ਪ੍ਰਭਾਤਫੇਰੀਆਂ : ਮੈਂ ਸੋਭਾ ਸੁਣ ਕੇ ਆਇਆ

11/05/2019 11:09:53 AM

ਪ੍ਰਭਾਤਫੇਰੀਆਂ : ਮੈਂ ਸੋਭਾ ਸੁਣ ਕੇ ਆਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੋਵੇ ਅਤੇ ਉਸ ਤੋਂ ਪਹਿਲਾਂ ਪ੍ਰਭਾਤਫੇਰੀਆਂ ਦੀ ਰਵਾਇਤ ਨਾ ਸ਼ੁਰੂ ਹੋਵੇ, ਇਹ ਕਿੰਝ ਹੋ ਸਕਦਾ ਹੈ? ਪ੍ਰਭਾਤਫੇਰੀਆਂ ਗੁਰੂ ਨਾਨਕ ਉਸਤਤ ਦਾ ਲੋਕਧਾਰਾਈ ਰੂਪ ਹੈ। ਡਾ. ਆਸਾ ਸਿੰਘ ਘੁੰਮਣ ਕਹਿੰਦੇ ਹਨ ਕਿ ਮੇਰੇ ਚੇਤਿਆਂ ਵਿਚ ਪ੍ਰਭਾਤਫੇਰੀ ਦਾ ਅਜਿਹਾ ਰੂਪ 1947 ਦੀ ਵੰਡ ਤੋਂ ਬਾਅਦ ਸ਼ੁਰੂ ਹੋਇਆ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਬਹਾਨੇ ਸਿੱਖਾਂ ਦਾ ਆਪਣੀ ਏਕਤਾ, ਆਪਣੀ ਸ਼ਰਧਾ ਅਤੇ ਗੁਰੂ ਪ੍ਰਤੀ ਖੁਸ਼ੀ ਦਾ ਪ੍ਰਗਟਾਵਾ ਸੀ।

ਪਰ ਜਦੋਂ ਅਸੀਂ ਵੰਡ ਆਧਾਰਿਤ ਫ਼ਿਲਮਾਂ ਨੂੰ ਵੇਖਦੇ ਹਾਂ ਤਾਂ ਉਨ੍ਹਾਂ ਵਿਚ ਵੀ ਪਾਓ ਫੁਟਾਲੇ ਦੇ ਦ੍ਰਿਸ਼ ਵਿਚ ਪ੍ਰਭਾਤਫੇਰੀਆਂ ਦਾ ਜ਼ਿਕਰ ਆਉਂਦਾ ਹੈ। ਡਾ. ਚੰਦਰ ਪ੍ਰਕਾਸ਼ ਦਿਵੇਦੀ ਇਤਿਹਾਸਕ ਫਿਲਮਸਾਜ਼ ਹਨ। ਉਹ ਇਤਿਹਾਸ ਦੀਆਂ ਬਾਰੀਕੀਆਂ ਨੂੰ ਆਪਣੀ ਫ਼ਿਲਮ ਵਿਚ ਅਕਸਰ ਰੱਖਦੇ ਹਨ। ਪ੍ਰਭਾਤ ਫੇਰੀਆਂ ਦਾ ਇਕ ਦ੍ਰਿਸ਼ ਉਨ੍ਹਾਂ ਨੇ ਆਪਣੀ ਫ਼ਿਲਮ ਪਿੰਜਰ ਵਿਚ ਵੀ ਰੱਖਿਆ ਹੈ, ਜੋ ਕਿ ਅੰਮ੍ਰਿਤਾ ਪ੍ਰੀਤਮ ਦੇ ਨਾਵਲ ਪਿੰਜਰ ’ਤੇ ਆਧਾਰਿਤ ਸੀ। ਉਸ ਤੋਂ ਬਾਅਦ ਗੁਰਦਾਸ ਮਾਨ ਦੀ ਬਹੁਚਰਚਿਤ ਫ਼ਿਲਮ ‘ਉੱਚਾ ਦਰ ਬਾਬੇ ਨਾਨਕ ਦਾ’ ਵਿਚ ਵੀ ਪ੍ਰਭਾਤਫੇਰੀਆਂ ਦੇ ਦ੍ਰਿਸ਼ ਬਹੁਤ ਵਾਰ ਆਉਂਦੇ ਹਨ।

ਆਸਟਰੇਲੀਆ ਤੋਂ ਮੁੰਦਾਵਣੀ ਕਿਤਾਬ ਦੇ ਲੇਖਕ ਅਮਨਦੀਪ ਸਿੰਘ ਸਿੱਧੂ ਕਹਿੰਦੇ ਹਨ ਕਿ ਮੇਰੇ ਚੇਤਿਆਂ ਵਿਚ ਇਸ ਦਾ ਹਵਾਲਾ ਬਹੁਤ ਪੁਖਤਾ ਹੈ ਕਿ ਸਾਡੇ ਪਿੰਡਾਂ ਵਿਚ ਪ੍ਰਭਾਤਫੇਰੀਆਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਅਮਨਦੀਪ ਦੱਸਦੇ ਹਨ ਕਿ ਮੇਰੇ ਪਿੰਡ ਪੁੰਨੂ ਮਜਾਰਾ ਜ਼ਿਲਾ ਨਵਾਂ ਸ਼ਹਿਰ ਵਿਚ ਕਣਕਾਂ ਦੀ ਬੀਜਾਈ ਤੋਂ ਬਾਅਦ ਹੀ ਪ੍ਰਭਾਤਫੇਰੀਆਂ ਸ਼ੁਰੂ ਹੋ ਜਾਂਦੀਆਂ ਸਨ, ਜੋ ਲੋਹੜੀ ਤੱਕ ਚੱਲਦੀਆਂ ਸਨ। ਇਨ੍ਹਾਂ ਪ੍ਰਭਾਤਫੇਰੀਆਂ ਵਿਚ ਪਿੰਡ ਦੇ ਕੁਝ ਮੁੰਡੇ, ਭਾਈ ਸਾਹਿਬ ਅਤੇ ਪੰਜ-ਸੱਤ ਗੁਰਸਿੱਖ ਹੁੰਦੇ ਸਨ। ਸੰਗਰਾਂਦ ਮੌਕੇ ਜਾਂ ਕਿਸੇ ਵੱਡੇ ਪ੍ਰਕਾਸ਼ ਪੁਰਬ ਮੌਕੇ ਇਨ੍ਹਾਂ ਸੱਜਣਾਂ ਨਾਲ ਪੂਰਾ ਪਿੰਡ ਆ ਜੁੜਦਾ ਸੀ। ਸਾਡੇ ਪਿੰਡ ਦੀਆਂ ਪ੍ਰਭਾਤਫੇਰੀਆਂ ਵਿਚ ਢੋਲਕ ਅਤੇ ਹਰਮੋਨੀਅਮ ਹੁੰਦਾ ਸੀ ਅਤੇ ਮੇਰੀ ਯਾਦ ਹੈ ਤੇ ਪ੍ਰਭਾਤਫੇਰੀਆਂ ਦੌਰਾਨ ‘ਨਾਨਕ ਨਾਮ ਧਿਆ ਲੋ ਜੀ’ ਗਾਇਆ ਜਾਂਦਾ ਸੀ ।

500ਵੇਂ ਮੌਕੇ ਪ੍ਰਕਾਸ਼ ਪੁਰਬ ਵੇਲੇ 1969 ਵਿਚ ‘ਨਾਨਕ ਨਾਮ ਜਹਾਜ਼ ਹੈ’ ਫਿਲਮ ਆਈ ਅਤੇ ਇਸ ਤੋਂ ਬਾਅਦ ਹਰ ਸਾਲ ਧਾਰਮਿਕ ਫ਼ਿਲਮਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਗਿਆ। ਇਸੇ ਸਿਲਸਿਲੇ ਵਿਚ ਆਈਆਂ ਫਿਲਮਾਂ ਨਾਨਕ ਦੁਖੀਆ ਸਭ ਸੰਸਾਰ, ਮਨ ਜੀਤੇ ਜਗ ਜੀਤੇ ਤੋਂ ਲੈ ਕੇ ਉੱਚਾ ਦਰ ਬਾਬੇ ਨਾਨਕ ਦਾ ਤੱਕ ਸ਼ਬਦ ਚੌਂਕੀਆਂ ਪ੍ਰਭਾਤਫੇਰੀਆਂ ਅਤੇ ਸਿੱਖ ਸੱਭਿਆਚਾਰ ਦਾ ਖੂਬ ਦ੍ਰਿਸ਼ ਆਤਮਿਕ ਪ੍ਰਚਾਰ ਹੋਇਆ। ਇਹ ਵੀ ਦਿਲਚਸਪ ਹੈ ਡਾ. ਆਸਾ ਸਿੰਘ ਘੁੰਮਣ ਆਪਣੀ ਕਿਤਾਬ ਦਸਤਾਰ ਵਿਚ ਜ਼ਿਕਰ ਕਰਦੇ ਹਨ ਕਿ 1969 ਵਿਚ ਆਈ ਫਿਲਮ ‘ਨਾਨਕ ਨਾਮ ਜਹਾਜ਼ ਹੈ’ ਤੋਂ ਬਾਅਦ ਪੱਗ ਨੂੰ ਸਿਉਣ ਮਾਰ ਕੇ ਦੋਹਰੀ ਬਣਾ ਕੇ ਬੰਨ੍ਹਣ ਦੀ ਰਵਾਇਤ ਤੁਰੀ। ਇਹ ਕਾਡ ਇਸ ਫਿਲਮ ਦੇ ਡਿਜ਼ਾਈਨਰ ਦੀ ਸੀ।

ਪ੍ਰਭਾਤਫੇਰੀਆਂ ਦੀ ਇਕ ਉਦਾਹਰਨ ਪਿੰਡ ਸੀਚੇਵਾਲ ਦੇ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸੰਗਤਾਂ ਵੱਲੋਂ ਕੱਢੀ ਜਾਂਦੀ ਪ੍ਰਭਾਤਫੇਰੀ ਵੀ ਹੈ। ਪਿੰਡ ਸੀਚੇਵਾਲ ਤੋਂ ਪਰਮਿੰਦਰ ਸਿੰਘ ਕਹਿੰਦੇ ਹਨ ਕਿ ਕਾਲੀ ਵੇਈਂ ਦੀ ਸੇਵਾ ਦਾ ਅਸਲ ਮੁੱਢ ਪ੍ਰਭਾਤਫੇਰੀਆਂ ਤੋਂ ਹੀ ਬੱਝਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਭਾਤਫੇਰੀਆਂ ਕੱਢਣ ਤੋਂ ਪਹਿਲਾਂ ਇੱਥੇ ਰਾਹਾਂ ਨੂੰ ਚੌੜੇ ਕੀਤਾ ਜਾਂਦਾ ਸੀ ਅਤੇ ਇਨ੍ਹਾਂ ਰਾਹਾਂ ਦੀ ਸਫ਼ਾਈ ਕੀਤੀ ਜਾਂਦੀ ਸੀ। ਜਿੱਥੋਂ ਰਾਹ ਬਣਾਉਣ ਦੀ ਕਾਰ ਸੇਵਾ ਪ੍ਰਭਾਤਫੇਰੀਆਂ ਦੇ ਬਹਾਨੇ ਸ਼ੁਰੂ ਹੋ ਗਈ। ਇਹ ਸਿਲਸਿਲਾ ਅਜੇ ਵੀ ਇੰਝ ਹੀ ਹੈ। ਪ੍ਰਭਾਤਫੇਰੀਆਂ ਸ਼ੁਰੂ ਹੋਣ ਤੋਂ ਪਹਿਲਾਂ ਰਾਹਾਂ ਦੀ ਸਫਾਈ ਅਤੇ ਕੰਢਿਆਂ ਨੂੰ ਉਸਾਰਿਆ ਜਾਂਦਾ ਹੈ।

ਸਿੱਖ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਇਸ ਨੂੰ ਬਹੁਤ ਵਿਸਥਾਰ ਨਾਲ ਸਮਝਾਉਂਦੇ ਹਨ। ਭਾਈ ਸਾਹਿਬ ਜਸਵੰਤ ਸਿੰਘ ਨੇਕੀ ਦੀ ਕਿਤਾਬ ਅਰਦਾਸ ਦਾ ਹਵਾਲਾ ਦਿੰਦੇ ਹੋਏ ਦੱਸਦੇ ਹਨ ਕਿ ਅਰਦਾਸ ਅੰਦਰ ‘ਚਉਂਕੀਆਂ ਝੰਡੇ ਬੁੰਗੇ ਜੁਗੋ ਜੁੱਗ ਅਟੱਲ’ ਦਾ ਜ਼ਿਕਰ ਹੈ। ਚੌਂਕੀ ਦਾ ਅਰਥ ਹੈ ਸਾਵਧਾਨ ਪਹਿਰਾ। ਸਿੱਖ ਵਿਚਾਰਧਾਰਾ ਮੁਤਾਬਕ ਪਹਿਰਾ ਸਦਾ ਸ਼ਬਦ ਦਾ ਹੁੰਦਾ ਹੈ। ਇਸੇ ਲਈ ਸਾਡੀਆਂ ਚੌਂਕੀਆਂ ਸ਼ਬਦ ਚੌਂਕੀਆਂ ਹਨ। ਇਹ ਤਿੰਨ ਤਰ੍ਹਾਂ ਦੀਆਂ ਹਨ, ਨਿਤਨੇਮ, ਇਤਿਹਾਸਕ ਅਤੇ ਯਾਤਰੂ।

ਨਿੱਤਨੇਮ ਦੀਆਂ ਚੌਂਕੀਆਂ ਪੰਜ ਤਰ੍ਹਾਂ ਦੀਆਂ ਹਨ, ਜੋ ਗੁਰੂ ਅਰਜਨ ਦੇਵ ਜੀ ਦੇ ਵੇਲੇ ਸਥਾਪਤ ਹੋ ਗਈਆਂ ਸਨ।

ਆਸਾ ਦੀ ਵਾਰ ਦੀ ਚੌਂਕੀ

ਬਿਲਾਵਲ ਦੀ ਚੌਂਕੀ

ਚਰਨ ਕੰਵਲ ਦੀ ਚੌਂਕੀ

ਸੋ ਦਰ ਦੀ ਚੌਂਕੀ

ਕਲਿਆਣ ਦੀ ਚੌਂਕੀ

ਇੰਝ ਹੀ ਇਤਿਹਾਸਕ ਚੌਂਕੀਆਂ ਦਾ ਹਵਾਲਾ ਹੈ। ਪ੍ਰਭਾਤਫੇਰੀਆਂ ਤੋਂ ਪਹਿਲਾਂ ਇਨ੍ਹਾਂ ਚੌਂਕੀਆਂ ਦਾ ਹੀ ਮੂਲ ਆਧਾਰ ਹੈ। ਇਤਿਹਾਸ ਵਿਚ ਜ਼ਿਕਰ ਹੈ ਕਿ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਡਰੋਲੀ ਭਾਈ ਕੇ ਵਿਖੇ ਰਹਿੰਦੇ ਸਨ ਤਾਂ ਬਾਬਾ ਬੁੱਢਾ ਜੀ ਨੇ ਅੰਮ੍ਰਿਤਸਰ ਤੋਂ ਚਿੱਠੀ ਲਿਖੀ ਸੀ ਕਿ ਤੁਹਾਡੇ ਬਿਨਾਂ ਸੰਗਤਾਂ ਓਦਰ ਗਈਆਂ ਹਨ ਅਤੇ ਤੁਹਾਡੇ ਦਰਸ਼ਨਾਂ ਦੀ ਤਾਂਘ ਰੱਖਦੀਆਂ ਹਨ। ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਸੀ ਕਿ ਤੁਸੀਂ ਸ਼ਬਦ ਚੌਂਕੀਆਂ ਕੱਢਿਆ ਕਰੋ। ਇੰਝ ਦਰਬਾਰ ਸਾਹਿਬ ਸ਼ਬਦ ਚੌਂਕੀਆਂ ਦਾ ਸਿਲਸਿਲਾ ਸ਼ੁਰੂ ਹੋਇਆ, ਜੋ ਨਿੱਤ ਨੇਮ ਦੀਆਂ ਚੌਂਕੀਆਂ ਤੋਂ ਵੱਖਰਾ ਸਰੋਵਰ ਦੀ ਪਰਿਕਰਮਾ ਕਰਦੇ ਹੋਏ ਸੀ।

ਇਤਿਹਾਸ ਵਿਚ ਦੂਜਾ ਹਵਾਲਾ ਇਹ ਮਿਲਦਾ ਹੈ ਕਿ ਜਦੋਂ ਬਾਦਸ਼ਾਹ ਜਹਾਂਗੀਰ ਨੇ ਗਵਾਲੀਅਰ ਦੇ ਕਿਲੇ ਵਿਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੈਦ ਕਰ ਲਿਆ ਸੀ। ਉਨ੍ਹਾਂ ਸਮਿਆਂ ਵਿਚ ਬਾਬਾ ਬੁੱਢਾ ਜੀ ਅਤੇ ਸੰਗਤਾਂ ਨੇ ਗਵਾਲੀਅਰ ਦੇ ਕਿਲੇ ਦੇ ਆਲੇ-ਦੁਆਲੇ ਪ੍ਰਭਾਤ ਵੇਲੇ ਚੌਂਕੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ। ਜ਼ਿਕਰਯੋਗ ਹੈ ਕਿ ਗੁਰੂ ਜੀ 52 ਰਾਜਿਆਂ ਦੇ ਬੰਦੀ ਛੋੜ ਬਣ ਬਾਹਰ ਆਏ। ਅਕਾਲ ਤਖ਼ਤ ਸਾਹਿਬ ਪਹੁੰਚ ਕੇ ਉਨ੍ਹਾਂ ਸੰਗਤਾਂ ਦੇ ਪ੍ਰੇਮ ਉੱਪਰ ਅਨੰਤ ਪ੍ਰਸੰਨਤਾ ਪ੍ਰਗਟ ਕੀਤੀ ਅਤੇ ਚੌਂਕੀ ਸਾਹਿਬ ਦੀ ਮਰਿਆਦਾ ਨੂੰ ਵਰ ਦਿੱਤਾ,“ਜਦੋਂ ਜਦੋਂ ਵੀ ਮੇਰੇ ਸਿੱਖ ਜਬਰ ਤੇ ਅਨਿਆਂ ਵਿਰੁੱਧ ਚੌਂਕੀ ਸਾਹਿਬ ਦੀ ਮਰਿਆਦਾ ਵਰਤਣਗੇ, ਮੈਂ ਚੌਂਕੀ ਸਾਹਿਬ ਵਿਚ ਹਾਜ਼ਰ ਹੋਵਾਂਗਾ।’’

ਲੋਕਧਾਰਾ ਦੇ ਹਵਾਲੇ ਵਿਚ ਇਹ ਸਮਝਿਆ ਜਾਂਦਾ ਹੈ ਕਿ ਇਨ੍ਹਾਂ ਸ਼ਬਦ ਚੌਂਕੀਆਂ ਨੂੰ ਜਦੋਂ ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਨੇ ਵੇਖਿਆ ਤਾਂ ਇਸ ਨੂੰ ਆਪਣੇ ਪਿੰਡਾਂ ਵਿਚ ਜਾ ਕੇ ਵੀ ਲਾਗੂ ਕੀਤਾ ਪਰ ਉਨ੍ਹਾਂ ਦੀ ਸ਼ਬਦ ਗਾਇਨ ਵਿਚ ਉਸ ਤਰ੍ਹਾਂ ਦੀ ਮੁਹਾਰਤ ਨਹੀਂ ਸੀ ਅਤੇ ਉਨ੍ਹਾਂ ਨੇ ਆਪਣੀ ਸਮਰੱਥਾ ਮੁਤਾਬਕ ਗੁਰੂ ਜੀ ਦੀ ਉਸਤਤ ਕਰਨ ਦਾ ਆਪਣਾ ਜ਼ਰੀਆ ਬਣਾਇਆ, ਜੋ ਪ੍ਰਭਾਤਫੇਰੀਆਂ ਦੇ ਰੂਪ ਵਿਚ ਸਾਡੇ ਸਮਾਜ ਵਿਚ ਹਾਜ਼ਰ ਹੈ। ਇਹ ਪ੍ਰਭਾਤਫੇਰੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਾਡੇ ਸਮਾਜ ਦਾ ਅਨਿੱਖੜਵਾਂ ਹਿੱਸਾ ਬਣ ਗਈਆਂ ਹਨ।

-ਹਰਪ੍ਰੀਤ ਸਿੰਘ ਕਾਹਲੋਂ