ਜਿਥੇ ਬਾਬਾ ਪੈਰੁ ਧਰੈ ਪੂਜਾ ਆਸਣੁ ਥਾਪਣਿ ਸੋਆ

08/11/2019 9:21:00 AM

ਭਾਈ ਗੁਰਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਾਨ ਨੂੰ ਸਮਾਜ ਅੰਦਰ ਫੈਲੇ ਹਨ੍ਹੇਰ ਗਰਦੀ ਅਤੇ ਮੁਕੰਮਲ ਅੰਧਕਾਰ ਦੇ ਯੁੱਗ ਅੰਦਰ ਇਕ ਸ਼ਕਤੀਸ਼ਾਲੀ ਸੂਰਜ ਦੇ ਪ੍ਰਕਾਸ਼ ਵਾਂਗ ਚਿੱਤਰਦੇ ਹਨ। ਨਿਰਸੰਦੇਹ! ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤੀ ਸਮਾਜ ਦੇ ਮਾਧਿਅਮ ਰਾਹੀਂ ਸਾਰੇ ਸੰਸਾਰ ਨੂੰ ਨਵੀਂ ਰੋਸ਼ਨੀ ਨਾਲ ਜਗਮਗਾ ਦਿੱਤਾ। ਭਾਈ ਗੁਰਦਾਸ ਜੀ ਇਸ ਰੋਸ਼ਨੀ ਨੂੰ “ਨਿਰਮਲ ਪੰਥ'' ਦਾ ਨਾਮ ਦਿੰਦੇ ਹਨ ਅਤੇ ਇਸ ਵਰਤਾਰੇ ਬਾਰੇ ਇਉਂ ਲਿਖਦੇ ਹਨ :
ਸਤਿਗੁਰ ਨਾਨਕ ਪਰਗਟਿਆ ਮਿਟੀ ਧੁੰਦ ਜਗੁ ਚਾਨਣੁ ਹੋਆ।

ਜਿਉਂ ਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਪਲੋਆ।
ਸਿੰਘ ਬੁਕੇ ਮਿਰਗਾਬਲੀ ਭੰਨੀ ਜਾਇ ਨ ਧੀਰ ਧਰੋਆ।
ਜਿਥੇ ਬਾਬਾ ਪੈਰੁ ਧਰੈ ਪੂਜਾ ਆਸਣੁ ਥਾਪਣਿ ਸੋਆ।
ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ।


ਭਾਈ ਗੁਰਦਾਸ ਜੀ ਹੋਰ ਕਹਿੰਦੇ ਹਨ ਕਿ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫੈਲੇ ਅੰਧਕਾਰ ਨੂੰ ਮਿਟਾ ਕੇ ਸਾਰੇ ਭਰਮ-ਭੁਲੇਖੇ ਖਤਮ ਕਰ ਦਿੱਤੇ ਅਤੇ ਇਕੋ ਪਾਰਬ੍ਰਹਮ ਬਾਰੇ ਸਹੀ ਜਾਣਕਾਰੀ ਸੰਸਾਰ ਨੂੰ ਦਿੱਤੀ ਉਥੇ ਚਾਰ ਵਰਣਾਂ ਵਿਚ ਵੰਡੀ ਭਾਰਤੀ ਜਨਤਾ ਨੂੰ ਇਕੋ ਥਾਂ ਇਕੱਤਰ ਕਰ ਕੇ ਬਾਦਸ਼ਾਹ ਅਤੇ ਗੁਲਾਮ, ਰਾਜਾ ਅਤੇ ਪਰਜਾ ਅਤੇ ਊਚ-ਨੀਚ ਵਿਚਲਾ ਪਾੜਾ ਮਿਟਾ ਦਿੱਤਾ। ਇਹ ਉਪਦੇਸ਼ ਰੰਗਾਂ, ਨਸਲਾਂ, ਧਰਮਾਂ ਵਿਚ ਵੰਡੇ ਵਿਸ਼ਵ ਦੇ ਹਰ ਮਨੁੱਖ ਮਾਤਰ ਲਈ ਸੀ। ਭਾਈ ਸਾਹਿਬ ਲਿਖਦੇ ਹਨ :

ਪਾਰਬ੍ਰਹਮ ਪੂਰਨ ਬ੍ਰਹਮ ਕਲਿਯੁਗ ਅੰਦਰ ਇਕ ਦਿਖਾਇਆ।
ਚਾਰੇ ਪੈਰ ਧਰਮ ਦੇ ਚਾਰ ਵਰਣ ਇਕ ਵਰਣ ਕਰਾਇਆ।
ਰਾਣਾ ਰੰਕ ਬਰਾਬਰੀ ਪੈਰੀਂ ਪੈਣਾ ਜਗਿ ਵਰਤਾਇਆ।


ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਵਿਚ ਲਿਆ ਅਤੇ ਸਾਰੀ ਲੋਕਾਈ ਦੀ ਕਲਿਆਣਤਾ ਲਈ ਉਪਦੇਸ਼ ਕੀਤਾ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਵਿਸ਼ਵ ਨੂੰ ਇਕ ਮੁਕੰਮਲ ਫਲਸਫਾ ਦਿੱਤਾ ਜਿਸ ਦਾ ਉਦੇਸ਼ ਮਨੁੱਖ ਦੀ ਸੰਪੂਰਨ ਕਾਇਆ ਕਲਪ ਕਰਨਾ ਅਤੇ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਆਰਥਿਕ ਖੇਤਰ ਵਿਚ ਸਰਵਪੱਖੀ ਮੁਕੰਮਲ ਇਨਕਲਾਬ ਲਿਆਉਣਾ ਸੀ। ਗੁਰੂ ਜੀ ਨੇ ਜਿਥੇ ਭਾਰਤੀ ਸਮਾਜ ਦੀ ਸਰਬਪੱਖੀ ਖੋਜ ਕਰ ਕੇ ਇਸ ਵਿਚ ਆਏ ਨਿਘਾਰ ਦੇ ਕਾਰਨ ਅਤੇ ਉਨ੍ਹਾਂ ਦਾ ਸਾਰਥਕ ਹੱਲ ਦੱਸਿਆ ਹੈ, ਉਥੇ ਪਾਰਬ੍ਰਹਮ-ਪਰਮੇਸ਼ਰ ਦੀ ਬੇਅੰਤਤਾ ਅਤੇ ਅਨੰਤਤਾ ਅਤੇ ਕਾਦਰ ਦੀ ਕੁਦਰਤ ਦੀ ਵਿਸ਼ਾਲਤਾ, ਬਹੁਰੰਗੀ ਅਤੇ ਬਹੁਭਾਂਤੀ ਭਿੰਨਤਾ ਅਤੇ ਸਾਰੇ ਜਗਤ ਦੀ ਹੋਂਦ-ਹਸਤੀ, ਆਰੰਭ ਅਤੇ ਵਿਕਾਸ, ਨਿਘਰੇ ਹਾਲਾਤ ਅਤੇ ਉਨ੍ਹਾਂ ਦੇ ਯੋਗ ਹੱਲ ਵੀ ਸਪੱਸ਼ਟ ਰੂਪ ਵਿਚ ਦੱਸੇ ਹਨ। ਸਮੇਂ ਦੇ ਸਾਧਨਾਂ ਨੂੰ ਧਿਆਨ ਵਿਚ ਰਖਦੇ ਹੋਏ ਵੇਖੀਏ ਤਾਂ ਅਸਚਰਜਤਾ ਹੁੰਦੀ ਹੈ ਕਿ ਉਨ੍ਹਾਂ ਨੇ ਬਹੁਤ ਦੂਰ-ਦੂਰ ਤਕ ਜਾ ਕੇ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ। ਉਨ੍ਹਾਂ ਦੀ ਵਿਚਾਰਧਾਰਾ ਇੰਨੀ ਸ਼ਕਤੀਸ਼ਾਲੀ ਸੀ ਕਿ ਇਹ ਤਿੰਨ ਸਦੀਆਂ ਤੋਂ ਵੀ ਵੱਧ ਸਮਾਂ ਨਿਰੰਤਰ ਵਿਕਾਸਸ਼ੀਲ ਤੇ ਸੰਘਰਸ਼ਸ਼ੀਲ ਰਹੀ ਹੈ। ਸਮੇਂ ਤੇ ਸਥਾਨ ਕਰ ਕੇ ਕਿਸੇ ਵੀ ਹੋਰ ਗੁਰੂ ਪੀਰ ਪੈਗੰਬਰ ਦਾ ਇਤਿਹਾਸ ਇੰਨਾਂ ਵਿਸ਼ਾਲ ਅਤੇ ਸੰਘਰਸ਼ਪੂਰਨ ਨਹੀਂ ਹੈ। ਭਾਈ ਗੁਰਦਾਸ ਜੀ ਜਦੋਂ ਗੁਰੂ ਜੀ ਵਲੋਂ ਅਰੰਭੇ ਸੰਘਰਸ਼ ਦੇ ਮਹਾਨ ਮਨੋਰਥ ਦਾ ਵਰਨਣ ਕਰਦੇ ਹਨ ਤਾਂ ਉਹ ਬਹੁਤ ਠੀਕ ਲਿਖਦੇ ਹਨ :

ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ।
ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ।
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ। (ਭਾ.ਗੁ.)


ਗੁਰੂ ਨਾਨਕ ਦੇਵ ਜੀ ਦਾ ਜਨਮ ਵਿਸਾਖ ਸੁਦੀ ੩, ਸੰਮਤ ੧੫੨੬ (15 ਅਪ੍ਰੈਲ, 1469 ਈ:) ਨੂੰ ਪਿਤਾ ਮਹਿਤਾ ਕਾਲੂ ਜੀ ਤਥਾ ਕਲਿਆਣ ਚੰਦ ਜੀ ਦੇ ਗ੍ਰਹਿ ਅਤੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਰਾਏ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ ਪੱਛਮੀ ਪਾਕਿਸਤਾਨ) ਵਿਖੇ ਹੋਇਆ। ਗੁਰੂ ਜੀ ਨੇ ਲੀਰੋ-ਲੀਰ ਹੋਏ-ਹੋਏ ਸੰਸਾਰ ਨੂੰ ਇਕ ਕਰਤੇ ਦੀ ਰਚਨਾ ਦੱਸਦਿਆਂ ਮਨੁੱਖੀ ਬਰਾਬਰੀ ਦੀ ਨੀਂਹ ਰੱਖੀ। ਉਨ੍ਹਾਂ ਦੀ ਵਿਚਾਰਧਾਰਾ ਦੀ ਬੁਨਿਆਦ ਕਿਰਤ ਕਰਨੀ, ਵੰਡ ਛਕਣਾ ਅਤੇ ਨਾਮ ਜਪਣਾ, ਪਰਮਾਤਮਾ ਦੀ ਸਰਬ-ਵਿਆਪਕਤਾ, ਰੱਬੀ ਏਕਤਾ, ਸਹਿਹੋਂਦ ਅਤੇ ਸਦਭਾਵਨਾ, ਮਾਨਵੀ ਕਦਰਾਂ-ਕੀਮਤਾਂ ਅਤੇ ਮਨੁੱਖੀ ਬਰਾਬਰੀ, ਸੇਵਾ ਅਤੇ ਸਿਮਰਨ ਦੇ ਸੁਨਹਿਰੀ ਸਿਧਾਂਤਾਂ 'ਤੇ ਆਧਾਰਤ ਹੈ। ਭਾਰਤੀ ਧਰਮ ਦਰਸ਼ਨ ਦਾ ਵਿਕਾਸ ਵੱਖ-ਵੱਖ ਵਿਚਾਰਧਾਰਾਵਾਂ ਦੇ ਰਿਸ਼ੀਆਂ ਮੁਨੀਆਂ, ਸਾਧਕਾਂ, ਆਚਾਰੀਆਂ ਤੇ ਭਗਤੀ ਲਹਿਰਾਂ ਰਾਹੀਂ ਹੋਇਆ ਹੈ।ਅਕਾਲ-ਪੁਰਖ ਦੇ ਮਨੋਕਲਪਿਤ ਅਨੇਕ ਸਰੂਪਾਂ ਦੀ ਬਹੁ ਪ੍ਰਕਾਰੀ ਪੂਜਾ-ਅਰਚਨਾ, ਅਨੇਕ ਪ੍ਰਕਾਰ ਦੀ ਸਾਧਨਾ, ਭੇਖਾਂ ਅਤੇ ਸਿਧਾਂਤਕ ਵਾਦ-ਵਿਵਾਦ ਨੇ ਧਰਮ ਦੀ ਗੁੱਥੀ ਇੰਨੀ ਗੁੰਝਲਦਾਰ ਕਰ ਦਿੱਤੀ ਸੀ ਕਿ ਸਾਧਾਰਨ ਮਨੁੱਖ ਲਈ ਧਰਮ ਨੂੰ ਸਮਝਣਾ ਅਸੰਭਵ ਹੋ ਗਿਆ ਸੀ। ਇਕ ਸਾਧਾਰਨ ਵਿਅਕਤੀ ਲਈ ਧਰਮ ਸਿਰਫ ਕਰਮ-ਕਾਂਡ, ਵਿਖਾਵਾ ਅਤੇ ਧਾਰਮਿਕ ਚਿੰਨ੍ਹਾਂ ਤਕ ਹੀ ਸੀਮਤ ਨਹੀਂ ਰਹਿ ਗਿਆ ਸੀ ਸਗੋਂ ਧਰਮ ਇਕ ਗਰੀਬ, ਕਿਰਤੀ ਅਤੇ ਗ੍ਰਹਿਸਥੀ ਦੇ ਸ਼ੋਸ਼ਣ ਦਾ ਹੀ ਇਕ ਸਾਧਨ ਬਣ ਗਿਆ ਸੀ। ਸਮਾਜਿਕ ਤੌਰ 'ਤੇ ਹਿੰਦੁਸਤਾਨ ਦੇ ਲੋਕ ਜਾਤ-ਪਾਤ, ਊਚ-ਨੀਚ ਅਤੇ ਛੂਤ-ਛਾਤ ਦੇ ਭੇਦ-ਭਾਵ ਦੇ ਵਿਚਾਰਾਂ ਵਿਚ ਗ੍ਰਸੇ ਹੋਏ ਸਨ ਅਤੇ ਸਮਾਜ ਤਥਾ ਸੰਸਾਰ ਦੇ ਲੋਕਾਂ ਦੇ ਵੱਖ-ਵੱਖ ਧਰਮਾਂ ਕਾਰਨ ਰੱਬ ਵੀ ਵੱਖੋ-ਵੱਖਰਾ ਹੀ ਸੀ। ਹਰ ਇਕ ਦਾ ਆਪਣਾ ਰੱਬ ਵੱਡਾ ਅਤੇ ਸੱਚਾ ਪਰੰਤੂ ਦੂਜੇ ਫਿਰਕੇ ਜਾਂ ਧਰਮ ਵਾਲਿਆਂ ਦਾ ਰੱਬ ਛੋਟਾ ਅਤੇ ਕੱਚਾ ਹੀ ਸਮਝਿਆ ਜਾਂਦਾ ਸੀ। ਇਸ ਤਰ੍ਹਾਂ ਸੰਸਾਰ ਨੇ ਰੱਬੀ ਏਕਤਾ ਵੀ ਲੀਰੋ-ਲੀਰ ਕਰ ਦਿੱਤੀ। ਭਾਰਤ ਅੰਦਰ ਵੀ ਪਰਮਾਤਮਾ ਅਤੇ ਸਮਾਜ ਦੋਵੇਂ ਲੀਰੋ-ਲੀਰ ਹੋਏ-ਪਏ ਸਨ। ਇਸ ਤੋਂ ਇਲਾਵਾ ਇਸਲਾਮੀ ਰਾਜ ਨੇ ਹਾਲਾਤ ਹੋਰ ਵੀ ਵਿਗਾੜ ਦਿੱਤੇ ਸਨ। ਸਾਰੇ ਸਮਾਜ ਵਿਚ ਪਾਖੰਡੀ ਤੇ ਦੰਭੀ ਲੋਕਾਂ ਦਾ ਬੋਲ-ਬਾਲਾ ਸੀ ਅਤੇ ਪੁਜਾਰੀਵਾਦ ਭਾਰੂ ਸੀ “ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੇ£ ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ£'' (੫੬੩) ਵਾਲੀ ਅਵਸਥਾ ਬਣੀ ਹੋਈ ਸੀ। ਗੁਰੂ ਨਾਨਕ ਦੇਵ ਜੀ ਨੇ ਆਪ ਆਪਣੀ ਬਾਣੀ ਵਿਚ ਵੀ ਉਸ ਵੇਲੇ ਦੇ ਹਾਲਾਤ ਦਾ ਵਰਣਨ ਕੀਤਾ ਹੈ। ਉਨ੍ਹਾਂ ਨੇ ਦਸਿਆ ਹੈ ਕਿ ਕਾਜੀ, ਬ੍ਰਾਹਮਣ ਤੇ ਜੋਗੀ ਤਿੰਨੇ ਵਰਗ ਸਮਾਜ ਤੇ ਹਾਵੀ ਸਨ ਅਤੇ ਲੋਕਾਂ ਨੂੰ ਭਰਮ ਜਾਲ ਵਿਚ ਫਸਾ ਕੇ ਲੁੱਟ-ਖਸੁੱਟ ਕਰ ਰਹੇ ਸਨ। ਇਸਦੇ ਨਾਲ ਹੀ ਹਾਕਮ ਸ਼੍ਰੇਣੀ ਅਤੇ ਉਨ੍ਹਾਂ ਦੇ ਅਹਿਲਕਾਰ ਅਤੇ ਅਧਿਕਾਰੀ ਵੀ ਲੋਕ ਹਿੱਤਾਂ ਦਾ ਖਿਆਲ ਰਖਣ ਦੀ ਬਜਾਏ ਲੋਕਾਂ ਦੀ ਲੁੱਟ-ਖਸੁੱਟ, ਜ਼ੁਲਮ ਅਤੇ ਤਸ਼ੱਦਦ ਕਰ ਰਹੀ ਸੀ। ਗੁਰੂ ਜੀ ਨੇ ਫੁਰਮਾਇਆ ਹੈ।

ਕਾਦੀ ਕੂੜੁ ਬੋਲ ਮਲਿ ਖਾਇ। ਬ੍ਰਾਹਮਣੁ ਨਾਵੈ ਜੀਆ ਘਾਇ।
ਜੋਗੀ ਜੁਗਤਿ ਨ ਜਾਣੈ ਅੰਧੁ। ਤੀਨੇ ਓਜਾੜੇ ਕਾ ਬੰਧੁ। (੬੬੨)
ਰਾਜੇ ਸੀਹ ਮੁਕਦਮ ਕੁੱਤੇ £ ਜਾਇ ਜਗਾਇਨਿ ਬੈਠੇ ਸੁਤੇ ।
ਚਾਕਰ ਨਹਦਾ ਪਾਇਨਿ ਘਾਉ £ ਰਤੁ ਪਿਤੁ ਕੁਤਿਹੋ ਚਟਿ ਜਾਹੁ । (੧੨੮੮)


ਗੁਰੂ ਨਾਨਕ ਦੇਵ ਜੀ ਨੇ ਜਿੰਨੀ ਵਿਸ਼ਾਲਤਾ, ਡੂੰਘਾਈ ਤੇ ਦਲੇਰੀ ਨਾਲ ਮਨੁੱਖਤਾ ਨੂੰ ''ਸਚ ਧਰਮ'' ਦਾ ਗਿਆਨ ਕਰਵਾਇਆ ਹੈ ਉਸ ਤੋਂ ਨਿਰੰਕਾਰ ਨਾਲ ਉਨ੍ਹਾਂ ਦੀ ਅਭੇਦਤਾ ਦਾ ਪ੍ਰਤੱਖ ਪ੍ਰਮਾਣ ਮਿਲਦਾ ਹੈ। ਉਹ ਮੋਹ ਮਾਇਆ ਤੋਂ ਨਿਰਲੇਪ ਨਿਰੰਕਾਰ ਦਾ ਰੂਪ ਹੋ ਕੇ ਜਗਤ ਵਿਚ ਵਿਚਰੇ। ਇਸ ਬਾਰੇ ਭਾਈ ਗੁਰਦਾਸ ਜੀ, ਕੀਰਤ ਭੱਟ ਤੇ ਭਾਈ ਨੰਦ ਲਾਲ ਜੀ ਨੇ ਇਸ ਤਰ੍ਹਾਂ ਵਰਣਨ ਕੀਤਾ ਹੈ।

੧. ਫਿਰਿ ਬਾਬਾ ਗਿਆ ਬਗਦਾਦ ਨੋ ਬਾਹਰ ਜਾਇ ਕੀਆ ਅਸਥਾਨਾ।
ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। (ਭਾ.ਗੁ.)
੨. ਆਪ ਨਾਰਾਇਣ ਕਲਾ ਧਾਰਿ ਜਗ ਮਹਿ ਪਰਵਰਿਯਉ।
ਨਿਰੰਕਾਰ ਆਕਾਰ ਜੋਤਿ ਜਗ ਮੰਡਲ ਕਰਿਯਉ। (੧੩੯੫)
੩. ਗੁਰੂ ਨਾਨਕ ਆਮਦ ਨਾਰਾਇਣ ਸਰੂਪ।
ਹੁਮਾਨਾ ਨਿਰੰਜਨ ਨਿਰੰਕਾਰ ਰੂਪ। (ਭਾਈ ਨੰਦ ਲਾਲ)


ਉਸ ਵੇਲੇ ਦੇ ਸਮਾਜ ਅਤੇ ਧਰਮ ਵਿਚ ਦਿਖਾਵੇ ਤੇ ਫਿਰਕਾਪ੍ਰਸਤੀ ਦਾ ਜ਼ੋਰ ਸੀ। ਮਨੁੱਖ ਜਾਤੀ ਵਿਚੋਂ ਮਾਨਵਤਾ ਦਾ ਅੰਸ਼ ਅਲੋਪ ਹੋ ਗਿਆ ਸੀ। ਗੁਰੂ ਜੀ ਨੇ ਸਭ ਤੋਂ ਪਹਿਲਾ ਸੰਦੇਸ਼ ਇਹ ਦਿੱਤਾ ਕਿ ਸਾਰੇ ਲੋਕ ਆਪਣੇ ਆਪ ਨੂੰ ਧਰਮਾਂ, ਵਰਨਾਂ ਜਾਂ ਜਾਤਾਂ ਵਿਚ ਵੰਡ ਕੇ ਵੇਖਣ ਦੀ ਥਾਂ ਇਕ ਪਿਤਾ-ਪਰਮਾਤਮਾ ਦੀ ਸੰਤਾਨ-ਮਾਨਵ-ਇਨਸਾਨ ਦੇ ਰੂਪ ਵਿਚ ਵੇਖਣ। ਇਸੇ ਲਈ ਹੀ ਸੁਲਤਾਨਪੁਰ ਲੋਧੀ ਵਿਚ ਉਨ੍ਹਾਂ ਨੇ ਬੁਲੰਦ ਅਵਾਜ਼ ਵਿਚ ਇਹ ਐਲਾਨ ਕੀਤਾ।

ਨਾ ਕੋ ਹਿੰਦੂ ਨਾ ਕੋ ਮੁਸਲਮਾਨ।

ਅਤੇ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਰੱਬ ਬਾਰੇ ਇਉਂ ਕਿਹਾ, “ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ '' (੩੯੭) ਇਸ ਤਰ੍ਹਾਂ ਉਨ੍ਹਾਂ ਨੇ ਪਰਮਾਤਮਾ ਦੇ ਵੱਖਰੇ-ਵੱਖਰੇ ਸਰੂਪਾਂ ਤੇ ਸੰਕਲਪ ਦੇ ਟਾਕਰੇ ਤੇ ਇਕੋ ਸਰਬਵਿਆਪਕ ਸਤਿ, ਅਕਾਲ ਪੁਰਖ ਤੇ ਜੂਨੀ ਰਹਿਤ ਨਿਰਾਕਾਰ, ਨਿਰਭਉ, ਨਿਰਵੈਰ, ਕਾਲ ਰਹਿਤ, ਅਸ਼ੀਮ ਅਤੇ ਬ੍ਰਹਿਮੰਡ ਦੇ ਸਿਰਜਨਹਾਰ, “ਸਗਲ ਭਵਨ ਕਾ ਨਾਇਕ'', ਸਵੈ-ਪ੍ਰਕਾਸ਼ ਪਰਮਾਤਮਾ ਅਤੇ ਸਰਬ ਵਿਆਪਕ ਰੱਬ ਦੀ ਹੋਂਦ ਦਾ ਗਿਆਨ ਦਿੱਤਾ। ਵੱਖ ਵੱਖ ਪੂਜਾ ਅਸਥਾਨਾਂ ਨੂੰ ਮਹੱਤਵ ਦੇਣ ਦੀ ਥਾਂ ਸਾਰੇ ਜਗਤ ਨੂੰ ਪਰਮਾਤਮਾ ਦੀ ਕੋਠੜੀ ਕਿਹਾ ਹੈ। ਸਤਿਗੁਰੂ ਤਾਂ ਪਰਮਾਤਮਾ ਅੱਗੇ ਬੇਨਤੀ ਹੀ ਇਹ ਕਰਦੇ ਹਨ ਕਿ “ਸਾਨੂੰ ਇਹ ਸੋਝੀ ਬਖਸ਼ੋ ਕਿ ਸਭ ਦਾ ਸਿਰਜਨਹਾਰਾ ਅਤੇ ਪ੍ਰਿਤਪਾਲਕ ਇਕੋ ਅਕਾਲ ਪੁਰਖ ਹੈ ਅਤੇ ਉਹ ਸਾਨੂੰ ਵਿਸਰ ਨਾ ਜਾਇ'' ਫੁਰਮਾਨ ਹੈ :

ਗੁਰਾ ਇਕ ਦੇਹਿ ਬੁਝਾਈ।
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ। (ਜਪੁ ਜੀ ਸਾਹਿਬ)


ਪਰਮਾਤਮਾ ਦੇ ਸਬੰਧ ਵਿਚ ਗੁਰੂ ਜੀ ਨੇ ਅਵਤਾਰਵਾਦ, ਮੂਰਤੀ ਪੂਜਾ ਤੇ ਕਰਮ ਕਾਂਡ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਸਦੀ ਪੂਜਾ ਹਿਰਦੇ ਵਿਚ ਹੀ ਹੋ ਸਕਦੀ ਹੈ ਬਾਹਰੀ ਸਾਧਨਾਂ ਨਾਲ ਨਹੀਂ। ਮੂਲ-ਮੰਤਰ ਵਿਚ ਹੀ ਸਪਸ਼ਟ ਕਰਦਿਆਂ “ਸੈਭੰ'' ਲਿਖਿਆ ਹੈ ਅਤੇ “ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ£'' (੪੭੩) ਦਾ ਨਾਅਰਾ ਦਿੱਤਾ।

ਮਨ ਮਹਿ ਜੋਤਿ ਜੋਤਿ ਮਹਿ ਮਨੂਆ ਪੰਚ ਮਿਲੇ ਗੁਰ ਭਾਈ। (੮੭੯)
ਤੇਰੀ ਮੂਰਤਿ ਏਕਾ ਬਹੁਤੁ ਰੂਪ £ ਕਿਸੁ ਪੂਜ ਚੜਾਵਉ ਦੇਉ ਧੂਪ (੧੧੬੮)


ਸਤਿਗੁਰੂ ਜੀ ਵਿਸ਼ਵ ਨੂੰ ਉਸ ਪਾਰਬ੍ਰਹਮ ਪਰਮੇਸ਼ਰ ਬਾਰੇ ਗਿਆਨ ਕਰਾਉਂਦੇ ਹਨ ਕਿ ਵਿਸ਼ਵ ਦੀ ਕੋਈ ਵੀ ਸ਼ਕਤੀ ਉਸ ਨੂੰ ਨਾ ਤਾਂ ਸਥਾਪਤ ਅਤੇ ਸਥਿਰ ਕਰ ਸਕਦੀ ਹੈ ਅਤੇ ਨਾ ਹੀ ਉਸ ਨੂੰ ਬਣਾ ਸਕਦੀ ਹੈ ਸਗੋਂ ਉਹ ਸਵੈ ਤੋਂ ਹੀ ਪ੍ਰਕਾਸ਼ਮਾਨ ਹੈ–ਹਰ ਜ਼ਰੇ ਵਿਚ ਸੁਭਾਇਮਾਨ ਹੈ। ਗੁਰ ਫੁਰਮਾਨ ਹੈ:-

ਥਾਪਿਆ ਨ ਜਾਇ ਕੀਤਾ ਨ ਹੋਇ£ ਆਪੇ ਆਪਿ ਨਿਰੰਜਨੁ ਸੋਇ। (ਜਪੁ ਜੀ ਸਾਹਿਬ)

ਗੁਰੂ ਜੀ ਸਪਸ਼ਟ ਕਰਦੇ ਹਨ ਕਿ ਉਹ ਪਰਮਾਤਮਾ ਸਰਬ ਗੁਣ ਸੰਪੰਨ ਹੈ ਅਤੇ ਸਾਰੇ ਚੰਗੇ-ਮਾੜੇ ਜੀਵਾਂ ਨੂੰ ਗੁਣ ਬਖਸ਼ਦਾ ਹੈ ਪਰੰਤੂ ਹੋਰ ਕੋਈ ਐਸੀ ਸ਼ਕਤੀ ਨਹੀਂ ਹੈ ਜੋ ਉਸ ਅਕਾਲ ਪੁਰਖ ਨੂੰ ਕੋਈ ਗੁਣ ਜਾਂ ਸ਼ਕਤੀ ਦੇ ਸਕੇ:-

ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ।
ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ।(ਜਪੁ ਜੀ ਸਾਹਿਬ)

ਪ੍ਰੋ: ਕਿਰਪਾਲ ਸਿੰਘ ਬਡੂੰਗਰ,
- 9915805100

Baljeet Kaur

This news is Content Editor Baljeet Kaur