ਮਰਦਾਨੇ ਨੂੰ ਮਰਦਾਨਣ ਦਾ ਖ਼ਤ

10/01/2019 10:33:07 AM

ਮਰਦਾਨੇ ਨੂੰ ਮਰਦਾਨਣ ਦਾ ਖ਼ਤ
ਅਜੇ ਹੋਇਆ ਨਾ ਨਜ਼ਾਰਾ ਤੇਰੀ ਦੀਦ ਦਾ।

ਅਸੀਂ ਮਸਾਂ ਹੈ ਲੰਘਾਇਆ ਚੰਨ ਈਦ ਦਾ।

ਵੇ! ਉਹ ਧਨੀਆ ਦਾ ਪੁੱਤ, ਪੁੱਟ ਦੇਵੇ ਮੇਰੀ ਗੁੱਤ।

ਜੇ ਮੈਂ ਆਖਾਂ ਨਾਨਕ ਨੇ ਸਾਨੂੰ ਹੈ ਉਜਾੜਿਆ।

ਬੇਬੇ ਨਾਨਕੀ ਕੀ ਜਾਣੇ, ਮੈਂ ਤਾਂ ਐਵੇਂ ਉਹਦੇ ਭਾਣੇ,

ਭੁੱਖ ਦੁੱਖ ਦਾ ਉਲਾਂਭਾ ਉਹਦੇ ਸਿਰ ਚਾੜ੍ਹਿਆ।

ਦਿਲ ਤ੍ਰਿਪਤਾ ਦਾ ਨਹੀਂ ਵੇ ਪਸੀਜਦਾ,

ਅਸੀਂ ਮਸਾਂ ਹੈ ਲੰਘਾਇਆ ਚੰਨ ਈਦ ਦਾ।

ਸੰਤ ਰਾਮ ਉਦਾਸੀ।

ਉਤਲੀ ਕਵਿਤਾ ਦਾ ਰਚੇਤਾ ਨਕਸਲਵਾੜੀ ਲਹਿਰ ਨਾਲ ਜੁੜਿਆ ਇਕ ਅਧਿਆਪਕ ਸੀ। ਸਮਾਜਵਾਦੀ ਲਹਿਰ ਨਾਲ ਜੁੜੇ ਚਿੰਤਕਾਂ ਦੀ ਇਹ ਖਾਮੀ ਰਹੀ ਹੈ ਕਿ ਇਤਿਹਾਸ ਵਿਚਲੀਆਂ ਸ਼ਖਸੀਅਤਾਂ ਦੇ ਜੀਵਨ ਅਤੇ ਉਨ੍ਹਾਂ ਦੀ ਸੋਚ ਜਾਂ ਕੰਮਾਂ ਨੂੰ ਮਾਰਕਸਵਾਦੀ ਨਜ਼ਰੀਏ ਨਾਲ ਪੇਸ਼ ਕਰਨ ਦੀ ਦੌੜ ਬਣਾਈ ਰੱਖੀ।

ਸ਼ਿਵ ਕੁਮਾਰ ਬਟਾਲਵੀ ਦੀ ਕਾਵਿ ਰਚਨਾ ‘ਲੂਣਾ’ ਨੇ ਇਤਿਹਾਸ ਦੀ ਪਾਤਰ ‘ਰਾਣੀ ਲੂਣਾ’ ਬਾਰੇ ਜੋ ਰਵਾਇਤੀ ਅਕਸ ਦੇ ਉਲਟ ਜੋ ਪੱਖ ਪੇਸ਼ ਕੀਤਾ, ਉਹ ਜਨਾਨੀਵਾਦ ਦੇ ਹਾਮੀਆਂ ਨੂੰ ਬੜਾ ਟੁੰਬਿਆ। ਨਵਾਂ ਪੱਖ ਲੂਣਾ ਦੇ ਦੋਸ਼ੀ ਹੋਣ ਦੀ ਬਜਾਏ ਉਸ ਨੂੰ ਇੱਥੋਂ ਤੱਕ ਲਿਆਉਣ ਵਾਲੇ ਕਾਰਕਾਂ ਦਾ ਪਰਦਾਫਾਸ਼ ਕਰਦਾ ਸੀ। ਲੂਣਾ ਨੂੰ ਬਾਇੱਜ਼ਤ ਬਰੀ ਕਰਦਾ ਇਹ ਕਾਵਿ ਬੇਹੱਦ ਮਕਬੂਲ ਹੋਇਆ।

ਸ਼ਿਵ ਕੁਮਾਰ ਦੇ ਇਸ ਉਲਟਾਅ ਤੋਂ ਬਾਅਦ ਸਾਹਿਤਕ ਲੋਕਾਂ ਵਿਚ ਇਕ ਤਰ੍ਹਾਂ ਦੀ ਹੋੜ ਮਚ ਗਈ ਕਿ ਕਿਵੇਂ ਹਰ ਇਤਿਹਾਸਕ ਪਾਤਰ ਦੇ ਕਿਰਦਾਰ ਦਾ ਦੂਜਾ ਪੱਖ ਪੇਸ਼ ਕਰ ਕੇ ਵਾਹ-ਵਾਹ ਲੁੱਟੀ ਜਾਵੇ।

ਸਮਾਜਵਾਦੀ ਚਿੰਤਕਾਂ ਨੇ ਮਾਰਕਸਵਾਦੀ ਵਿਚਾਰਧਾਰਾ ਮੁਤਾਬਿਕ ਇਤਿਹਾਸਕ ਕਿਰਦਾਰਾਂ ਦੀ ਪੜਚੋਲ ਕੀਤੀ। ਸੰਤ ਰਾਮ ਉਦਾਸੀ ਇਕ ਜਹੀਨ ਕਵੀ ਅਤੇ ਚਿੰਤਕ ਸੀ। ਉਸ ਦੀਆਂ ਕਵਿਤਾਵਾਂ ਦੇ ਬੋਲ ਅੱਜ ਵੀ ਵੱਖ-ਵੱਖ ਵਿਚਾਰਧਾਰਾਵਾਂ ਦੇ ਨਾਲ ਜੁੜੇ ਲੋਕਾਂ ਵਲੋਂ ਜ਼ਿਆਦਾਤਰ ਵਰਤੇ ਜਾਂਦੇ ਨੇ। ਇੱਡਾ ਨਾਮੀ ਕਵੀ ਜੇ ਅਜਿਹੀ ਪ੍ਰਸਿੱਧੀ ਲਈ ਕੋਈ ਗਲਤ ਪੱਖ ਵੀ ਪੇਸ਼ ਕਰੂ, ਉਹ ਉਸ ਦੇ ਚਹੇਤਿਆਂ ਦਾ ਅੰਤਿਮ ਸੱਚ ਹੀ ਬਣ ਜਾਂਦਾ ਏ। ਇੱਥੇ ਉਨ੍ਹਾਂ ਦੀ ਕਵਿਤਾ ਨੇ ਜੋ ਪੈੜ ਪਾਈ ਏ, ਉਸ ਨਾਲ ਇਸ ਵਿਚਾਰ ਨੂੰ ਦਮ ਮਿਲਿਆ ਕਿ ਸ਼ਾਇਦ ਭਾਈ ਮਰਦਾਨਾ ਜੀ ਨਾਲ ਜਾਂ ਉਨ੍ਹਾਂ ਦੇ ਟੱਬਰ ਨਾਲ ਕੋਈ ਜ਼ਿਆਦਤੀ ਹੋਈ ਏ।

ਇਹ ਵਿਚਾਰ ਇਸ ਕਵਿਤਾ ਨਾਲ ਲੋਕਾਂ ਵਿਚ ਆਇਆ ਸੀ ਪਰ ਅੱਜ ਤੱਕ ਇਸ ਨੂੰ ਖੱਬੇਪੱਖੀ ਚਿੰਤਕ ਅਕਸਰ ਦੁਹਰਾਉਂਦੇ ਆ ਰਹੇ ਹਨ।

ਜਦੋਂ ਗੁਰੂ ਨਾਨਕ ਸਾਹਿਬ ਨੂੰ ਸਰਮਾਏਦਾਰ ਬਣਾ ਕੇ ਭਾਈ ਮਰਦਾਨਾ ਜੀ ਨੂੰ ਆਮ ਗਰੀਬ ਕਿਰਤੀ ਆਖ ਕੇ ਦੋਵਾਂ ਵਿਚ ਇਕ ਕੰਧ ਖੜ੍ਹੀ ਕਰਦੇ ਆ ਤਾਂ ਇਹ ਆਪਣੇ ਆਪ ਵਿਚ ਇਕ ਬੇਰਹਿਮ ਵਿਸ਼ਲੇਸ਼ਣ ਹੋ ਨਿਬੜਦਾ ਏ। ਭਾਈ ਜੀ ਦੀ ਆਰਥਿਕ ਹਾਲਤ ਦਾ ਜ਼ਿਕਰ ਕਰ ਕੇ ਭਾਈ ਮਰਦਾਨਾ ਜੀ ਦੀ ਗੁਰੂ ਸਾਹਿਬ ਨਾਲ ਸਾਂਝ ਨੂੰ ਆਪਣੀ ਮੱਤ ਮੁਤਾਬਿਕ ਇਕ ‘ਅਣਚਾਹੀ ਬੰਧੂਆ ਮਜਦੂਰੀ’ ਕਹਿਣ ਦਾ ਹੀਆ ਕਰਦੇ ਹਨ। ਕਦੇ ਗੁਰੂ ਪਰਿਵਾਰ ਨੂੰ ਨਿਹੋਰੇ ਮਾਰਦੇ ਆ। ਇਸ ਨਾਲ ਨਾ ਗੁਰੂ ਸਾਹਿਬ ਦੀ ਸ਼ਵੀ ਨੂੰ ਫਰਕ ਪੈਂਦਾ, ਨਾ ਹੀ ਭਾਈ ਸਾਹਿਬ ਦਾ ਰੁਤਬਾ ਵਧਦਾ ਘਟਦਾ ਏ। ਹਾਂ, ਇਸ ਤਰ੍ਹਾਂ ਕਰਦਿਆਂ ਵਿਦਵਾਨ ਦਾ ਹੌਲਾਪਨ ਜ਼ਰੂਰ ਦਿਸ ਪੈਂਦਾ ਏ।

ਗੁਰੂ ਸਾਹਿਬ ਨਾਲ ਭਾਈ ਜੀ ਦਾ ਸਬੰਧ ਚੰਦ ਛਿਲੜਾਂ ਦੇ ਵਾਧੇ ਘਾਟੇ ਦਾ ਮੁਹਤਾਜ ਨਹੀਂ ਸੀ। ਭਾਈ ਸਾਹਿਬ ਨਾਲ ਗੁਰੂ ਸਾਹਿਬ ਦੀ ਸਾਂਝ ਦੁਨਿਆਵੀ ਜਾਤਾਂ-ਪਾਤਾਂ, ਵਕਾਰ, ਰੁਤਬਿਆਂ ਤੋਂ ਉੱਚੀ-ਸੁੱਚੀ ਸੀ। ਗੁਰੂ ਸਾਹਿਬ ਦੀਆਂ ਉਦਾਸੀਆਂ ਤੋਂ ਪਹਿਲਾਂ ਦੀ ਇਹ ਸਾਂਝ ਸੀ। ਉਸ ਸਮੇਂ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਹੋਊ ਕਿ ਇਹ ਦੋਵੇਂ ਸਾਂਝੀ ਕਦੇ ਉਦਾਸੀਆਂ ਨੂੰ ਜਾਇਆ ਕਰਨਗੇ।

ਇਤਿਹਾਸ ਵਿਚ ਆਉਂਦਾ ਏ ਕਿ ਭਾਈ ਮਰਦਾਨੇ ਦੇ ਸਭ ਭਰਾ ਇਕ ਉਮਰ ਦੇ ਵਿਚ ਪਹੁੰਚ ਕੇ ਮਰ ਜਾਂਦੇ ਰਹੇ ਸਨ। ਭਾਈ ਸਾਹਿਬ ਬਾਰੇ ਵੀ ਮਾਪਿਆਂ ਨੂੰ ਸ਼ੱਕ ਸੀ ਕਿ ਸ਼ਾਇਦ ਇਨ੍ਹਾਂ ਨਹੀਂ ਬਚਣਾ ਪਰ ਉਹ ਬਚ ਗਏ। ਜੇ ਭਾਈ ਸਾਹਿਬ ਵੀ ਨਾ ਬਚਦੇ ਤਾਂ ਉਨ੍ਹਾਂ ਦੇ ਟੱਬਰ ਦੇ ਨਾਂ ’ਤੇ ਇਹ ਅਕਲਾਂ ਵਾਲੇ ਕਿਸ ਨੂੰ ਮਿਹਣਾ ਮਾਰਦੇ? ਕੋਈ ਜਾਣਦਾ ਵੀ ਨਾ ਕਿ ਰਾਇ ਭੋਇ ਦੀ ਤਲਵੰਡੀ ਵਿਚ ਮੀਰਜਾਦਿਆਂ ਦਾ ਪਰਿਵਾਰ ਵੀ ਵਸਦਾ ਹੁੰਦਾ ਸੀ। ਕਰਤਾਰੀਂ ਖੇਡਾਂ ਵਿਚ ਆਪਣੀ ਅਕਲ ਦੀ ਨੁਮਾਇਸ਼ ਇੱਜ਼ਤ ਸਤਿਕਾਰ ਨਹੀਂ ਖਟਦੀ।

ਭਾਈ ਸਾਹਿਬ ਦਾ ਪਰਿਵਾਰ ਅਜੇ ਤੱਕ ਸੁੱਖੀ ਵਸਦਾ ਏ। ਉਹ ਬਥੇਰੇ ਮੀਰਜਾਦਿਆਂ ਨਾਲੋਂ ਖੁਸ਼ਹਾਲ ਸੀ ਤੇ ਹੈ। ਕੌਣ ਜਾਣਦਾ ਗੁਰੂ ਕਿਆ ਉਨ੍ਹਾਂ ਦੇ ਟੱਬਰ ਦੀ ਕਿੰਨੀ ਬਾਂਹ ਫੜੀ। ਕੀ ਪਤਾ ਇਕਲੌਤੇ ਪੁੱਤਰ ਦੇ ਪੱਕੇ ਸਾਥੀ ਦਾ ਟੱਬਰ ਉਨ੍ਹਾਂ ਆਪਣੇ ਪੁੱਤ ਦੇ ਟੱਬਰ ਵਾਂਗੂ ਹੀ ਨਾ ਪਾਲਿਆ ਹੋਵੇ। ਇਨ੍ਹਾਂ ਚਿੰਤਕਾਂ ਨੂੰ ਉਨ੍ਹਾਂ ਦੀ ਗਰੀਬੀ ਕਿੱਦਾਂ ਦਿਸ ਪਈ। ਕਿਹੜੇ ਇਤਿਹਾਸਕਾਰ ਨੇ ਇਹ ਵਰਨਣ ਕੀਤਾ ਹੈ?

ਸਗੋਂ ਇਸ ਦਾ ਜ਼ਿਕਰ ਹੈ ਕਿ ਭਾਈ ਜੀ ਦੇ ਪਰਿਵਾਰ ਦਾ ਰੱਖ-ਰਖਾਅ ਗੁਰੂ ਸਾਹਿਬ ਦੇ ਪਰਿਵਾਰ ਵਾਲੇ ਕਰਦੇ ਰਹੇ ਆ। ਜਦੋਂ ਗੁਰੂ ਸਾਹਿਬ ਪਹਿਲੀ ਉਦਾਸੀ ਨੂੰ ਜਾਣ ਲੱਗੇ ਤਾਂ ਭਾਈ ਮਰਦਾਨਾ ਜੀ ਨੂੰ ਮਨਾਉਣ ਲਈ ਭਾਈ ਜੈ ਰਾਮ ਜੀ ਦੇ ਬਚਨ ਸੁਣਨ ਨੂੰ ਮਿਲਦੇ ਆ। ਉਨ੍ਹਾਂ ਭਾਈ ਸਾਹਿਬ ਨੂੰ ਹੌਸਲਾ ਦਿੰਦਿਆਂ ਆਖਿਆ ਸੀ “ਭਾਈ ਜੀ ਤੁਸੀਂ ਨਾਲ ਰਹੋ ਜੀ। ਤੁਸਾਂ ਦਾ ਜੋੜ ਵਿਛੋੜਨਾ ਸੋਭਦਾ ਨਾਹੀਂ। ਪਿੱਛੇ ਦੀ ਫਿਕਰ ਨਾਹੀਂ ਕਰਨਾ। ਤੁਸਾਂ ਦੇ ਬਾਲ ਸਾਡੇ ਬਾਲ ਬੱਚੇ ਹੋਏ। ਤਲਵੰਡੀ ਅਸਾਂ ਜਾਵਾਂਗੇ ਤੁਸਾਂ ਨਾਨਕ ਨਾਲ ਜਾਵਣਾ।’’

ਉਦੋਂ ‘ਵੈੱਲਫੇਅਰ ਸਟੇਟ’ ਵਾਲਾ ਕੋਈ ਤਾਣਾ-ਬਾਣਾ ਨਹੀਂ ਸੀ। ਸੋ ਬਹੁਤ ਅਜਿਹੇ ਟੱਬਰ ਹੋਣਗੇ ਜਿਨ੍ਹਾਂ ਦਾ ਇਕਲੌਤਾ ਕਮਾਉਣ ਵਾਲਾ ਜੀਅ ਮੁੱਕ ਜਾਂਦਾ ਹੋਵੇਗਾ। ਜ਼ਾਹਿਰ ਆ ਕਿ ਸਮਾਜ, ਪਿੰਡ ਐਹੋ ਜਿਹੇ ਲੋਕਾਂ ਲਈ ਕੋਈ ਪ੍ਰਬੰਧ ਕਰਦਾ ਹੋਵੇਗਾ। ਇੱਦਾਂ ਈ ਬਾਕੀ ਦੁਨੀਆ ’ਤੇ ਬਹੁਤ ਗਰੀਬ ਸਨ। ਭਾਈ ਸਾਹਿਬ ਦੇ ਪਰਿਵਾਰ ਨੇ ਕੋਈ ਅਲੌਕਾਰ ਦੁੱਖ ਨਹੀਂ ਝੱਲੇ। ਪਰਦੇਸਾਂ ਵਿਚ ਨਿੱਕੀਆਂ ਨੌਕਰੀਆਂ ਕਰਨ ਵਾਲੇ ਲੋਕਾਂ ਦੇ ਪਰਿਵਾਰ ਅੱਜ ਵੀ ਇਹੋ ਜਿਹੀਆਂ ਮੁਸ਼ਕਲਾਂ ਨਾਲ ਦੋ ਚਾਰ ਹੁੰਦੇ ਰਹਿੰਦੇ ਹਨ।

ਇਨ੍ਹਾਂ ਮੱਤ ਵਾਲਿਆਂ ਨੂੰ ਸਿਰਫ ਭਾਈ ਸਾਹਿਬ ਦੇ ਟੱਬਰ ਦਾ ਹੀ ਕਿਉਂ ਦੁੱਖ ਡੰਗਦਾ ਏ? ਅਸਲ ਗੱਲ ਭਾਈ ਸਾਹਿਬ ਦੇ ਦੁੱਖ ਦੀ ਨਹੀਂ ਬਸ ਪੈਗੰਬਰ ਨੂੰ ਨੀਵਾਂ ਦਿਖਾਉਣ ਦੀ ਹੈ। ਇਹ ਇੱਛਾ ਲੱਖ ਜ਼ੋਰ ਲਾਇਆ ਪੂਰੀ ਹੋਣ ’ਤੇ ਨਹੀਂ ਆਉਣ ਡਹੀ।

ਇਹ ਲੋਕ ਇਉਂ ਚਿਤਰਦੇ ਨੇ ਕਿ ਜਿਵੇਂ ਗੁਰੂ ਸਾਹਿਬ ਨੇ ਭਾਈ ਸਾਹਿਬ ਦੀ ਮਦਦ ਨਾਲ ਕੋਈ ਵੱਡਾ ਵਪਾਰਕ ਅਦਾਰਾ ਖੋਲ੍ਹ ਲਿਆ ਹੋਵੇ। ਜਿਸ ਵਿਚ ਗੁਰੂ ਸਾਹਿਬ ਨੂੰ ਢੇਰ ਫਾਇਦਾ ਹੋਇਆ ਅਤੇ ਭਾਈ ਸਾਹਿਬ ਲੁੱਟੇ ਗਏ ਹੋਣ। ਹੁਣ ਗੁਰੂ ਸਾਹਿਬ ਦੀ ਜ਼ਿੰਦਗੀ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਏ ਕਿ ਕਮਾਉਣ ਜਾਂ ਵਪਾਰ ਨੂੰ ਕੌਣ ਤੁਰਿਆ ਸੀ।

ਇਸ ਫਕੀਰੀ ’ਚ ਦੋਹਾਂ ਖੱਟਣਾ ਕੀ ਸੀ? ਇਹ ਕਿਸੇ ਵਪਾਰ ਕਾਰਣ ਨਹੀਂ ਤੁਰੇ ਸੀ। ਹੁਣ ਵਾਲੀ ਘਰ ਭਰਨ ਅਤੇ ਜਾਇਦਾਦਾਂ ਜੋੜਨ ਦੀ ਰੁਚੀ ਉਦੋਂ ਆਮ ਲੋਕਾਂ ਵਿਚ ਨਹੀਂ ਸੀ। ਓਦਾਂ ਵੀ ਹਰ ਉਦਾਸੀ ਮਗਰੋਂ ਭਾਈ ਜੀ ਘਰ ਆਉਂਦੇ ਅਤੇ ਆਪਣੇ ਪਰਿਵਾਰ ਦਾ ਦੁੱਖ-ਸੁੱਖ ਪਤਾ ਕਰਦੇ ਸਨ। ਜੇ ਮਗਰ ਪਰਿਵਾਰ ਕਿਸੇ ਕਸ਼ਟ ਵਿਚ ਰਿਹਾ ਹੁੰਦਾ ਤਾਂ ਜ਼ਾਹਿਰ ਹੈ ਕਿ ਉਹ ਅਗਲੀ ਉਦਾਸੀ ਤੋਂ ਨਾਂਹ ਕਰ ਦਿੰਦੇ। ਜ਼ਬਰਦਸਤੀ ਵਾਲੀ ਤਾਂ ਗੱਲ ਕੋਈ ਨਹੀਂ ਸੀ।

ਜਨਮ ਸਾਖੀਆਂ ਵਿਚ ਜ਼ਿਕਰ ਹੈ ਕਿ ਜਦੋਂ ਭਾਈ ਮਰਦਾਨਾ ਜੀ ਦਾ ਅੰਤਿਮ ਸਮਾਂ ਆਇਆ ਤਾਂ ਉਹ ਅਫਗਾਨਿਸਤਾਨ ਦੇ ਕੁੱਰਮ ਦਰਿਆ ਕੰਢੇ ਸਨ। ਗੁਰੂ ਸਾਹਿਬ ਦੇ ਨਾਲ ਸਨ। ਗੁਰੂ ਸਾਹਿਬ ਨੇ ਆਪਣੇ ਉਮਰਾਂ ਦੇ ਸਾਥੀ ਦਾ ਸਿਰ ਗੋਦੀ ਵਿਚ ਰੱ ਖਕੇ ਪੁੱਛਿਆ ਕਿ “ਭਾਈ ਜੀ ਕੋਈ ਇੱਛਾ, ਤੁਸਾਂ ਉੜਕ ਪ੍ਰੀਤ ਨਿਭਾਈ। ਖਾਲੀ ਹੱਥ ਨਹੀਂ ਜਾਣ ਦੇਣਾ। ਜੋ ਮੰਗੋਗੇ ਮਿਲੇਗਾ। ਅਸਾਂ ਦਾ ਵੀ ਫੈਸਲਾ ਏ।’’

ਤਾਂ ਭਾਈ ਸਾਹਿਬ ਨੇ ਦੋਵੇਂ ਹੱਥ ਜੋੜ ਕੇ ਆਖਿਆ ਕਿ “ਤੁਧ ਆਗੇ ਅਸਾਂ ਦੀ ਬੇਨਤੀ ਹੈ ਅੱਜ ਇਕ ਅਸਾਂ ਨੂੰ ਵਿਛੋੜਨਾ ਨਾਹੀਂ ਆਪਣੇ ਨਾਲਹੁੰ। ਨਾ ਇਥੇ। ਨਾ ਉਥੇ।’’

ਭਾਈ ਸਾਹਿਬ ਦੀ ਖਾਹਿਸ਼ ਸੁਣ ਕੇ ਪਤਾ ਤਾਂ ਲੱਗਦਾ ਈ ਏ ਕਿ ਉਹ ਕਿਹੋ ਜਿਹੀ ਰੂਹ ਸਨ ਜਾਂ ਉਨ੍ਹਾਂ ਵਿਚ ਰਿਸ਼ਤਾ ਕਿਹੋ ਜਿਹਾ ਸੀ। ਜੇ ਉਨ੍ਹਾਂ ਨੂੰ ਪਰਿਵਾਰ ਦਾ ਫਿਕਰ ਹੁੰਦਾ ਤਾਂ ਜ਼ਰੂਰ ਆਖਦੇ ਕਿ “ਮੇਰੇ ਪਿੱਛੋਂ ਪਰਿਵਾਰ ਦਾ ਖਿਆਲ ਰੱਖਿਓ।’’

ਭਾਈ ਸਾਹਿਬ ਦੇ ਜਹਾਨੋਂ ਰੁਖਸਤ ਹੋਣ ਮਗਰੋਂ ਗੁਰੂ ਸਾਹਿਬ ਸਿੱਧੇ ਪਿੰਡ ਆਏ। ਜਨਮ ਸਾਖੀਆਂ ਮੁਤਾਬਿਕ ਭਾਈ ਸਾਹਿਬ ਦੇ ਪੁੱਤਰ ਸ਼ਾਹਜ਼ਾਦ ਨੇ ਗੁਰੂ ਸਾਹਿਬ ਨੂੰ ਪਿੰਡ ਆਉਣ ’ਤੇ ਪੁੱਛਿਆ “ਅੱਬੂ ਕਿੱਥੇ ਹਾਈ। ਬਾਬਾ ਅੱਬੂ ਕਿਵੇਂ ਹਾਈ’’ ਤਾਂ ਗੁਰੂ ਸਾਹਿਬ ਨੇ ਦੱਸਿਆ “ਉਹ ਵਿਦਾ ਹੋ ਗਏ ਹਨ। ਦੇਸਾਂ ਦਾ ਪੈਂਡਾ ਮਾਰ ਕੇ ਤਿਨਾਂ ਦੇ ਨਾਮ ਦਾ ਸਿਰੋਪਾਓ ਦੇਣ ਆਇਆ ਹਾਂ। ਦੱਸੋ ਕੀ ਦੇਈਏ ਪੁੱਤਰ।’’

ਸ਼ਾਹਜ਼ਾਦ ਨੇ ਆਖਿਆ “ਕਿਛੁ ਪਤਾ ਨਾਹੀ ਸਾਨੂੰ ਬਾਬਾ। ਕੀ ਭਲਾ ਹੈ ਕੀ ਬੁਰਾ ਤੁਸੀਂ ਜਾਣੋਂ । ਸਾਨੂੰ ਕੀ ਪਤਾ ਕਿ ਵੱਡਿਆਂ ਕੋਲੋਂ ਕੀ ਮੰਗੀਦਾ ਏ।’’ ਗੁਰੂ ਸਾਹਿਬ ਨੇ ਆਖਿਆ ਜੋ ਚਾਹੋ ਮਿਲੇਗਾ। ਤੁਹਾਡੇ ਅੱਬੂ ਨੂੰ ਖਾਲੀ ਨਹੀਂ ਤੋਰਿਆ। ਤੁਸਾਂ ਨੂੰ ਵੀ ਖਾਲੀ ਨਹੀਂ ਰੱਖਣਾ।’’

ਭਾਈ ਸ਼ਾਹਜ਼ਾਦ ਨੇ ਆਖਿਆ “ਤਰੁੱਠੇ ਹੋ ਤਾਂ ਉਹੋ ਦੇ ਦਿਉ ਬਾਬਾ ਜੀ ਜੋ ਅੱਬੂ ਨੂੰ ਦਿੱਤਾ ਹੈ ਸਾਈਂ।’’

ਬਾਬਾ ਜੀ ਉੱਠੇ ਤੇ ਭਾਈ ਮਰਦਾਨਾ ਜੀ ਦੀ ਰਬਾਬ ਸ਼ਾਹਜ਼ਾਦ ਨੂੰ ਦੇ ਕੇ ਅਸੀਸਾਂ ਦੀ ਝੜੀ ਲਾ ਦਿੱਤੀ। ਫਿਰ ਦੋਹਾਂ ਨੇ ਭਾਈ ਜੀ ਦੀ ਯਾਦ ਵਿਚ ਕੀਰਤਨ ਕੀਤਾ।

ਜਿੰਨਾ ਚਿਰ ਗੁਰੂ ਬਾਬਾ ਜੀ ਸਰੀਰ ਕਰ ਕੇ ਇਸ ਜਹਾਨ ’ਤੇ ਰਹੇ। ਭਾਈ ਸ਼ਾਹਜ਼ਾਦ ਨੇ ਉਨ੍ਹਾਂ ਦਾ ਸਾਥ ਨਹੀਂ ਛੱਡਿਆ।

ਇਸ ਤੋਂ ਇਹ ਬਾਖੂਬੀ ਸਮਝ ਬਣਦੀ ਹੈ ਕਿ ਜੇ ਭਾਈ ਮਰਦਾਨਾ ਜੀ ਦੇ ਗੁਰੂ ਸਾਹਿਬ ਨਾਲ ਜ਼ਿੰਦਗੀ ਭਰ ਦੇ ਸਾਥ ਤੋਂ ਭਾਈ ਸਾਹਿਬ ਦੇ ਪੁੱਤਰ ਜਾਂ ਪਰਿਵਾਰ ਨੂੰ ਕੋਈ ਤਕਲੀਫ ਹੁੰਦੀ ਤਾਂ ਭਾਈ ਸ਼ਾਹਜ਼ਾਦ ਆਪ ਗੁਰੂ ਸਾਹਿਬ ਦੀ ਸ਼ਰਨ ਨਾ ਆਉਂਦੇ। ਕੀ ਗੁਰੂ ਸਾਹਿਬ ਨੂੰ ਸਾਜ਼ੀ ਦੀ ਘਾਟ ਸੀ? ਜੇ ਗੁਰੂ ਸਾਹਿਬ ਪੈਸੇ ਵਾਲੇ ਸਨ ਤੇ ਸਾਜ਼ੀ ਖਰੀਦ ਲੈਂਦੇ ਪਰ ਖਰੀਦਿਆ ਸਾਜ਼ੀ ਇਨ੍ਹਾਂ ਕਲਮਘੜੀਸਾ ਵਰਗਾ ਹੁੰਦਾ। ਉਹ ਕੀ ਜਾਣਦਾ ਗੁਰੂ ਦੀਆਂ ਰਮਜ਼ਾਂ। ਗੁਰੂ ਸਾਹਿਬ ਦੀ ਸਾਂਝ ਭਾਈ ਮਰਦਾਨਾ ਜੀ ਨਾਲ ਹੀ ਬਣਨੀ ਸੀ।

ਦੂਜਾ ਪੱਖ ਵਿਚਾਰੀਏ ਤਾਂ ਆਖ ਸਕਦੇ ਆ ਕਿ ਇਕ ਉੱਚੀ ਜਾਤ ਦੇ ਅਮੀਰ ਵਿਅਕਤੀ ਨਾਲ ਇਕ ਰੋਟੀ ਤੋਂ ਆਤੁਰ ਇਕ ਨੀਵੀਂ ਜਾਤ ਨਾਲ ਕਾਹਦੀ ਸਾਂਝ। ਪਰ ਇਹ ਵੀ ਉਸੇ ਪੱਧਰ ਦੀ ਬਹਿਸ ਹੋਵੇਗੀ। ਗੁਰੂ ਸਾਹਿਬ ਨੇ ਆਪਣੇ ਸਾਥੀ ਦੀ ਦੁਨਿਆਵੀ ਜਾਤ ਜਾਂ ਆਰਥਿਕ ਹਾਲਤ ਦੀ ਪਰਵਾਹ ਕੀਤੇ ਬਗੈਰ ਉਸ ਨੂੰ ਆਪਣੀ ਰੂਹ ਵਾਂਗ ਨਾਲ ਜੋੜੀ ਰੱਖਿਆ।

ਉਸ ਜ਼ਮਾਨੇ ਵਿਚ ਇਕ ਆਮ ਬੰਦੇ ਦੀ ਕੀ ਔਕਾਤ ਸੀ ਕਿ ਉਹ ਦੁਨੀਆਂ ਘੁੰਮਣ ਭਰਮਣ ਨੂੰ ਨਿਕਲ ਸਕੇ। ਹੱਜ ਕਰਨ ਨਹੀਂ ਸੀ ਜਾਇਆ ਜਾਂਦਾ। ਹੁਣ ਵੀ ਹੱਜ ਕਰਨ ਦਾ ਸੁਪਨਾ ਹਿੱਕ ’ਚ ਲੈ ਲੱਖਾਂ ਮੁਸਲਮਾਨ ਦੁਨੀਆਂ ਤੋਂ ਕੂਚ ਕਰ ਜਾਂਦੇ ਆ। ਉਦੋਂ ਕਿਸੇ ਗਰੀਬ ਆਦਮੀ ਨੂੰ ਦੁਨੀਆ ਘੁੰਮਾ ਦੇਣੀ ਸਿਰਫ ਗੁਰੂ ਸਾਹਿਬ ਦੀ ਬਖਸ਼ਿਸ਼ ਸੀ। ਭਾਈ ਜੀ ਗੁਰੂ ਸਾਹਿਬ ਦੀਆਂ ਬੇਅੰਤ ਰਹਿਮਤਾਂ ਦੇ ਪਾਤਰ ਰਹੇ। ਉਨ੍ਹਾਂ ਦਾ ਸੰਗ ਮਾਣਿਆ। ਐਸੇ ਨਿਹੋਰੇ ਜਿਹੜੇ ਚੰਦ ਪੈਸਿਆਂ ਬਾਰੇ ਸੋਚ ਕੇ ਲੋਕ ਮਾਰਦੇ ਹਨ, ਉਹ ਉਨ੍ਹਾਂ ਦੀ ਰੂਹਾਨੀ ਸਾਂਝ ਨੂੰ ਬੇਪੱਤ ਕਰਦੇ ਹਨ। ਕਿਸੇ ਇਹੋ ਜਿਹੀ ਰੂਹਾਨੀ ਸਾਂਝ ਲਈ ਪੀਰ ਬੁੱਧੂ ਸ਼ਾਹ ਜੀ ਆਪਣਾ ਸਾਰਾ ਖਣਵਾਦਾ ਗੁਰੂ ਸਾਹਿਬ ਲਈ ਮੌਤ ਦੇ ਮੂੰਹ ਅੱਗੇ ਦੇ ਦਿੰਦੇ ਹਨ। ਇਹ ਸਾਂਝਾਂ ਸਾਡੀ ਸਮਝ ਤੋਂ ਬਾਹਰ ਦੀਆਂ ਹਨ। ਉਨ੍ਹਾਂ ਦੀ ਚੋਣ ਕਰਤੇ ਨੇ ਕੀ ਪਤਾ ਕਦੋਂ ਕੀਤੀ ਹੋਊ। ਲੱਖਾਂ ਬੰਦੇ ਇਸ ਧਰਤ ’ਤੇ ਆਏ ਗਏ ਪਰ ਭਾਈ ਸਾਹਿਬ ਨੇ ਜੋ ਖੱਟਿਆ, ਉਹ ਜਗੀਰਾਂ ਵੇਚ ਕੇ ਤੇ ਟੱਬਰ ਕੁਰਬਾਨ ਕਰ ਕੇ ਵੀ ਨਹੀਂ ਮਿਲਦਾ।

–ਸਨਦੀਪ ਸਿੰਘ ਤੇਜਾ (ਮਾਸਟਰ)

9888861871