ਕਰਤਾਰਪੁਰਿ ਕਰਤਾ ਵਸੈ

11/01/2019 12:45:56 PM

ਕਰਤਾਰਪੁਰਿ ਕਰਤਾ ਵਸੈ
ਕਰਤਾਰਪੁਰ ਨੂੰ ਜੇ ਸਮਝਣ ਦੀ ਕੋਸ਼ਿਸ਼ ਕਰਨੀ ਹੋਵੇ ਤਾਂ ਉਸ ਦੇ ਪੰਜ ਪਹਿਲੂ ਜਾਣਨੇ ਲਾਜ਼ਮੀ ਹਨ :

ਪਹਿਲਾ - ਕਰਤਾਰਪੁਰ ਇਨਸਾਨੀਅਤ ਤੇ ਰੂਹਾਨੀਅਤ ਦੀ ਧਰਮਸਾਲ

16ਵੀਂ ਸਦੀ ਦੇ ਕਵੀ, ਇਤਿਹਾਸਕਾਰ ਤੇ ਪ੍ਰਚਾਰਕ, ਆਦਿ ਗ੍ਰੰਥ ਦੇ ਪਹਿਲੇ ਹਸਤ-ਲਿਖਾਰੀ ਜਿਨ੍ਹਾਂ ਨੇ ਚਾਰ ਗੁਰੂਆਂ ਦਾ ਸਾਥ ਨਿਭਾਇਆ,ਭਾਈ ਗੁਰਦਾਸ ਜੀ ਲਿਖਦੇ ਨੇ :

ਧਰਮਸਾਲ ਕਰਤਾਰਪੁਰ ਸਾਧ ਸੰਗਤਿ ਸਚਖੰਡ ਵਸਾਇਆ            ਵਾਰ ੨੪ ਪਉੜੀ ੧

ਇਥੇ ਧਰਮ ਲਫ਼ਜ਼ ਅੰਗਰੇਜ਼ੀ ਦੇ ਰਾਈਟੀਅਸਨੈੱਸ, ਨੇਕ ਜਾਂ ਸਦਾਚਾਰਕ ਜੀਵਨ ਦੇ ਤੁੱਲ ਹੈ ਤੇ ਸਾਲ / ਸ਼ਾਲਾ ਕਹਿੰਦੇ ਨੇ ਥਾਂ ਨੂੰ। ਸੋ ਧਰਮਸਾਲ ਦਾ ਅਰਥ ਹੈ ਧਰਮ ਕਮਾਉਣ ਦੀ ਥਾਂ।

ਉਹ ਕਹਿੰਦੇ ਨੇ :

ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਿਆਰਾ।

ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧੁਨਕਾਰਾ।

ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ।

ਗੁਰਮੁਖਿ ਭਾਰ ਅਥਰਬਣਿ ਤਾਰਾ£ ਵਾਰ।।੧।। ਪਉੜੀ ੩੮ 

ਸੋ ਕਰਤਾਰਪੁਰ ਕੇਂਦਰ ਬਣਿਆ - ਆਤਮਿਕ ਗਿਆਨ ਦਾ, ਸੁਚੱਜੇ ਜੀਵਨ ਦੀ ਜਾਂਚ ਦਾ, ਇਨਸਾਨ ਨੂੰ ਵਹਿਮਾਂ ਪਾਖੰਡਾਂ ਭਰਮਾਂ ਦੀ ਨੀਂਦ ਤੋਂ ਜਗਾ ਕੇ ਸੱਚੇ ਅਤੇ ਖਰੇ ਜੀਵਨ ਦੀ ਰਾਹ ’ਤੇ ਤੋਰ ਦੇਣ ਵਾਲਾ। ਇਥੇ ਜਨਮਾਂ ਦੀ ਮੈਲ ਧੂਲ ਰਹੀ ਏ, ਸ਼ਬਦ ਮਨ ਵਿਚ ਵੱਸ ਰਿਹਾ ਏ, ਇਨਸਾਨ ਇਨਸਾਨ ਨੂੰ ਇਨਸਾਨ ਸਮਝ ਰਿਹਾ ਏ, ਰੂਹ ਨਾਮ ਦੀ ਖ਼ੁਮਾਰੀ ਵਿਚ ਗੜੁੱਚ ਹੋ ਰੁਸ਼ਨਾ ਰਹੀ ਏ। ਅੰਮ੍ਰਿਤ ਵੇਲੇ ਜਪੁਜੀ ਤੇ ਆਥਣ ਵੇਲੇ ਆਰਤੀ ਤੇ ਸੋਦਰ ਦਾ ਗਾਇਨ ਹੋ ਰਿਹਾ ਏ। ਵੇਦਾਂ ਦੇ ਭਾਰ ਹੇਠ ਡੁੱਬਦਾ ਮਾਨਸ ਬਾਣੀ ਦੇ ਲੜ ਲਗ ਤਰ ਰਿਹਾ ਏ।

ਇਥੇ ਧਰਮ ਸਿਰਫ਼ ਕਥਾ ਕੀਰਤਨ ਵਿਚ ਹੀ ਨਹੀਂ, ਕਰਮ ਵਿਚ ਵਸਦਾ ਹੈ। ਇਸ ਇਨਸਾਨੀਅਤ ਤੇ ਰੂਹਾਨੀਅਤ ਦੀ ਧਰਮਸਾਲ ਵਿਚ ਆਪ ਕਰਤਾਰ ਸੰਗਤ ਵਿਚ ਵਿਚਰ ਰਿਹਾ ਏ। ਗੁਰੂ ਅਰਜਨ ਸਾਹਿਬ ਪੰਜਾਹ ਕੁ ਵਰ੍ਹਿਆਂ ਬਾਅਦ ਕਰਤਾਰਪੁਰ ਦੀ ਸੰਗਤ ਵਿਚ ਵਿਚਰਦੇ ਫ਼ਰਮਾਉਂਦੇ ਹਨ :

ਕਰਤਾਰਪੁਰਿ ਕਰਤਾ ਵਸੈ ਸੰਤਨ ਕੈ ਪਾਸਿ - ਅੰਗ 816

ਦੂਜਾ-ਕਰਤਾਰਪੁਰ ਬਰਾਬਰੀ ਦੀ ਅਦੁੱਤੀ ਮਿਸਾਲ

18ਵੀਂ ਸਦੀ ਦੇ ਸਿੱਖ ਵਿਦਵਾਨ, ਇਤਿਹਾਸਕਾਰ, ਕੋਸ਼ਕਾਰ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਲਿਖਾਰੀ ਮਹਾਕਵੀ, ਭਾਈ ਸੰਤੋਖ ਸਿੰਘ ਕਹਿੰਦੇ ਨੇ :

ਹਿੰਦੂ ਤੁਰਕ ਅਧਕ ਚਲ ਆਵਹਿ। ਸ੍ਰੀ ਨਾਨਕ ਕੇ ਚਰਨ ਮਨਾਵਹਿ। ਏਕ ਮੁਰੀਦ, ਸਿੱਖ ਇਕ ਹੋਵਹਿ। ਦਰਸਨ ਪਰਸਨ ਕਲਮਲ ਖੋਵਹਿ। ਗ੍ਰਾਮ ਨਗਰ ਰਹਿ ਹੀਂ ਨਰ ਜੇਤੇ। ਸ੍ਰੀ ਗੁਰੂ ਕੀਰਤਿ ਕਰਿ ਹੀ ਤੇਤੇ। ਬ੍ਰਾਹਮਚਾਰੀ ਬੈਰਾਗੀ ਜੋਊ। ਜੋਗੀ ਸੰਨਿਆਸੀ ਐ ਕੋਊ। ਨੀਚ ਕੇ ਊਚ ਰਾਇ ਕੈ ਰੰਕਾ। ਸੁਜਸ ਉਚਾਰਹਿ ਸਭ ਅਨ ਲੰਕਾ। ਪੰਡਤ ਅਪਰ ਅਪੰਡਤ ਜਹਿ ਤਹਿ। ਸ੍ਰੀ ਗੁਰ ਕੀਰਤਿ ਕਰਿ ਹੀ ਮਹਿਂ ਮਹਿਂ। ਪੁਰਿ ਕਰਤਾਰ ਵਿਖੇ ਨਰ ਨਾਰੀ। ਰਹੈਂ ਸਦੀਵ ਭੀਰ ਭਰਿ ਭਾਰੀ। ਸਵਾ ਜਾਮ ਨਿਸਿ ਰਹੇ ਸਦਾਈ। ਹੋਤਿ ਕੀਰਤਨ ਸਭ ਸੁਖਦਾਈ।

(ਪੰ: 1117 ਸੂਰਜ ਪ੍ਰਕਾਸ਼)

ਭਾਵ ਇਥੇ ਹਿੰਦੂ ਮੁਸਲਮਾਨ, ਪਿੰਡ ਤੇ ਸ਼ਹਿਰਵਾਸੀ, ਬ੍ਰਹਮਚਾਰੀ ਬੈਰਾਗੀ ਜੋਗੀ ਸੰਨਿਆਸੀ, ਨੀਵੇਂ ਤੇ ਉੱਤਲੇ ਵਰਗ ਦੇ ਲੋਕ, ਰਾਜੇ ਤੇ ਕੰਗਾਲ, ਵਿਦਵਾਨ ਤੇ ਅਨਪੜ੍ਹ, ਮਰਦ ਤੇ ਔਰਤ, ਹਰ ਕੋਈ ਆਉਂਦਾ ਏ ਤੇ ਇਕ ਹੋ ਜਾਂਦਾ ਏ, ਗੁਰੂ ਦੇ ਦਰਸ਼ਨ ਕਰ, ਸੰਗਤ ਕਰ, ਅਾਪਣੇ ਦੁੱਖ ਗਵਾ ਕੀਰਤਨ ਦਾ ਸੁਖ ਪਾਉਂਦਾ ਏ।

ਵੀਹਵੀਂ ਸਦੀ ਦਾ ਕਵੀ ਬਲਿਹਾਰ ਸਿੰਘ ਰੰਧਾਵਾ ਨਾਨਕਤਾ ਵਿਚ ਲਿਖਦਾ ਏ:

ਇਸ ਪਿੰਡ ਦੀਆਂ ਰਾਤਾਂ ਨਿੱਘੀਆਂ, ਜਿਉਂ ਇਕ ਪਿਉ ਦਾ ਪਰਿਵਾਰ

ਇਥੇ ਸਾਂਝੇ ਲੰਗਰ ਪੱਕਦੇ, ਵਰਤੀਂਦੇ ਨੇ ਇਕਸਾਰ

ਇਥੇ ਸਰਘੀ ਵੇਲੇ ਉੱਠ ਕੇ ਲੋਕ ਸੰਭਾਲਣ ਕਾਰ

ਇਥੇ ਚਲਣ ਧਰਮ ਦਾ, ਗੱਲੀਂ ਨਹੀਂ ਪ੍ਰਚਾਰ

ਵੰਨ-ਸੁਵੰਨੇ ਫੁੱਲ ਜਿਉਂ ਗੁੰਦ ਬਣਾਈਏ ਹਾਰ

ਸਭ ਦੀ ਆਪੋ ਆਪਣੀ ਹੋਂਦ ਮਾਰੇ ਲਿਸ਼ਕਾਰ

ਕਰਤਾਰਪੁਰ ਦੀ ਉਸਾਰੀ ਵਿਚ, ਸੰਗਤ ਵਿਚ ਕੋਈ ਜਿਨਸੀ-ਨਸਲੀ ਭੇਦ ਨਹੀਂ, ਕੋਈ ਊਂਚ-ਨੀਚ ਨਹੀਂ, ਕੋਈ ਰਹੁ-ਰੀਤਾਂ ਨਹੀਂ, ਕੋਈ ਵਹਿਮ-ਭਰਮ ਨਹੀਂ, ਕੋਈ ਹਾਕਿਮ-ਮਹਿਕੂਮ ਨਹੀਂ। ਔਰਤ ਤੇ ਮਰਦ ਸਭ ਮਿਹਨਤ ਕਰਦੇ ਨੇ ਤੇ ਇਕ ਲੰਗਰ ਵਿੱਚੋਂ ਆਹਾਰ ਛਕਦੇ ਨੇ। ਬਾਬਾ ਜੀ ਵੀ ਮਰਦਾਨੇ ਤੇ ਅਾਪਣੇ ਪਰਿਵਾਰ ਨਾਲ਼ ਸੰਗਤ ਵਿਚ ਇਕ ਹੋ ਮੁਸ਼ੱਕਤ ਕਰਦੇ ਤੇ ਪੰਗਤ ਵਿਚ ਬੈਠ ਭੋਜਨ ਕਰਦੇ ਨੇ। ਇਥੇ ਬਰਾਬਰੀ ਗੱਲਾਂ ਦੀ ਮੁਹਤਾਜ ਨਹੀਂ, ਚਾਲ ਚਲਣ ਤੇ ਕਰਨੀ ਵਿਚ ਦਿਸਦੀ ਏ।

ਬਾਬਾ ਜੀ ਆਪ ਫ਼ਰਮਾਉਂਦੇ ਹਨ :

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।।੪੩।। ਅੰਗ 15-ਸਿਰੀ ਰਾਗੁ ਅਤੇ,

ਨਾ ਜਾਣਾ ਮੂਰਖੁ ਹੈ ਕੋਈ ਨਾ ਜਾਣਾ ਸਿਆਣਾ

ਸਦਾ ਸਾਹਿਬ ਕੈ ਰੰਗੇ ਰਾਤਾ ਅਨਦਿਨੁ ਨਾਮੁ ਵਖਾਣਾ।।੧।।ਰਾਗ ਮਾਰੂ ਅੰਗ -1015 ਅਤੇ,

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ                 ਅੰਗ - 473

ਬਾਬੇ ਨਾਨਕ ਦੇ ਕਰਤਾਰਪੁਰ ਵਿਚ ਔਰਤ ਨੂੰ, ਮਰਦ ਨੂੰ ਤੇ ਹਰ ਇਨਸਾਨ ਨੂੰ ਬਰਾਬਰ ਰੂਹਾਨੀਅਤ ਦਾ ਹੱਕ, ਫ਼ਰਜ਼ ਤੇ ਜ਼ਿੰਮੇਦਾਰੀ ਏੇ। ਕਰਤਾਰਪੁਰ ਬਰਾਬਰੀ ਦੀ ਅਦੁੱਤੀ ਮਿਸਾਲ ਏ।

ਤੀਜਾ - ਕਰਤਾਰਪੁਰ ਕੁਦਰਤ ਵਿਚ ਵਿਚਰਦਾ ਤੇ ਸਾਹ ਲੈਂਦਾ ਏ

ਇਥੇ ਬਾਣੀ ਦਾ ਪ੍ਰਵਾਹ, ਰਾਵੀ ਦੀ ਕਲ-ਕਲ ਤੇਰਬਾਬ ਤੇ ਬਲ਼ਦਾਂ ਦੀਆਂ ਟੱਲੀਆਂ ਦੀ ਟੁਣਕਾਰ ਇਕਮਿਕ ਹੁੰਦੀ ਏ। ਸੋਹਣੇ ਜੰਗਲ ਬੇਲਿਆਂ ’ਚ ਵਿਚਰਦੇ ਬਾਬਾ ਜੀ ਬਾਰਾਮਾਹ ਰਚਦੇ ਹਨ, ਜਿਸ ਦੀ ਹਰ ਸਤਰ ਵਿਚ ਰੁੱਖ, ਫਲ, ਫੁੱਲ, ਪੰਛੀ, ਜਨੌਰ -ਰੁੱਤਾਂ ਦੇ ਨਾਲ਼ ਵਿਸਮਦੇ ਬਿਨਸਦੇ ਹੋਏ, ਰੂਹ ਤੇ ਪ੍ਰੀਤਮ ਦੇ ਵਿਛੋੜੇ ਤੇ ਮੇਲ਼ ਦਾ ਹਾਲ ਦੱਸਦੇ ਨੇ। ਬਾਬਾ ਜੀ ਰੁੱਖਾਂ ਦੇ ਹੇਠ ਸੰਗਤ ਦੇ ਨਾਲ਼ ਹਰ ਸੁਬਹ ਸ਼ਾਮ ਜੁੜਦੇ ਨੇ। ਤਾਰਿਆਂ ਨਾਲ਼ ਸਜੀ ਆਕਾਸ਼-ਗੰਗਾ ਦੇ ਥਾਲ਼ ਵਿਚ ਸੂਰਜ ਤੇ ਚੰਨ ਦੇ ਦੀਪਕ ਆਰਤੀ ਉਤਾਰਦੇ ਨੇ ਤੇ ਮਹਿਕਦੀ ਪਵਣ ਚਵਰ ਝੁਲਾਉਂਦੀ ਏ ਐਨ ਉਸੇ ਤਰ੍ਹਾਂ ਜਿਵੇਂ ਬਾਬਾ ਜੀ ਨੇ ਅਾਪਣੀ ਰਚਨਾ ਆਰਤੀ ਵਿਚ ਫ਼ਰਮਾਇਆ ਏ। ਸੱਜਰੀ ਆਬੋ-ਹਵਾ ਤੇ ਨਿਰਮਲ ਜਲ ਵਿਚ ਪ੍ਰੇਮ ਦੇ ਨਾਲ਼ ਸਿੰਞੀਆਂ, ਨਿਸਰੀਆਂ ਫ਼ਸਲਾਂ ਕਰਤਾਰਪੁਰ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਂਦੀਆਂ ਨੇ। ਫਲ਼ਾਂ ਦੇ ਬਾਗ਼ਾਂ ਵਿਚ ਖੇਡਦੀਆਂ ਬਾਲੜੀਆਂ ਲੋਕ ਗੀਤ ਗਾਉਂਦੀਆਂ ਨੇ: “ਅੰਬਾਂ ਵਾਲ਼ੀ ਕੋਠੜੀ ਅਨਾਰਾਂ ਵਾਲ਼ਾ ਵਿਹੜਾ ਬਾਬੇ ਨਾਨਕ ਦਾ ਘਰ ਕਿਹੜਾ?’’

ਚਾਰ ਸਦੀਆਂ ਮਗਰੋਂ ਸ਼ਿਵ ਕੁਮਾਰ ਉਸ ਕਰਤਾਰਪੁਰੀ ਦੇ ਪ੍ਰੇਮ ਵਿਚ ਉਚਾਰਦਾ ਏ :

ਘੁੰਮ ਚਾਰੇ ਚੱਕ ਜਹਾਨ ਦੇ ਜਦ ਘਰ ਆਇਆ ਕਰਤਾਰ

ਕਰਤਾਰਪੁਰੇ ਦੀ ਨਗਰੀ ਜਿਦ੍ਹੇ ਗਲ਼ ਰਾਵੀ ਦਾ ਹਾਰ

ਜਿਦ੍ਹੇ ਝਮ-ਝਮ ਪਾਣੀ ਲਿਸ਼ਕਦੇ ਜਿਦ੍ਹੀ ਚਾਂਦੀ-ਵੰਨੀ ਧਾਰ

ਅਤੇ ਉਸੀ ਕੜੀ ਨੂੰ ਅੱਗੇ ਜੋੜਦਾ ਬਲਿਹਾਰ ਸਿੰਘ ਰੰਧਾਵਾ ਕਰਤਾਰਪੁਰ ਨੂੰ ਚਿਤ੍ਰਦਾ, ਅਾਪਣੇ ਕਾਵਿ ਨਾਨਕਤਾ ਵਿਚ ਕਹਿੰਦਾ ਏ :

ਕਿਤੇ ਕਪਾਹਾਂ ਲਿਫੀਆਂ, ਚਾ ਜੋਬਨ ਦਾ ਭਾਰ

ਓਰੀਂ ਖੜ੍ਹੇ ਸਨੁੱਕੜੇ, ਜਿਉਂ ਬੰਕੇ ਪਹਿਰੇਦਾਰ

ਨਾਨਕ ਦੇ ਕਰਤਾਰਪੁਰ ਵਿਚ ਬੰਦੇ ਹੀ ਨਹੀਂ, ਜਨੌਰ ਵੀ ਪਿਆਰ ਦੇ ਹੱਕਦਾਰ ਹਨ, ਕਵੀ ਨਾਨਕਤਾ ਦੀ ਗੱਲ ਅੱਗੇ ਤੋਰਦਾ ਏ :

ਗਲ਼ ਬਲਦਾਂ ਦੇ ਟੱਲੀਆਂ, ਕਿਹੀ ਸੁਹਣੀ ਟੁਣਕਾਰ

ਜੀਕਣ ਕਿਸੇ ਰਬਾਬ ਦੀ, ਪੋਟਿਆਂ ਛੇੜੀ ਤਾਰ

ਇਹ ਪਹਿਲਾ ਹਾਲ਼ੀ ਵੇਖਿਆ, ਹੱਥ ਪਰੈਣ ਨਾ ਆਰ

ਪੁੱਤਰਾਂ ਵਰਗਾ ਪੁਰਖ ਦਾ, ਧੋਰੀ ਨਾਲ਼ ਪਿਆਰ।

ਬਾਬਾ ਜੀ ਨੇ ਵੀਹ ਸਾਲ ਇਸ ਧਰਤੀ ਨੂੰ ਕਿਵੇਂ ਮਾਣਿਆ ਤੇ ਵਸਾਇਆ ਹੋਵੇਗਾ, ਇਹਦਾ ਪ੍ਰਮਾਣ ਸਿਰਫ਼ ਬਾਰਾਮਾਹ ਹੀ ਨਹੀਂ, ਸਾਰੀ ਗੁਰਬਾਣੀ ਏ; ਜੋ ਰੁੱਖਾਂ, ਫੁੱਲਾਂ, ਫਲਾਂ, ਪੰਛੀਆਂ ਤੇ ਜਨੌਰਾਂ ਦੀਆਂ ਮਿਸਾਲਾਂ ਨਾਲ਼ ਭਰੀ ਪਈ ਏ। ਕਿੰਨੇ ਹੀ ਇਤਿਹਾਸਕ ਗੁਰਦਵਾਰੇ ਰੁੱਖਾਂ ਦੇ ਨਾਵਾਂ ਤੋਂ ਨੇ, ਜਿਨ੍ਹਾਂ ਦੀ ਛਾਂ ਹੇਠ ਉਦਾਸੀਆਂ ਦੌਰਾਨ, ਬਾਬਾ ਜੀ ਦੀ ਬਾਣੀ ਤੇ ਮਰਦਾਨੇ ਦੀ ਰਬਾਬ ਨੇ ਅਣਗਿਣਤ ਹਿਰਦਿਆਂ ਦੀ ਸਿੱਕ ਤੇ ਰੂਹ ਦੀ ਭੁੱਖ ਮਿਟਾਈ।

ਬਾਬਾ ਜੀ ਆਪ ਬਾਣੀ ਵਿਚ ਫਰਮਾਉਂਦੇ ਹਨ :

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ               ਅੰਗ-472

ਅਤੇ ਪਵਣ ਨੂੰ ਗੁਰੂ ਤੁਲ, ਪਾਣੀ ਨੂੰ ਪਿਤਾ ਦੇ ਤੁਲ ਤੇ ਧਰਤੀ ਨੂੰ ਮਾਤਾ ਆਖਦੇ ਹਨ।

ਰਾਵੀ ਦੇ ਕੰਢੇ ਵੱਸਿਆ ਕਰਤਾਰਪੁਰ ਜਿੱਥੇ ਪੰਜਾਂ ਦਰਿਆਵਾਂ ਦੇ ਐਨ ਵਿਚਕਾਰ ਏ ਤੇ ਉੱਤਰ ਵਿਚ ਜੋਗੀਆਂ ਨੂੰ, ਪੱਛਮ ਦੇ ਮੁਸਲਮਾਨਾਂ ਨੂੰ ਤੇ ਪੂਰਬੀ ਹਿੰਦੂਆਂ ਨੂੰ ਜੋੜਦਾ ਭੂਗੋਲਿਕ/ਜਿਓਗਰਾਫ਼ੀਆਈ ਸੁਮੇਲ ਏ, ਉਨ੍ਹਾਂ ਹੀ ਅਾਪਣੀ ਜ਼ਰਖ਼ੇਜ਼ ਮਿੱਟੀ ਕਰ ਕੇ ਕੁਦਰਤੀ ਜੀਵਨ ਤੇ ਖੇਤੀ ਲਈ ਅਹਿਮ ਵੀ।

ਗੁਰਮੀਤ ਕੌਰ

ਬਾਲ-ਸਾਹਿਤਕਾਰ ਗੁਰਮੀਤ ਕੌਰ ਐਟਲਾਂਟਾ (ਅਮਰੀਕਾ) ਤੇ ਟੋਰੰਟੋ (ਕੈਨੇਡਾ) ਰਹਿੰਦੀ ਏ।

+14048843501