ਆਦਿ ਅਨੀਲੁ ਅਨਾਦਿ ਅਨਾਹਤਿ।।

10/09/2019 10:45:35 AM

ਨਿਰਗੁਣ ਸ਼ਬਦ ਵਿਚਾਰ 
ਸਤਾਈਵੀਂ ਤੇ ਅਠਾਈਵੀਂ ਪਉੜੀ

ਆਦਿ ਅਨੀਲੁ ਅਨਾਦਿ ਅਨਾਹਤਿ।। 

ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ।। ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ£।। ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ।। ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ।। ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ।। ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ।। ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ।। ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ।। ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ।। ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ।। ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ।। ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ।। ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ।। ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ।। ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ।। ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ।। ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ।। ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ।। ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ।। ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ।। ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ।। ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ।।੨੭।। ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ।। ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ।। ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ।। ਆਦੇਸੁ ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ।।੨੮।।

ਅਸੀਂ ਇਸ ਵਾਰ ਇਸ ਪਾਉੜੀ ਦਾ ਸਿਰਲੇਖ ਰੱਖਿਐ, ‘ਆਦਿ ਅਨੀਲੁ ਅਨਾਦਿ ਅਨਾਹਤਿ’। ਦੇਖਦੇ ਹਾਂ ਕਿ ਕਿਵੇਂ ਸਤਿਗੁਰ ਲੋਕ ਜੋ ਨੇ, ਉਹ ਜਦੋਂ ਸ਼ਬਦਾਂ ਨਾਲ ਖੇਡਦੇ ਨੇ, ਤਾਂ ਕਮਾਲ ਕਰ ਦਿੰਦੇ ਨੇ। ਸ਼ਬਦ ਬੋਲਣ ਲੱਗਦੇ ਨੇ। ਸ਼ਬਦ ਦੌੜਨ ਲੱਗਦੇ ਨੇ। ਸ਼ਬਦ ਹੁੰਗਾਰਾ ਭਰਦੇ ਨੇ। ਸ਼ਬਦ ਚੰਗਿਆੜੇ ਛੱਡਦੇ ਨੇ। ਸ਼ਬਦ ਜਗਦੇ ਨੇ। ਸ਼ਬਦ ਲੋਅ ਪੈਦਾ ਕਰਦੇ ਨੇ। ਸ਼ਬਦ ਸੇਕ ਮਾਰਦੇ ਨੇ। ਸ਼ਬਦ ਆਵਾਜ਼ ਪੈਦਾ ਕਰਦੇ ਨੇ। ਅਨੇਕ ਪ੍ਰਕਾਰ ਦੀਆਂ ਅਵਾਜ਼ਾਂ। ਸੰਖ ਵੱਜ ਰਹੇ ਨੇ, ਅਨੇਕ। ਅਸੰਖ ਘੜਿਆਲ ਵੱਜ ਰਹੇ ਨੇ। ਸ਼ਬਦ ਗੂੰਜ ਪੈਦਾ ਕਰਦੇ ਨੇ। ਸ਼ਬਦ ਨਿਹਸ਼ਬਦ ਨੇ। ਸ਼ਬਦਾਂ ਦੀ ਚੁੱਪ ਬਹੁਤ ਭਿਆਨਕ ਹੈ। ਸ਼ਬਦ ਸਿਧਾਂਤ ਬਣ ਰਹੇ ਨੇ। ਸ਼ਬਦ ਸਿਧਾਂਤ ਤੋੜ ਰਹੇ ਨੇ। ਸ਼ਬਦ ਸਿਧਾਂਤ ਘੜ ਰਹੇ ਨੇ। ਸ਼ਬਦ ਅਚੱਲ ਨੇ। ਸ਼ਬਦ ਪ੍ਰਵਾਹ ’ਚ ਨੇ। ਵਹਿ ਰਹੇ ਨੇ। ‘ਆਦਿ ਅਨੀਲੁ ਅਨਾਦਿ ਅਨਾਹਤਿ’, ਸਾਰੀ ਪਉੜੀ, ਬਲਕਿ ਸਾਰਾ ਜਪੁਜੀ ਸਾਹਿਬ ਹੀ ਇਸ ਸਤਰ ਦੇ ਵਿਸਤਾਰ 'ਚ ਲਿਖਿਆ ਹੈ। ਉਹ ਆਦਿ ਹੈ। ਅਨੀਲੁ, ਉਹਦਾ ਸ਼ੁੱਧ ਰੂਪ ਹੈ। ਪਵਿੱਤਰ। ਉਹ ਆਦਿ ਵੀ ਹੈ ਤੇ ਅਨਾਦਿ ਵੀ। ਉਹਦਾ ਕੋਈ ਮੁੱਢ ਨਹੀਂ। ਉਹੀ ਮੁੱਢ ਹੈ। ਕੁਦਰਤ ਦੀ ਡਾਇਲੈਕਟਸ ਨਾਲ ਖੇਡ ਹੈ। ਇਹ ਅਨਾਹਤਿ ਹੈ। ਜਿਸਦਾ ਨਾਸ਼ ਨਹੀਂ ਹੁੰਦਾ। ਸੈਭੰ ਹੈ। ਮੂਲ ਮੰਤਰ ਵੱਲ ਆਉਣਾ ਪਵੇਗਾ। ਇਹ ਚਾਰੋਂ ਸ਼ਬਦ ਨੇ ਜੋ, ਜਿਨ੍ਹਾਂ ਨਾਲ ਗੁਰੂ ਨਾਨਕ ਦੇਵ ਜੀ ਖੇਡ ਰਹੇ ਨੇ, ਵੱਡੇ ਸਿਧਾਂਤਕ ਸ਼ਬਦ ਨੇ। ਇਹ ਲੋਕ ਸ਼ਬਦ ਨਾਲ ਖੇਡਦੇ ਨੇ। ਸਿਧਾਂਤ ਨਾਲ ਖੇਡਦੇ ਨੇ। ਇਨ੍ਹਾਂ ਕੋਲ ਆ ਕੇ ਸ਼ਬਦ ਮਹਿਕਣ ਲੱਗਦੇ ਨੇ। ਇਨ੍ਹਾਂ ਦੇ ਸ਼ਬਦਾਂ ਦੀ ਮਹਿਕ ਮਾਣੋ। ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਦੀ ਮਹਿਕ ਦੀ ਆਪਣੀ ਪਛਾਣ ਹੈ। ਹੋਰ ਵੱਡੇ ਸਤਿਗੁਰ ਲੋਕਾਂ ਦੇ ਸ਼ਬਦਾਂ ਦੀ ਆਪੋ ਆਪਣੀ ਮਹਿਕ ਹੈ। ਮਹਿਕ ਦੇ ਮੁਕਾਮ ਦੀ ਇਕ ਉਦਾਹਰਨ ਨਾਲ ਗੱਲ ਕਰਦੇ ਹਾਂ। ਸਤਿਗੁਰ ਰਵਿਦਾਸ ਜੀ ਦਾ ਇਕ ਸ਼ਬਦ ਦੇਖੋ :

ਮੁਕੰਦ ਮੁਕੰਦ ਜਪਹੁ ਸੰਸਾਰ।।

ਬਿਨੁ ਮੁਕੰਦ ਤਨੁ ਹੋਇ ਅਉਹਾਰ।।

ਸੋਈ ਮੁਕੰਦੁ ਮੁਕਤਿ ਕਾ ਦਾਤਾ।।

ਸੋਈ ਮੁਕੰਦੁ ਹਮਰਾ ਪਿਤਾ ਮਾਤਾ।।੧।।

ਜੀਵਤ ਮੁਕੰਦੇ ਮਰਤ ਮੁਕੰਦੇ।।

ਤਾ ਕੇ ਸੇਵਕ ਕਉ ਸਦਾ ਅਨੰਦੇ।।੧।। ਰਹਾਉ।।

ਮੁਕੰਦ ਮੁਕੰਦ ਹਮਾਰੇ ਪ੍ਰਾਨੰ।।

ਜਪਿ ਮੁਕੰਦ ਮਸਤਕਿ ਨੀਸਾਨੰ।।

ਸੇਵ ਮੁਕੰਦ ਕਰੈ ਬੈਰਾਗੀ।।

ਸੋਈ ਮੁਕੰਦੁ ਦੁਰਬਲ ਧਨੁ ਲਾਧੀ।।੨।।

ਏਕੁ ਮੁਕੰਦੁ ਕਰੈ ਉਪਕਾਰੁ।।

ਹਮਰਾ ਕਹਾ ਕਰੈ ਸੰਸਾਰੁ।।

ਮੇਟੀ ਜਾਤਿ ਹੂਏ ਦਰਬਾਰਿ।।

ਤੁਹੀ ਮੁਕੰਦ ਜੋਗ ਜੁਗ ਤਾਰਿ।।੩।।

ਉਪਜਿਓ ਗਿਆਨੁ ਹੂਆ ਪਰਗਾਸ।।

ਕਰਿ ਕਿਰਪਾ ਲੀਨੇ ਕੀਟ ਦਾਸ।।

ਕਹੁ ਰਵਿਦਾਸ ਅਬ ਤ੍ਰਿਸਨਾ ਚੂਕੀ।।

ਜਪਿ ਮੁਕੰਦ ਸੇਵਾ ਤਾਹੂ ਕੀ।।੪੧।।

ਕਿਆ ਬਾਤ ਹੈ। ਮੁਕੰਦ ਸ਼ਬਦ ਨਾਲ ਖੇਡ ਰਹੇ ਨੇ। ਸ਼ਬਦ ਲੋਅ ਪੈਦਾ ਕਰ ਰਿਹੈ। ਸ਼ਬਦ ਰਾਗ ਪੈਦਾ ਕਰ ਰਿਹੈ। ਸ਼ਬਦ ਜਗ ਰਿਹੈ। ਸ਼ਬਦ ਮਹਿਕ ਪੈਦਾ ਕਰ ਰਿਹਾ। ਸ਼ਬਦ ਦੀ ਅੱਖ ’ਚ ਅੱਖ ਪਾ ਕੇ ਗੁਰੂ ਸਾਹਬ ਗੱਲ ਕਰ ਰਹੇ ਨੇ। ਸ਼ਬਦ ਦੇ ਮਾਅਨੇ ਵਿਸਾਹ ਹੋ ਰਹੇ ਨੇ। ਰੱਖ ਰਖਾਓ ਹੀ ਹੈ ਸ਼ਬਦ ਦਾ ਕਿ ਸ਼ਬਦ ਹੋਰ ਦੀ ਹੋਰ ਆਭਾ ਮਾਰਨ ਲੱਗ ਪਿਐ। ਇਸ ਸ਼ਬਦ ਦੇ ਅਰਥ 'ਚ ਵੀ ਨਾ ਜਾਓ ਬੇਸ਼ੱਕ। ਇਹਨੇ ਆਪਣਾ ਪ੍ਰਭਾਵ ਛੱਡ ਹੀ ਜਾਣਾ ਹੈ। ਮੁਕੰਦ ਨੇ ਆਪਣਾ ਅਸਰ ਦੇਣਾ ਹੈ। ਮਨੁੱਖੀ ਮਨ ਉੱਪਰ ਇਸ ਦਾ ਅਸਰ ਦਿਖਾਈ/ਸੁਣਾਈ ਦੇਵੇਗਾ। ਅਰਥ ਨਾ ਵੀ ਪਤਾ ਹੋਣ। ਗੁਰੂ ਨਾਨਕ ਦੇਵ ਜੀ ਦਾ ਇਕ-ਇਕ ਸ਼ਬਦ ਮਹਿਕ ਮਾਰਦਾ ਹੈ। ਆਪਣਾ ਅਸਰ ਛੱਡਦਾ ਹੈ। ਇਸ ਵਾਰ ਕੀ ਦੇਖਦੇ ਹਾਂ ਕਿ ਬਹੁਤ ਹੋ ਗਿਆ ਯਾਰ। ਸ਼ਬਦ ਦਰ ਸ਼ਬਦ ਵਿਆਖਿਆ। ਬਹੁਤ ਹੋ ਗਈ। ਹੁਣ ਸਿਰਫ ਸ਼ਬਦਾਂ ਦੀ ਮਹਿਕ ਵੱਲ ਹੀ ਆਉਂਦੇ ਹਾਂ। ਹੁਣ ਉਹ ਗੱਲਾਂ ਰਿਪੀਟ ਹੋਣਗੀਆਂ। ਹੁਣ ਮਹਿਕ ਬੋਲੇਗੀ। ਹੁਣ ਸਵਾਦ ਬੋਲੇਗਾ। ਸਵਾਦ ਦੀ ਆਪਣੀ ਹੀ ਰੰਗਤ ਹੁੰਦੀ ਹੈ। ਮਹਿਕ ਦਾ ਵੀ ਇਕ ਸਵਾਦ ਹੁੰਦਾ ਹੈ। ਗੁਰੂ ਜੀ ਇੰਨੀਆਂ ਹੀ ਗਹਿਰੀਆਂ ਗੱਲਾਂ ਰਚਦੇ ਨੇ। ਹੁਣ ਇਸ ਪਾਉੜੀ ਦੇ ਸ਼ੁਰੂ 'ਚ ਹੀ ਨਾਦ ਨੇ। ਅਸੰਖ ਨਾਦ ਵੱਜ ਰਹੇ ਨੇ। ਗੁਰੂ ਨਾਨਕ ਦੇਵ ਉਸ ਕੁਦਰਤ ਨੂੰ ਨਾਦ 'ਚੋਂ ਪਾ ਲੈਂਦੇ ਨੇ। ਨਾਦ ਉਸ ਕੁਦਰਤਿ ਦਾ ਸਵਰੂਪ ਹੈ। ਅਸੰਖ ਅਵਾਜ਼ਾਂ ਨੇ। ਅਨੇਕ ਤਰ੍ਹਾਂ ਦੀਆਂ। ਨਾਦ ਵਿਚੋਂ ਹੀ ਪਾ ਲੈਣਾ ਹੈ। ਸੁਣ ਕੇ ਹੀ ਪਾ ਲੈਣਾ ਹੈ। ਇਹ ਅਵਸਥਾ ਕਿਸੇ ਖਾਸ ਨੂੰ ਹੀ ਸਮਝ ਆ ਸਕਦੀ ਹੈ। ਗੁਰੂ ਨਾਨਕ ਨਾਦ 'ਚੋਂ ਪਾ ਲੈਂਦੇ ਨੇ। ' ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ' ਕਿਉਂਕਿ ਗੁਰੂ ਨਾਨਕ ਸੁਣ ਰਹੇ ਨੇ ਤਾਂ ਉਨ੍ਹਾਂ ਨੂੰ ਗਾਉਣ ਵਾਲੇ ਸੁਣਾਈ ਦੇ ਰਹੇ ਨੇ। ਬਹੁਤ ਉੱਚੀ ਅਵਸਥਾ ਹੈ। ਹੁਣ ਕੀ ਹੈ ਦੇਵਤੇ/ਦਾਨਵ/ਸੁਰ/ਨਰ/ਮੁਨੀ/ਪੱਤੇ/ਫੁੱਲ/ਫਲ/ਬ੍ਰਹਮਾ/ਇੰਦੂ/ਗੋਪੀ/ਗੋਵਿੰਦ/ਵੇਦ/ਮੋਹਣੀਆਂ/ਮੋਹਨ/ਤੀਰਥ/ਅਗਨ/ਤਤਵ ਜੋ ਨੇ, ਸੱਭ ਗਾ ਰਹੇ ਨੇ। ਬ੍ਰਹਿਮੰਡ ਕਿਵੇਂ ਆਰਤੀ 'ਚ ਲੀਨ ਹੈ, ਇਹ ਸਿਰਫ ਤੇ ਸਿਰਫ ਗੁਰੂ ਨਾਨਕ ਦੇਵ ਜੀ ਨੂੰ ਹੀ ਦਿਖਾਈ/ਸੁਣਾਈ ਦੇ ਸਕਦਾ ਹੈ। ਉਨ੍ਹਾਂ ਦੀ ਜੋ ਦ੍ਰਿਸ਼ਟੀ ਹੈ, ਉਹ ਦ੍ਰਿਸ਼ ਨਾਲੋਂ ਅਦ੍ਰਿਸ਼ ਨੂੰ ਜ਼ਿਆਦਾ ਦੇਖਦੀ ਹੈ। ਅਦ੍ਰਿਸ਼ ਨੂੰ ਹੀ ਦੇਖਦੀ ਹੈ ਬਲਕਿ ਦਿਖਣ ਵਾਲਾ ਤਾਂ ਕੋਈ ਵੀ ਦੇਖ ਸਕਦਾ ਹੈ। ਗੁਰੂ ਨਾਨਕ ਨਾ-ਦਿਖਦੇ ਨੂੰ ਉਜਾਗਰ ਕਰਦੇ ਨੇ ਤੇ ਉਹਦੇ ਚਿੰਤਨ 'ਚੋਂ ਧੁਨੀਆਂ ਪੈਦਾ ਕਰਦੇ ਨੇ। ਉਹ ਅਕਹਿ ਨੂੰ ਕਹਿੰਦੇ ਨੇ। ਉਨ੍ਹਾਂ ਨੂੰ ਅਣਮੜਿਆ ਮਾਂਦਲ ਵੱਜਦਾ ਸੁਣਾਈ ਦਿੰਦਾ ਹੈ। ਉਨ੍ਹਾਂ ਕੋਲ ਬਿਨਾਂ ਬੱਦਲ ਦੇ ਬਰਸਾਤ ਦਾ ਕਨਸੈਪਟ ਹੈ। ਇਹ ਗੁਰੂ ਲੋਕਾਂ ਕੋਲ ਹੀ ਹੋ ਸਕਦਾ ਹੈ। ਗੁਰੂ ਨਾਨਕ ਕੋਲ ਹੀ ਹੋ ਸਕਦਾ ਹੈ। ਗਾ ਕੌਣ ਸਕਦੈ? ਜਿਹੜਾ ਤੈਨੂੰ ਭਾਉਂਦਾ ਹੈ। ਗਾਉਣਾ ਵੀ ਹਾਰੀ ਸਾਰੀ ਦੇ ਵੱਸ ਨਹੀਂ। ਤੇਰੀ ਨਦਰ ਹੋਵੇਗੀ ਤਾਂ ਹੀ ਗਾ ਸਕੇਗਾ। ਅੱਛਾ ਗਾਉਣਾ ਵੀ ਅਲੱਗ-ਅਲੱਗ ਹੈ। ਗਾ ਤਾਂ ਕਈ ਹੋਰ ਵੀ ਰਹੇ ਨੇ, ਪਰ ਜੇਕਰ ਉਹ ਤੈਨੂੰ ਭਾਉਂਦੇ ਨਹੀਂ ਤਾਂ ਵਿਅਰਥ।

ਫਿਰ ਉਸ ਦੀ ਵਡਿਆਈ ਹੈ। ਉਸ ਦਾ ਹੁਕਮ ਹੈ। ਉਸ ਦੀ ਨਦਰ ਹੈ। ਕਿਰਪਾ ਹੈ। ਜਿਹਦੇ ਵੱਲ ਨਿਗਾਹ ਸਵੱਲੀ ਹੋ ਗਈ। ਉਹ ਹੁਕਮ 'ਚ ਆ ਗਿਆ। ਉਹਦੀ ਉਹੀ ਜਾਣੇ। ਇਸ ਕਰ ਕੇ ਗਿਆਨ ਵੱਲ ਨੀਵਾਣੁ ਦਾ ਵਿਚਾਰ ਹੈ। ਵਿਵੇਕ ਤੋਂ ਬੈਰਾਗ ਦੀ ਅਵਸਥਾ ਵੱਲ ਇਸ਼ਾਰਾ ਹੈ। ਹੋਰ ਸਭ ਤੋਂ ਵੱਡੀ ਗੱਲ, ‘ਆਦੇਸੁ ਤਿਸੈ ਆਦੇਸੁ’ ਉਹਦੇ ਅੱਗੇ ਹੀ ਡੰਡੌਤ ਵੰਦਨਾ ਹੈ। ਉਹਦੇ ਸਾਹਵੇਂ ਹੀ ਝੁਕਣਾ ਹੈ। ਉਸੇ ਨੂੰ ਸਮਰਪਣ ਹੈ। ਤੂੰ ਹੀ ਏਂ। ਸਿਰਫ ਨਦਰ ਸਵੱਲੀ ਰੱਖਣਾ। ਆਦੇਸੁ। ਸ਼ਬਦ ’ਚ ਕਿੰਨੀ ਤਾਕਤ ਹੈ। ਕਿੰਨੀ ਮਹਿਕ ਹੈ। ਕਿੰਨੀ ਵਿਨਮਰਤਾ ਹੈ। ਹਲੀਮੀ ਕਿੰਨੀ ਹੈ। ਇਨ੍ਹਾਂ ਸ਼ਬਦਾਂ ਦੀ ਮਹਿਕ ਨਾਲ ਹੀ ਅਸੀਂ ਤਾਂ ਤਰ ਜਾਂਦੇ ਹਾਂ। ਫਿਰ ਮੁਕਤੀ ਹੈ। ਸ਼ਬਦ ਸਾਨੂੰ ਮੁਕਤ ਕਰਨ ਦੀ ਸ਼ਕਤੀ ਰੱਖਦੇ ਨੇ। ਸ਼ਬਦ ਸਾਨੂੰ ਮੁਕਤ ਕਰ ਸਕਦੇ ਨੇ/ਸ਼ਬਦ ਸਾਨੂੰ ਮੁਕਤ ਕਰਦੇ ਨੇ। ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸਾਨੂੰ ਮੁਕਤ ਕਰਦੇ ਨੇ।

-ਦੇਸ ਰਾਜ ਕਾਲੀ

79867-02493