ਜੇ ਤਿਸੁ ਮਨਹੁ ਨ ਵੀਸਰਹਿ

09/11/2019 10:17:14 AM

ਨਿਰਗੁਣ ਸ਼ਬਦ ਵਿਚਾਰ 
ਤੇਈਵੀਂ ਪਉੜੀ

ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ।। ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ।। ਸਮੁੰਦ ਸਾਹ ਸੁਲਤਾਨ ਰਿਹਾ ਸੇਤੀ ਮਾਲੁ ਧਨੁ।। ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ।।23।।

ਸੰਤ ਸਤਨਾਮ ਸਿੰਘ ਕਿਸ਼ਨਗੜ੍ਹ (ਜਲੰਧਰ) ਵਾਲੇ ਸ਼ਾਸਤਰੀ ਸੰਗੀਤਕਾਰ ਸਨ। ਸ਼ਾਸਤਰੀ ਗਾਇਨ ਦੇ ਮਾਹਿਰ ਉਸਤਾਦ। ਉਹ ਆਪਣੇ ਅਨੁਭਵ ’ਚੋਂ ਦੱਸਦੇ ਸਨ ਕਿ ਕਿਵੇਂ ਜਦੋਂ ਉਹ ਟਿਕੀ ਰਾਤ ਤਾਨਪੁਰਾ ਛੇੜਦੇ ਨੇ ਤਾਂ ਉਸ ’ਚੋਂ ਅਸੰਖ ਘੜਿਆਲਾਂ/ਸੰਖਾਂ/ਨਰਸਿੰਘਿਆਂ ਦੀਆਂ ਆਵਾਜ਼ਾਂ ਆਉਂਦੀਆਂ ਨੇ। ਇਹ ਉਨ੍ਹਾਂ ਦਾ ਅਨੁਭਵ ਸੀ ਪਰ ਮੇਰਾ ਅਨੁਭਵ ਇਹ ਹੈ ਕਿ ਉਨ੍ਹਾਂ ਕੋਲ ਬੈਠਿਆਂ ਉਹ ਕਈ ਵਾਰ ਜਦੋਂ ਤਾਨਪੁਰਾ ਸੁਰ ਕਰ ਰਹੇ ਹੁੰਦੇ ਤਾਂ ਜਦੋਂ ਉਹ ਮੂਲ ਬਿੰਦੂ ਵਾਲਾ ਪੁਆਇੰਟ ਆ ਜਾਣਾ ਤਾਂ ਤਾਨਪੁਰਾ ਛੇੜਨ ਦੀ ਲੋੜ ਨਹੀਂ ਸੀ ਪੈਂਦੀ। ਖ਼ੁਦ-ਬ-ਖ਼ੁਦ ਉਸ ’ਚੋਂ ਆਵਾਜ਼ ਝਰਨ ਲੱਗਦੀ। ਹਵਾ ਦੇ ਸਰਕਣ ਨਾਲ ਹੀ ਅਨੂਠੀ ਗੂੰਜ/ਕੰਪਨ ਪੈਦਾ ਹੋ ਜਾਂਦੀ। ਅਨੰਦ ਵਿਭੋਰ ਕਰਨ ਵਾਲੀ। ਨਾਲ ਬੈਠਾ ਉਨ੍ਹਾਂ ਦਾ ਕੋਈ ਸ਼ਾਗਿਰਦ ਤਬਲਾ ਸੁਰ ਕਰਦਾ ਤਾਂ ਉਸੇ ਅਨੁਗੂੰਜ ’ਚ ਦੋਵੇਂ ਆਵਾਜ਼ਾਂ ਇਕਸੁਰ ਹੋ ਜਾਂਦੀਆਂ। ਫਿਰ ਸ਼ਬਦ ਆਵਾਜ਼ ਬਣਦੇ, ਉਸੇ ਸੁਰ ’ਚ। ਸੰਤ ਕਿਹਾ ਕਰਦੇ ਸਨ ਕਿ ਜਿਸ ਨੂੰ ਤਾਨਪੁਰਾ ਸੁਰ ਕਰਨਾ ਆ ਗਿਆ, ਉਹੀ ਸੰਗੀਤਕਾਰ। ਉਹੀ ਅਸਲ 'ਚ ਆਦਮੀ। ਜੀਵਨ ਵੀ ਇਵੇਂ ਈ ਸੁਰ ’ਚ ਕਰਨਾ ਬੜਾ ਮੁਸ਼ਕਲ ਹੈ। ਬੁੱਧ ਜੀਵਨ ਨੂੰ ਇਵੇਂ ਈ ਤਾਨਪੁਰੇ ਵਾਂਗ ਸੁਰ ਕਰਨ ਦੀ ਸਿੱਖ ਦਿੰਦੇ ਹਨ। ਸਤਿਗੁਰੂ ਨਾਨਕ ਦੇਵ ਜੀ ਵੀ ਇਹੀ ਕਿ ਤਾਨਪੁਰਾ ਕਿਵੇਂ ਸੁਰ 'ਚ ਕਰਨਾ ਹੈ। ਇਕ ਇਸ਼ਾਰਾ ਹੈ। ਜਪੁਜੀ ਸਾਹਿਬ ’ਚ ਇਹ ਇਸ਼ਾਰਾ ਬਹੁਤ ਸੂਖਮ ਹੈ। ਤਾਨਪੁਰਾ ਹੀ ਹੈ, ਜੋ ਸੁਰ ’ਚ ਕਰਨਾ ਹੈ। ਗੁਰੂ ਨਾਨਕ ਦੇਵ ਇਹੀ ਸਮਝਾਉਂਦੇ ਹਨ। ਉਨ੍ਹਾਂ ਦੀ ਸਮਝਾਉਣੀ ਨੂੰ ਸਮਝਣ ਵਾਸਤੇ ਸਾਨੂੰ ਅੱਜ ਪਉੜੀ ’ਚ ਉਤਰਨ ਤੋਂ ਪਹਿਲਾਂ ਮਹਾਨਾਥ ਗੋਰਖ ਨਾਥ ਕੋਲ ਜਾਣਾ ਪਵੇਗਾ। ਉਨ੍ਹਾਂ ਦਾ ਸ਼ਬਦ ਵਿਚਾਰੋ : ਹਬਕਿ ਨ ਬੋਲਿਬਾ, ਠਬਕਿ ਨ ਚਾਲਿਬਾ, ਧੀਰੈ ਧਰਿਬਾ ਪਾਂਵ। ਗਰਬ ਨ ਕਰਿਬਾ, ਸਹਜੈ ਰਹਿਬਾ, ਭਣਤ ਗੋਰਸ਼ ਰਾਂਵ ਸਵਾਮੀ ਬਣਸੰਡਿ ਜਾਉਂ ਤੋ ਸ਼ੁਧਯਾ ਬਯਾਪੈ, ਨਗ੍ਰੀ ਜਾਉਂ ਤ ਮਾਯਾ। ਭਰਿ ਭਰਿ ਸਾਂਉਂ ਤ ਬਿੰਦ ਬਿਯਾਪੈ, ਕਯੋਂ ਸੀਝਤਿ ਜਲ ਬਯੰਦ ਕੀ ਕਾਯਾ ਧਾਯੇ ਨ ਸ਼ਾਇਬਾ, ਭੂਖੇ ਨ ਮਰਿਬਾ, ਅਹਿਨਿਸ ਲੇਬਾ-ਬ੍ਰਹਮ-ਅਨਿਨ ਕਾ ਭੇਂਵਾਂ। ਹਠ ਨ ਕਰਿਬਾ ਪਡਯਾ ਨ ਰਹਿਬਾ ਯੂੰ ਬੋਲਿਆ ਗੋਰਸ਼ ਦੇਵੰ ਅਤਿ ਅਹਾਰ ਯੰਦ੍ਰੀ ਬਲ ਕਰੈ, ਨਾਸੈ ਗਯਾਨਂ ਮੈਥੁਨ ਚਿਤ ਧਰੈ। ਬਯਾਪੈ ਨਯੰਦ੍ਰਾ ਝੰਪੈ ਕਾਲ, ਤਾਕੈ ਹਿਰਦੈ ਸਦਾ ਜੰਜਾਲ ਦੂਧਾਧਾਰੀ ਪਰਿਘਰਿ ਚਿੱਤ, ਨਾਗਾ ਲਕੜੀ ਚਾਹੈ ਨਿੱਤ। ਮੌਨੀ ਕਰੈ ਮਯੰਤ੍ਰ ਕੀ ਆਸ, ਬਿਨ ਗੁਰ ਗਦਿੜੀ ਨਹੀਂ ਬੇਸਾਸ

ਗੁਰੂ ਨਾਨਕ ਦੇਵ ਜਪੁਜੀ ਸਾਹਿਬ ’ਚ ਥਾਂ-ਥਾਂ ਸਮਝਾਉਂਦੇ ਨੇ ਕਿ ਤੀਰਥ ਨਾਵਾ ਜੇ ਤਿਸੁ ਭਾਵਾ। ਤੀਰਥ ਨਹੀਂ ਨਹਾਉਣਾ। ਉਹਦੇ ਭਾਣੇ ’ਚ ਏਂ ਤਾਂ ਤੀਰਥ ਹੀ ਹੈ। ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਗਿਆ। ਬੰਦੇ ਨੂੰ ਜੋ ਨਹੀਂ ਕਰਨਾ। ਜੋ ਸੁਣਨਾ ਹੈ। ਬਲਕਿ ਜੋ ਨਹੀਂ ਸੁਣਨਾ। ਉਹਦੇ ਉੱਤੇ ਜ਼ਿਆਦਾ ਬਲ ਹੈ। ਇਹ ਸਾਧੂ ਲੋਕ, ਵੱਡੇ ਲੋਕ, ਸਤਿਗੁਰੂ ਲੋਕ ਸਾਨੂੰ ਪਹਿਲਾਂ ਖਾਲੀ ਕਰਦੇ ਨੇ। ਤੂੰ ਪਹਿਲਾਂ ਜੋ ਭਰ ਲਿਆ ਹੈ, ਕੂੜਾ ਭਰ ਲਿਆ ਹੈ, ਹੰਕਾਰ ਭਰ ਲਿਆ ਹੈ। ਉਹਦੇ ਤੋਂ ਖਲਾਸੀ ਕਰ ਪਹਿਲਾਂ। ਗੁਰੂ ਨਾਨਕ ਦੇਵ ਇਹੀ ਕਰਦੇ ਨੇ। ਜਪੁਜੀ ਸਾਹਿਬ ’ਚ ਇਸ ਗੱਲ ਉੱਤੇ ਵਜ਼ਨ ਜ਼ਿਆਦਾ ਹੈ ਕਿ ਖਾਲੀ ਕਿਵੇਂ ਹੋਣਾ ਹੈ। ਬੋਲਣਾ/ਸੁਣਨਾ/ਵਿਚਾਰਨਾ/ਤਿਆਗਣਾ/ਅਪਨਾਉਣਾ ਇਨ੍ਹਾਂ ਤੋਂ ਮੁਕਤੀ ਕਿਵੇਂ ਪਾਉਣੀ ਹੈ। ਸਹਿਜ ਕਿਵੇਂ ਹੋਣਾ ਹੈ। ਗੋਰਖ ਵੀ ਇਹੀ ਕਹਿ ਰਹੇ ਨੇ, ਵੱਡੇ ਲੋਕਾਂ ਦੇ ਅਨੁਭਵ ਦਾ ਧਰਾਤਲ ਇਕ ਹੀ ਹੁੰਦੈ। ਉਹ ਵੀ ਕਹਿ ਰਹੇ ਕਿ ਉੱਚੀ ਨਾ ਬੋਲ, ਦੌੜਿਆ ਨਾ ਫਿਰ, ਸਹਿਜ ਹੋ। ਸਹਿਜ ਹੋ ਪਹਿਲਾਂ। ਸਹਿਜ ਜੋ ਹੈ, ਉਹ ਇਕ ਅਵਸਥਾ ਹੈ। ਸਹਿਜ ਹੋ ਜਾਣਾ। ਫਿਰ ਸਹਿਜ ਇਕ ਸਿਧਾਂਤ ਹੈ। ਗੁਰੂ ਰਵਿਦਾਸ ਇਸ ਸਿਧਾਂਤ ਉੱਤੇ ਬਹੁਤ ਬਲ ਦਿੰਦੇ ਨੇ। ਗੁਰੂ ਨਾਨਕ ਵੀ ਬਹੁਤ ਬਲ ਦਿੰਦੇ ਨੇ। ਜਦੋਂ ਸਹਿਜ ਸਿਧਾਂਤ ਹੋ ਗਿਆ ਤਾਂ ਇਹ ਫਿਰ ਭਾਣਾ ਬਣ ਗਿਆ। ਸਹਿਜੇ ਹੋਏ ਸੋ ਹੋਇ। ਜੋ ਕੁਦਰਤ ਦੇ ਜਿਹਨ ਚੱਕਰ ’ਚ ਹੈ, ਉਹ ਸਹਿਜ ਹੈ। ਉਹ ਉਵੇਂ ਹੀ ਵਾਪਰਦਾ ਹੈ। ਹੱਥ-ਪੈਰ ਦੇ ਨੇੜੇ ਹੈ ਪਰ ਜੇਕਰ ਕੁਦਰਤ ਨੇ ਸਹਿਯੋਗ ਕੀਤਾ, ਤਾਂ ਹੀ ਸੰਭਵ ਹੈ। ਬੰਦ ਖਲਾਸੀ ਜੋ ਹੈ, ਉਹ ਭਾਣੇ ’ਚ ਹੈ। ਮੁਕਤੀ ਜੋ ਹੈ। ਮੋਕਸ਼ ਵਾਲੀ ਮੁਕਤੀ ਨਹੀਂ। ਸਵਰਗ/ਨਰਕ ਵਾਲੀ ਨਹੀਂ। ਬੁੱਧ ਵਾਲੀ। ਗੁਰੂ ਨਾਨਕ ਵਾਲੀ। ਨਹੀਂ ਤਾਂ ਗੋਰਖ ਕੀ ਕਹਿ ਰਹੇ ਕਿ ਨਾਗਾ ਹੋਵੇਗਾ ਤਾਂ ਅੱਗ ਲਈ ਰੋਜ਼ ਲੱਕੜੀਆਂ ਭਾਲੇਂਗਾ। ਦੁੱਧਾਧਾਰੀ ਏਂ ਤਾਂ ਪਰਾਏ ਘਰ ਵੱਲ ਝਾਕੇਂਗਾ। ਭੁੱਖਾ ਨਾ ਮਰ, ਹੱਠ ਨਾ ਕਰ। ਬੱਸ ਸਹਿਜ ਹੋ ਜਾ। ਹੌਲੀ ਰੱਖ ਪੈਰ। ਧੀਰੈ ਧਰਿਬਾ ਪਾਂਵ। ਬੱਸ ਇਹ ਜੋ ਧੀਰੈ ਹੈ। ਇਹੀ ਉਹ ਤਾਨਪੁਰੇ ਦੇ ਸੁਰ ਕਰਨ ਦਾ ਸੰਕੇਤ ਹੈ। ਗੁਰੂ ਨਾਨਕ ਇਸ ਸੰਕੇਤ ਨੂੰ ਵਾਰ-ਵਾਰ ਦੁਹਰਾ ਰਹੇ ਨੇ। ਤੇਈਵੀਂ ਪਉੜੀ ’ਚ ਉਸੇ ਇਸ਼ਾਰੇ ਨੂੰ ਹੋਰ ਸੂਖਮ ਲੈ ਗਏ ਨੇ।

ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ।। ਕੌਣ ਹੈ ਜੋ ਤੇਰੀ ਉਸਤਤਿ ਕਰ ਸਕੇ? ਕੌਣ ਹੈ ਜੋ ਤੇਰੀ ਥਾਹ ਪਾ ਸਕੇ? ਕੌਣ ਹੈ ਜੋ ਤੈਨੂੰ ਗਿਣ ਸਕੇ। ਗਿਣਨ ਬੈਠ ਗਿਆ ਤਾਂ ਅੰਤ ਪਛਤਾਵਾ। ਕੋਈ ਨਹੀਂ ਹੈ। ਏਨੀ ਸੁਰਤ ਕਿੱਥੇ, ਸਮਝ ਕਿੱਥੇ, ਜੁਰਅੱਤ ਕਿੱਥੇ? ਜਿੰਨੀ ਵੀ ਸਮਝ ਹੋਵੇ, ਨਹੀਂ ਤੇਰੀ ਥਾਹ ਨਹੀਂ ਪਾਈ ਜਾ ਸਕਦੀ। ਤੂੰ ਅਪਾਰ ਏਂ। ਅਨੰਤ ਏਂ। ਇਸੇ ਕਰਕੇ ਨਿਰਭਓ ਏਂ। ਨਿਰਵੈਰ ਏਂ। ਇਹ ਤੇਰਾ ਹੀ ਪਾਸਾਰ ਹੈ। ਅਸੀਂ ਤਾਂ ਸਾਰੇ ਤੇਰੀ ਲੋਅ ਹਾਂ। ਸੂਰਜ ਤਾਂ ਤੂੰ ਏਂ। ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ਅਸੀਂ ਨਦੀਆਂ, ਨਾਲੇ ਜਦੋਂ ਤੇਰੇ ਸਮੁੰਦਰ ਰੂਪ ’ਚ ਵਿਲੀਨ ਹੋ ਜਾਂਦੇ ਹਾਂ, ਤਾਂ ਕੌਣ ਜਾਣਦੈ ਕਿ ਕਿਹੜਾ ਕਿੱਥੇ ਗਿਆ। ਬਾਹਰ ਵੀ ਕਿਹੜਾ ਜਾਣਦੈ? ਘਟ-ਘਟ ਤੂੰ ਏਂ। ਬਾਬਾ ਸ਼ਾਹ ਹੁਸੈਨ ਫਰਮਾਉਂਦੇ ਨੇ, ‘ਅੰਦਰ ਤੂੰ ਬਾਹਰ ਤੂੰ ਰੋਮ ਰੋਮ ਵਿਚ ਤੂੰ।’ ਇਨ੍ਹਾਂ ਦਰਵੇਸ਼ਾਂ ਨੇ ਸਿੱਧੇ ਪਾਲੀਟੀਕਲ ਸੰਘਰਸ਼ ਕੀਤੇ ਨੇ। ਸ਼ਾਹ ਹੁਸੈਨ ਨੂੰ ਵੇਲੇ ਦੀ ਹਕੂਮਤ ਨੇ ਫਾਹੇ ਲਾਇਆ ਸੀ। ਸ਼ਾਹ ਇਨਾਇਤ ਨੇ ਵੇਲੇ ਦੀ ਹਕੂਮਤ ਨਾਲ ਛੋਟੀ ਕਿਸਾਨੀ ਦੇ ਹੱਕ ’ਚ ਇੰਨੀ ਵੱਡੀ ਲੜਾਈ ਲੜੀ ਸੀ ਕਿ ਇਤਿਹਾਸ ਗਵਾਹ ਹੈ। ਤਦੇ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦੇ ਪਾਲੀਟੀਕਲ ਕੁਮੈਂਟ ਦੇਖਦੇ ਹਾਂ ਤਾਂ ਇਨ੍ਹਾਂ ਦਰਵੇਸ਼ਾਂ ਦੀ ਯਾਦ ਆ ਜਾਂਦੀ ਹੈ। ਇਨ੍ਹਾਂ ਲੋਕਾਂ ਨੂੰ ਧਿਆਉਣਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਡੂੰਘ ’ਚ ਜਾ ਕੇ ਪਏ ਬਹੁਤ ਸਾਰੇ ਸਿਆਸੀ ਅਰਥਾਂ ਨੂੰ ਵੀ ਨਾਲ ਤੋਰਨਾ ਹੈ। ਕਈ ਵਾਰ ਸਾਨੂੰ ਕੜੀਆਂ ਜੋੜਨੀਆਂ ਪੈਂਦੀਆਂ ਨੇ ਇਤਿਹਾਸ ਨਾਲ, ਫਲਸਫਿਆਂ ਦੀਆਂ ਕੜੀਆਂ ਵੀ ਜੋੜਨੀਆਂ ਪੈਂਦੀਆਂ ਨੇ। ਇਹ ਬਹੁਤ ਲਾਜ਼ਮ ਹੈ, ਕਿਉਂਕਿ ਜਿਹੜੇ ਦਰਸ਼ਨ ਘੜੇ ਜਾ ਰਹੇ ਹੁੰਦੇ ਨੇ/ਸੰਘਰਸ਼ ਲੜੇ ਜਾ ਰਹੇ ਹੁੰਦੇ ਨੇ, ਉਨ੍ਹਾਂ ਦੀਆਂ ਕੜੀਆਂ ਆਪਸ ’ਚ ਬਹੁਤ ਪੀਡੀਆਂ ਜੁੜੀਆਂ ਹੁੰਦੀਆਂ ਨੇ।

ਸ਼ਬਦ ਹੋਰ ਗਹਿਰਾ ਉਤਰਿਆ ਹੈ। ਸਮੁੰਦ ਸ਼ਾਹ ਸੁਲਤਾਨ ਰਿਹਾ ਸੇਤੀ ਮਾਲੁ ਧਨੁ ਸਮੁੰਦਰਾਂ ਦੇ ਪਾਤਸ਼ਾਹ ਨੇ ਜੋ, ਪਹਾੜ ਨੇ ਮਾਲ ਧੰਨ ਦੇ ਜਿਨ੍ਹਾਂ ਕੋਲ। ਅਮੀਰ ਨੇ। ਰੱਜੇ ਪੁੱਜੇ। ਬਾਦਸ਼ਾਹ। ਪਹਾੜ ਨੇ ਮਾਇਆ ਦੇ। ਪਰ ਸਤਿਗੁਰ ਬਹੁਤ ਗਹਿਰਾਈ ’ਚ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਉਹ ਮਨੋਂ ਨਹੀਂ ਵਿਸਰਦਾ। ਜਿਹੜੇ ਦਮ-ਦਮ ਉਹਨੂੰ ਸਿਮਰਦੇ ਨੇ। ਧਿਆਉਂਦੇ ਨੇ। ਜਿਨ੍ਹਾਂ ’ਤੇ ਉਹਦੀ ਨਦਰਿ ਹੋ ਗਈ ਹੈ। ਰਹਿਮ ਹੋ ਗਿਆ ਹੈ। ਮਿਹਰ ਹੋ ਗਈ ਹੈ। ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ਉਹਨੂੰ ਸਿਮਰਨ ਕਰਨ ਵਾਲਿਆਂ ਲਈ ਇਹ ਜੋ ਮਾਇਆ ਦੇ ਪਹਾੜ ਹਨ, ਕੀੜੀ ਤੁੱਲ ਵੀ ਨਹੀਂ। ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਣਾ। ਉਨ੍ਹਾਂ ਦੀਆਂ ਨਜ਼ਰਾਂ ’ਚ ਇਹ ਖ਼ਾਕ ਹੈ। ਨਾਸ਼ਵਾਨ। ਉਹ ਤਾਂ ਉਹਦੀ ਅਪਾਰ ਕਿਰਪਾ ਨਾਲ ਮੁਕਤ ਹੋ ਚੁੱਕੇ ਨੇ। ਉਨ੍ਹਾਂ ਸਚਿਆਰ ਪਦ ਪਾ ਲਿਆ ਹੈ। ਉਨ੍ਹਾਂ ਮਨੁੱਖਾਂ ਨੂੰ/ਮਹਾ ਮਨੁੱਖਾਂ ਨੂੰ ਮੁਕਤ ਦੇਖ ਕੇ ਅਨੰਦਿਤ ਹੋ ਰਹੇ ਨੇ ਸਤਿਗੁਰੂ। ਆਖਰੀ ਸਤਰਚ ਜੋ ਅਨੰਦ ਹੈ। ਉਹ ਕੋਈ ਵਿਰਲਾ ਹੀ ਮਹਿਸੂਸ ਕਰ ਸਕਦਾ ਹੈ। ਉਹੀ ਕਰ ਸਕਦਾ ਹੈ, ਜਿਹੜਾ ਗੋਰਖ ਦੇ ਕਹੇ ਵਾਂਗ ਧੀਰੈ ਧਰਵੈ ਪਾਂਵ।

–ਦੇਸ ਰਾਜ ਕਾਲੀ