੋਰੁ ਪਰੈ ਹੋਰੁ ਹੋਰੁ।। ਤਿਸ ਤੇ ਭਾਰੁ ਤਲੈ ਕਵਣੁ ਜੋਰੁ।। (ਜਪੁਜੀ ਸਾਹਿਬ)


ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ ਕਿ ਅਕਾਲ ਪੁਰਖ ਦੇ ਇਕ ਹੁਕਮ ਅਨੁਸਾਰ ਜ਼ਿੰਦਗੀ ਦੇ ਲੱਖਾਂ ਦਰਿਆਓ ਭਾਵ ਲੱਖਾਂ ਕਿਸਮ ਦੀ ਪ੍ਰਕਿਰਤੀ ਅਤੇ ਮਨੁੱਖਤਾ ਹੋਂਦ ਵਿਚ ਆਈ, ''ਕੀਤਾ ਪਸਾਉ ਏਕੋ ਕਵਾਉ।। ਤਿਸ ਤੇ ਹੋਏ ਲਖ ਦਰੀਆਉ।। '' ਅਤੇ ਇਸ ''ਸੰਸਾਰ ਸਮੁੰਦਰ'' ਵਿਚ ਰੰਗ-ਬਰੰਗੀ ਅਤੇ ਚੰਗੇ-ਮਾੜੇ, ਸਿਆਣੇ ਅਤੇ ਮੂਰਖ, ਦਾਨੀ-ਪਰਉਪਕਾਰੀ ਅਤੇ ਲੁਟੇਰੇ ਕਿਸਮ ਭਾਵ ਅਨੇਕ ਭਾਂਤੀ ਸ੍ਰਿਸ਼ਟੀ ਬਾਰੇ ਵੀ ਵਿਸਥਾਰ ਨਾਲ ਇਸ ਤਰ੍ਹਾਂ ਬਿਆਨ ਕੀਤਾ ਹੈ :-

ਅਸੰਖ ਮੂਰਖ ਅੰਧ ਘੋਰ।। ਅਸੰਖ ਚੋਰ ਹਰਾਮਖੋਰ।। ਅਸੰਖ ਅਮਰ ਕਰਿ ਜਾਹਿ ਜੋਰ।। ਅਸੰਖ ਗਲਵਢ ਹਤਿਆ ਕਮਾਹਿ।। ਅਸੰਖ ਪਾਪੀ ਪਾਪੁ ਕਰਿ ਜਾਹਿ।। (ਜਪੁਜੀ ਸਾਹਿਬ)

ਅਜੋਕੇ ਤਾਰਾ ਵਿਗਿਆਨੀ ਕਈ ਚੰਦ, ਸੂਰਜ ਵੱਖ-ਵੱਖ ਤਾਰਿਆਂ ਦੀ ਹੋਂਦ ਬਾਰੇ ਖੋਜ ਕਰ ਕੇ ਦੱਸ ਰਹੇ ਹਨ, ਜਦੋਂਕਿ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ 500 ਸਾਲ ਤੋਂ ਵੀ ਪਹਿਲਾਂ ਇਸ ਬਾਰੇ ਸਾਰੇ ਸੰਸਾਰ ਨੂੰ ਇਉਂ ਗਿਆਨ ਦਿਤਾ ਹੈ :-

ਕੇਤੇ ਇੰਦ ਚੰਦ ਸੂਰ।। ਕੇਤੇ ਕੇਤੇ ਮੰਡਲ ਦੇਸ।। ਕੇਤੇ ਸਿਧ ਬੁਧ ਨਾਥ।। ਕੇਤੇ ਕੇਤੇ ਦੇਵੀ ਵੇਸ।।£ ਕੇਤੇ ਦੇਵ ਦਾਨਵ ਮੁਨਿ।। ਕੇਤੇ ਕੇਤੇ ਰਤਨ ਸਮੁੰਦ ।। (ਜਪੁਜੀ ਸਾਹਿਬ)

ਜਿਸ ਕੁਦਰਤ ਦੇ ਰਹੱਸ ਅਤੇ ਕ੍ਰਿਸ਼ਮੇ ਨੂੰ ਵਿਗਿਆਨ ਹੁਣ ਸਪੱਸ਼ਟ ਕਰਨ ਦਾ ਯਤਨ ਕਰ ਰਿਹਾ ਹੈ, ਉਸ ਬਾਰੇ ਕਾਫ਼ੀ ਸਮਾਂ ਪਹਿਲਾਂ ਹੀ ਗੁਰਮਤਿ ਨੇ ਸਪੱਸ਼ਟ ਕੀਤਾ ਹੈ ਕਿ ਜਿਸ ਤਰ੍ਹਾਂ ਸੂਰਜ ਦੀ ਰੌਸ਼ਨੀ ਨਾਲ ਅੰਧੇਰਾ ਚੰਦਰਮਾ ਜਗਮਗਾ ਜਾਂਦਾ ਹੈ ਕਿਉਂਕਿ ਸੂਰਜ ਤੋਂ ਬਿਨਾਂ ਚੰਦ ਜਾਂ ਕਿਸੇ ਹੋਰ ਤਾਰੇ ਦੀ ਰੌਸ਼ਨੀ ਆਪਣੀ ਨਹੀਂ ਹੈ। ਇਨ੍ਹਾਂ ਸਾਰਿਆਂ ਦੀ ਰੌਸ਼ਨੀ ਦਾ ਸਰੋਤ ਕੇਵਲ ਤੇ ਕੇਵਲ ਸੂਰਜ ਹੀ ਹੈ ਅਤੇ ਇਸੇ ਤਰ੍ਹਾਂ ਮਨੁੱਖ ਦੇ ਮਨ ਦੇ ਅੰਧੇਰੇ ਚੰਦਰਮਾ ਨੂੰ ਗਿਆਨ ਰੂਪੀ ਸੂਰਜ ਦੀ ਰੌਸ਼ਨੀ ਜਗਮਗਾ ਦਿੰਦੀ ਹੈ ਅਤੇ ਮਨੁੱਖ “ਗਿਆਨ ਖੰਡ ਮਹਿ ਗਿਆਨੁ ਪਰਚੰਡੁ ।। ਤਿਥੈ ਨਾਦ ਬਿਨੋਦ ਕੋਡ ਅਨੰਦੁ।।'' ਦੀ ਸਥਿਤੀ ਨੂੰ ਪ੍ਰਾਪਤ ਕਰਕੇ ਪਰਮ ਜੋਤ ਨਾਲ ਇਕ ਰੂਪ ਹੋ ਜਾਂਦਾ ਹੈ। ਗੁਰਵਾਕ ਹੈ:-

ਸਸੀਅਰ ਕੈ ਘਰਿ ਸੂਰੁ ਸਮਾਵੈ।। ਜੋਗ ਜੁਗਤਿ ਕੀ ਕੀਮਤਿ ਪਾਵੈ।। 
ਚਉਦਸਿ ਭਵਨ ਪਾਤਾਲ ਸਮਾਏ।। ਖੰਡ ਬ੍ਰਹਮੰਡ ਰਹਿਆ ਲਿਵ ਲਾਏ ।।(੮੪੦)।।


ਗੁਰੂ ਜੀ ਕਿਸੇ ਵੀ ਹੋਰ ਸ਼ਕਤੀ ਦੀ ਥਾਂ ਉਸੇ ਸਲਾਹੁਣਯੋਗ ਅਕਾਲ ਪੁਰਖ ਦੀ ਸਿਫਤ ਸਲਾਹ ਕਰਨ ਬਾਰੇ ਮਨੁੱਖਤਾ ਨੂੰ ''ਸਾਲਾਹੀ ਸਾਲਾਹਿ'' ਦ੍ਰਿੜ੍ਹ ਕਰਵਾਉਂਦਿਆਂ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਦੂਰੋਂ-ਨੇੜਿਓ ਆ ਕੇ ਨਦੀਆਂ-ਨਾਲੇ, ਦਰਿਆਓ ਆਦਿ ਸਮੁੰਦਰ ਵਿਚ ਸਮਾਅ ਜਾਂਦੇ ਹਨ ਪਰ ਉਸ ਦੀ ਡੂੰਘਾਈ-ਸਤਹ ਦਾ ਅਨੁਮਾਨ ਥਹੁ-ਪਤਾ ਨਹੀਂ ਲਗਾ ਸਕਦੇ। ਇਸੇ ਤਰ੍ਹਾਂ ਪ੍ਰਭੂ ਪ੍ਰਾਪਤੀ ਕਰਨ ਵਾਲੀਆਂ ਰੂਹਾਂ ਪਰਮ-ਤੱਤ ਵਿਚ ਸਮਾਅ ਤਾਂ ਜਾਂਦੀਆਂ ਹਨ ਪਰ ਉਸ ਦੀ ਸਤਾਹ, ਸਰੂਪ ਜਾਂ ਸ਼ਕਤੀ ਬਾਰੇ ਸੰਸਾਰ ਨੂੰ ਕੁਝ ਵੀ ਗਿਆਨ ਦੇਣੋਂ ਅਸਮਰੱਥ ਹੁੰਦੀਆਂ ਹਨ। ਗੁਰੂ ਜੀ ਨੇ ਫਰਮਾਇਆ ਹੈ:-

ਏਵਡੁ ਊਚਾ ਹੋਵੈ ਕੋਇ।। ਤਿਸੁ ਊਚੇ ਕਉ ਜਾਣੈ ਸੋਇ ।। (ਜਪੁਜੀ ਸਾਹਿਬ)
ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ।।
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ।।(ਜਪੁਜੀ ਸਾਹਿਬ)।।
ਤਥਾ
ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ।।(੬੪)।।


“ਕੋਊ ਹਰਿ ਸਮਾਨਿ ਨਹੀ ਰਾਜਾ ।। ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ''।।(੮੫੬)।। ਭਾਵ ਝੂਠੇ ਦੁਨੀਆਵੀ ਰਾਜਿਆ/ਮਹਾਰਾਜਿਆ/ਰਾਜਨੇਤਾਵਾਂ ਦੀ ਸਿਫਤ-ਸਲਾਹ ਕਰਨ ਨੂੰ ਅਪ੍ਰਵਾਨ ਕਰਦਿਆਂ ਪ੍ਰਾਣੀ-ਮਾਤਰ ਨੂੰ ਇਕੋ ਪਰਮਾਤਮਾ ਦੀ ਸਿਫ਼ਤ-ਸਲਾਹ ਕਰਨ ਲਈ ਉਪਦੇਸ਼ਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਜਿਸ ਪ੍ਰਾਣੀ ਨੂੰ ਅਕਾਲ ਪੁਰਖ ਵਲੋਂ ਉਸ ਦੀ ਸਿਫਤ ਸਲਾਹ-ਜਸ ਗਾਇਨ ਕਰਨ ਦਾ ਸੁਭਾਗ ਬਖਸ਼ਿਆ ਗਿਆ ਉਹ ਤਾਂ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਬਣ ਜਾਂਦਾ ਹੈ :-

ਜਿਸ ਨੋ ਬਖਸੇ ਸਿਫਤਿ ਸਾਲਾਹ।।£ ਨਾਨਕ ਪਾਤਿਸਾਹੀ ਪਾਤਿਸਾਹੁ ।। (ਜਪੁਜੀ ਸਾਹਿਬ)

ਸਤਿਗੁਰੂ ਜੀ ਅਸੰਖਾਂ, ਨਾਵਾਂ, ਥਾਵਾਂ, ਅਕਾਸ਼ਾਂ, ਪਤਾਲਾਂ, ਲੋਆ ਅਤੇ ਉਨ੍ਹਾਂ ਦੀ ਹੋਂਦ-ਹਸਤੀ ਬਾਰੇ ਵੀ ਵਿਸਥਾਰ ਨਾਲ ਸਮਝਾਉਂਦੇ ਹਨ। ਸ਼ਾਇਦ ਹੀ ਬ੍ਰਹਿਮੰਡ ਦੀ ਵਿਸ਼ਾਲਤਾ ਬਾਰੇ ਇੰਨੀ ਬਰੀਕੀ ਨਾਲ ਹੋਰ ਕਿਸੇ ਧਾਰਮਿਕ ਗ੍ਰੰਥ ਵਿਚ ਗਿਆਨ ਮਿਲਦਾ ਹੋਵੇ। ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ :-

ਅਸੰਖ ਨਾਵ ਅਸੰਖ ਥਾਵ।। ਅਗੰਮ ਅਗੰਮ ਅਸੰਖ ਲੋਅ ।। (ਜਪੁਜੀ ਸਾਹਿਬ)
ਤਥਾ
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ।। (ਜਪੁਜੀ ਸਾਹਿਬ)


ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਪ੍ਰਮਾਤਮਾ ਦੀ ਸਦੀਵਕਾਲੀ ਹੋਂਦ-ਹਸਤੀ ਬਾਰੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਨੂੰ ਸਮਝਾਉਂਦੇ ਹਨ ਕਿ ਜਦੋਂ ਇਸ ਪ੍ਰਕ੍ਰਿਤੀ ਅਤੇ ਸ੍ਰਿਸ਼ਟੀ ਦੀ ਸਾਜਨਾ ਨਹੀਂ ਕੀਤੀ ਗਈ ਸੀ ਭਾਵ ਕੋਈ ਧਰਤੀ, ਆਕਾਸ਼, ਪਤਾਲ, ਪਹਾੜ, ਸਮੁੰਦਰ, ਪ੍ਰਕਿਰਤੀ, ਸੂਰਜ, ਚੰਦ, ਤਾਰੇ ਆਦਿ ਕੁਝ ਵੀ ਹੋਂਦ ਵਿਚ ਨਹੀਂ ਸੀ, ਉਦੋਂ ਵੀ ਉਹ ਅਕਾਲ ਪੁਰਖ ''ਆਦਿ ਸਚੁ ਜੁਗਾਦਿ ਸਚੁ £ਹੈ ਭੀ ਸਚੁ ਨਾਨਕ ਹੋਸੀ ਭੀ ਸਚੁ '' ਸੁੰਨ ਅਵਸਥਾ ਵਿਚ ਮੌਜੂਦ ਅਤੇ ਸਥਿਰ ਸੀ। ਗੁਰੂ ਜੀ ਫਰਮਾਉਂਦੇ ਹਨ :-

ਅਰਬਦ ਨਰਬਦ ਧੁੰਧੂਕਾਰਾ ਧਰਣਿ ਨ ਗਗਨਾ ਹੁਕਮੁ ਅਪਾਰਾ।।
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ।।


ਬ੍ਰਹਿਮੰਡੀ ਰਚਨਾ ਬਾਰੇ ਪਦਾਰਥਵਾਦੀਆਂ ਅਤੇ ਵਿਗਿਆਨੀਆਂ, ਜਿਨ੍ਹਾਂ ਦਾ ਮੱਤ ਹੈ ਕਿ “ਮਾਦਾ ਇਤਨਾ ਵਿਕਸਿਤ ਹੋ ਗਿਆ ਹੈ ਕਿ ਇਸ ਵਿਚ ਜ਼ਿੰਦਗੀ ਪੈਦਾ ਹੋ ਗਈ'' ਤੋਂ ਬਿਲਕੁਲ ਬਿਪਰੀਤ ਵਿਚਾਰ ਪ੍ਰਗਟ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਕਿ ਸੰਸਾਰ ਰਚਨਾ ਤਥਾ ਜ਼ਿੰਦਗੀ ਕਦੋਂ ਸ਼ੁਰੂ ਹੋਈ ਅਤੇ ਇਸ ਦੀ ਵਿਸ਼ਾਲਤਾ ਅਤੇ ਸ਼ਕਤੀ ਬਾਰੇ “ਰਚਨਹਾਰੇ'' ਤੋਂ ਬਿਨਾਂ ਹੋਰ ਕੋਈ ਨਹੀਂ ਦੱਸ ਸਕਦਾ। ਗੁਰੂ ਜੀ ਦਾ ਵਿਚਾਰ ਇਉਂ ਹੈ:-

ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ
ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ
ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ
ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ£।।(੪੬੭)।।


ਸਤਿਗੁਰੂ ਜੀ ਇਹ ਵੀ ਸਪੱਸ਼ਟ ਕਰਦੇ ਹਨ ਕਿ ਇਹ ਬ੍ਰਹਿਮੰਡੀ ਪਸਾਰਾ ਪਤਾ ਨਹੀਂ ਕਿਤਨੀ ਵਾਰ ਹੋਂਦ ਵਿਚ ਆਇਆ ਅਤੇ ਕਿਤਨੀ ਵਾਰ ਇਸ ਦਾ ਵਿਨਾਸ਼ ਹੋਇਆ। ਗੁਰੂ ਜੀ ਇਸ ਨੂੰ ਪਰਮਾਤਮਾ ਦੀ “ਅਗੰਮੀ ਖੇਡ'' ਕਹਿੰਦੇ ਹਨ ਅਤੇ ਗੁਰੂ ਜੀ ਇਹ ਵੀ ਸਪੱਸ਼ਟ ਕਰਦੇ ਹਨ ਕਿ ਇਹ ਅਗੰਮੀ ਅਤੇ ਅਦੁੱਤੀ ਖੇਡ ਅਕਾਲ ਪੁਰਖ ਆਪਣੀ ਇੱਛਾ ਸ਼ਕਤੀ ਅਨੁਸਾਰ ਹੀ ਖੇਡਦੇ ਹਨ। ਇਸ ਵਿਚ ਹੋਰ ਕਿਸੇ ਵੀ ਸ਼ਕਤੀ ਦਾ ਸਲਾਹ-ਮਸ਼ਵਰਾ ਨਹੀਂ ਹੈ। ਗੁਰ ਫਰਮਾਨ ਹੈ :-

ਭਨਿ ਭਨਿ ਘੜੀਐ ਘੜਿ ਘੜਿ ਭਜੈ ਢਾਹਿ ਉਸਾਰੈ ਉਸਰੇ ਢਾਹੈ।।
ਸਰ ਭਰਿ ਸੋਖੈ ਭੀ ਭਰਿ ਪੋਖੈ ਸਮਰਥ ਵੇਪਰਵਾਹੈ£।।(੯੩੫)।।
ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ।।

-ਪ੍ਰੋ. ਕਿਰਪਾਲ ਸਿੰਘ ਬਡੂੰਗਰ,
ਸੰਪਰਕ ਨੰ. 99159-05100

Baljeet Kaur

This news is Content Editor Baljeet Kaur