ਕਰਤਾਰਪੁਰਿ ਕਰਤਾ ਵਸੈ

11/02/2019 10:34:49 AM

ਕਰਤਾਰਪੁਰਿ ਕਰਤਾ ਵਸੈ
1930 ਵਿਚ ਛਪੇ ਪਹਿਲੇ ਸਿੱਖ ਤੇ ਪੰਜਾਬ ਸਬੰਧਤ ਮਹਾਨ ਕੋਸ਼ ਦੇ ਲਿਖਾਰੀ ਭਾਈ ਕਾਹਨ ਸਿੰਘ ਜਿਥੇ ਗੁਰੂ ਦੀ ਖੇਤੀ ਰਾਵੀ ਤੋਂ ਲੈ ਕੇ ਲਾਹੌਰ-ਨਾਰੋਵਾਲ-ਚੱਕ ਅਮਰੂ ਰੇਲਵੇ ਲਾਈਨ ਤਕ ਦੱਸਦੇ ਨੇ, ਉਥੇ ਹੀ ਕਰਤਾਰਪੁਰ ਗੁਰਦੁਆਰੇ ਦੇ ਆਲੇ-ਦੁਆਲੇ ਵੱਡਾ ਸਾਰਾ ਗੁਰੂ ਕਾ ਬਾਗ਼ ਨਕਸ਼ੇ ਵਿਚ ਦਰਸਾਉਂਦੇ ਨੇ, ਜਿੱਥੇ ਹਜ਼ਾਰਾਂ ਫੁੱਲ ਤੇ ਫਲ਼ਦਾਰ ਰੁੱਖ ਟਹਿਕਦੇ ਹੋਣਗੇ।

ਕਰਤਾਰਪੁਰ ਕੁਦਰਤ ਤੋਂ ਬਗ਼ੈਰ ਕਰਤਾਰਪੁਰ ਹੋ ਹੀ ਨਹੀਂ ਸਕਦਾ। ਇਥੇ ਦੀ ਮਿੱਟੀ ਦਾ ਕਣ-ਕਣ ਬਾਬੇ ਨਾਨਕ ਦੇ ਨਾਂ ’ਤੇ ਜਿਊਂਦਾ ਏ ਤੇ ਵਿਸਰੇ ਕਰਤਾਰਪੁਰ ਨੂੰ ਤਾਂਘਦਾ ਏ।

ਚੌਥਾ ਕਰਤਾਰਪੁਰ ਸਾਂਝੀ ਕਿਰਤ ਦਾ ਕਮਾਲ

ਭਾਈ ਗੁਰਦਾਸ ਜੀ ਵਿਖਿਆਨ ਕਰਦੇ ਹਨ :

ਫਿਰ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ।

ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ      ਵਾਰ।।੧।। ਪਉੜੀ ੩੮

ਗੁਰੂ ਜੀ ਨੇ ਉਦਾਸੀਆਂ ਵਾਲੇ ਕੱਪੜੇ ਉਤਾਰ ਦਿੱਤੇ ਤੇ ਆਮ ਕੱਪੜੇ ਪਹਿਨ ਲਏ। ਲੱਕ ਦੁਆਲੇ ਚਾਦਰ ਅਤੇ ਸਿਰ ’ਤੇ ਦਸਤਾਰ ਬੰਨ੍ਹ ਲਈ। ਆਪਣੇ ਹੱਥੀਂ ਵਾਹੀ-ਬੀਜੀ ਕਰਨ ਲੱਗੇ। ਅੰਮ੍ਰਿਤ ਵੇਲੇ ਅਤੇ ਤ੍ਰਿਕਾਲ-ਸੰਧਿਆ ਵੇਲੇ ਕੀਰਤਨ ਕਥਾ ਵਿਚਾਰ ਅਤੇ ਚਰਚਾ ਅਤੇ ਦਿਨ ਵੇਲੇ ਖੇਤਾਂ ਵਿਚ ਕਿਰਤ ਵਿਚ ਜੁੱਟ ਜਾਂਦੇ।

ਇਸ ਸਾਦਗੀ ਨਾਲ਼ ਰਹਿੰਦੇ ਅਤੇ ਸੰਗਤ ਵਿਚ ਇਸ ਤਰ੍ਹਾਂ ਵਿਚਰਦੇ ਸਨ ਕਿ ਜਦ ਲਹਿਣਾ ਜੀ ਪਹਿਲੀ ਵਾਰੀ ਕਰਤਾਰਪੁਰ ਆਏ ਅਤੇ ਖੇਤਾਂ ਵਿਚ ਮਿੱਟੀ ’ਚ ਮਿੱਟੀ ਹੁੰਦੇ ਬਾਬਾ ਜੀ ਨੂੰ ਹੀ ਪੁੱਛ ਲਿਆ ਕਿ ਬਾਬੇ ਨਾਨਕ ਦਾ ਘਰ ਕਿਹੜਾ ਏ। ਅਤੇ ਬਾਬਾ ਜੀ ਵੀ ਆਪ ਹੀ ਘੋੜੇ ’ਤੇ ਸਵਾਰ ਭਾਈ ਲਹਿਣੇ ਨੂੰ ਨਾਲ ਲੈ ਕੇ ਧਰਮਸਾਲ ਵੱਲ ਪੈਦਲ ਤੁਰ ਪਏ। ਨਾ ਨਾਲ ਚੇਲਿਆਂ ਦੀ ਡਾਰ, ਨਾ ਕੋਈ ਵੱਖਰਾ ਲਿਬਾਸ।

ਮਾਤਾ ਸੁਲੱਖਣੀ ਵੀ ਕਿਰਤ ਤੇ ਕਰਤਾਰਪੁਰ ਦਾ ਓਨਾ ਹੀ ਹਿੱਸਾ ਹਨ।

ਬਲਿਹਾਰ ਸਿੰਘ ਰੰਧਾਵਾ ਲਿਖਦਾ ਏ :

ਆ ਗਈ ਮਾਤ ਸੁਲੱਖਣੀ, ਸਿਰ ’ਤੇ ਭੱਤਾ ਚਾ,

ਮਿੱਸੇ ਆਟੇ ਦੀਆਂ ਰੋਟੀਆਂ, ਗਿਰੀਆਂ ਵਰਗੀ ਛਾਹ

ਬਾਬੇ ਹਲ਼ ਖਲਿਹਾਰਿਆ, ਨਿਹਾੜੀ ਦਿੱਤੀ ਨਿਕਾਲ਼

ਦੇ ਬਲ਼ਦਾਂ ਨੂੰ ਥਾਪੀਆਂ, ਕੰਨਿਓਂ ਲਾਹੀ ਪੰਜਾਲ਼।

ਗੁਰੂ ਅਰਜਨ ਸਾਹਿਬ ਕਰਤਾਰਪੁਰ ਬਾਰੇ ਫਰਮਾਉਂਦੇ ਹਨ :

ਤੋਟਿ ਨ ਆਵੈ ਕਦੇ ਮੂਲਿ ਪੂਰਨ ਭੰਡਾਰ£

ਬਸਤ ਕਮਾਵਤ ਸਭਿ ਸੁਖੀ ਕਿਛੁ ਊਨ ਨ ਦੀਸੈ

ਕਰਤਾਰਪੁਰ ਵਿਚ ਦਸਾਂ ਨਹੁੰਆਂ ਦੀ ਕਿਰਤ ਵਿਚ ਰੁੱਝੇ, ਸਭ ਤਨੋਂ ਮਨੋਂ ਸੁਖੀ ਵੱਸਦੇ ਨੇ ਤੇ ਕਿਸੇ ਕਾਸੇ ਦੀ ਥੁੜ੍ਹ ਨਹੀਂ।

ਕਰਤਾਰਪੁਰ ਵਿਚ ਵੇਲੇ ਦੀ ਸਾਰੀ ਜੀਣ-ਥੀਣ ਦੀ ਕਿਰਤਕਾਰ ਹੁੰਦੀ ਏ - ਖੇਤੀ ਕਰਨ ਵਾਲੇ ਹਾਲੀ-ਪਾਲੀ, ਰੁੱਖ-ਬੂਟੇ ਲਾਣ ਤੇ ਪਾਲਣ ਵਾਲੇ ਮਾਲੀ, ਸੰਦ-ਸੰਦੇੜੇ ਬਣਾਉਣ ਵਾਲ਼ੇ ਤਰਖਾਣ, ਲੁਹਾਰ, ਜੋੜੀ ਸਾਜ਼ ਰਬਾਬ ਬਣਾਨ ਵਾਲੇ ਸਾਜ਼ਕਾਰ, ਖੂਹ ਦੀਆਂ ਟਿੰਡਾਂ ਮਘੀਆਂ ਕੁਨਾਲੀਆਂ ਘੜਨ ਵਾਲ਼ੇ ਘੁਮਿਆਰ, ਇੱਟਾਂ ਦੇ ਪਥੇਰੇ, ਜੁੱਤੀਆਂ ਮਸ਼ਕਾਂ ਦੇ ਕਾਰੀਗਰ ਚਮਿਆਰ, ਕੱਪੜੇ ਬੁਣਨ ਵਾਲ਼ੇ ਜੁਲਾਹੇ, ਵੈਦ ਹਕੀਮ। ਰਾਵੀ ਦੇ ਮੱਲਾਹ ਮਛੇਰੇ। ਪੱਤਣਾਂ ਦੇ ਪਾਰ ਜਾਣ ਲਈ ਬੇੜੀਆਂ ਦਾ ਪੁਲ ਬਣਾਉਂਦੇ ਕਾਰੀਗਰ। ਗੱਲ ਕੀ, ਇਕ ਸਾਂਝੀ ਦੁਨੀਆਂ ਵਸੇਂਦੀ ਪਈ ਸੀ, ਜਿਹੋ ਜਿਹੀ ਅਸੀਂ ਅੱਜ ਦੇ ਲੋਕ ਵੇਖਣ ਮਾਣਨ, ਕਿਰਤ ਕਰਨ, ਵੰਡ ਜਿਊਣ ਨੂੰ ਤਾਂਘਦੇ ਹਾਂ। ਕਰਤਾਰਪੁਰ ਸਾਂਝੀ ਕਿਰਤ ਦਾ ਕਮਾਲ ਏ।

ਪੰਜਵਾਂ -ਕਰਤਾਰਪੁਰ ਸਿੱਖੀ ਇਲਮ ਦੀ ਪਹਿਲੀ ਟਕਸਾਲ ਏ

ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ £ਭਾਈ ਗੁਰਦਾਸ। ਵਾਰ ੧।। ਪਉੜੀ ੪੫

ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਇਥੈ ਬਾਬਾ ਨਾਨਕ ਇਕ ਅਜਿਹੇ ਪੰਥ ਦੀ ਸਿਰਜਣਾ ਕਰ ਰਹੇ ਨੇ, ਜੋ ਜਗ ਨੂੰ ਰੁਸ਼ਨਾਏਗਾ। ਇਕ ਮਾਡਲ ਤਿਆਰ ਹੋ ਰਿਹਾ ਏ, ਜਿਵੇਂ ਕਿਸੇ ਆਜ਼ਾਦ ਮੁਲਕ ਦੀ ਟਕਸਾਲ ਤੋਂ ਸਿੱਕੇ ਨਿਕਲਦੇ ਨੇ, ਉਂਝ ਹੀ ਕਰਤਾਰਪੁਰ ਵਿੱਚੋਂ ਆਤਮਿਕ ਜੀਵਨ ਵਿਚ ਜਾਗੇ ਹੋਏ ਆਲਮ ਨਿਕਲ ਰਹੇ ਹਨ।

ਕਰਤਾਰਪੁਰੀ ਦੇ ਭਾਈ ਲਹਿਣਾ ਜੀ ਨੇ ਖਡੂਰ ਸਾਹਿਬ ਜਾ ਕੇ ਕਰਤਾਰਪੁਰ ਵਰਗੀ ਥਾਂ ਬਣਾਈ। ਇਸ ਤਰ੍ਹਾਂ ਦੀਆਂ ਹੋਰ ਨਗਰੀਆਂ ਵਸਾਉਣ ਦੀ ਲੜੀ ਟੁਰ ਪਈ - ਗੋਇੰਦਵਾਲ, ਅੰਮ੍ਰਿਤਸਰ, ਤਰਨਤਾਰਨ, ਕੀਰਤਪੁਰ, ਹਰਿਗੋਬਿੰਦਪੁਰ, ਅਨੰਦਪੁਰ ਸਾਹਿਬ ਤੇ ਪਾਉਂਟਾ ਸਾਹਿਬ।

ਕਰਤਾਰਪੁਰ ਦੇ ਬਾਬਾ ਬੁੱਢਾ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਹਿਲੇ ਗ੍ਰੰਥੀ ਥਾਪੇ ਗਏ।

ਕਰਤਾਰਪੁਰ ਤੋਂ ਭਾਈ ਸ਼ਾਹਜ਼ਾਦ ਰਬਾਬੀਆਂ ਦੀ ਰੀਤ ਅੱਗੇ ਤੋਰਦੇ ਹਨ।

ਕਰਤਾਰਪੁਰ ਤੋਂ ਸੱਤਾ ਤੇ ਬਲਵੰਡ ਡੂਮ ਨਿਕਲਦੇ ਨੇ ਤੇ ਗੁਰੂ ਅਰਜਨ ਦੇ ਦਰਬਾਰ ਦੀ ਸ਼ੋਭਾ ਬਣਦੇ ਹਨ।

ਭਾਈ ਗੁਰਦਾਸ ਜੀ ਦੀ ਰਚਨਾ ਵਿਚ ਅਜਿਹੇ ਕਈ ਹੋਰ ਸਿੱਖਾਂ ਦਾ ਨਾਂ ਆਉਂਦਾ ਏ, ਜਿਨ੍ਹਾਂ ਦੇ ਜੱਦੀ-ਪੁਸ਼ਤੀ ਵਾਰਿਸ ਅੱਜ ਵੀ ਪੰਥ ਦੀ ਸੇਵਾ ਵਿਚ ਲੀਨ ਹਨ।

ਸੰਗਤ ਅਤੇ ਪੰਗਤ ਦੀ ਪ੍ਰਥਾ - ਜੋ ਅੱਜ ਤਕ ਹਰ ਗੁਰਦੁਆਰੇ ਵਿਚ ਚਲੀ ਆ ਰਹੀ ਏ, ਦਾ ਮੁੱਢ ਕਰਤਾਰਪੁਰ ਵਿਚ ਹੀ ਬੱਝਦਾ ਏ।

“ਗੁਰਮੁਖ ਮਾਇਆ ਵਿਚ ਉਦਾਸੀ’’ ਦਾ ਸੁਨੇਹਾ ਜਗ ਨੂੰ ਕਰਤਾਰਪੁਰੋਂ ਮਿਲ਼ਦਾ ਏ। ਇਥੇ ਗੁਰੂ ਜੀ ਨੇ ਜਿਥੇ ਜੋਗੀਆਂ, ਉਦਾਸੀਆਂ, ਸੰਨਿਆਸੀਆਂ ਦੇ ਜੀਵਨ ਨੂੰ ਅਧੂਰਾ ਦਸ ਉਨ੍ਹਾਂ ਸੰਸਾਰੀ ਜੀਵਨ ਦੀ ਜਾਚ ਸਿਖਲਾਈ, ਓਥੇ ਲੋਕਾਂ ਨੂੰ ਮਾਇਆ ਦੇ ਇਕਤਰਫ਼ੇ ਰੁਜਹਾਨ ਤੋਂ ਵੀ ਸੁਚੇਤ ਕਰ ਕੇ ਅਜਿਹਾ ਸਮਾਜ ਸਿਰਜਣ ਦੀ ਮਿਸਾਲ ਦਿੱਤੀ; ਜਿੱਥੇ ਗ੍ਰਹਿਸਥ ਅਤੇ ਮਾਇਆ ਵਿਚ ਰਹਿ ਕੇ, ਕਿਰਤ ਤੇ ਕੁਦਰਤ ਦੇ ਆਧਾਰ ’ਤੇ ਰੱਬ ਨਾਲ ਜੁੜੇ ਰਹਿਣ ਦੀ ਜਾਚ ਮਿਲਦੀ ਏ।

ਕਰਤਾਰਪੁਰ ਦੀ ਟਕਸਾਲ ਵਿਚ ਬਾਬਾ ਨਾਨਕ ਜੀ ਅਾਪਣੀ ਹਜ਼ੂਰੀ ਤੇ ਦੇਖ-ਰੇਖ ਵਿਚ ਗੁਰਮੁਖੀ ਲਿਪੀ ਤੇ ਉਚਰੀ ਗੁਰਬਾਣੀ ਦੀ ਲਿਖਾਈ, ਤਰਤੀਬ, ਸੰਗ੍ਰਹਿ ਤੇ ਸੰਭਾਲ਼ ਦੀ ਜ਼ਿੰਮੇਵਾਰੀ ਤੇ ਸੇਵਾ -ਬਾਬਾ ਬੁੱਢਾ ਜੀ ਆਦਿਕ ਮੁਖੀ ਸਿੱਖਾਂ ਦੀ ਮਦਦ ਨਾਲ ਭਾਈ ਲਹਿਣਾ ਜੀ ਤੋਂ ਲੈਂਦੇ ਨੇ।

ਕਰਤਾਰਪੁਰ ਵਿਚ ਬਾਬਾ ਨਾਨਕ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਕਰ ਆਪ ਉਨ੍ਹਾਂ ਨੂੰ ਮੱਥਾ ਟੇਕ ਇਕ ਹੋਰ ਆਦਰਸ਼ ਦੀ ਸਿਖਲਾਈ ਕਰਦੇ ਹਨ ਕਿ ਗੁਰੂ ਸ਼ਬਦ ਏ, ਗਿਆਨ ਏ, ਦੇਹ ਨਹੀਂ। ਤੇ ਹਲੀਮੀ ਤੇ ਸੇਵਾ ਸਿੱਖੀ ਦਾ ਮੁੱਢਲਾ ਅਸੂਲ ਏ।

ਕਰਤਾਰਪੁਰ ਦੇ ਆਲੇ-ਦੁਆਲੇ ਕਿਹੋ ਜਿਹਾ ਸਮਾਜ ਤਿਆਰ ਹੋ ਰਿਹਾ ਸੀ, ਉਸ ਦੀ ਮਹਿਮਾ ਸਾਡੇ ਸਾਖੀਕਾਰ ਇਸ ਸਾਖੀ ਵਿਚ ਕਰਦੇ ਹਨ :

ਪੈਲ਼ੀਆਂ ਵਿਚ ਵਿਚਰਦਿਆਂ ਇਕ ਵਾਰ ਗੁਰੂ ਸਾਹਿਬ ਦੂਰ ਨਿਕਲ ਗਏ। ਵੇਖਦੇ ਹਨ ਕਿ ਕੋਈ ਸਿੱਖ ਬੋਹਲ ਦੇ ਢੇਰ ਤੋਂ ਛੱਜਾਂ ਨਾਲ ਉਲੱਦ-ਉਲੱਦ ਦੂਜੇ ਢੇਰ ਵਿਚ ਪਾਈ ਜਾਂਦਾ ਸੀ। ਬਾਬਾ ਨਾਨਕ ਪੁੱਛਦੇ ਹਨ : ਭਲਿਆ ਲੋਕਾ, ਅਜਿਹਾ ਕਿਉਂ ਕਰ ਰਿਹਾ ਏ? ਉਸ ਹੱਥ ਜੋੜ ਆਖਿਆ: ਮਹਾਰਾਜ ਅਸੀਂ ਦੋ ਭਰਾ ਹਾਂ। ਮੇਰੇ ਘਰ ਸੰਤਾਨ ਨਹੀਂ। ਨਿੱਕੇ ਦਾ ਟੱਬਰ ਖੁੱਲ੍ਹਾ ਏ। ਫ਼ਸਲ ਦੀ ਵੰਡ ਬਰਾਬਰ ਦੀ ਕਰ, ਬੋਹਲ ਲਾ ਨਿੱਕਾ ਘਰ ਗਿਆ ਏ। ਉਸ ਦੀ ਲੋੜ ਮੇਰੇ ਨਾਲੋਂ ਬਹੁਤੀ ਏ। ਸੋ ਕੁਝ ਹਿੱਸਾ ਉਸ ਦੀ ਢੇਰੀ ਵਿਚ ਪਾ ਰਿਹਾ ਹਾਂ। ਉਸ ਨੂੰ ਪਤਾ ਨਾ ਲੱਗੇ ਸੋ ਪਿੱਛੇ ਪਿਆ ਕਰਦਾ ਹਾਂ। ਗੁਰੂ ਸਾਹਿਬ ਧੰਨ ਨਿਰੰਕਾਰ ਆਖ ਚਲੇ ਗਏ। ਜਦ ਪਰਤੇ ਤਾਂ ਕੀ ਵੇਖਦੇ ਹਨ ਕਿ ਦੂਜਾ ਸਿੱਖ ਵੱਡੇ ਢੇਰ ਤੋਂ ਪਹਿਲੇ ਵਿਚ ਪਾਈ ਜਾਂਦਾ ਏ। ਪੁੱਛਣ 'ਤੇ ਉਸ ਨੇ ਕਿਹਾ, ਮਹਾਰਾਜ, ਵੱਡੇ ਭਰਾ ਦੇ ਘਰ ਆਇਆ-ਗਇਆ ਬਹੁਤ ਏ, ਸੋ ਉਹਦੇ ਹਿੱਸੇ ਵਿਚ ਵਾਧੂ ਪਾ ਰਿਹਾ ਹਾਂ। ਗੁਰੂ ਸਾਹਿਬ ਅਸੀਸਾਂ ਦੇ ਕੇ ਤੁਰ ਪਏ। ਇਕ ਦੂਜੇ ਦੀਆਂ ਲੋੜਾਂ ਪੂਰੀਆਂ ਕਰਨ ਦੇ ਚਾਅ ਦੇ ਬੀਜ ਕਰਤਾਰਪੁਰ ਪੈ ਕੇ ਖਿੱਲਰਦੇ ਜਾ ਰਹੇ ਸਨ।

ਅੰਗਰੇਜ਼ੀ ਵਾਲੇ ਸਿੱਖ ਐਨਸਾਈਕਲੋਪੀਡੀਆ ਦੇ ਸੰਜੋਗੀ ਹਰਬੰਸ ਸਿੰਘ ਕਰਤਾਰਪੁਰ ਬਾਰੇ ਲਿਖਦੇ ਹਨ :

ਕਰਤਾਰਪੁਰ ਦੀ ਸੰਗਤ ਦੀ ਅਲਾਮਤ ਸੀ - ਅਕੀਦਾ, ਖ਼ੈਰਾਤ, ਬਰਾਬਰੀ, ਵੱਸਾਹ, ਯਕੀਨ ਤੇ ਇਕ ਦੂਜੇ ਦੇ ਕੰਮ ਆਉਣ ਦੀ ਦਿਲੀ ਭਾਵਨਾ। ਇਹ ਕੋਈ ਮੱਠ ਨਹੀਂ ਸੀ; ਸਗੋਂ ਨੇਕ ਕਿਰਤ ਕਮਾਈ ਕਰਦੇ ਆਮ ਮਾਮੂਲੀ ਲੋਕ ਸਨ। ਉਨ੍ਹਾਂ ਨੂੰ ਅਾਪਣੇ ਗੁਰੂ ਤੇ ਉਹਦੇ ਸ਼ਬਦ ਦਾ ਆਸਰਾ ਸੀ। ਉਹ ਕਰਤਾਰਪੁਰ ਆ ਕੇ ਜਦ ਘਰੀਂ ਮੁੜਦੇ ਸਨ ਤੇ ਆਸ, ਸਿਦਕ ਤੇ ਸਿਰੜ ਨਾਲ ਭਰੇ ਹੁੰਦੇ ਸਨ - ਉਸ ਜੀਵਨ ਨੂੰ ਜਿਊਣ ਲਈ ਜੋ ਉਨ੍ਹਾਂ ਨੇ ਉੱਥੇ ਵੇਖਿਆ ਤੇ ਮਾਣਿਆ ਸੀ।

-ਗੁਰਮੀਤ ਕੌਰ

+14048843501

ਬਾਲ-ਸਾਹਿਤਕਾਰ ਗੁਰਮੀਤ ਕੌਰ ਐਟਲਾਂਟਾ (ਅਮਰੀਕਾ) ਤੇ ਟੋਰੰਟੋ (ਕੈਨੇਡਾ) ਰਹਿੰਦੀ ਏ।