ਚਿੱਤਰਕਾਰੀ ’ਚ ਗੁਰੂ ਨਾਨਕ ਵਿਰਾਸਤ

10/26/2019 10:55:47 AM

ਚਿੱਤਰਕਾਰੀ ’ਚ ਗੁਰੂ ਨਾਨਕ ਵਿਰਾਸਤ
ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੇ ਘਰ

ਕਿਰਪਾਲ ਸਿੰਘ ਦੇ ਕੰੰਮ ਵਿਚ ਵਿਵਿਧਤਾ ਹੈ। ਇਹ ਵੀ ਸੱਚ ਹੈ ਕਿ ਉਸ ਦਾ ਕੰਮ ਸਿੱਖ ਗੁਰੂਆਂ, ਸੂਰਬੀਰ, ਯੋਧਿਆਂ, ਸ਼ਹੀਦਾਂ ਦੇ ਸਿਵਾਏ ਹੋਰ ਕਿਸੇ ਨੂੰ ਪੇਂਟ ਨਹੀਂ ਕੀਤਾ। ਉਹ ਆਪਣੇ ਰਾਹ ਉੱਪਰ ਬਿਨਾਂ ਕਿਸੇ ਰੋਕ, ਦਖਲ ਦੇ ਅਡਿੱਗ ਚਲਦਾ ਰਿਹਾ। ਉਸ ਨੂੰ ‘ਸਿੱਖ ਕਾਲ’ ਨੂੰ ਸਮਰਪਿਤ ਸਿੱਖ ਚਿਤੇਰਾ ਕਹਿ ਸਕਦੇ ਹਾਂ।

ਇਸ ਚਿੱਤਰ ਵਿਚ ਗੁਰੂ ਜੀ ਆਪਣੇ ਅਨਿਨ ਸਿੱਖ ਭਾਈ ਲਾਲੋ ਦੇ ਘਰ ਬੈਠੇ ਲੰਗਰ ਪਾਣੀ ਛੱਕ ਰਹੇ ਹਨ। ਇਨ੍ਹਾਂ ਦੇ ਸੱਜੇ ਭਾਈ ਲਾਲੋ ਅਤੇ ਖੱਬੇ ਭਾਈ ਮਰਦਾਨਾ ਬੈਠੇ ਹੋਏ ਲੰਗਰ ਛੱਕ ਰਹੇ ਹਨ ਜਦ ਕਿ ਭਾਈ ਲਾਲੋ ਦੀ ਪਤਨੀ ਵਰਤਾਵੇ ਦਾ ਕੰਮ ਕਰ ਰਹੀ ਹੈ।

ਸਾਨੂੰ ਗਿਆਤ ਹੁੰਦਾ ਹੈ ਲੰਗਰ ਛਕਦੇ ਸਮੇਂ ਗੁਰੂ ਜੀ ਅਤੇ ਭਾਈ ਲਾਲੋ ਵਿਚਾਲੇ ਕੋਈ ਵਾਰਤਾਲਾਪ ਵੀ ਚੱਲ ਰਹੀ ਹੈ ਜਦ ਕਿ ਭਾਈ ਮਰਦਾਨਾ ਇਹਦੇ ਵਿਚ ਹਿੱਸਾ ਨਹੀਂ ਲੈ ਰਹੇ। ਉਹ ਹੋ ਰਹੀਆਂ ਗੱਲਾਂ ਸੁਣ ਰਹੇ ਹਨ ਪਰ ਇਕਾਗਰਤਾ ਰੋਟੀ ਖਾਣ ਉੱਪਰ ਹੈ। ਲਗਦਾ ਹੈ, ਭਾਈ ਲਾਲੋ ਦੀ ਪਤਨੀ ਰੋਟੀਆਂ ਬਣਾਉਣ ਦੇ ਇਲਾਵਾ ਨਾਲੋ-ਨਾਲ ਵਰਤਾ ਵੀ ਰਹੀ ਹੈ।

ਜੋ ਦਿਸ ਰਿਹਾ ਹੈ, ਜਿਸ ਤਰ੍ਹਾਂ ਦੇ ਰਿਸ਼ਤਿਆਂ ਦੀਆਂ ਤੰਦਾਂ ਆਪਸ ਵਿਚ ਬਣੀਆਂ ਹੋਈਆਂ ਹਨ, ਉਸ ਵਿਚ ਭਿੰਨਤਾ ਨਹੀਂ। ਇਕ ਪਾਸੇ ਭਾਈ ਲਾਲੋ ਅਤੇ ਉਨ੍ਹਾਂ ਦੀ ਪਤਨੀ ਦਾ ਪਰਿਵਾਰ ਹੈ ਤਾਂ ਨਾਲ ਹੀ ਇਕ ਵਡੇਰਾ ਪਰਿਵਾਰ ‘ਗੁਰੂ-ਪਰਿਵਾਰ’ ਹੈ ਜਿਸ ਵਿਚ ਗੁਰੂ ਜੀ, ਭਾਈ ਮਰਦਾਨਾ, ਭਾਈ ਲਾਲੋ ਅਤੇ ਉਨ੍ਹਾਂ ਦੀ ਪਤਨੀ ਹੈ। ਇਹ ਯਕੀਨੀ ਹੈ ਗੁਰੂ ਅਤੇ ਸਿੱਖ ਇਕ-ਦੂਜੇ ਨੂੰ ਚਿਰ ਤੋਂ ਜਾਣਦੇ ਹੋਣਗੇ ਤਾਂਹੀਓ ਗੁਰੂ ਨਾਨਕ ਦੇਵ ਜੀ ਆਪ ਚਲ ਕੇ ਆਪਣੇ ਸਿੱਖ ਦੇ ਘਰ ਪਹੁੰਚੇ ਸਨ।

ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਸਮੇਂ ਉਹ ਤਲਵੰਡੀਓ ਸੈਦਪੁਰ ਪਹੁੰਚੇ ਹਨ। ਸੈਦਪੁਰ ਹੀ ਉਨ੍ਹਾਂ ਦੇ ਸਿੱਖ ਭਾਈ ਲਾਲੋ, ਕਿੱਤੇ ਵਜੋਂ ਤਰਖਾਣ ਦਾ ਘਰ ਹੈ। ਗੁਰੂ ਜੀ ਇਸ ਘਰ ਕੁਝ ਦਿਨ ਠਹਿਰਦੇ ਵੀ ਹਨ।

ਚਿਤੇਰਾ ਕਿਰਪਾਲ ਸਿੰਘ ਆਪਣੀ ਕਿਰਤ ਰਾਹੀਂ ਮਿਲ-ਬੈਠ, ਵੰਡ ਛੱਕਣ ਦੀ ਰੀਤ ਨੂੰ ਸੁਦ੍ਰਿੜ੍ਹ ਅਤੇ ਦ੍ਰਿੜਾਅ ਰਿਹਾ ਹੈ। ਜਿੱਥੇ ਭਿੰਨਤਾ ਨੂੰ ਪੂਰੀ ਤਰ੍ਹਾਂ ਨਕਾਰਿਆ ਜਾਂਦਾ ਹੈ।

ਕਿਰਤ ਕਰ ਕੇ ਜੀਵਨ ਜਿਉਣ ਵਾਲੇ ਭਾਈ ਲਾਲੋ ਸਾਧਾਰਣ ਸਿੱਖ ਨਹੀਂ ਰਹੇ ਹੋਣਗੇ। ਉਹ ਚਿਰ ਤੋਂ ਗੁਰੂ ਜੀ ਦੇ ਸੰਪਰਕ ਵਿਚ ਹੋਵੇਗਾ ਤਾਂਹੀਓ ਗੁਰੂ ਜੀ ਨੇ ਆਪਣੀ ਪਹਿਲੀ ਉਦਾਸੀ ਦੇ ਪਹਿਲੇ ਠਹਿਰਾਓ ਲਈ ਇਨ੍ਹਾਂ ਦਾ ਘਰ ਚੁਣਿਆ।

ਭਾਈ ਲਾਲੋ ਚੇਤੰਨ ਸਿੱਖ ਹੈ ਜਿਸ ਨੂੰ ਆਲੇ-ਦੁਆਲੇ ਦੀ ਚੰਗੀ ਸਮਝ ਰਹੀ ਹੋਵੇਗੀ ਤਾਂਹੀਓ ਗੁਰੂ ਜੀ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਹਨ। ਸ਼ਖਸੀਅਤ ਦਾ ਮਹੱਤਵ ਹੋਰ ਵੱਧ ਜਾਂਦਾ ਹੈ ਜਦ ਗੁਰੂ ਜੀ ਬਾਬਰ ਦੇ ਜ਼ੁਲਮ ਦੀ ਗੱਲ ਕਰਦੇ ਸਮੇਂ ਭਾਈ ਲਾਲੋ ਨੂੰ ਸੰਬੋਧਤ ਹੁੰਦੇ ਹਨ।

ਪੇਂਟਿੰਗ ਵਿਚ ਗੁਰੂ ਨਾਨਕ ਦੇਵ ਜੀ ਦੀ ਕਹੀ ਗੱਲ ਨੂੰ ਭਾਈ ਲਾਲੋ ਪੂਰੀ ਇਕਾਗਰਤਾ ਨਾਲ ਸੁਣ ਰਹੇ ਹਨ। ਤਾਂਹੀਓ ਹੱਥ ਫੜੀ ਬੁਰਕੀ ਮੂੰਹ ਤੱਕ ਨਹੀਂ ਅੱਪੜੀ, ਸਰੀਰ ਦਾ ਉੱਪਰੀ ਭਾਗ ਰਤਾ ਕੁ ਅੱਗੇ ਨੂੰ ਝੁੱਕਿਆ ਹੋਇਆ ਹੈ। ਇਸ ਤਰ੍ਹਾਂ ਦੇ ਸੰਵਾਦਾਂ ਤੋਂ ਭਾਈ ਮਰਦਾਨਾ ਓਪਰੇ ਨਹੀਂ ਰਹੇ ਹੋਣਗੇ। ਸੁਣ ਤਾਂ ਉਹ ਵੀ ਰਹੇ ਹਨ ਪਰ ਦੋ ਪੱਖੀ ਗੱਲਬਾਤ ਵਿਚ ਕਿਸੇ ਤਰ੍ਹਾਂ ਦਾ ਦਖਲ ਨਹੀਂ ਦੇ ਰਹੇ। ਉਨ੍ਹਾਂ ਦਾ ਗੁਰੂ ਨਾਨਕ ਦੇਵ ਜੀ ਨਾਲ ਵਿਸ਼ੇਸ਼ ਸਬੰਧ ਹੈ। ਹਾਲ ਦੀ ਘੜੀ, ਰੋਟੀ ਖਾਂਦੇ ਸਮੇਂ, ਸ਼ਬਦ ਦੀ ਸੰਗਤ ਕਰਨ ਵਾਲਾ ਸਾਜ ਰਬਾਬ ਇਕ ਪਾਸੇ ਪਿਆ ਹੈ। ਏਦਾਂ ਇਹ ਰਚਨਾ ਨਿੱਤ ਜੀਵਨ-ਵਿਹਾਰ ਦੀ ਇਕ ਘਟਨਾ ਨੂੰ ਦ੍ਰਿਸ਼ਮਾਨ ਕਰ ਰਹੀ ਹੈ ਜਿਸ ਦੇ ਕੇਂਦਰ ਵਿਚ ਅੰਨ-ਪਾਣੀ ਅਤੇ ਆਪਸੀ ਗੱਲਬਾਤ ਹੈ।

ਇਹ ਦੋ ਨੁਕਤੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦੇ ਅਹਿਮ ਹਿੱਸੇ ਹਨ। ਇਕ, ਉਨ੍ਹਾਂ ਹੋਰ ਸਾਧੂਆਂ, ਭਗਤਾਂ ਵਾਂਗ ਘਰ ਅਤੇ ਅੰਨ ਦਾ ਤਿਆਗ ਨਹੀਂ ਕੀਤਾ। ਨਾ ਹੀ ਭੀਖਿਆ ਦੀ ਰੀਤ ਦੇ ਪ੍ਰਚਲਨ ਨੂੰ ਤੋਰਿਆ। ਦੂਜਾ, ਸੰਵਾਦ ਉਨ੍ਹਾਂ ਦੇ ਗਿਆਨ ਲੈਣ ਜਾਂ ਦੇਣ ਦਾ ਅਹਿਮ ਜੁੱਝ ਰਿਹਾ ਹੈ। ਇਸ ਨੂੰ ਹਮਖਿਆਲੀਆਂ ਅਤੇ ਉਲਟ ਖਿਆਲੀਆਂ ਲਈ ਇਕਸਾਰ ਵਰਤਿਆ ਹੈ।

ਪੇਂਟਿੰਗ ਇਕਾਗਰਤਾ ਦੀ ਸੂਹ ਦੇ ਰਹੀ ਹੈ। ਭਾਈ ਲਾਲੋ ਦੀ ਤ੍ਰਿਮਤ ਆਪਣਾ ਕਾਰਜ ਨਿਪੁੰਨਤਾ ਨਾਲ ਕਰ ਰਹੀ ਹੈ। ਰੋਟੀ ਤਿਆਰ ਕਰ ਕੇ ਸਾਰਿਆਂ ਨੂੰ ਦੇਣੀ ਉਸ ਦੀ ਜ਼ਿੰਮੇਵਾਰੀ ਹੈ, ਜੋ ਸਾਹਮਣੇ ਹੈ ਉਸ ਤੋਂ ਲਗਦਾ ਹੈ ਪਿੱਠ ਭੂਮੀ ਵਿਚ ਕਮਰਾ ਹੈ। ਉਸ ਦੇ ਅੱਗੇ ਚੁੱਲ੍ਹੇ-ਚੌਂਕੇ ਲਈ ਵਗਲੀ ਥਾਂ। ਪੂਰੀ ਥਾਂ ਨੂੰ ਥੋੜ੍ਹੀ ਉੱਚੀ ਕੱਚੀ ਕੰਧ ਨਾਲ ਘੇਰਿਆ ਹੋਇਆ ਹੈ। ਭੋਜਨ ਖੁੱਲ੍ਹੇ ਵਿਹੜੇ ਵਿਚ ਬੈਠ ਕੇ ਕੀਤਾ ਜਾ ਰਿਹਾ ਹੈ।

ਘਰ ਦਾ ਵਿਹੜਾ ਅਨੇਕਾਂ ਗਤੀਵਿਧੀਆਂ ਦੀ ਇਕ ਯੋਗ ਥਾਂ ਹੁੰਦੀ ਸੀ। ਦਿੱਖਣ ਨੂੰ ਇਹ ਵਿਹੜਾ ਵੀ ਖੁੱਲ੍ਹਾ ਲਗਦਾ ਹੈ। ਭਾਈ ਲਾਲੋ ਆਪਣਾ ਕੰਮ ਵਿਹੜੇ ਦੇ ਇਕ ਪਾਸੇ ਵੱਲ ਕਰਦੇ ਹਨ। ਉਹ ਜਿੱਥੇ ਬੈਠੇ ਹਨ, ਉਸ ਦੇ ਪਿੱਛੇ ਲੱਕੜ ਦਾ ਅੱਡਾ ਨਜ਼ਰੀ ਪੈਂਦਾ ਹੈ। ਥੱਲੇ ਜ਼ਮੀਨ ਉੱਪਰ ਤਰਖਾਣਾ ਸੰਦ (ਆਰੀ, ਤੇਸਾ ਇਤਿਆਦ) ਅਤੇ ਲੱਕੜਾਂ ਦੇ ਟੋਟੇ ਪਏ ਹਨ। ਵਸਤਾਂ ਦਾ ਖਿਲਾਰ ਦਸਦਾ ਹੈ ਜਿਵੇਂ ਕੰੰਮ ਵਿਚਾਲੇ ਹੀ ਛੱਡ ਕੇ ਰੋਟੀ ਪਾਣੀ ਛੱਕਿਆ ਜਾ ਰਿਹਾ ਹੈ।

ਕਮਰੇ ਦੀ ਕੰਧ ਵਿਚ ਦਰਵਾਜ਼ਾ, ਖਿੜਕੀ ਅਤੇ ਦੀਵਾ ਰੱਖਣ ਹਿਤ ਬਣਿਆ ਆਲਾ ਹੈ। ਦਰਵਾਜ਼ਾ ਮਜ਼ਬੂਤ ਅਤੇ ਨਮੂਨੇਦਾਰ ਹੈ। ਪਹਿਲਾਂ ਕੋਠੇ ਕਮਰੇ ਆਮਤੌਰ ’ਤੇ ਮਿੱਟੀ ਦੇ ਹੁੰਦੇ ਸਨ ਜਿਨ੍ਹਾਂ ਨੂੰ ਮਿੱਟੀ ਨਾਲ ਹੀ ਲਿੱਪਿਆ ਹੁੰਦਾ ਸੀ। ਪੇਂਟਰ ਕਿਰਪਾਲ ਸਿੰਘ ਨੇ ਕਮਰਾ, ਵਗਲ, ਚਾਰਦੀਵਾਰੀ ਅਤੇ ਵਿਹੜੇ ਦੇ ਰੰਗ ਨੂੰ ਮਿੱਟੀ ਰੰਗਾ ਰੱਖਿਆ ਹੈ। ਲੋਅ ਦੀ ਘੱਟ-ਵੱਧ ਆਮਦ ਸਾਰੇ ਦੁਆਲੇ ਨੂੰ ਪ੍ਰਭਾਵਿਤ ਕਰ ਕੇ ਮਿੱਟੀ ਰੰਗ ਦੀਆਂ ਵੱਖ-ਵੱਖ ‘ਸ਼ੇਡਸ’ ਤਿਆਰ ਕਰਦੀ ਹੈ। ਇਕਰਸ ਰੰਗ ਦੇ ਅਸਰ ਨੂੰ ਤੋੜਨ ਲਈ ਜ਼ਰੂਰੀ ਵੀ ਸੀ। ‘ਸ਼ੇਡਸ’ ਨਾ ਹੋਣ ਸਦਕਾ ਇਹ ‘ਫਲੈਟ’ ਹੋ ਜਾਣਾ ਸੀ।

ਤਿੰਨੋ ਜਣੇ ਬੈਠ ਕੇ ਰੋਟੀ ਖਾ ਰਹੇ ਹਨ ਅਤੇ ਸਮਾਂ ਦਿਨ ਦਾ ਹੈ, ਦੁਪਹਿਰ ਦੇ ਆਸ ਪਾਸ ਦਾ। ਇਕ-ਦੋ ਗੱਲਾਂ ਤਾਂ ਸਿੱਖ ਸੰਪ੍ਰਦਾਇ ਦਾ ਅਨਿੱਖੜ ਅੰਗ ਬਣ ਚੁੱਕੀਆਂ ਹਨ ਜੋ ਨਿਸ਼ਾਨੀ ਰੂਪ ਵਜੋਂ ਚਿੱਤਰ ਵਿਚ ਹਨ। ਇਕ ਰੋਟੀ/ਲੰਗਰ ਜ਼ਮੀਨ ਉੱਪਰ ਬੈਠ ਚੌਕੜੀ ਮਾਰ ਕੇ ਖਾਣਾ ਹੈ। ਦੂਜਾ, ਖਾਂਦੇ ਸਮੇਂ ਸਿਰ ਨੰਗਾ ਨਹੀਂ ਰੱਖਣਾ।

ਇਹ ਦ੍ਰਿਸ਼ ਜਿਸ ਮਾਹੌਲ ਨੂੰ ਰਚਦਾ ਹੈ, ਉਥੇ ਬਾਰੀਕ ਵੇਰਵਿਆਂ, ਨਿਪੁੰਨ ਨਿਰਵਾਹ ਦੀ ਘਾਟ ਹੈ। ਵਸਤੂ ਵਿਦਮਾਨ ਤਾਂ ਹੈ ਪਰ ਉਸ ਦਾ ਨਿਖਰਿਆ ਰੂਪ ਨਹੀਂ ਦਿਸਦਾ। ਚਿੱਤਰਕਾਰ ਸਾਨੂੰ ਤੱਤਕਾਲੀ ਸਮੇਂ ਤਕ ਖਿੱਚ ਕੇ ਲੈ ਜਾਂਦਾ ਹੈ। ਗੁਰੂ ਜੀ ਦਾ ਲਿਬਾਸ ਸਫੈਦ ਹੈ, ਜਿਸ ਉੱਪਰ ਮਟਿਆਲੇ ਰੰਗ ਦੀ ਚਾਦਰ/ਲੋਈ ਦੀ ਬੁੱਕਲ ਹੈ। ਭਾਈ ਲਾਲੋ ਦੇ ਵਸਤਰ ਹਲਕੇ ਭੂਰੇ ਰੰਗ ਦੇ ਹਨ ਜਦ ਕਿ ਭਾਈ ਮਰਦਾਨਾ ਦੇ ਗੂੜੇ ਰੰਗ ਵਾਲੇ ਹਨ। ਸੁਆਣੀ ਨੇ ਲੰਮਾ ਝੱਗਾ, ਘੱਘਰਾ ਅਤੇ ਚਾਦਰ ਦੀ ਬੁੱਕਲ ਮਾਰੀ ਹੋਈ ਹੈ। ਗੁਰੂ ਜੀ ਦੇ ਸਫੈਦ ਵਸਤਰ ਹਨ ਅਤੇ ਉਨ੍ਹਾਂ ਦੇ ਸੀਸ ਪਿੱਛੇ ਬਣਾਇਆ ‘ਹਾਲਾ’ ਉਨ੍ਹਾਂ ਦੀ ਦਿੱਬਤਾ ਨੂੰ ਪ੍ਰਗਟ ਕਰਦਾ ਹੈ।

–ਜਗਤਾਰਜੀਤ ਸਿੰਘ

98990-91186