ਬਾਬੇ ਨਾਨਕ ਦਾ ਕਰਤਾਰਪੁਰ ਜਾਂ ਇੱਕ ਹੋਰ ਵਾਹਗਾ ਅਟਾਰੀ?

10/14/2019 10:33:14 AM

ਬਾਬੇ ਨਾਨਕ ਦਾ ਕਰਤਾਰਪੁਰ ਜਾਂ ਇੱਕ ਹੋਰ ਵਾਹਗਾ ਅਟਾਰੀ?

 

14 ਜੁਲਾਈ 2019 ਨੂੰ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ 12 ਨਵੰਬਰ ਨੂੰ ਖੁੱਲ੍ਹਣ ਵਾਲੇ ਕਰਤਾਰਪੁਰ ਲਾਂਘੇ ਨੂੰ ਦੋ ਕੁ ਬਾਰ ਨਾਕਾਮ ਰਹਿ ਚੁੱਕੇ ਗੱਲਬਾਤ ਦੇ ਦੌਰ ਤੋਂ ਬਾਅਦ ਦੂਜੀ ਵਾਰ ਇਸ ਦੇ ਇੰਤਜ਼ਾਮਾਤ ਦੇ ਸਬੰਧ ਵਿੱਚ ਮੀਟਿੰਗ ਕੀਤੀ।

ਉਸ ਦਿਨ ਦੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਪੜ੍ਹ ਕੇ ਬੰਦਾ ਹੈਰਤ ਵਿੱਚ ਪੈ ਜਾਂਦਾ ਹੈ ਕਿ ਕੀ ਦੋਵਾਂ ‘ਚੋਂ ਕਿਸੇ ਵੀ ਦੇਸ਼ ਨੂੰ ਇਸ ਗੱਲ ਦੀ ਪਰਵਾਹ ਹੈ ਕਿ ਬਾਬੇ ਨਾਨਕ ਦੇ ਕਰਤਾਰਪੁਰ ਦਾ ਆਦਰਸ਼ ਕੀ ਸੀ? ਦੁਪਾਸੀਂ ਖੇਡੀ ਜਾ ਰਹੀ ਸਿਆਸਤ ਤੋਂ ਲੈ ਕੇ ਸੁਰਖ਼ੀਆਂ ਲਿਖੇ ਜਾਣ ਤੱਕ ਦੇ ਅਮਲ ਤੋਂ ਜਾਪਦਾ ਹੈ ਕਿ ਕਰਤਾਰਪੁਰ ਲਾਂਘਾ ਇੱਕ ਹੋਰ ਅਟਾਰੀ-ਵਾਹਗਾ ਬਾਰਡਰ ਬਣਨ ਦੇ ਰਾਹ ਤੇ ਹੈ।

ਕਿਹਾ ਜਾਂਦਾ ਹੈ ਕਿ ਇੱਕ ਤਸਵੀਰ ਸੈਂਕੜੇ ਸ਼ਬਦਾਂ ਜਿੰਨੀ ਸਮਰੱਥਾ ਰੱਖਦੀ ਹੈ। ਤੁਸੀਂ ਬਸ ਗੱਲ ਬਾਤ ਦੀ ਮੇਜ਼ ਤੋਂ ਇਸ ਤਸਵੀਰ ਤੇ ਨਿਗ੍ਹਾ ਮਾਰਨੀ ਹੈ। ਸਹੁੰ ਖਾਣ ਜੋਗਾ ਇੱਕ ਵੀ ਸਿੱਖ ਨਜ਼ਰ ਨਹੀਂ ਆਵੇਗਾ। ਵਿਦੇਸ਼ੀ ਸਿੱਖ ਸੰਸਥਾਵਾਂ ਵੱਲੋਂ ਪਿਛਲੇ ਨੌਂ ਮਹੀਨਿਆਂ ਤੋਂ ਕਰਤਾਰਪੁਰ ਵਿੱਚ ਵਿਰਸੇ ਦੀ ਸੰਭਾਲ ਬਾਰੇ ਕੀਤੀ ਜਾ ਰਹੀ ਮੰਗ ਉੱਪਰ ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਸਿੱਖਾਂ ਨਾਲ ਬਾਕਾਇਦਗੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਉਹ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਹਵਾਲਾ ਦਿੰਦੇ ਹਨ। 27000 ਪਾਕਿਸਤਾਨੀ ਸਿੱਖ ਦੁਨੀਆ ਭਰ ਵਿੱਚ ਵੱਸਦੇ ਦੋ ਕਰੋੜ ਸੱਤਰ ਲੱਖ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰ ਸਕਦੇ ਅਤੇ ਨਾ ਹੀ ਉਹ ਦਸ ਕਰੋੜ ਨਾਨਕ ਨਾਮ ਲੇਵਾ ਲੋਕਾਂ ਦੇ ਪ੍ਰਤੀਨਿਧ ਹਨ। ਐਨੀ ਘੱਟ ਗਿਣਤੀ ਉੱਪਰ ਕੋਈ ਦੁਨੀਆ ਭਰ ਵਿੱਚ ਫੈਲੇ ਸਿੱਖਾਂ ਦੀਆਂ ਸੱਧਰਾਂ ਦੀ ਨੁਮਾਇੰਦਗੀ ਲਈ ਕਿਵੇਂ ਨਿਰਭਰ ਕਰ ਸਕਦਾ ਹੈ ਜਿਹਨਾਂ ਦੇ ਨੁਮਾਇੰਦੇ ਪਾਕਿਸਤਾਨ ਸਰਕਾਰ ਵਿੱਚ ਵੀ ‘ਅਕ਼ਲੀਅਤ’ (ਘੱਟ ਗਿਣਤੀ)ਵਾਲੇ ਕੋਟੇ ਵਿੱਚ ਚੁਣੇ ਜਾਂਦੇ ਹੋਣ? ਫਿਰ ਇਸ ਅਜ਼ੀਮ ਵਿਰਾਸਤ ਦੀ ਸੰਭਾਲ ਤਾਂ ਬਹੁਤ ਦੂਰ ਦੀ ਗੱਲ ਹੈ। ਵਿਦੇਸ਼ੀਂ ਵੱਸਦੇ ਸਿੱਖਾਂ (ਡਾਇਆਸਪੋਰਾ) ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਕਿਸੇ ਕਿਸਮ ਦੀ ਵਿਉਂਤਬੰਦੀ ਜਾਂ ਗੱਲਬਾਤ ਵਿੱਚੋਂ ਨਦਾਰਦ ਹੈ ਜਿਹਨਾਂ ਦੇ ਡਾਲਰਾਂ ਨੂੰ ਹਾਸਲ ਕਰਨ ਲਈ ਪਾਕਿ ਸਰਕਾਰ ਉਹਨਾਂ ਨੂੰ ਧਾਰਮਿਕ ਸੈਰਸਪਾਟਾ ਵਿਕਸਤ ਕਰਨ ਦੇ ਖ਼ਾਬ ਦਿਖਾਉਂਦੀ ਹੈ।

ਪਹਿਲੀ ਸੁਰਖ਼ੀ ਵਿੱਚ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਵਿਖੇ ਹਵਾਈ ਅੱਡੇ ਵਰਗੇ 500 ਕਰੋੜ ਦੀ ਲਾਗਤ ਵਾਲੇ ਟਰਮੀਨਲ ਦੀ ਉਸਾਰੀ ਦੀ ਬਾਤ ਪਾਉਂਦੀ ਹੈ ਅਤੇ ਦੱਸਦੀ ਹੈ ਕਿ ਕੌਮਾਂਤਰੀ ਸਰਹੱਦ ਤੇ ਇੱਕ 300 ਫੁੱਟ ਉੱਚਾ ਕੌਮੀ ‘‘ਯਾਦਗਾਰੀ ਝੰਡਾ’’ ਸਥਾਪਤ ਕੀਤਾ ਜਾਵੇਗਾ। ਇੱਕ ਭੜਕੀਲਾ ਜਿਹਾ ਆਈਨਾ ਅਤੇ ਲੋਹੇ ‘ਤੇ ਪੱਥਰ ਦੇ ਬਣੇ ਢਾਂਚੇ ਉੱਪਰ ਗੱਡਿਆ ਬੁਲੰਦ ਝੰਡਾ ਨਾ ਤਾਂ ਇਸ ਮੁਕੱਦਸ ਥਾਂ ਦੀ ਨੁਮਾਇੰਦਗੀ ਕਰਦਾ ਹੈ ਅਤੇ ਨਾ ਹੀ ਗੁਰੂ ਕਾਲ ਜਾਂ ਉੱਤਰ-ਗੁਰੂ ਕਾਲ ਦੀ ਵਿਰਾਸਤੀ ਭਵਨ ਉਸਾਰੀ ਕਲਾ ਦੀ।

ਕਰਤਾਰਪੁਰ ਦੇ ਦਰਬਾਰ ਸਾਹਿਬ ਵਾਲੇ ਨਿਸ਼ਾਨ ਸਾਹਿਬ ਨਾਲੋਂ ਉੱਚਾ 300 ਫੁੱਟ ਦਾ ਝੰਡਾ ਇਸ ਰੂਹਾਨੀ ਥਾਂ ਲਈ ਢੁੱਕਵਾਂ ਨਹੀਂ ਹੈ ਅਤੇ ਨਾ ਅਜ਼ੀਮ ਗੁਰੂ ਦੇ ਚਰਨਾਂ ਵਿੱਚ ਝੁਕ ਕੇ ਸ਼ਰਧਾ ਜਾਂ ਸਨਮਾਨ ਅਰਪਣ ਕਰਨ ਦਾ ਇਹ ਸਬੱਬ ਹੈ। ਹੁਣ ਜੇ ਪਾਕਿਸਤਾਨ ਸਰਕਾਰ ਆਪਣਾ ਝੰਡਾ ਨਿਸ਼ਾਨ ਸਾਹਿਬ ਨਾਲੋਂ ਉੱਚਾ ਲਾਉਂਦੀ ਹੈ ਤਾਂ ਇਹ ਸਿੱਖਾਂ ਦੀ ਨਾਖ਼ੁਸ਼ੀ ਮੁੱਲ ਲਵੇਗੀ ਅਤੇ ਜੇ ਨੀਵਾਂ ਰੱਖਦੀ ਹੈ ਤਾਂ ਇਹ ਭਾਰਤ ਤੋਂ ਇਸ ਅਟਾਰੀ-ਵਾਹਗਾ ਨੁਮਾ ਮੁਕਾਬਲੇ ਵਿੱਚ ਸ਼ਿਕਸਤ ਖਾਣ ਵਾਲੀ ਗੱਲ ਹੋਵੇਗੀ।ਗੁਰੂ ਨਾਨਕ ਦਾ ਰਾਹ ਅਤੇ ਉਹਨਾਂ ਦਾ ਫਲਸਫਾ ਤਾਂ ਇਸ ਦੌਰ 'ਚ ਭਾਈਚਾਰੇ ਦੀ ਬੁਨਿਆਦੀ ਆਸ ਹੈ।ਸੋ ਅਜਿਹੀ ਮੁਕੱਦਸ ਥਾਂ ਨੂੰ ਰੂਹਾਨੀ ਅਧਿਆਤਮ ਦੇ ਨਜ਼ਰੀਏ ਤੋਂ ਤਰਾਸ਼ਨਾ ਚਾਹੀਦਾ ਹੈ ਬਿਨਾਂ ਕਿਸੇ ਰਾਸ਼ਟਰੀ ਪਛਾਣ ਦੇ,ਇਹ ਭਾਰਤ ਅਤੇ ਪਾਕਿਸਤਾਨ ਦੋਵੇਂ ਸਮਝਣ ਤਾਂ ਵੱਡੀ ਗੱਲ ਹੋਵੇਗੀ।

ਉਸੇ ਦਿਨ ਦੀ ਦੂਸਰੀ ਸੁਰਖ਼ੀ ਕਹਿੰਦੀ ਹੈ, ‘‘ਪਾਕਿਸਤਾਨ ਰੋਜ਼ਾਨਾ 5000 ਸ਼ਰਧਾਲੂਆਂ ਨੂੰ ਵੀਜ਼ਾ-ਮੁਕਤ ਦਾਖ਼ਲਾ ਦੇਣ ਲਈ ਰਾਜ਼ੀ।’’

ਭਾਰਤ ਪਾਕਿਸਤਾਨ ਦੀ ਸ਼ੁਰੂ ਸ਼ੁਰੂ ਵਿੱਚ ਰੋਜ਼ਾਨਾ 500 ਤੋਂ 750 ਸ਼ਰਧਾਲੂਆਂ ਨੂੰ ਲਾਂਘਾ ਦੇਣ ਦੀ ਇਸ ਦਰਿਆਦਿਲੀ ਤੇ ਨਾਰਾਜ਼ਗੀ ਦਿਖਾਉਂਦਾ ਰਿਹਾ ਜਿਸ ਵਿੱਚ ਇਰਾਦਾ ਆਉਂਦੇ ਸਾਲਾਂ ਵਿੱਚ ਇਸ ਸਹੂਲਤ ਨੂੰ ਵਧਾ ਦੇਣ ਦਾ ਸੀ। ਭਾਰਤ ਚਾਹੁੰਦਾ ਸੀ ਕਿ ਪਾਕਿਸਤਾਨ ਫ਼ੌਰੀ ਤੌਰ ਤੇ ਰੋਜ਼ਾਨਾ 10000 ਸੈਲਾਨੀਆਂ ਨੂੰ ਇਜਾਜ਼ਤ ਦੇਵੇ ਅਤੇ ਖ਼ਾਸ ਮੌਕਿਆਂ ਤੇ ਇਹ ਗਿਣਤੀ ਵਧਾਵੇ ਵੀ।

ਪਾਕਿਸਤਾਨ ਇੱਕ ਵਾਰ ਲਿਫ਼ ਗਿਆ ਹੈ ਤਾਂ ਕਿ ਗੱਲਬਾਤ ਦਾ ਸਿਲਸਿਲਾ ਠੱਪ ਨਾ ਹੋਵੇ ਅਤੇ 5000 ਸ਼ਰਧਾਲੂ ਆਮ ਦਿਨਾਂ ਵਿੱਚ ਅਤੇ ਅਤੇ ਖ਼ਾਸ ਮੌਕਿਆਂ ਤੇ ਇਹ ਗਿਣਤੀ ਵਧਾਉਣ ਲਈ ਸਹਿਮਤ ਹੋ ਗਿਆ ਹੈ। ਪਾਕਿਸਤਾਨ ਇਹ ਲਾਂਘਾ ਸਿੱਖਾਂ ਵਾਸਤੇ ਹੀ ਨਹੀਂ ਬਲਕਿ ਸਾਰੇ ਧਰਮਾਂ ਦੇ ਬੰਦਿਆਂ ਲਈ ਖੋਹਲਣ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰ ਰਿਹਾ ਹੈ।

ਇਸੇ ਦੌਰਾਨ ਵਾਤਾਵਰਨ ਵਿਗਿਆਨੀ ਅਤੇ ਸਿਆਣੇ ਸਮਝਦਾਰ ਸਿੱਖ ਲਾਂਘਾ ਬਣਨ ਦੇ ਫਲਸਰੂਪ ਕਰਤਾਰਪੁਰ ਦੀ ਆਬੋ ਹਵਾ ਨੂੰ ਪਹਿਲਾਂ ਹੀ ਦਰਪੇਸ਼ ਖ਼ਤਰੇ ਬਾਰੇ ਰੌਲ਼ਾ ਪਾ ਰਹੇ ਹਨ। ਉਹਨਾਂ ਅਨੁਸਾਰ ਸ਼ੁਰੂ ਸ਼ੁਰੂ ਵਿੱਚ ਪਾਕਿਸਤਾਨ ਵੱਲੋਂ ਤਜਵੀਜ਼ਸ਼ੁਦਾ ਗਿਣਤੀ ਬਿਲਕੁਲ ਠੀਕ ਹੈ।

ਰੋਜ਼ਾਨਾ ਪੰਜ ਤੋਂ ਦਸ ਹਜ਼ਾਰ ਸ਼ਰਧਾਲੂਆਂ ਦੀ ਆਮਦ ਉਸ ਜ਼ਮੀਨ ਤੇ ਤੱਤਭੜੱਤੇ ਵਿੱਚ ਬਣਨ ਵਾਲੀਆਂ ਵਪਾਰਕ ਇਮਾਰਤਾਂ ਨਾਲ ਬੇਥਾਹ ਭਾਰ ਪਾਏਗੀ ਜਿੱਥੇ ਸਾਢੇ ਪੰਜ ਸੌ ਸਾਲ ਪਹਿਲਾਂ ਜੰਗਲ, ਬਾਗ਼ ਬਗ਼ੀਚੇ ਅਤੇ ਬਾਬੇ ਨਾਨਕ ਦੇ ਜੈਵਿਕ ਖੇਤੀ ਵਾਲੇ ਲਹਿਲਹਾਉਂਦੇ ਖੇਤ ਹੁੰਦੇ ਸਨ।

ਇਸ ਪਵਿੱਤਰ ਜਗ੍ਹਾ ਤੇ ਉੱਘੜਦੁਘੜੀ ਭਵਨ ਉਸਾਰੀ ਦਾ ਅਰਥ ਹੋਵੇਗਾ ਇਸ ਇਤਿਹਾਸਕ ਸਥਾਨ ਦੀਆਂ ਇਮਾਰਤਾਂ ਅਤੇ ਕਲਾ ਨੂੰ ਪੁਰਾਤੱਤਵ ਦੇ ਪੱਖੋਂ ਮੁੜ ਉਸ ਰੂਪ ਵਿੱਚ ਸੁਰਜੀਤ ਕਰਨ ਦੇ ਸਾਰੇ ਮੌਕੇ ਗਵਾ ਦੇਣਾ ਜਿਸ ਰੂਪ ਵਿੱਚ ਇਹ ਬਾਬਾ ਨਾਨਕ ਦੇ ਕਰਤਾਰਪੁਰ ਵਿੱਚ ਮੌਜੂਦ ਹੋਇਆ ਕਰਦੇ ਸਨ। ਜਿੱਥੇ ਸਾਲ ਕੁ ਪਹਿਲਾਂ ਹਰੇ ਕਚੂਰ ਘਾਹ ਦੇ ਮੈਦਾਨ ਵਿੱਚ ਇੱਕ ਸਫ਼ੈਦ ਗੁਰਦਵਾਰਾ ਹੁੰਦਾ ਸੀ, ਘੁੱਗੀ ਵਰਗਾ ਚਿੱਟਾ, ਖੰਭ ਫੈਲਾ ਕੇ ਹਰ ਕਿਸੇ ਨੂੰ ਆਪਣੇ ਵੱਲ ਖਿੱਚਦਾ ਹੋਇਆ ਉੱਥੇ ਹੁਣ ਇੱਕ ਵਪਾਰਕ ਨਗਰੀ ਉੱਗ ਪਵੇਗੀ ਜਿੱਥੇ ਹੋਟਲ ਹੋਣਗੇ, ਸ਼ਾਪਿੰਗ ਮਾਲ ਹੋਣਗੇ, ਪਾਰਕਿੰਗ ਲਈ ਖੁੱਲ੍ਹੀ ਥਾਂ ਦਾ ਇੰਤਜ਼ਾਮ ਹੋਵੇਗਾ, ਬਾਰਡਰ ਟਰਮੀਨਲ ਹੋਣਗੇ ਅਤੇ ਤਲਾਸ਼ੀ/ਜਾਮਾ ਤਲਾਸ਼ੀ ਦੀਆਂ ਚੌਂਕੀਆਂ ਹੋਣਗੀਆਂ। ਇੰਜ ਪੱਥਰ ਅਤੇ ਸੰਗਮਰਮਰ ਦੇ ਬੋਝ ਥੱਲੇ ਹਮੇਸ਼ਾ ਲਈ ਦਫ਼ਨ ਹੋ ਕੇ ਰਹਿ ਜਾਵੇਗੀ ਬੂਟਿਆਂ, ਜੀਵ ਜੰਤੂਆਂ ਅਤੇ ਖੇਤ ਖਲਿਹਾਨਾਂ ਵਾਲੀ ਬਾਬੇ ਨਾਨਕ ਦੀ ਅਸਲੀ ਵਿਰਾਸਤ ਨੇਸਤੋ ਨਾਬੂਦ ਹੋ ਜਾਵੇਗੀ।

ਬਾਬਾ ਨਾਨਕ ਦਾ ਕਰਤਾਰਪੁਰ ਮਨੁੱਖਤਾ ਦੇ ਏਕੇ, ਇਨਸਾਨ ਦੇ ਵਾਤਾਵਰਨ ਨਾਲ ਗੂੜ੍ਹੇ ਸਬੰਧਾਂ, ਕਿਰਤ, ਸਾਦਗੀ, ਕਮਜ਼ੋਰ ਦੀ ਸਹਾਇਤਾ ਅਤੇ ਹੰਕਾਰ ਦੇ ਖ਼ਾਤਮੇ ਦਾ ਲਖਾਇਕ ਸੀ। ਇਮਰਾਨ ਖ਼ਾਨ ਅਤੇ ਨਰਿੰਦਰ ਮੋਦੀ ਦਾ ਕਰਤਾਰਪੁਰ ਬਾਬਾ ਨਾਨਕ ਦੇ ਨਾਮ ਦਾ ਲਾਹਾ ਲੈਣ ਤੇ ਆਧਾਰਤ ਹੈ ਜਿਸ ਦੇ ਤਹਿਤ ਲੋਭ, ਦੰਭ ਅਤੇ ਵਾਤਾਵਰਨ ਦਾ ਸੱਤਿਆਨਾਸ਼ ਹੀ ਉੱਭਰ ਕੇ ਸਾਹਮਣੇ ਆਵੇਗਾ।

ਹਾਲੇ ਵੀ ਬਹੁਤੀ ਦੇਰ ਨਹੀਂ ਹੋਈ। ਪਾਕਿਸਤਾਨ ਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ। ਇੱਥੋਂ ਦੇ ਪੁਰਾਤੱਤਵ ਵਿਗਿਆਨੀ, ਵਿਰਸਾ ਅਤੇ ਵਾਤਾਵਰਨ ਦੇ ਮਾਹਿਰੀਨ ਅੱਗੇ ਆਉਣ ਤੇ ਖੇਡ ਨੂੰ ਸਹੀ ਰੂਪ ਦੇਣ। ਬਾਬਾ ਨਾਨਕ ਦੇ ਫਲਸਫੇ ਵੱਲ ਮੁੜਨ ਅਤੇ ਉਸੇ ਮਹਾਪੁਰਖ ਦੇ ਆਸ਼ੇ ਮੁਤਾਬਕ ਹੀ ਕਰਤਾਰਪੁਰ ਦੀ ਮੁੜ ਉਸਾਰੀ ਕਰਨ ਨਾਲ ਪਾਕਿਸਤਾਨ ਦਾ ਸਿਰ ਸਦਾ ਸਦਾ ਲਈ ਦੁਨੀਆ ਭਰ ਦੇ ਨਾਨਕ ਨਾਮ ਲੇਵਾ ਲੋਕਾਂ ਦੀ ਨਜ਼ਰ ਵਿੱਚ ਉੱਚਾ ਹੋ ਜਾਵੇਗਾ ਬਨਿਸਬਤ ਭਾਰਤ ਵੱਲੋਂ ਤਜਵੀਜ਼ਤ ਸਰਹੱਦ ਤੇ ਲਗਾਏ ਜਾਣ ਵਾਲੇ 300 ਫੁੱਟ ਦੇ ਝੰਡੇ ਦੇ।

-ਗੁਰਮੀਤ ਕੌਰ