ਗੁਰੂ ਨਾਨਕ ਬਾਣੀ ’ਚ ਸਮਾਜਿਕ ਦਸ਼ਾ ਦਾ ਵਰਣਨ

11/11/2019 12:11:06 PM

ਸਾਹਿਤ ਤੇ ਸਮਾਜ ਦਾ ਡੂੰਘਾ ਸਬੰਧ ਹੈ। ਇਹ ਦੋਵੇਂ ਇਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਸਾਹਿਤ ਆਪ ਇਕ ਸਮਾਜਿਕ ਸੰਸਥਾ ਹੈ ਅਤੇ ਇਸ ਦਾ ਅੰਗ ਭਾਸ਼ਾ ਵੀ ਸਮਾਜ ਦੀ ਸਿਰਜਣਾ ਹੈ। ਰੰਗ ਤੇ ਆਵਾਜ਼ ਆਦਿ ਕਲਾ ਦੇ ਮਾਧਿਅਮ ਪ੍ਰਕਿਰਤੀ ਦੀ ਉਪਜ ਹਨ ਪਰ ਭਾਸ਼ਾ ਸਮਾਜ ਦੀ ਉਪਜ ਹੈ। ਛੰਦ, ਅਲੰਕਾਰ, ਪ੍ਰਤੀਕ ਤੇ ਬਿੰਬ ਵੀ ਸਮਾਜ ਦੀ ਉਪਜ ਹਨ। ਕਈ ਆਲੋਚਕ ਸਾਹਿਤ ਨੂੰ ਸਮਾਜ ਦਾ ਪ੍ਰਤੀਬਿੰਬ ਮੰਨਣ ਦੀ ਥਾਂ ਜੀਵਨ ਦਾ ਪ੍ਰਗਟਾਵਾ ਮੰਨਦੇ ਹਨ। ‘Literature represent life’ ਭਾਵੇਂ ਜੀਵਨ ਪ੍ਰਕਿਰਤੀ ਅਤੇ ਹੋਰ ਅਨੇਕਾਂ ਚੀਜ਼ਾਂ ਨੂੰ ਆਪਣੇ ਕਲਾਵੇ ’ਚ ਲੈਂਦਾ ਹੈ, ਫਿਰ ਵੀ ਜੀਵਨ ਦਾ ਵੱਡਾ ਅੰਸ਼ ਸਮਾਜ ਹੀ ਹੈ, ਕਵੀ ਆਪ ਸਮਾਜ ਦਾ ਅੰਗ ਹੈ। ਉਹ ਸਮਾਜ ’ਚ ਹੀ ਪੈਦਾ ਹੁੰਦਾ ਹੈ ਤੇ ਸਮਾਜ ’ਚ ਹੀ ਰਹਿ ਕੇ ਵਿਕਾਸ ਕਰਦਾ ਹੈ ਤੇ ਸਮਾਜ ’ਚ ਹੀ ਰਹਿ ਕੇ ਸਾਹਿਤ ਦੀ ਰਚਨਾ ਕਰਦਾ ਹੈ। ਕੇਵਲ ਸਮਾਜ ਹੀ ਉਸ ਨੂੰ ਪ੍ਰਭਾਵਿਤ ਨਹੀਂ ਕਰਦਾ ਸਗੋਂ ਉਹ ਆਪ ਵੀ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ। ਕਿਸੇ ਕਵੀ ਦੀ ਰਚਨਾ ’ਚ ਉਸ ਦੇ ਸਮੇਂ ਦੇ ਸਮਾਜ ਦੀ ਸਪੱਸ਼ਟ ਝਾਕੀ ਚਿਤ੍ਤਰਿਤ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਸਮਾਜ ਪਤਨ ਵੱਲ ਜਾ ਰਿਹਾ ਸੀ, ਚਾਰੇ ਪਾਸੇ ਵਹਿਮ, ਭਰਮ, ਪਾਖੰਡ ਤੇ ਜ਼ੁਲਮ ਦਾ ਵਾਤਾਵਰਣ ਸੀ। ਅਜਿਹੀ ਅਵਸਥਾ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਲੋਕਾਂ ਲਈ ਇਕ ਚਾਨਣ-ਮੁਨਾਰਾ ਸੀ। ਗੁਰੂ ਜੀ ਨੇ ਆਪਣੀ ਬਾਣੀ ’ਚ ਉਸ ਸਮੇਂ ਦਾ ਸਮਾਜਿਕ ਚਿੱਤਰਣ ਸਪੱਸ਼ਟ ਰੂਪ ’ਚ ਚਿੱਤਰਿਆ ਹੈ। ਹਰ ਸਮੇਂ ਦੇ ਸਮਾਜ ਸੰਗਠਨ ’ਤੇ ਉਸ ਸਮੇਂ ਦੀ ਰਾਜਨੀਤਕ ਅਵਸਥਾ ਦਾ ਪ੍ਰਭਾਵ ਜ਼ਰੂਰ ਪੈਂਦਾ ਹੈ। ਮੁਸਲਮਾਨ ਆਗੂਆਂ ਨੇ ਇਸਲਾਮ ਧਰਮ ਦੇ ਅਸੂਲਾਂ ਦੇ ਉਲਟ ਰਾਜਨੀਤੀ ਦੀ ਸ਼ਕਤੀ ਦੇ ਜ਼ੋਰ ਨਾਲ ਲੋਕਾਂ ਦਾ ਧਰਮ ਬਦਲਣ ਲਈ ਕਈ ਹਥਿਆਰ ਵਰਤੇ, ਜਿਵੇਂ ਯਾਤਰਾ ਕਰ, ਤੀਰਥ ਯਾਤਰਾ ਕਰ, ਜਜ਼ੀਆ ਆਦਿ ਦਾ ਲਾਉਣਾ, ਧਾਰਮਿਕ ਮੇਲਿਆਂ, ਉਤਸਵਾਂ, ਜਲੂਸਾਂ ’ਤੇ ਪਾਬੰਦੀਆਂ ਲਾਉਣੀਆਂ, ਮੰਦਰਾਂ ਦੇ ਨਿਰਮਾਣ ਤੇ ਪੁਰਾਣੇ ਮੰਦਰਾਂ ਦੀ ਮੁਰੰਮਤ ’ਤੇ ਪਾਬੰਦੀਆਂ, ਮੁਸਲਮਾਨ ਬਣਨ ਲਈ ਜਾਗੀਰਾਂ ਤੇ ਵੱਡੇ-ਵੱਡੇ ਇਨਾਮ ਦੇਣੇ ਆਦਿ ਹÎਿਥਆਰ ਸਨ, ਜਿਨ੍ਹਾਂ ਅਧੀਨ ਭਾਰਤੀਆਂ ਨੂੰ ਧਰਮ ਬਦਲਣ ਲਈ ਮਜਬੂਰ ਹੋਣਾ ਪੈਂਦਾ ਸੀ। ਇਨ੍ਹਾਂ ਢੰਗਾਂ ਰਾਹੀਂ ਹਿੰਦੂ ਸਮਾਜ ਨੂੰ ਖਤਮ ਕਰਨ ਦੇ ਯਤਨ ਕੀਤੇ ਜਾਂਦੇ ਸਨ। ਰਾਜਿਆਂ ਦੇ ਇਹ ਢੰਗ ਦੇਸ਼ ਤੇ ਦੇਸ਼ ਦੇ ਲੋਕਾਂ ਲਈ ਬਹੁਤ ਖਤਰਨਾਕ ਸਾਬਤ ਹੋਏ। ਹਕੂਮਤ ਦੇ ਇਨ੍ਹਾਂ ਅੱਤਿਆਚਾਰਾਂ ਦਾ ਭਾਰਤੀ ਸਮਾਜ ’ਤੇ ਵੀ ਡੂੰਘਾ ਅਸਰ ਹੋਇਆ। ਭਾਰਤੀ ਸਮਾਜ ਨੇ ਦਮ ਘੁੱਟਵੇਂ ਵਾਤਾਵਰਣ ਦਾ ਅਨੁਭਵ ਕਰ ਕੇ ਆਪਣੀ ਸਮਾਜਿਕ ਅਵਸਥਾ ਦੀ ਰੱਖਿਆ ਲਈ ਚੇਤੰਨ ਹੋਣਾ ਸ਼ੁਰੂ ਕੀਤਾ। ਉਨ੍ਹਾਂ ਦੀ ਇਸ ਚੇਤੰਨਤਾ ’ਚ ਤੰਗਦਿਲੀ ਵੀ ਆ ਦਾਖਲ ਹੋਈ ਕਿਉਂਕਿ ਉੱਚ ਪੱਧਰ ਦੇ ਹਿੰਦੂ ਲੋਕਾਂ ਨੇ ਛੋਟੀਆਂ ਜਾਤਾਂ ਨਾਲ ਨਫਰਤ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਉਨ੍ਹਾਂ ਦੀ ਸੋਚਣੀ ਦਿਨੋ-ਦਿਨ ਸੌੜੀ ਹੁੰਦੀ ਗਈ। ਛੂਤ-ਛਾਤ ਦੇ ਬੰਧਨ ਫਿਰ ਆ ਪਏ। ਸਮਾਜਿਕ ਜੀਵਨ ’ਚ ਪਰਿਵਰਤਨ ਆ ਗਿਆ। ਵਿਸ਼ਾਲ ਸੋਚਣੀ ਦੀ ਥਾਂ ਤੰਗਦਿਲੀ ਨੇ ਲੈ ਲਈ। ਵੈਦਿਕ ਧਰਮ ਦੇ ਖੁੱਲ੍ਹੇ ਵਾਤਾਵਰਣ ਦੀ ਥਾਂ ਤੰਗ ਵਾਤਾਵਰਣ ਬਣਦਾ ਗਿਆ। ਸਮਾਜ ਚਹੁੰ ਵਰਗਾਂ ’ਚ ਵੰਡਿਆ ਗਿਆ। ਅਸਲੀਅਤ ਅਤੇ ਅਸਲੀ ਕਰਮਾਂ ਦੀ ਥਾਂ ਕਰਮਕਾਂਡ ਤੇ ਪਾਖੰਡ ਦਾ ਬੋਲਬਾਲਾ ਹੋ ਗਿਆ। ਖੱਤਰੀ ਤੇ ਬ੍ਰਾਹਮਣ ਸਮਾਜ ਦੀ ਭਲਾਈ ਕਰਨ ਦੀ ਥਾਂ ਕੁ-ਮਾਰਗ ਵੱਲ ਤੁਰ ਪਏ। ਉਨ੍ਹਾਂ ਆਪਣੀ ਬੋਲੀ, ਸੱਭਿਆਚਾਰ ਤੇ ਰਹਿਣ- ਸਹਿਣ ਦਾ ਢੰਗ ਛੱਡ ਕੇ ਮਲੇਛ ਭਾਸ਼ਾ ਅਪਣਾ ਲਈ। ਇਹ ਲੋਭ-ਲਾਲਚ ਪਿੱਛੇ ਆਪਣੇ ਕਰਮ-ਧਰਮ ਛੱਡ ਬੈਠੇ। ਅਸਲ ਦੀ ਥਾਂ ਨਕਲ ਨੇ ਲੈ ਲਈ। ਗੁਰੂ ਜੀ ਨੇ ਧਨਾਸਰੀ ਰਾਗ ’ਚ ਸਮੇਂ ਦੇ ਬ੍ਰਾਹਮਣਾਂ ਅਤੇ ਕਸ਼ੱਤਰੀ ਲੋਕਾਂ ਦਾ ਪਾਜ ਇਉਂ ਉਘੇੜਿਆ ਹੈ-

ਕਾਲ ਨਾਹੀ ਜੋਗ ਨਾਹੀ ਨਾਹੀ ਸਤੁ ਕਾ ਢਬੁ।।

ਥਾਨਸਟ ਜਗ ਭਰਸਟ ਹੋਏ ਡੂਬਤਾ ਇਵ ਜਗੁ।।

ਕਲ ਮਹਿ ਰਾਮ ਨਾਮੁ ਸਾਰ।।

ਅਖ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ।। ਰਹਾਉ।।

ਆਂਟ ਸੇਤੀ ਨਾਕ ਪਕੜਹਿ ਸੂਝਤੇ ਤਿਨਿ ਲੋਅ।।

ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮ ਅਲੋਅ।।

ਖਤ੍ਰੀਆ ਤਾ ਧਰਮ ਛੋਡਿਆ ਮਲੇਛ ਭਾਖਿਆ ਗਹੀ।।

       ਧਨਾਸਰੀ-1

ਉਪਰੋਕਤ ਸਲੋਕ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਸ ਸਮੇਂ ਦੇ ਬ੍ਰਾਹਮਣ ਧੋਤੀ ਟਿੱਕਾ ਲਾ ਕੇ, ਪਦਮ ਆਸਣ ਕਰ ਕੇ, ਨੱਕ ਨੂੰ ਉਂਗਲ ਨਾਲ ਫੜ ਕੇ ਸਮਾਧੀ ਲਗਾਉਂਦੇ ਸਨ ਅਤੇ ਲੋਕਾਂ ਨੂੰ ਇਹ ਉਪਦੇਸ਼ ਦਿੰਦੇ ਸਨ ਕਿ ਇਉਂ ਕਰਨ ਨਾਲ ਉਨ੍ਹਾਂ ਨੂੰ ਸਾਰੀ ਸ੍ਰਿਸ਼ਟੀ ਦਾ ਗਿਆਨ ਹੋ ਜਾਂਦਾ ਹੈ ਪਰ ਗੁਰੂ ਜੀ ਵਿਗਿਆਨਿਕ ਢੰਗ ਨਾਲ ਉਨ੍ਹਾਂ ਦੇ ਇਸ ਖਿਆਲ ਨੂੰ ਇਉਂ ਰੱਦ ਕਰਦੇ ਹਨ ਕਿ ਬ੍ਰਾਹਮਣਾਂ ਨੂੰ ਆਪਣੇ ਮਗਰ ਪਿੱਛੇ ਪਈਆਂ ਵਸਤੂਆਂ, ਜੋ ਉਨ੍ਹਾਂ ਦੇ ਸਭ ਤੋਂ ਨੇੜੇ ਹਨ, ਦਾ ਤਾਂ ਿਗਆਨ ਨਹੀਂ ਹੁੰਦਾ, ਫਿਰ ਸਾਰੇ ਸੰਸਾਰ ਦੀਆਂ ਵਸਤਾਂ ਦਾ ਗਿਆਨ ਹੋਣਾ ਕਿਵੇਂ ਸੰਭਵ ਹੋ ਸਕਦਾ ਹੈ। ਇਵੇਂ ਹੀ ਖੱਤਰੀਆਂ ਨੇ ਆਪਣਾ ਧਰਮ, ਫਰਜ਼ ਤੇ ਭਾਸ਼ਾ ਛੱਡ ਕੇ ਝੂਠੇ ਮਾਣ-ਆਦਰ ਪਿੱਛੇ ਮਲੇਛ ਬੋਲੀ ਨੂੰ ਅਪਣਾ ਲਿਆ। ਇਸੇ ਤਰ੍ਹਾਂ ਗੁਰੂ ਜੀ ਸਾਰੰਗ ਰਾਗ ਦੇ ਦੋ ਸਲੋਕਾਂ ’ਚ ਆਪਣੇ ਸਮੇਂ ਦੀ ਸਮਾਜਕ ਝਾਕੀ ਪੇਸ਼ ਕਰਦੇ ਹੋਏ ਕਹਿੰਦੇ ਹਨ ਕਿ ਕਲਯੁਗ ’ਚ ਲੋਕ ਕੁੱਤੇ ਦੇ ਮੂੰਹ ਵਾਲੇ ਬਣ ਗਏ ਹਨ ਕਿਉਂਕਿ ਉਹ ਮੁਰਦੇ ਦਾ ਮਾਸ ਖਾਂਦੇ ਹਨ, ਭਾਵ ਉਹ ਹੱਕ-ਹਲਾਲ ਦੀ ਕਮਾਈ ਦੀ ਥਾਂ ਰਿਸ਼ਵਤ ਅਤੇ ਠੱਗੀ ਨਾਲ ਕਮਾਇਆ ਧਨ ਖਾਂਦੇ ਹਨ। ਅਜਿਹੀ ਕਮਾਈ ਦੀ ਗੁਰੂ ਜੀ ਨੇ ਮੁਰਦੇ ਦੇ ਮਾਸ ਨਾਲ ਤੁਲਨਾ ਦਿੱਤੀ ਹੈ। ਜਿਨ੍ਹਾਂ ਦੀ ਇੱਜ਼ਤ ਜਿਊਂਦਿਆ ਦੀ ਨਹੀਂ ਹੈ, ਮਰਨ ਪਿੱਛੋਂ ਵੀ ਉਨ੍ਹਾਂ ਦੀ ਸੋਭਾ ਕੀ ਹੋਈ ਹੈ।

ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰ।।

ਕੂੜ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ।।

ਜਿਨ ਜੀਵੰਦਿਆਂ ਪਤਿ ਨਹੀ ਮੁਇਆ ਮੰਦੀ ਸੋਇ।।

ਲਿਖਿਆ ਹੋਵੈ ਨਾਨਕ ਕਰਤਾ ਕਰੇ ਸੁ ਹੋਇ।।

ਸਾਰੰਗ ਵਾਰ 1

ਗੁਰੂ ਜੀ ਨੇ ਆਪਣੇ ਸਮੇਂ ਦੇ ਇਸਤਰੀ ਅਤੇ ਪੁਰਸ਼ ਦੋਵਾਂ ਨੂੰ ਹੀ ਕੁਰਾਹੇ ਪਏ ਦੱਸਿਆ ਹੈ। ਪੁਰਸ਼ ਜ਼ਾਲਮ (ਸਈਆਦ) ਅਤੇ ਇਸਤਰੀਆਂ ਮੂਰਖ (ਬੋਧੀਆਂ) ਬਣ ਗਈਆਂ ਹਨ। ਸਮਾਜ ’ਚੋਂ ਸੰਜਮ, ਪਵਿੱਤਰਤਾ, ਲੋਕ ਲਾਜ, ਸ਼ਰਮ ਅਤੇ ਸਵੈਮਾਣ ਜਿਹੇ ਸਦਗੁਣ ਖਤਮ ਹੋ ਗਏ ਹਨ। ਇਸ ਤਰ੍ਹÎਾਂ ਸਮਾਜ ’ਚ ਆਡੰਬਰ ਤੇ ਪਾਖੰਡ ਵਧ ਗਏ ਸਨ। ਸੱਚਾਈ ਖਤਮ ਹੋ ਗਈ ਸੀ।

ਰੰਨਾ ਹੋਈਆ ਬੋਧੀਆ ਪੁਰਸ਼ ਹੋਏ ਸਈਆਦ।।

ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ।।

ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ।।

ਨਾਨਕ ਸਚਾ ਏਕੁ ਹੈ, ਅਵਰੁ ਨ ਸਚਾ ਭਾਲਿ।।

ਸਾਰੰਗ ਵਾਰ 1

ਉਪਰੋਕਤ ਚਰਚਾ ਤੋਂ ਸਪੱਸ਼ਟ ਹੈ ਕਿ ਮਨੁੱਖਾਂ ਦੇ ਨਾਲ ਇਸਤਰੀ ਸਮਾਜ ਵੀ ਕੁਰਾਹੇ ਪੈ ਗਿਆ ਸੀ। ਸਮਾਜ ਅਸਲੀਅਤ ਦੀ ਥਾਂ ਪਾਖੰਡ ਅਤੇ ਅਾਡੰਬਰ ਦਾ ਪੁਜਾਰੀ ਬਣ ਬੈਠਾ ਸੀ। ਉਸ ਸਮੇਂ ਦੇ ਸਮਾਜ ਦੀ ਦਸ਼ਾ ਬੜੀ ਅਚਰਜਮਈ ਸੀ। ਇਕ ਪਾਸੇ ਗਊ ਤੇ ਬ੍ਰਾਹਮਣ ਨੂੰ ਦਰਿਆ ਪਾਰ ਕਰਨ ਲਈ ਟੈਕਸ ਲਾਇਆ ਜਾਂਦਾ ਸੀ, ਦੂਜੇ ਪਾਸੇ ਪਵਿੱਤਰਤਾ ਲਈ ੳੁਸੇ ਗਊ ਦੇ ਗੋਹੇ ਦਾ ਪੋਚਾ ਦਿੱਤਾ ਜਾਂਦਾ ਸੀ। ਪੰਡਤ ਲੋਕ ਇਕ ਪਾਸੇ ਧੋਤੀ ਟਿੱਕਾ ਅਤੇ ਮਾਲਾ ਪਹਿਨਦੇ ਸਨ ਅਤੇ ਦੂਜੇ ਪਾਸੇ ਮੁਸਲਮਾਨਾਂ (ਮਲੇਛਾਂ) ਦੇ ਹੱਥੋਂ ਪਦਾਰਥ ਲੈ ਕੇ ਖਾਂਦੇ ਸਨ। ਬ੍ਰਾਹਮਣ ਅੰਦਰ ਬੈਠ ਕੇ ਪੂਜਾ ਆਦਿ ਕਰਦੇ ਸਨ ਅਤੇ ਬਾਹਰ ਵਿਖਾਵੇ ਵਾਸਤੇ ਰਹਿਣੀ-ਬਹਿਣੀ ਮੁਸਲਮਾਨਾਂ ਵਾਲੀ ਰੱਖਦੇ ਸਨ, ਭਾਵ ਕੁਰਾਨ ਆਦਿ ਪੁਸਤਕਾਂ ਪੜ੍ਹਦੇ ਸਨ। ਗੁਰੂ ਜੀ ਇਸ ਸਾਰੇ ਕਰਮ ਨੂੰ ਪਾਖੰਡ ਦੱਸਦੇ ਹਨ ਅਤੇ ਇਸ ਪਾਖੰਡ ਨੂੰ ਛੱਡ ਕੇ ਨਾਮ ਜਪਣ ’ਤੇ ਜ਼ੋਰ ਦਿੰਦੇ ਹਨ-

ਗਊ ਬਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ।।

ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾ ਖਾਈ।।

ਅੰਤਰ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ।।

ਛੋਡੀਲੈ ਪਾਖੰਡਾ।। ਨਾਮਿ ਲਇਐ ਜਾਹਿ ਤਰੰਦਾ।।

ਉੱਚ ਜਾਤੀ ਦੇ ਹਿੰਦੂ, ਨੀਵੀਂ ਜਾਤੀ ਦੇ ਹਿੰਦੂਆਂ (ਸ਼ੂਦਰਾਂ) ’ਤੇ ਅੱਤਿਆਚਾਰ ਕਰਦੇ ਸਨ। ਸ਼ੂਦਰਾਂ ਨੂੰ ਨੀਚ ਅਤੇ ਘਟੀਆ ਸਮਝਿਆ ਜਾਂਦਾ ਸੀ। ਉਨ੍ਹਾਂ ਲਈ ਵੇਦਾਂ ਅਤੇ ਸ਼ਾਸਤਰਾਂ ਦਾ ਅਧਿਐਨ ਮਨ੍ਹਾ ਸੀ। ਮੰਦਰਾਂ ’ਚ ਜਾਣਾ ਅਤੇ ਸੰਸਕ੍ਰਿਤ ਪੜ੍ਹਨਾ ਵੀ ਮਨ੍ਹਾ ਸੀ। ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਉਸ ਸਮੇਂ ਦੇ ਸਮਾਜ ’ਚ ਜਾਤੀਗਤ ਅਭਿਮਾਨ ਸਿਖਰਾਂ ’ਤੇ ਸੀ ਪਰ ਗੁਰੂ ਜੀ ਉਸ ਸਮੇਂ ਦੇ ਸਮਾਜ ਨੂੰ ਜਾਤ-ਪਾਤ ਤੋਂ ਉੱਪਰ ਉੱਠਣ ਦੀ ਪ੍ਰੇਰਣਾ ਕਰਦੇ ਹਨ-

‘‘ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ।।’’

ਪ੍ਰੋ. ਬਲਦੇਵ ਸਿੰਘ ਬੱਲੂਆਣਾ

 

ਮੋ. 98762-75719

Harinder Kaur

This news is Content Editor Harinder Kaur