ਚਿੱਤਰਕਾਰੀ ’ਚ ਗੁਰੂ ਨਾਨਕ ਵਿਰਾਸਤ

10/19/2019 10:49:37 AM

ਚਿੱਤਰਕਾਰੀ ’ਚ ਗੁਰੂ ਨਾਨਕ ਵਿਰਾਸਤ
ਕਿੱਕਰ ਉਪਰੋਂ ਮਠਿਆਈਆਂ ਵਰਸਾਈਆਂ

ਇਹ ਕਾਲਪਨਿਕ ਪੇਸ਼ਕਾਰੀ ਮਾਸਟਰ ਗੁਰਦਿੱਤ ਸਿੰਘ ਦੀ ਹੈ। ਸਾਰਾ ਕੁਝ ਮਨਮੋਹਕ, ਸਾਦਾ, ਭਰਪੂਰ ਅਤੇ ਗਤੀਸ਼ੀਲ ਲਗਦਾ ਹੈ। ਗੁਰੂ ਨਾਨਕ ਆਪਣੀਆਂ ਉਦਾਸੀਆਂ ਪੂਰੀਆਂ ਕਰ, ਆਪਣੇ ਵਸਾਏ ਨਗਰ ‘ਕਰਤਾਰਪੁਰ’ ਰਹਿ ਰਹੇ ਹਨ। ਇੱਥੇ ਰਹਿ ਕੇ ਉਹ ਆਪਣਾ ਨਿੱਤ ਦਾ ਕਾਰ ਵਿਹਾਰ, ਆਏ-ਗਏ ਨਾਲ ਬਚਨ-ਬਿਲਾਸ ਅਤੇ ਸੰਗਤ ਨੂੰ ਉਪਦੇਸ਼ ਦਿੰਦੇ। ਮਿਲਣ ਵਾਲਿਆਂ ਵਿਚ ਭਿੰਨਤਾਵਾਂ ਹੋ ਸਕਦੀਆਂ ਹਨ, ਪਰ ਗੁਰੂ ਜੀ ਦੇ ਸਾਹਮਣੇ ਇਹ ਸਭ ਮੇਸ ਹੋ ਜਾਂਦੀਆਂ। ਇਹ ਚਿੱਤਰ, ਖੁਦ ਇਸ ਦਾ ਉਦਾਹਰਣ ਹੈ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਾਥੀ ਭਾਈ ਮਰਦਾਨਾ, ਭਾਈ ਬਾਲਾ, ਦੋਵੇਂ ਬੇਟੇ ਸ਼੍ਰੀ ਚੰਦ ਅਤੇ ਲੱਖਮੀ ਚੰਦ ਦੇ ਇਲਾਵਾ ਪਰਿਵਾਰ ਨਾਲ ਜੁਝੇ ਵਿਅਕਤੀ ਅਤੇ ਪਰਿਵਾਰਕ ਜੀਵਨ ਨੂੰ ਤਿਆਗ ਚੁੱਕੇ ਸਾਧੂ ਇਕੱਠ ਦਾ ਹਿੱਸਾ ਬਣੇ ਹੋਏ ਹਨ। ਇਕ ਹੋਰ ਸ਼ਖਸ ਵੀ ਨਜ਼ਰ ਆਉਂਦਾ ਹੈ ਜਿਹੜਾ ਬਿਰਛ ਚੜ੍ਹਿਆ ਹੈ। ਇਹ ਭਾਈ ਲਹਿਣਾ ਹੈ।

ਸਾਰੇ ਜਣੇ ਖੁੱਲ੍ਹੀ ਥਾਂ ਉੱਪਰ ਕੁਦਰਤ ਦੀ ਗੋਦ ਵਿਚ ਬੈਠੇ ਹੋਏ ਹਨ। ਛਾਂ ਜੇ ਹੈ ਤਾਂ ਖੜ੍ਹੇ ਬਿਰਖ ਦੀ ਹੈ। ਕੀ ਇਕੱਠ ਰੋਜ਼ ਹੁੰਦਾ ਸੀ ਜਾਂ ਦਿਨ ਵਿਚ ਕਿੰਨੀ ਵਾਰ ਹੁੰਦਾ ਸੀ, ਕਿਤੇ ਦਰਜ ਨਹੀਂ।

ਲਗਭਗ ਇਹੋ ਗੱਲ ਚਿੱਤਰ ਅਤੇ ਚਿਤੇਰੇ ਬਾਰੇ ਕਹਿ ਸਕਦੇ ਹਾਂ। ਚਿੱਤਰ ਹਾਸਿਲ ਹੋਣ ਉਪਰੰਤ ਇਹਨੂੰ ਬਣਾਉਣ ਵਾਲੇ ਦੀ ਖੋਜ ਸ਼ੁਰੂ ਹੋਈ। ਨਾਂ ਖੱਬੇ ਪਾਸੇ ਥੱਲੇ ਵਲ ਹੈ ਪਰ ਕੱਟਿਆ ਅਤੇ ਧੁੰਦਲਾ ਹੋਣ ਕਰ ਕੇ ਉੱਠਦਾ ਨਹੀਂ। ਪੁੱਛ-ਪੜਤਾਲ ਬਾਅਦ ਪਤਾ ਲੱਗਾ ਇਹ ਮਾਸਟਰ ਗੁਰਦਿੱਤ ਸਿੰਘ ਦਾ ਕੰਮ ਹੈ। ਮਾਸਟਰ ਗੁਰਦਿੱਤ ਸਿੰਘ ਬਾਰੇ ਅਤੇ ਉਨ੍ਹਾਂ ਦੇ ਹੋਰ ਕੀਤੇ ਕੰਮ ਬਾਰੇ ਘੱਟ ਤੋਂ ਘੱਟ ਜਾਣਕਾਰੀ ਮਿਲਦੀ ਹੈ। ਪਤਾ ਚੱਲਿਆ ਕਿ ਉਸਦੀ ਰਿਹਾਇਸ਼ ਅੰਮ੍ਰਿਤਸਰ ਸੀ।

ਗੁਰੂ ਨਾਨਕ ਦੇਵ ਜੀ ਪੱਧਰੀ ਜ਼ਮੀਨ ਉੱਪਰ ਵਿੱਛੀ ਚਾਦਰ ਉੱਪਰ ਚੌਂਕੜਾ ਮਾਰੀ ਬੈਠੇ ਹਨ। ਇਕ ਵੱਡਾ ਬਿਰਖ ਐਨ ਉਨ੍ਹਾਂ ਦੇ ਪਿੱਛੇ ਹੈ। ਬਿਰਖ ਅਤੇ ਉਨ੍ਹਾਂ ਵਿਚਾਲੇ, ਵੱਡਾ ਗੋਲ ਸਿਰਹਾਣਾ ਹੈ, ਜਿਸ ਉੱਪਰ ਸਿਆਹ ਗਿਲਾਫ ਹੈ।

ਉਹਨਾਂ ਦੇ ਸੱਜੇ ਭਾਈ ਮਰਦਾਨਾ ਆਪਣੀ ਰਬਾਬ ਨਾਲ ਹਾਜ਼ਰ ਹੈ ਜਿਸ ਨੂੰ ਹਾਲ ਦੀ ਘੜੀ ਛੇੜਿਆ ਨਹੀਂ ਜਾ ਰਿਹਾ। ਉਹ ਸਤਿਕਾਰ ਨਾਲ ਗੋਦ ਦਾ ਨਿੱਘ ਮਾਣ ਰਹੀ ਹੈ। ਦੂਸਰੇ ਪਾਸੇ, ਖੱਬੇ ਵਲ, ਉਨ੍ਹਾਂ ਦਾ ਸੇਵਕ ਭਾਈ ਬਾਲਾ ਹੈ, ਜੋ ਮੋਰਪੰਖੀ ਚਵਰ ਝੁਲਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਇਕ ਹੋਰ ਸਿੱਖ ਵੀ ਹੈ ਜੋ ਹੁਣ ਭਾਈ ਲਹਿਣਾ ਦੇ ਨਾਮ ਨਾਲ ਜਾਣੇ ਜਾਂਦੇ ਹਨ। ਵਰ੍ਹਿਆਂ ਤੋਂ ਬਣੇ ਹੋਏ ਦੇਵੀ ਭਗਤ ਨੂੰ ਗੁਰੂ ਨਾਨਕ ਦੇਵ ਜੀ ਦੀ ਸੋਭਾ, ਵਿਚਾਰ, ਵਿਹਾਰ ਨੇ ਅਜਿਹਾ ਖਿਚਿਆ ਕਿ ਸਭ ਕੁਝ ਦਾ ਤਿਆਗ ਕਰ ਉਨ੍ਹਾਂ ਦਾ ਹੋ ਕੇ ਰਹਿ ਗਿਆ। ਇਹ ਬਦਲਾਅ ਅਤਿਅੰਤ ਜ਼ਰੂਰੀ ਹੈ ਕਿਉਂਕਿ ਭਵਿੱਖ ਵਿਚ ਇਸੇ ਨੇ ਨਾਨਕ ਪੰਥ/ਸਿੱਖ ਪੰਥ ਨੂੰ ਅੱਗੇ ਤੋਰਨਾ ਹੈ। ਇਹ ਕਿਰਦਾਰ ਪਰਿਵਰਤਨਸ਼ੀਲ ਹੀ ਨਹੀਂ ਬਲਕਿ ‘ਚੰਗੀ ਦਿਸ਼ਾ ਵੱਲ’ ਪਰਿਵਰਤਨਸ਼ੀਲ ਹੈ। ਆਪਣੀ ਮਿਹਨਤ, ਲਗਨ, ਸੇਵਾ ਸਦਕੇ ਉਹ ਲਹਿਣਾ ਤੋਂ ਭਾਈ ਲਹਿਣਾ ਅਤੇ ਛੇਕੜ ਅੰਗਦ ਨਾਮ ਕਮਾ ਕੇ ਗੁਰੂ ਪਦਵੀ ਪ੍ਰਾਪਤ ਕਰਦੇ ਹਨ।

ਉਹੀ ਲਹਿਣਾ ਗੁਰੂ ਨਾਨਕ ਦੇਵ ਜੀ ਦਾ ਕਿਹਾ ਮੰਨ ਇਸ ਵੇਲੇ ਬਿਰਖ ਉੱਪਰ ਹੈ। ਜੋ ਦ੍ਰਿਸ਼ ਅਸੀਂ ਦੇਖ ਰਹੇ ਹਾਂ, ਇਹਦੇ ਪਿੱਛੇ ਲੋਕ ਮਨ ਅੰਦਰ ਇਕ ਬਿਰਤਾਂਤ ਕਾਰਜਸ਼ੀਲ ਹੈ ਜਿਸ ਅਨੁਸਾਰ ਗੁਰੂ ਨਾਨਕ ਇਕੱਤਰ ਹੋਏ ਜਨ ਸਮੂਹ ਸਾਹਮਣੇ ਆਪਣੇ ਵਿਚਾਰ ਰੱਖ ਰਹੇ ਸਨ। ਲੋਕ ਸ਼ੰਕਿਆਂ ਦੀ ਨਵਿਰਤੀ ਕਰ ਰਹੇ ਸਨ। ਤਦ ਕੁਝ ਨੇ ਕਿਹਾ ਕਿ ਉਨ੍ਹਾਂ ਨੂੰ ਭੁੱਖ ਸਤਾਅ ਰਹੀ ਹੈ। ਉਸ ਵੇਲੇ ਉਨ੍ਹਾਂ ਆਪਣੇ ਸਿੱਖ ਲਹਿਣਾ ਨੂੰ ਕਿਹਾ ਕਿ ਉਹ ਬਿਰਖ ਉੱਪਰ ਚੜ੍ਹ ਕੇ ਇਸ ਨੂੰ ਜ਼ੋਰ-ਜ਼ੋਰ ਦੀ ਹਿਲਾਏ । ਜਦ ਬਿਰਖ ਹਿਲਾਇਆ ਗਿਆ ਤਾਂ ਉਸ ਤੋਂ ਮਠਿਆਈ ਝੜੀ ਜਿਸ ਨੂੰ ਖਾ ਕੇ ਇਕੱਤਰ ਸੰਗਤ ਦੀ ਭੁੱਖ ਦੂਰ ਹੋਈ।

ਚਿਤੇਰਾ ਮਾਸਟਰ ਗੁਰੂਦਿੱਤ ਸਿੰਘ ਉਸੇ ਲੋਕ-ਮਨ ਵਸੀ ਕਥਾ ਨੂੰ ਆਕਾਰਾਂ, ਰੰਗਾਂ ਰਾਹੀਂ ਸਥਾਈ ਰੂਪ ਦੇ ਰਿਹਾ ਹੈ। ਚਿੱਤਰ ਵਿਚ ਰੰਗਾਂ ਦੀ ਭਿੰਨਤਾ ਹੋਣ ਦੇ ਬਾਵਜੂਦ ਦੋ ਤਿੰਨ ਰੰਗਾਂ ਦੀ ਪ੍ਰਧਾਨਤਾ ਹੈ। ਪਹਿਲਾ ਲਾਲ ਜਾਂ ਕਿਰਮਚੀ ਹੈ। ਇਸ ਦੀਆਂ ਕੁਝ ਸ਼ੇਡਸ ਹਨ। ਦੂਜਾ ਰੰਗ ਪੀਲਾ ਹੈ ਜਾਂ ਫੇਰ ਉਸ ਦੀਆਂ ਸ਼ੇਡਸ। ਘੱਟ ਰੰਗਾਂ ਰਾਹੀ ਮਾਹੌਲ- ਰਚਨਾ ਕਰਨੀ ਔਖੀ ਹੁੰਦੀ ਹੈ, ਪਰ ਸੱਧਿਆ ਮਨ ਇਹ ਕੰੰਮ ਸਰਲਤਾ ਨਾਲ ਕਰ ਲੈਂਦਾ ਹੈ।

ਗੁਰੂ ਨਾਨਕ ਦੇਵ ਜੀ ਜਿਸ ਬਿਛੌਣੇ ਉੱਪਰ ਬੈਠੇ ਹਨ, ਉਹ ਪੀਲੀ ਪੱਟੀ ਨਾਲ ਚੌਤਰਫੋਂ ਘਿਰਿਆ ਕਿਰਮਚੀ ਰੰਗੀ ਹੈ। ਗੁਰੂ ਜੀ ਦੀ ਪੱਗ, ਚੌਲਾ ਪੀਲਾ ਅਤੇ ਮੋਢਿਆਂ ਉੱਪਰ ਲਈ ਚਾਦਰ ਕਿਰਮਚੀ ਜਿਹੀ ਹੈ। ਇਹ ਲਿਬਾਸ ਸੀ। ਪਰ ਪ੍ਰਭਾਵ ਪੂਰਤ ਹੈ। ਹੋਰ ਕੋਈ ਵਸਤ, ਨਿੱਕੀ ਜਾਂ ਵੱਡੀ, ਉਨ੍ਹਾਂ ਦੇ ਤਨ ਉੱਪਰ ਨਹੀਂ। ਅਜਿਹੇ ਸਾਦਗੀ ਵਾਲੇ ਰੂਪ ਵਿਰਲੇ ਹੀ ਹਨ। ਅਜੋਕੇ ਸਮੇਂ ਤਾਂ ਹੋਰ ਵੀ ਦੁਰਲੱਭ।

ਉਹ ਸਹਿਜ ਅਤੇ ਸ਼ਾਂਤ ਹਨ। ਉੱਪਰ ਉਠਿਆ ਸੱਜਾ ਹੱਥ ਉਨ੍ਹਾਂ ਦੇ ਮੂਲ ਵਿਚਾਰ ਦੀ ਵਿਆਖਿਆ ਕਰ ਰਿਹਾ ਹੈ। ਉੱਪਰ ਵੱਲ ਕੀਤੀ ਉਂਗਲ ਇਕ ਪ੍ਰਮਾਤਮਾ ਦੀ ਸੰਕੇਤਕ ਹੈ। ਜਿੱਥੇ ਬਹੁਦੇਵ ਦੀ ਪ੍ਰਚੰਡ ਪ੍ਰਥਾ ਨੇ ਗਹਿਰੀ ਪਕੜ ਬਣਾਈ ਹੋਈ ਸੀ, ਉਥੇ ‘ਇਕ’ ਦੀ ਗੱਲ ਕਰਨੀ ਕ੍ਰਾਂਤੀ ਹੀ ਸੀ।

ਜਦ ਚਿੱਤਰ ਉੱਪਰ ਨਜ਼ਰ ਪੈਂਦੀ ਹੈ ਤਾਂ ਸਾਡੀ ਨਜ਼ਰ ਇਕਦਮ ਗੁਰੂ ਜੀ ’ਤੇ ਜਾ ਟਿਕਦੀ ਹੈ। ਨਿਸ਼ਚਿਤ ਹੈ ਆਪਣੇ ਜਿਹੇ ਉਹ ਆਪ ਹਨ, ਕੋਈ ਹੋਰ ਨਹੀਂ। ਇਕ ਪ੍ਰਮਾਤਮਾ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਮੌਜੂਦ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੱਲ ਧਿਆਨ ਦੇਣਾ ਵੀ ਲਾਜ਼ਮੀ ਹੈ। ਉਹ ਹੈਰਾਨ ਹਨ ਉਤਸੁਕ ਹਨ, ਕੁਝ ਜਿਸ ਅਵਸਥਾ ਵਿਚ ਸਨ ਉਸੇ ਵਿਚ ਹਨ। ਅਸਲ ਵਿਚ ਇਹ ਦ੍ਰਿਸ਼ ਗਿਆਨ ਦੇ ਪਾਸਾਰ ਪ੍ਰਤੀ ਹੋ ਰਹੀ ਪ੍ਰਤੀਕਿਰਿਆ ਨੂੰ ਦਰਜ ਕਰ ਰਿਹਾ ਹੈ। ਇੱਥੋਂ ਅਹਿਸਾਸ ਹੁੰਦਾ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਜੜ੍ਹਤਾ ਨੂੰ ਤੋੜਨ ਵਾਲੇ ਸਨ। ਉਨ੍ਹਾਂ ਨੇ ਵਸਤੂ-ਸਥਿਤੀ ਅਤੇ ਜਨ-ਮਾਨਸ ਨੂੰ ਵਿਚਲਿਤ ਕੀਤਾ। ਇਹ ਲੋਕ ਜੋਗੀ, ਤਿਆਗੀ, ਤਪੱਸਵੀ ਅਤੇ ਭਿੰਨ ਵਿਚਾਰਾਂ, ਧਰਮਾਂ ਨੂੰ ਮੰਨਣ ਵਾਲੇ ਹਨ।

ਦਿਸ ਰਹੇ ਘੇਰੇ ਦੇ ਕੇਂਦਰ ਵਿਚ ਗੁਰੂ ਨਾਨਕ ਦੇਵ ਜੀ ਹਨ। ਚਿੱਤਰਕਾਰ ਜੁਗਤ ਅਨੁਸਾਰ ਸਭ ਨੂੰ ਕੁਝ ਉਚੇਰੀ ਥਾਂ ਤੋਂ ਦੇਖ ਰਿਹਾ ਹੈ। ਉਹ ਨਹੀਂ ਚਾਹੁੰਦਾ ਕਿ ਉਸ ਦੇ ਗੁਰੂ ਨੂੰ ਕੋਈ ਵਸਤ ਜਾਂ ਵਿਅਕਤੀ ‘ਓਵਰਲੈਪ’ ਕਰੇ। ਕੀ ਇਹ ਨਿੱਜੀ ਅਕੀਦਤ ਕਾਰਣ ਹੈ ਜਾਂ ਗੁਰੂ ਜੀ ਦੀ ਸਖਸ਼ੀਅਤ ਹੈ ਜੋ ਨਿਰੰਤਰ, ਹੋਰਾਂ ਲਈ ਅਪਹੁੰਚ ਰਹੀ।

ਘੇਰੈ ਵਿਚ ਬੈਠੇ ਕੁਝ ਕਿਰਦਾਰ ਦਰਸ਼ਕ ਮੁਖੀ ਅਤੇ ਕੁਝ ਗੁਰੂ ਮੁਖੀ ਹਨ। ਦਰਸ਼ਕ ਮੁਖੀ ਉਹ ਹਨ ਜੋ ਪ੍ਰਮੁੱਖ ਹਨ ਜਿਵੇਂ ਗੁਰੂ ਨਾਨਕ ਦੇਵ ਜੀ, ਭਾਈ ਲਹਿਣਾ, ਭਾਈ ਮਰਦਾਨਾ, ਭਈ ਬਾਲਾ, ਸ਼੍ਰੀ ਚੰਦ ਅਤੇ ਲਖਮੀ ਚੰਦ ਜੋ ਦਰਸ਼ਨ ਕਰਨ, ਵਿਚਾਰ ਸੁਨਣ ਆਏ ਹਨ, ਉਨ੍ਹਾਂ ਦੇ ਮੁਖ ਗੁਰੂ ਵੱਲ ਹਨ। ਚਿੱਤਰ ਰੀਤ ਅਨੁਸਾਰ ਉਨ੍ਹਾਂ ਦੀ ਪਿੱਠ ਦਰਸ਼ਕਾਂ ਵੱਲ ਹੋਵੇਗੀ। ਇਸ ਦੇ ਬਾਵਜੂਦ ਰਚਨਾਕਾਰ ਉਨ੍ਹਾਂ ਦੇ ਚਿਹਰਿਆਂ ਦੇ ਪ੍ਰੋਫਾਈਲ ਬਣਾ ਲੈਣ ਵਿਚ ਕਾਮਯਾਬ ਰਹਿੰਦਾ ਹੈ। ਇਹੋ ਪ੍ਰੋਫਾਈਲ ਉਨ੍ਹਾਂ ਦੇ ਚਿਹਰਿਆਂ ਦੇ ਹਾਵ ਭਾਵ ਪ੍ਰਗਟਾਅ ਰਹੇ ਹਨ।

ਗੁਰੂ ਨਾਨਕ ਦੇਵ ਜੀ ਨਾਲ ਉਨ੍ਹਾਂ ਦੇ ਪਰਿਵਾਰ ਦੇ ਜੀਅ ਦਾ ਹੋਣਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਦੇਵ ਜੀ, ਸ਼੍ਰੀ ਚੰਦ, ਲੱਖਮੀ ਚੰਦ ਦਾ ਇਕ ਥਾਂ ਹੋਣਾ ਅਸਚਰਜ ਨਹੀਂ ਰਚਦਾ ਸਗੋਂ ਅਚਰਜ ਇਹ ਹੈ ਕਿ ਤਿੰਨਾਂ ਵਲੋਂ ਪਰਮਾਤਮਾ ਭਗਤੀ ਲਈ ਅਪਣਾਇਆ ਮਾਰਗ ਭਿੰਨ ਹੈ। ਇਹ ਚਿੱਤਰ ਸੁਤੰਤਰ ਅਤੇ ਸਹਿ ਹੋਂਦ ਦੀ ਪੇਸ਼ਕਾਰੀ ਹੈ।

ਸ਼੍ਰੀ ਚੰਦ ਦਾ ਸਰੀਰ ਨਗਨ ਹੈ, ਇਕ ਲੰਗੋਟ ਦੇ ਸਿਵਾਏ। ਸਿਰ ਦੇ ਵਾਲ ਖੁੱਲ੍ਹੇ, ਕੰਨੀ ਮੁੰਦਰਾਵਾਂ, ਗਲ ਮਾਲਾ ਅਤੇ ਸੇਲੀ ਹੈ। ਨਾਲ ਹੀ ਜੁੜ ਬੈਠੇ ਲਖਮੀ ਚੰਦ ਹਨ ਜਿਨ੍ਹਾਂ ਦੇ ਗਲ ਹਲਕੇ ਪੀਲੇ ਰੰਗ ਦੇ ਵਸਤਰ ਹਨ ਉਨ੍ਹਾਂ ਤੋਂ ਅੱਗੇ ਜੋ ਬੈਠੇ ਹਨ ਉਨ੍ਹਾਂ ਵਿਚ ਇਸਤਰੀ, ਪੁਰਸ਼, ਸਾਧੂ, ਯੋਗੀ, ਅਮੀਰ, ਗਰੀਬ, ਵਿਉਪਾਰੀ ਸ਼ਾਮਿਲ ਹਨ। ਇਸਤਰੀ ਦੇ ਨਾਲ ਹੀ ਬੈਠੇ ਇਕ ਸਾਧੂ ਕੋਲ ਬੈਰਾਗਨ ਪਈ ਹੈ ਜੋ ਨਾਮ ਸਿਮਰਨ ਤਪ ਕਰਨ ਵੇਲੇ ਵਰਤੀ ਜਾਂਦੀ ਹੈ। ਖਾਲੀ ਥਾਂ ਉੱਪਰ ਚਿੱਪੀ ਪਈ ਹੈ। ਇਕ ਸਾਧੂ ਕੰਨੀ ਮੁੰਦਰਾਂਵਾਂ ਹਨ। ਇਹ ਕੰਨ ਪੱਟੀ ਜੋਗੀ ਹੋ ਸਕਦਾ ਹੈ। ਨਾਲ ਹੀ ਇਕ ਹੋਰ ਸਾਧ ਦੇ ਕਰੀਬ ਕਮੰਡਲ ਪਿਆ ਹੈ।

ਇਨ੍ਹਾਂ ਇਲਾਵਾ ਕੁਝ ਸ਼ਰਧਾਲੂ ਖੜ੍ਹੇ ਹੋਏ ਜਿਨ੍ਹਾਂ ਦੀ ਦ੍ਰਿਸ਼ਟੀ ਭਾਈ ਲਹਿਣਾ ਵਲ ਹੈ। ਸੱਜੇ ਵੱਲ ਦਾ ਵਿਅਕਤੀ ਹੈਰਾਨੀ ਨਾਲ ਦੇਖ ਰਿਹਾ ਹੈ। ਜਦਕਿ ਖੱਬੇ ਵੱਲ ਦੇ ਦੋ ਵਿਅਕਤੀਆਂ ਵਿਚੋਂ ਇਕ ਹੱਥ ਜੋੜ ਖੜ੍ਹਾ ਹੋਇਆ ਹੈ।

ਕਲਾ ਕਿਰਤ ਵਿਚ ਦੋ ਕਾਰਜ ਨਾਲੋਂ-ਨਾਲ ਹੋ ਰਹੇ ਹਨ। ਇਕ, ਗੁਰੂ ਨਾਨਕ ਦੇਵ ਜੀ ਦੇ ਬਚਨ-ਬਿਲਾਸ। ਦੋ ਭਾਈ ਲਹਿਣਾ ਰੁੱਖ ਨੁੰ ਹਿਲਾ ਰਹੇ ਹਨ ਜਿਸ ਵਿਚੋਂ ਮਿਠਾਇਆਂ ਦੀ ਵਰਖਾ ਹੋ ਰਹੀ ਹੈ। ਲੋਕ ਸਮੂਹ ਵੱਡਾ ਨਹੀਂ ਇਸ ਕਰ ਕੇ ਕਿਸੇ ਕਿਸਮ ਵਾਧੂ ਹਲਚਲ, ਉਤਾਵਲਾਪਨ ਨਹੀਂ। ਸਬਰ, ਸੰਤੋਖ, ਮਰਿਆਦਾ ਦਾ ਮਾਹੌਲ ਹੈ। ਗੁਰੂ ਦੀ ਸ਼ੋਭਤ ਵਿਚ ਇਸ ਦੇ ਵਿਪਰੀਤ ਮਾਹੌਲ ਹੋ ਨਹੀਂ ਸਕਦਾ।

ਜੋ ਵਰਤਾਰਾ ਹੋ ਰਿਹਾ, ਖੁੱਲ੍ਹੇ ਅਸਮਾਨ ਥੱਲੇ ਹੋ ਰਿਹਾ। ਕੋਈ ਲੁਕਾਅ ਛਿਪਾਅ ਨਹੀਂ। ਹੋ ਰਹੇ ਵਿਚ ਰਹੱਸ ਦਾ ਰਲੇਵਾਂ ਹੈ। ਕਿੰਤੂ ਪੰਤੂ ਨਾਲ ਲੋਕ ਮਨ ਵਿਚ ਵਸੇ ਕਿੰਤੂ ਪ੍ਰੰਤੂ ਨੂੰ ਵਚਨ ਬਿਲਾਸ ਰਾਹੀਂ ਸਦਾ-ਸਦਾ ਲਈ ਕੱਢਿਆ ਜਾ ਰਿਹਾ ਹੈ। ਪਿੱਠ ਭੂਮੀ ਕਾਫੀ ਦੂਰ ਤੱਕ ਜਾਂਦੀ ਹੈ। ਜ਼ਮੀਨ ਦੇ ਬਾਅਦ ਇਕ ਦਿਸ਼ਾ ਤੋਂ ਦੂਜੀ ਦਿਸ਼ਾ ਵਲ ਵਹਿੰਦਾ ਜਲਸਰੋਤ ਹੈ। ਪਹਿਲਾਂ ਨਗਰਾਂ ਦੀ ਉਸਾਰੀ ਨਦੀਆਂ ਜਾਂ ਕੁਦਰਤੀ ਪਾਣੀ ਸਰੋਤਾਂ ਦੇ ਨੇੜੇ-ਤੇੜੇ ਹੁੰਦੀ ਸੀ। ਵਹਾਅ ਦੇ ਪਾਰ ਵੀ ਬਨਸਪਤੀ ਦੀ ਹੋਂਦ ਹੈ।

ਜਿਵੇਂ ਜਿਵੇਂ ਰੁੱਖ ਨੂੰ ਹਿਲਾਇਆ ਜਾ ਰਿਹਾ ਹੈ, ਉਹ ਦੀਆਂ ਟਾਹਣੀਆਂ ਨਾਲ ਲਗੀਆਂ ਮਠਿਆਈਆਂ ਝੜ-ਝੜ ਥੱਲੇ ਵੱਲ ਨੂੰ ਆ ਰਹੀਆਂ ਹਨ।

ਇਸ ਪ੍ਰਸਾਦ ਦਾ ਆਨੰਦ ਲਿਆ ਜਾ ਰਿਹਾ ਹੈ। ਸੰਕੇਤ ਵਜੋਂ ਚਿੱਤਰ ਵਿਚ ਇਕ ਉੱਡਦਾ ਪੰਖੇਰੂ ਮਠਿਆਈ ਨੂੰ ਆਪਣੀ ਚੁੰਝ ਵਿਚ ਫੜਨ ਦੇ ਆਹਰ ਵਿਚ ਹੈ।

–ਜਗਤਾਰਜੀਤ ਸਿੰਘ

98990-91186