ਗੁਰੂ ਨਾਨਕ ਅਤੇ ਕੌਡਾ

11/04/2019 4:24:30 PM

ਗੁਰੂ ਨਾਨਕ ਅਤੇ ਕੌਡਾ                         


ਉਹ ਲੋਕ ਕਿੰਨੇ ਕਰਮਾਂ ਵਾਲੇ ਹੋਣਗੇ, ਜਿਨ੍ਹਾਂ  ਨੇ ਗੁਰੂ ਨਾਨਕ ਦੇ ਦਰਸ਼ਨ ਵਿਚੋਂ ਉਨ੍ਹਾਂ ਦਰਸ਼ਨ ਪਾ ਲਿਆ ਹੋਵੇਗਾ। ਸੱਜਣ ਠੱਗ, ਕੌਡਾ ਰਾਖਸ਼, ਭੂਮੀਆਂ ਚੋਰ, ਵਲੀ ਕੰਧਾਰੀ ਨੇ ਦਰਸ਼ਨ ਕਰਕੇ ਆਪਣਾ ਜੀਵਨ ਸੰਵਾਰ ਲਿਆ ਅਤੇ ਜਨਮ ਸਫਲਾ ਕਰ ਲਿਆ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਗਿਆਨ ਦਾ ਸਾਗਰ ਸਨ, ਗਿਆਨ ਦਾ ਸੋਮਾ ਜਾਂ ਕਹਿ ਲਵੋ ਗਿਆਨ ਵੰਡਣ ਵਾਲਾ ਅਲੌਕਿਕ ਖ਼ਜ਼ਾਨਾ ਸਨ। ਗਿਆਨ ਦੀ ਹਰ ਜਗ੍ਹਾਂ ਲੋੜ ਹੈ, ਬਲਕਿ ਜਿਥੇ ਹਨੇਰਾ ਹੋਵੇਗਾ, ਰੌਸ਼ਨੀ ਦੀ ਜ਼ਿਆਦਾ ਲੋੜ ਹੀ ਉੱਥੇ ਹੁੰਦੀ ਹੈ।
ਜੇ ਸੌ ਚੰਦ ਤੇ ਹਜ਼ਾਰ ਸੂਰਜ ਵੀ ਚੜ੍ਹਾਈ ਹੋਏ ਹੋਣ ਅਤੇ ਚਾਨਣ ਹੋਇਆ ਹੋਵੇ ਤਾਂ ਵੀ ਅਕਾਲ ਪੁਰਖ ਦੇ ਰੂਹਾਨੀ ਗਿਆਨ ਤੋਂ ਬਿਨਾਂ ਅਗਿਆਨਤਾ ਦਾ ਘੁੱਪ ਹਨੇਰਾ ਦੂਰ ਨਹੀਂ ਹੋ ਸਕਦਾ। ਦਿਨ ਨੂੰ ਸੂਰਜ ਅਤੇ ਰਾਤ ਨੂੰ ਚੰਦ (ਬਿਜਲੀ, ਗੈਸ, ਲੈਂਪ, ਬੈਟਰੀ, ਦੀਵੇ, ਮੋਮਬੱਤੀਆਂ  ਆਦਿਕ) ਸਾਨੂੰ ਰੌਸ਼ਨੀ ਦਿੰਦੇ ਹਨ ਪਰ ਦੇਖੋ! ਜਿਸ ਪ੍ਰਾਣੀ ਦੀਆਂ ਅੱਖਾਂ ਵਿਚ ਲੋਅ ਨਹੀਂ, ਉਸ ਨੂੰ ਚੰਦ ਤੇ ਸੂਰਜ ਦੀ ਰੌਸ਼ਨੀ ਦਾ ਕੋਈ ਲਾਭ ਨਹੀਂ ਪਰ ਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਭਾਈ ਉਸ ਅਕਾਲ ਪੁਰਖ ਦਾ ਗਿਆਨ ਐਸਾ ਹੈ ਜਿਹੜਾ ਅੰਧੇ ਪ੍ਰਾਣੀ ਅਤੇ ਮੂਰਖ ਨੂੰ ਵੀ ਸੇਧ ਕੇ, ਹਰ ਸਮੇਂ ਰੌਸ਼ਨੀ ਦੇਣ ਦੇ ਸਮਰੱਥ ਹੈ। ਇਸ ਲਈ ਸਾਨੂੰ ਹਰ ਵੇਲੇ ਗੁਰੂ ਦੇ ਗਿਆਨ ਨੂੰ ਹੀ ਗ੍ਰਹਿਣ ਕਰਨਾ ਚਾਹੀਦਾ ਹੈ।

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ 
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ  ਮ : ੨

ਇਹ ਪਦਾਰਥਾਂ, ਝੂਠੇ ਰਿਸ਼ਤਿਆਂ ਦਾ ਫੁਰਨਾ, ਹਰ ਵਕਤ ਦਾ ਸੰਸਾਰੀ ਖਿਆਲ ਜੋ ਪ੍ਰਮਾਤਮਾ ਤੋਂ ਵੱਖ ਕਰਕੇ ਸਾਡੇ ਜਨਮ-ਮਰਨ ਦਾ ਕਾਰਣ ਬਣਦਾ ਹੈ, ਤ੍ਰਿਸ਼ਨਾ ਕਾਰਨ ਹੀ ਬਾਹਰ ਸੰਸਾਰ ਦੇ ਧਨ-ਦੌਲਤ, ਪਦਾਰਥਾਂ ਲਈ ਭਟਕਣ ਕਰਕੇ ਹੀ ਸ਼ੁੱਧ ਬ੍ਰਹਮ ਤੋਂ ਤ੍ਰਿਸ਼ਨਾ ਨੇ ਅਨੇਕਾਂ ਜੀਵ ਜੰਤੂ ਰੂਪ ਬਣਾ ਦਿੱਤੇ ਹਨ ਤੇ ਜਨਮ-ਮਰਨ ਦੇ ਲੱਖਾਂ ਸਾਲਾਂ ਦੇ ਆਵਾਗਮਨ ਵਿਚ ਉਤਾਰ ਦਿੱਤੇ ਹਨ। ਕਿਉਂਕਿ 

ਕਹੁ ਕਬੀਰ ਏਹ ਰਾਮ ਕੀ ਅੰਸ
ਇਹ ਆਤਮਾ ਰਾਮ ਦੀ ਅੰਸ਼ ਹੈ, ਆਤਮਾ-ਪ੍ਰਮਾਤਮਾ ਦਾ ਅੰਸ਼ ਹੈ, ਅੰਸ਼, ਅੰਸ਼ੀ ਤੋਂ ਭਿੰਨ ਨਹੀਂ ਹੁੰਦਾ। ਤਾਂ ਤੇ ਪ੍ਰਮਾਤਮਾ ਵੀ ਬ੍ਰਹਮ ਰੂਪ ਹੈ, 

ਪਰ ਜੀਵ ਕਦੇ ਬੰਦਾ, ਕਦੇ ਜਾਨਵਰ, ਪਸ਼ੂ ਬਣ ਕੇ ''ਵਾਸ਼ਨਾ ਬਧਾ ਆਵੇ ਜਾਵੇ'' ਸੰਸਾਰ ਰੂਪੀ ਮਾਇਆ ਜਾਲ ਵਿਚ ਹੀ ਆ ਅਤੇ ਜਾ ਰਿਹਾ ਹੈ। ਭਟਕ ਰਿਹਾ ਹੈ।

ਤ੍ਰਿਸ਼ਨਾ ਦੇ ਵੱਸ ਹੋ ਜਾਣ ਕਰਕੇ ਜੰਮਣ-ਮਰਨ ਵਿਚ ਫਿਰ ਰਿਹਾ ਹੈ। ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਪੰਜਾਬ ਤੋਂ ਬਾਹਰ ਜਦੋਂ ਵਿੰਧਿਆਚਲ ਦੇ ਦੱਖਣੀ ਭਾਗ ਵਿਚ ਵਿਚਰਦੇ ਹੋਏ ਮੱਧਵਰਤੀ ਖੇਤਰ ਜੱਬਲਪੁਰ ਵੱਲ ਗਏ ਤਾਂ ਗੁਰੂ ਸਾਹਿਬ ਨੇ ਕੌਤਕ ਰਚਿਆ। ਅਸਲ 'ਚ ਗੁਰੂ ਨਾਨਕ ਦੇਵ ਜੀ ਕੌਡੇ ਨੂੰ ਸਿੱਧੇ ਰਸਤੇ ਪਾਉਣ ਲਈ ਹੀ ਇਸ ਪਾਸੇ ਵੱਲ ਆਏ ਸਨ। ਮਰਦਾਨੇ ਨੂੰ ਭੁੱਖ ਲੱਗਣੀ ਅਤੇ ਉਸ ਨੇ ਓਧਰ ਜਾਣਾ ਜਿਧਰ ਕੌਡੇ ਦੇ ਸਾਥੀ ਜੰਗਲਾਂ ਵਿਚ ਫਿਰ ਰਹੇ ਸਨ।

ਕੌਡਾ ਭਾਰਤ ਦਾ ਮੂਲ ਵਸਨੀਕ ਸੀ, ਇਹ ਉਹ ਲੋਕ ਸਨ ਜਿਨ੍ਹਾਂ  ਨੂੰ ਆਰੀਅਨ ਲੋਕਾਂ ਨੇ ਸ਼ੂਦਰ ਆਖ ਨੀਵੀਂ ਜਾਤ ਦੇ ਲੋਕ ਸਾਬਤ ਕਰ ਦਿੱਤਾ ਸੀ। ਭੀਲ ਮੱਧ ਭਾਰਤ ਦੀ ਇਕ ਜਨ ਜਾਤੀ ਹੈ। ਭੀਲ ਜਾਤੀ ਦੇ ਲੋਕ ਭੀਲ ਭਾਸ਼ਾ ਬੋਲਦੇ ਹਨ। ਭੀਲ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ•, ਮਹਾਰਾਸ਼ਟਰ ਅਤੇ ਰਾਜਸਥਾਨ ਦੇ ਮੂਲ ਨਿਵਾਸੀ ਹਨ। ਅਜਮੇਰ 'ਚ ਖਵਾਜ਼ਾ ਮੁਈਨੁਉਦੀਨ ਹਸਨ ਚਿਸ਼ਤੀ ਦੀ ਦਰਗਾਹ ਦੇ ਖਾਦਿਮ ਵੀ ਭੀਲ ਜਾਤੀ ਦੇ ਵੰਸ਼ਕ ਹਨ। ਭੀਲ ਤ੍ਰਿਪੁਰਾ ਅਤੇ ਪਾਕਿਸਤਾਨ ਦੇ ਸਿੰਧ ਅਤੇ ਥਾਰਪਰਕਰ ਜ਼ਿਲੇ 'ਚ ਵੀ ਵਸੇ ਹੋਏ ਹਨ।  ਕੌਡਾ ਭੀਲ ਜਾਤੀ ਨਾਲ ਸਬੰਧਤ ਸੀ। ਭੀਲ ਦਰਾਵਿੜ ਭਾਸ਼ਾ ਦਾ ਸ਼ਬਦ ਹੈ, ਦਰਾਵਿੜ ਭਾਸ਼ਾ 'ਚ ਭੀਲ ਤੀਰ ਵਾਲੀ ਕਮਾਨ ਨੂੰ ਕਿਹਾ ਜਾਂਦਾ ਹੈ। ਜੋ ਲੋਕ ਆਪਣੇ ਕੋਲ ਕਮਾਨ ਰੱਖਦੇ ਸਨ, ਉਨ੍ਹਾਂ ਨੂੰ ਹੌਲੀ-ਹੌਲੀ ਭੀਲ ਕਹਿਣ ਲੱਗ ਪਏ, ਜਿਸ ਤੋਂ ਭੀਲ ਜਾਤੀ ਹੋਂਦ 'ਚ ਆ ਗਈ। ਇਹ ਉਹ ਲੋਕ ਸਨ ਜਿਨ੍ਹਾਂ  ਨੇ ਆਪਣੀ ਅਣਖ ਦੀ ਖਾਤਰ ਆਰੀਅਨ ਲੋਕਾਂ ਦੀ ਈਨ ਨਹੀਂ ਮੰਨੀ ਸੀ। ਆਰੀਅਨ ਲੋਕਾਂ ਨੇ ਇਨ੍ਹਾਂ ਨੂੰ ਮੈਦਾਨੀ ਇਲਾਕਿਆਂ 'ਚੋਂ ਕੱਢ ਕੇ ਜੰਗਲਾਂ ਵੱਲ ਧੱਕ ਦਿੱਤਾ ਸੀ। 

ਭੀਲ ਲੋਕ ਵੀ ਸਾਡੇ ਵਾਂਗ ਕਿਰਤੀ ਲੋਕ ਸਨ। ਜਦ ਉਨ੍ਹਾਂ ਨੂੰ ਅੰਨ ਉਪਜਾਊ ਧਰਤੀ ਤੋਂ ਨਿਕਲਣ ਲਈ ਮਜਬੂਰ ਕੀਤਾ ਗਿਆ ਤੇ ਇਸ ਤਰ੍ਹਾਂ ਭੁੱਖ ਤੇ ਮੌਤ ਦਾ ਟਾਕਰਾ ਕਰਨਾ ਪਿਆ, ਤਾਂ ਉਹ ਇਸ ਤੋਂ ਛੁੱਟ ਹੋਰ ਕੀ ਕਰਦੇ। ਜਦੋਂ ਕਦੇ ਉਨ੍ਹਾਂ ਦੇ ਢਹੇ ਕੋਈ ਆਰੀਅਨ ਲੋਕਾਂ ਦਾ ਬੰਦਾ ਚੜ੍ਹ ਜਾਂਦਾ ਤਾਂ ਉਸ ਨੂੰ ਮਾਰ ਕੇ ਉਸ ਦਾ ਮਾਸ ਰਿੰਨ੍ਹ ਕੇ ਖਾ ਲੈਂਦੇ ਸਨ। ਇਸ ਕਰਕੇ ਉਨ੍ਹਾਂ ਨੂੰ ਰਾਖਸ਼ ਕਹਿਣ ਲੱਗ ਪਏ ਸਨ। 

ਦੇਖੋ ਮਰਦ ਸੂਰਮੇ ਗੁਰੂ ਨਾਨਕ ਸਾਹਿਬ ਨੂੰ ਤੇ ਉਨ੍ਹਾਂ ਦੇ ਭਾਈ ਮਰਦਾਨੇ ਨੂੰ ਜੋ ਉਸ ਇਲਾਕੇ 'ਚ ਦੀ ਗੁਜ਼ਰੇ ਜਿਸ ਇਲਾਕੇ 'ਚ ਕੋਈ ਵੀ ਮੌਤ ਤੋਂ ਡਰਦਾ ਨਹੀਂ ਸੀ ਜਾਂਦਾ। ਇਸ  ਤਰ੍ਹਾਂ  ਦੇ ਜੰਗਲ 'ਚ ਦੀ ਗੁਜ਼ਰਨਾ ਭੀਲਾਂ ਵਲੋਂ ਉਨ੍ਹਾਂ 'ਤੇ ਹਮਲਾ ਕਰਨ ਦਾ ਖਤਰਾ ਹਰ ਵੇਲੇ ਬਣਿਆ ਰਹਿੰਦਾ ਸੀ। ਗੁਰ ਇਤਿਹਾਸ 'ਚ ਜ਼ਿਕਰ ਆਉਂਦਾ ਹੈ, ਜਦ ਗੁਰੂ ਸਾਹਿਬ ਤੇ ਭਾਈ ਮਰਦਾਨਾ ਇਸ ਇਲਾਕੇ 'ਚ ਦੀ ਗੁਜ਼ਰ ਰਹੇ ਸਨ, ਲੰਘਦੇ-ਲੰਘਦੇ ਕਿਸੇ ਉਜਾੜ ਜਿਹੀ ਜਗ੍ਹਾਂ 'ਤੇ ਪਹੁੰਚੇ। ਕਿਸੇ ਕਾਰਨ ਕਰਕੇ ਭਾਈ ਮਰਦਾਨਾ ਗੁਰੂ ਸਾਹਿਬ ਤੋਂ ਕੁਝ ਲਾਂਭੇ ਚਲਾ ਗਿਆ। ਕੁਝ ਦੇਰ ਤੱਕ ਜਦ ਭਾਈ ਮਰਦਾਨਾ ਵਾਪਸ ਨਾ ਆਇਆ, ਤਾਂ ਗੁਰੂ ਸਾਹਿਬ ਭਾਈ ਸਾਹਿਬ ਦੀ ਤਲਾਸ਼ 'ਚ ਨਿਕਲ ਪਏ। 

ਗੁਰੂ ਸਾਹਿਬ ਭਾਈ ਮਰਦਾਨੇ ਨੂੰ ਲੱਭਦੇ-ਲੱਭਦੇ ਉਸ ਜਗ੍ਹਾਂ 'ਤੇ ਪਹੁੰਚ ਗਏ ਜਿਸ ਜਗ੍ਹਾਂ 'ਤੇ ਕੌਡੇ ਨੇ ਭਾਈ ਮਰਦਾਨੇ ਨੂੰ ਬੰਦੀ ਬਣਾਇਆ ਹੋਇਆ ਸੀ। ਗੁਰੂ ਸਾਹਿਬ ਕੋਲ ਨਾ ਕੋਈ ਹਥਿਆਰ, ਨਾ ਕੋਈ ਫੌਜ ਤੇ ਉਨ੍ਹਾਂ ਦੇ ਗੜ੍ਹ  'ਚ ਚਲੇ ਜਾਣਾ, ਇਹ ਹੈ ਅਸਲੀ ਸੂਰਮਗਤੀ, ਜਿਥੇ ਕੋਈ ਆਪਣਾ ਨਹੀਂ, ਸਿਰਫ ਤੇ ਸਿਰਫ ਮੌਤ ਦਾ ਹੀ ਖਤਰਾ ਸੀ। ਜਦ ਗੁਰੂ ਸਾਹਿਬ ਕੌਡੇ ਦੇ ਕਬੀਲੇ 'ਚ ਗਏ, ਕੌਡਾ ਕਬੀਲੇ ਦਾ ਮੁਖੀ ਸੀ। ਉਹ ਗੁਰੂ ਸਾਹਿਬ ਦੀ ਨਿਡਰਤਾ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ। ਗੁਰੂ ਸਾਹਿਬ ਦੇ ਨੂਰਾਨੀ ਚਿਹਰੇ ਵੱਲ ਤਕ ਕੇ ਉਸ ਦੇ ਅੰਦਰ ਦਾ ਮਰ ਚੁੱਕਾ ਮਨੁੱਖ ਦੁਬਾਰਾ ਜਿਊਂਦਾ ਹੋ ਗਿਆ। ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਭਲੇ ਲੋਕਾਂ ਨੂੰ ਮਾਰਨ ਨਾਲ ਕੁਝ ਨਹੀਂ ਪ੍ਰਾਪਤ ਹੋਣਾ। ਗੁਰੂ ਸਾਹਿਬ ਦੀ ਨਿਰਭੈਅਤਾ ਦੇਖ ਉਸ ਦੇ ਅੰਦਰ ਦਾ ਮਨੁੱਖ ਤਾਂ ਜਾਗ ਹੀ ਚੁੱਕਾ ਸੀ, ਗੁਰੂ ਸਾਹਿਬ ਦੀ ਸਿੱਖਿਆ ਨਾਲ ਸਾਰੇ ਬੁਰੇ ਕਰਮ ਤਿਆਗਣ ਤੇ ਮਨੁੱਖਤਾ ਨੂੰ ਪਿਆਰ ਕਰਨ ਦਾ ਗੁਰੂ ਸਾਹਿਬ ਨਾਲ ਉਸ ਨੇ ਵਾਅਦਾ ਕੀਤਾ। ਗੁਰ ਇਤਿਹਾਸ 'ਚ ਜ਼ਿਕਰ ਆਉਂਦਾ ਹੈ, ਕੌਡਾ ਗੁਰੂ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ 'ਚ ਲੱਗ ਗਿਆ। ਗੁਰੂ ਸਾਹਿਬ ਦੀ ਸਿੱਖਿਆ ਨੇ ਉਸ ਨੂੰ ਕੌਡੇ ਰਾਖਸ਼ ਤੋਂ ਭਾਈ ਕੌਡਾ ਬਣਾ ਦਿੱਤਾ। ਗੁਰੂ ਨਾਨਕ ਸਾਹਿਬ ਮਰਦਾਨੇ ਸਮੇਤ ਕੌਡੇ ਨੂੰ ਨਾਲ ਲੈ ਕੇ ਮੌਜੂਦਾ ਗੁਰਦੁਆਰਾ ਮੜਾਤਾਲ ਵਾਲੇ ਸਥਾਨ 'ਤੇ ਆਏ। ਜੱਬਲਪੁਰ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਜਗ੍ਹਾਂ ਮੜ੍ਹੀਆਂ  ਸਨ, ਜਿਸ ਕਾਰਨ ਇਸ ਜਗ੍ਹਾਂ ਨੂੰ ਮੜਾਤਾਲ ਕਿਹਾ ਜਾਂਦਾ ਸੀ ਪਰ ਕੁਝ ਇਤਿਹਾਸਕਾਰਾਂ ਦਾ ਮੱਤ ਹੈ ਕਿ ਮੜਾਤਾਲ ਪੱਛੜੀਆਂ ਜਾਤੀਆਂ ਦੇ ਮੰਦਰ ਨੂੰ ਕਿਹਾ ਜਾਂਦਾ ਹੈ। 

ਮੜਾਤਾਲ ਦੇ ਸਥਾਨ 'ਤੇ ਗੁਰੂ ਸਾਹਿਬ ਨੇ ਕੌਡੇ ਦੇ ਲਿਆਂਦੇ ਫਲ ਤੇ ਸੁੱਕੇ ਮੇਵੇ ਖਾਧੇ ਅਤੇ ਉਸ ਨੂੰ ਉਪਦੇਸ਼ ਦੇ ਕੇ ਚੰਗੇ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਕੌਡਾ ਗੁਰੂ ਜੀ ਦਾ ਮੁਰੀਦ ਹੋ ਕੇ ਸਿੱਖੀ ਦੇ ਪ੍ਰਚਾਰ ਵਿਚ ਜੁਟ ਗਿਆ। ਹੁਣ ਵੀ ਮੱਧ ਪ੍ਰਦੇਸ਼ 'ਚ ਜੋ ਸਿੱਖੀ ਦਾ ਬੂਟਾ ਮਹਿਕਾਂ ਦੇ ਰਿਹਾ ਹੈ, ਉਸ ਦੀ ਜੜ੍ਹ ਕੌਡੇ ਨੇ ਹੀ ਲਾਈ ਸੀ। ਮੜਾਤਾਲ 'ਚ ਗੁਰਦੁਆਰਾ ਪਾਤਸ਼ਾਹੀ ਪਹਿਲੀ ਦੀ ਸੁੰਦਰ ਇਮਾਰਤ ਉਸਾਰੀ ਗਈ ਹੈ, ਜਿਸ ਦਾ ਸਮੁੱਚਾ ਪ੍ਰਬੰਧ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੱਬਲਪੁਰ ਕੋਲ ਹੈ। ਗੁਰਦੁਆਰਾ ਕਮੇਟੀ ਵਲੋਂ ਮੜਾਤਾਲ 'ਚ ਹੀ ਗੁਰੂ ਗੋਬਿੰਦ ਸਿੰਘ ਖਾਲਸਾ ਸੈਕੰਡਰੀ ਸਕੂਲ ਤੇ ਮਾਤਾ ਗੁਜਰੀ ਮਹਿਲਾ ਮਹਾਵਿਦਿਆਲਿਆ ਚਲਾਇਆ ਜਾ ਰਿਹਾ ਹੈ।    

 —ਭਾਈ ਜਸਪਾਲ ਸਿੰਘ ਜੇਠੂਵਾਲ
ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ