ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ

10/21/2019 11:05:29 AM

ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸੁਰੂ ਤੋ ਹੀ ਅਜੀਬ ਕਿਰਦਾਰ ਨਾਲ ਵਿਚਰਨ ਲੱਗੇ ਸਨ  ਉਨ੍ਹਾਂ ਦਾ ਹਰ ਕਾਰਜ ਹੀ ਨਵਾਂ ਅਤੇ ਨਵੇਕਲਾ ਸੀ। ਅਸਲ ਮਨੋਰਥ ਤਾਂ ਕੁਰਾਹੇ ਪਏ ਸਮਾਜ ਨੂੰ ਸੱਚ ਨਾਲ ਜੁੜਨ ਅਤੇ ਸੱਚ ਨੂੰ ਹੀ ਆਪਣੇ ਜੀਵਣ ਦਾ ਅਧਾਰ ਬਣਾਉਣ ਦੀ ਪ੍ਰੇਰਣਾ ਦੇਣਾ ਸੀ। ਸਭ ਤੋ ਪਹਿਲਾਂ ਇਹ ਗੱਲ ਸਮਝਣ ਦੀ ਲੋੜ ਹੈ ਕਿ ਸਾਡਾ ਜੀਵਨ ਕਿਸ ਤਰਾ ਦਾ ਹੈ ਅਤੇ ਅਸੀਂ ਦੁਨੀਆਂ ਵਿੱਚ ਕਿਸ ਕੰਮ ਲਈ ਆਏ ਹਾਂ।

ਗੁਰੂ ਸਾਹਿਬ ਨੇ ਲੋਕਾਂ ਨੂੰ ਰੋਜ਼ੇ ਰੱਖਣ, ਸੁੰਨਤ ਕਰਾਉਣ, ਮੱਕਬਰਿਆਂ ਦੀ ਪੂਜਾ ਕਰਨ, ਭੇਖ ਧਾਰਨ ਆਦਿ ਤੋਂ ਵਰਜਿਆ ਅਤੇ ਸਮਝਾਇਆ ਕਿ ਕੇਵਲ ਪ੍ਰਭੂ ਦਾ ਸਿਮਰਨ ਹੀ ਅਸਲ ਬੰਦਗੀ ਹੈ| ਆਪ ਨੇ ਇਹ ਭੀ ਦੱਸਿਆ ਕਿ ਰੱਬ ਕੋਈ ਸਤਵੇਂ ਆਕਾਸ਼ ਜਾਂ ਕੇਵਲ ਕਾਅਬੇ ਵਿੱਚ ਹੀ ਨਹੀਂ ਰਹਿੰਦਾ ਪ੍ਰਮਾਤਮਾ ਤਾਂ ਸਰਬ ਵਿਆਪਕ ਹੈ ਅਤੇ ਹਰ ਜੀਵ ਵਿੱਚ ਉਸ ਦੀ ਜੋਤ ਵਸਦੀ ਹੈ ।

ਗੁਰੂ ਜੀ ਸਮਝਾ ਰਹੇ ਹਨ ਕਿ ਕੇਵਲ ਨੇਕ ਇਨਸਾਨ ਬਣ ਕੇ ਅਤੇ ਰੱਬ  ਦਾ ਆਸਰਾ ਲੈ ਕੇਸਿਮਰਨ ਕਰਨਾ ਹੈ । ਉਹਨਾਂ ਅਨੁਸਾਰ ਮਨੁੱਖ ਦੀ ਸਭ ਤੋਂ ਵੱਡੀ ਸਿਆਣਪ ਗੁਰੂ ਦੇ ਦੱਸੇ ਰਾਹ `ਤੇ ਤੁਰਦਿਆਂ ਆਪਣੇ-ਆਪ ਨੂੰ ਪਛਾਣਨਾ ਤੇ ਪਰਮਾਤਮਾ ਦੇ ਚਰਨਾਂ ਵਿੱਚ ਜੁੜਨਾ ਹੈ । ਗੁਰੂ ਜੀ ਦੱਸਦੇ ਹਨ ਕਿ ਪ੍ਰਭੂ ਨੂੰ ਮਨ ਵਿੱਚ ਵਸਾ ਕੇ  ਆਸਾਂ ਦੇ ਜਾਲ ਤੋਂ ਬਚ ਕੇਰਹਿਣਾ ਚਾਹੀਦਾਹੈ । ਜਗਤ ਵਿੱਚ ਘਰ-ਬਾਰੀ ਹੁੰਦਾ ਹੋਇਆ ਤੇ ਕਿਰਤ-ਕਾਰ ਕਰਦਾ ਹੋਇਆ ਵੀ ਉਹ ਮਾਇਆ ਤੋਂ ਅਛੋਹ ਰਹਿਣਾਹੀ ਇਨਸਾਨ ਦਾ ਫਰਜ ਹੈ। ਜਿਵੇਂ ਪਾਣੀ ਵਿੱਚ ਕਮਲ ਦਾ ਫੁੱਲ ਜਾਂ ਮੁਰਗਾਈ ।ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਣਾ ਕੰਨਾਂ ਦੀਆਂ ਮੁੰਦਰਾਂ ਹਨ , ਪ੍ਰਭੂ ਨੂੰ ਹਰ ਥਾਂ ਵਿਆਪਕ ਜਾਣਨਾ ਗੋਦੜੀ ਹੈ , ਨਾਮ ਦੀ ਬਰਕਤ ਨਾਲ ਦੁਨਿਆਵੀ ਖ਼ਾਹਸ਼ਾਂ ਤੋਂ ਪਰੇ ਹੋਈ ਸੁਰਤ ਖਪਰ ਹੈ , ਜਦ ਕਿ ਸਰੀਰ ਨੂੰ ਵਿਕਾਰਾਂ ਤੋਂ ਪਵਿੱਤਰ ਰੱਖਣਾ ਹੀ ਆਸਣ ਹੈ , ਵੱਸ ਕੀਤਾ ਮਨ ਲੰਗੋਟੀ ਹੈ । ਇਸੇ ਲਈ ਗੁਰੂ ਜੀ ਗੁਰੂ ਦੀ ਸ਼ਰਨ ਪੈ ਕੇ ਨਾਮ ਜਪਣ ਦੀ ਪ੍ਰੇਰਨਾ ਦਿੰਦੇ ਹਨ ।

ਗੁਰੂ ਜੀ ਆਸਾ ਦੀ ਵਾਰ ਵਿਚ ਲਿਖਦੇ ਹਨ ਕਿ

ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ।।

ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ।।

ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ।।

ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ।।

ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ।।( ਸਲੋਕ ਮਹਲਾ:੧)

 

ਮਨੁੱਖ, ਰੁੱਖ, ਤੀਰਥ, ਤਟ (ਭਾਵ, ਨਦੀਆਂ, ਬੱਦਲ, ਖੇਤ, ਦੀਪ ਲੋਅ, ਮੰਡਲ, ਖੰਡ ਬ੍ਰਹਿਮੰਡ, ਮੇਰ ਆਦਿਕ ਪਰਬਤ, ਚਾਰੇ ਖਾਣੀਆਂ , ਅੰਡਜ, ਜੇਰਜ, ਸੇਤਜ ਦੇ ਜੀਵ ਜੰਤ ਸਰਾਂ ਮੇਰਾਂ ਇਹਨਾਂ ਸਭਨਾਂ ਦੀ ਗਿਣਤੀ ਪ੍ਰਭੂ ਜਾਣਦਾ ਹੈ ਅਤੇ ਉਹ ਆਪ ਹੀ ਸਾਰਿਆਂ ਜੀਵਾਂ ਨੂੰ ਪੈਦਾ ਕਰ ਕੇ ਉਨ੍ਹਾਂ ਸਾਰਿਆਂ ਦੀ ਦੇਖ ਭਾਲ ਕਰ ਰਿਹਾ ਹੈ। ਉਸ ਨੇ ਹੀ ਜਗਤ ਪੈਦਾ ਕੀਤਾ ਹੈ ਅਤੇ ਚਿੰਤਾ ਵੀ ਉਸ ਨੇ ਹੀ ਕਰਨੀ ਹੈ, ਭਾਵ ਨਾਨਕ ਤੈਨੂੰ ਜੀਵਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ। ਨਾਨਕ ਆਖਦਾ ਹੈ ਜੇਕਰ ਨਾਨਕ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਤਾਂ ਸੱਚ ਨੂੰ ਜੀਵਨ ਵਿੱਚ ਅਪਣਾਉਣ ਤੋਂ ਬਗੈਰ ਟਿੱਕੇ ਅਤੇ ਤੱਗ ਵਾਲੇ ਨੂੰ ਆਪਣੇ (ਅਖੌਤੀ ਸ਼ੁੱਧ ਹੋਣ) ਅਤੇ ਹੋਰਨਾਂ ਨੂੰ ਜਾਤ-ਪਾਤ ਦੇ ਬੰਧਨਾਂ ਵਿੱਚ ਬੰਨਣ ਦੀ ਲੋੜ ਕਿਉਂ ਹੈ?

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ।।( ਅੰਗ੯੫੫)

ਜਿਸ ਕਰਤੇ ਨੇ ਸਮੁੱਚਾ ਬ੍ਰਹਿਮੰਡ ਰਚਿਆ ਹੈ ਉਸ ਨੂੰ ਛੱਡ ਕੇ ਜਿਨ੍ਹਾਂ ਮੱਤਾਂ ਨੇ ਆਵਣ ਜਾਣ/ਜੰਮ ਕੇ ਮਰ ਜਾਣ ਵਾਲਿਆਂ ਮਿਥਯਾ ਹੈ, ਉਹ ਬੇਸ਼ੱਕ ਲੋਕਾਂ ਦੀਆਂ ਨਜ਼ਰਾਂ ਵਿੱਚ ਪ੍ਰਵਾਨ   ਹੋਣ ਲਈ ਲੱਖਾਂ ਨੇਕੀਆਂ ਚੰਗਿਆਈਆਂ ਕਰਨਵਿਖਾਵੇ ਦੇ ਤੌਰ `ਤੇ ਧਰਮ ਦੇ ਨਾਂਅ `ਤੇ ਪੁੰਨ ਕਰਨ ਜਾਂ ਤੀਰਥਾਂ ਉੱਤੇ ਜਾ ਕੇ ਲੱਖਾਂ ਤਪ ਸਾਧਣ, ਜੰਗਲਾਂ ਵਿੱਚ ਜਾ ਕੇ ਸੁੰਨ-ਸਮਾਧ ਵਿੱਚ ਜੋਗ ਸਾਧਨ ਕਰਨ, ਅਤੇ ਲੜਾਈ ਦੇ ਮੈਦਾਨ ਵਿੱਚ ਜਾਨ ਦੇ ਦੇਣ, ਲੱਖਾਂ ਤਰੀਕਿਆਂ ਦੇ ਨਾਲ ਸੁਰਤ ਜੋੜ ਕੇ ਲੱਖਾਂ ਵਾਰ ਪੁਰਾਣਾਂ ਨੂੰੰ ਪੜ੍ਹ-ਪੜ੍ਹ ਕੇ ਪਾਠ ਕਰਨ, ਇਨ੍ਹਾਂ ਦਾ ਕੋਈ ਅਰਥ ਨਹੀਂ ਕਿਉਂਕਿ ਉਨ੍ਹਾਂ ਨੇ ਮਿਥੇ ਹੋਏ (ਝੂਠ) ਨੂੰ ਸੱਚਾ ਧਰਮ ਕਰਮ/ਧਰਮ ਦਾ ਕੰਮ ਜਾਣ ਲਿਆ ਹੈ।ਇਸ ਦੇ ਉਲਟ ਜਿਨ੍ਹਾਂ ਨੇ ਸੱਚ ਨੂੰ ਜੀਵਨ ਵਿੱਚ ਅਪਣਾਇਆ ਉਨ੍ਹਾਂ ਨੇ ਇੱਕ ਸੱਚ ਨੂੰ ਹੀ ਸੱਚ ਜਾਣਿਆ ਅਤੇ ਸੱਚ ਨੂੰ ਹੀ ਅੱਗੇ ਪ੍ਰਚਾਰਿਆ।

ਅਕਾਲਪੁਰਖੁ ਆਪਣੇ ਆਪ ਤੋਂ ਹੈ ਉਸ ਨੂੰ ਕਿਸੇ ਨਹੀਂ ਬਣਾਇਆ ਨਾ ਪੈਦਾ ਕੀਤਾ ਹੈ। ਉਸ ਦਾ ਨਾਮਣਾ ਵੀ ਉਸੇ ਦੀ ਰਚਨਾ `ਚੋਂ ਹੀ ਪ੍ਰਗਟ ਹੁੰਦਾ ਹੈ ਭਾਵ ਉਸ ਦੇ ਅਨੰਤ ਗੁਣਾਂ `ਚੋਂ ਹੀ ਉਸ ਦੀਆਂ ਵਡਿਆਈਆਂ ਵੀ ਆਪ ਮੁਹਾਰੇ ਉਭਰਦੀਆਂ ਹਨ। ਕਰਤਾਰ ਨੇ ਆਪ ਹੀ ਕੁਦਰਤ ਨੂੰ ਵੀ ਰਚਿਆ ਹੈ, ਇਸ ਤਰ੍ਹਾਂ ਕੁਦਰਤ ਆਪਣੇ ਆਪ `ਚ ਕਰਤਾਰ ਦੀ ਰਚਨਾ ਹੈ ਤੇ ਕਾਦਿਰ ਤੋਂ ਬਿਨਾ ਇਸ ਦਾ ਕੋਈ ਵਜੂਦ ਨਹੀਂ। ਕਰਤਾ, ਰਚਨਾ `ਚ ਆਸਣ ਟਿਕਾਅ ਕੇ ਭਾਵ ਖੁਦ ਇਸ `ਚ ਵਿਆਪਕ ਹੋ ਕੇ, ਜਗਤ ਦਾ ਤਮਾਸ਼ਾ ਵੇਖ ਰਿਹਾ ਹੈ। ਜ਼ੱਰੇ-ਜ਼ੱਰੇ `ਚ ਵਿਆਪਕ ਹੋ ਕੇ ਪ੍ਰਭੂ ਰਚਨਾ ਦੀ ਸੰਭਾਲ ਵੀ ਆਪ ਕਰਦਾ ਹੈ। ਜੀਵਾਂ ਨੂੰ ਪੈਦਾ ਕਰਣ ਵਾਲਾ, ਉਹਨਾਂ ਦੀ ਪਾਲਣਾ ਤੇ ਸੰਘਾਰ ਕਰਣ ਵਾਲਾ ਵੀ ਪ੍ਰਭੂ ਆਪ ਹੀ ਹੈ

ਲੋਕ ਧਰਮਾਂ , ਜਾਤਾਂ , ਪਾਤਾਂ ਤੋਂ ਉੱਪਰ ਉੱਠ ਕੇ ਇੱਕ ਸੱਚੇ ਪ੍ਰਮਾਤਮਾ ਨਾਲ ਜੁੜਨ ਤੇ ਧਰਮ ਦੇ ਕਰਮਕਾਂਡ ਛੱਡ ਕੇ ਪੂਰੀ ਮਾਨਵਤਾ ਨੂੰ ਇੱਕ ਸਮਝ ਕੇ ਮਨੁੱਖਤਾ ਲਈ ਤੇ ਸਮਾਜ ਦੇ ਭਲੇ ਲਈ ਚੰਗਾ ਕਰਨ ਦਾ ਯਤਨ ਕਰਨ । ਸਤਿਗੁਰੂ ਜੀ ਦਾ ਸਭ ਤੋਂ ਅਹਿਮ ਉਪਦੇਸ਼ ਹੈ ਕਿ ਇਨਸਾਨ ਆਪਣੇ ਮਨ ਦੇ ਵਿਕਾਰਾਂ ਤੇ ਜਿੱਤ ਪ੍ਰਾਪਤ ਕਰੇ । ਜੋ ਇਨਸਾਨ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਓਸ ਨੂੰ ਹੀ ਸਮਾਜਕ ਤਲ ਤੇ ਸਫਲਤਾ ਪ੍ਰਾਪਤ ਹੁੰਦੀ ਹੈ ।   ਅਜੋਕੇ ਸਮੇਂ ਵਿੱਚ ਮਨ ਨੂੰ ਜਿੱਤਣਾ ਹੀ ਸਭ ਤੋਂ ਔਖਾ ਕੰਮ ਹੈ ਪਰ ਜੋ ਲੋਕ ਇਹ ਕਰ ਲੈਂਦੇ ਹਨ , ਜਗਤ ਵਿੱਚ ਸਫਲਤਾ ਵੀ ਉਹਨਾਂ ਨੂੰ ਹੀ ਮਿਲਦੀ ਹੈ ।ਅਸੀਂ ਸਦੀਵ ਕਾਲ ਰਹਿਣ ਵਾਲੇ ਪ੍ਰਮਾਤਮਾ ਨੂੰ ਜੋ ਸਰਵ ਸਕਤੀ ਮਾਨ ਹੈ । , ਜਿਸਦਾ ਕੋਈ ਰੰਗ ਰੂਪ ਤੇ ਆਕਾਰ ਨਹੀਂ ਹੈ ਤੇ ਜੋ ਸਦਾ ਥਿਰ ਰਹਿਣ ਵਾਲਾਜੁਗਾਂ ਜੁਗਾਂ ਤੱਕ ਇੱਕ ਹੀ ਰਸ ਰਹਿਣ ਵਾਲਾ ਹੈ ਤੇ ਕਦੇ ਬਦਲਦਾ ਨਹੀਂ , ਉਸੇ ਪ੍ਰਮਾਤਮਾ ਨੂੰ ਸਾਡਾ ਨਮਸਕਾਰ ਕਰਦੇ ਹਾਂ।

_________________________

 

ਜੱਥੇਦਾਰ ਅਜੀਤ ਸਿੰਘ

ਸਾਬਕਾ ਪ੍ਰਧਾਨ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ

98148-65780