ਸੈਰ-ਸਪਾਟਾ ਵਿਸ਼ੇਸ਼ 11 : ਪੰਜਾਬੀ ਗੱਭਰੂਆਂ ਦੀ 'ਸਾਈਕਲ ਪੰਜਾਬ ਯਾਤਰਾ' ਦਾ ਬਿਰਤਾਂਤ (ਤਸਵੀਰਾਂ)

11/02/2020 1:28:18 PM

ਅੰਮ੍ਰਿਤ ਪਾਲ ਸਿੰਘ
91 94653 83711

ਲੜੀ ਜੋੜਨ ਲਈ ਵੇਖੋ ਪਿਛਲਾ ਅੰਕ, ਲਿੰਕ ਇਸ ਲੇਖ ਦੇ ਅੰਤ 'ਚ ਦਿੱਤਾ ਗਿਆ ਹੈ।


ਤਾਲਾਬੰਦੀ ਦੇ ਦਿਨਾਂ ਦੌਰਾਨ ਪੰਜਾਬੀ ਦੇ ਦੋ ਨੌਜਵਾਨਾਂ ਨੇ ਸਾਈਕਲ 'ਤੇ ਪੰਜਾਬ ਯਾਤਰਾ ਆਰੰਭੀ।ਕਈ ਪਿੰਡਾਂ ਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕੀਤੇ ।ਆਓ ਉਨ੍ਹਾਂ ਦੁਆਰਾ ਸਾਈਕਲ ਯਾਤਰਾ ਦਾ ਜੋ ਬਿਰਤਾਂਤ ਪੇਸ਼ ਕੀਤਾ ਗਿਆ ਸੀ, ਉਸ ਦਾ ਹੂ-ਬ-ਹੂ ਉਤਾਰਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ...

ਅੱਜ ਕੀਰਤਪੁਰ, ਪਰਿਵਾਰ ਵਿਛੋੜਾ ਤੇ ਅੱਗੇ ਸਹਿਜਮਤੇ ਨਾਲ ਚਮਕੌਰ ਸਾਹਬ ਤੱਕ ਪਹੁੰਚਾਂਗੇ। 

ਕੋਈ ਵੀ ਕੰਮ ਕਰਨ ਦਾ ਸਵਾਦ ਤਾਂਹੀ ਆਓਂਦਾ, ਜੇ ਥੋਨੂੰ ਦੇਖਣ ਆਲੇ ਚਾਰ ਬੰਦੇ ਹੋਣ। ਫੀਡਬੈਕ ਬਿਨ੍ਹਾਂ ਬੰਦਾ ਧੇਲੇ ਦਾ ਨਹੀਂ ਹੁੰਦਾ। ਏਹੋ ਕੰਮ ਸਾਡੀ ਸਾਇਕਲਿੰਗ ਦਾ। ਜਿੱਥੇ ਜਾਈਦਾ ਚਾਰ ਬੰਦੇ ਅੱਗੋਂ ਭੱਜਕੇ ਮਿਲਦੇ ਨੇ ਤਾਂ ਸਾਡਾ ਵੀ ਜੀਅ ਕਰਦਾ ਕਿ ਚੱਲ ਮਨਾ ਵਧੀਏ ਅਗਾਂਹ ਨੂੰ।

ਕੱਲ੍ਹ ਅਨੰਦਪੁਰ ਸਾਹਿਬ ਤੋਂ ਪੈਡਲ ਮਾਰ ਅੱਗੇ ਵਧੇ। ਬਾਬਾ ਬੁੱਢਣ ਸ਼ਾਹ ਅਤੇ ਬਾਬੇ ਗੁਰਦਿੱਤੇ ਦੇ ਦਰਸ਼ਨ ਕਰ ਕੀਰਤਪੁਰ ਸਾਹਿਬ ਘਾਟ ’ਤੇ ਵਾਹਵਾ ਨਹਾਤੇ। ਸੜਕ ਦੀਆਂ ਚੜ੍ਹਾਈਆਂ ਨੇ ਬਹੁਤ ਤ੍ਹਾਹ ਕੱਢਿਆ, ਗਰਮੀ ਵੀ ਆਖੇ ਅੱਜੋਂ ਈ ਆਂ। ਪੈਟਰੌਲ ਪੰਪਾਂ ਤੋਂ ਪਾਣੀ ਦੀਆਂ ਬੋਤਲਾਂ ਭਰਦੇ ਪਰਿਵਾਰ ਵਿਛੋੜਾ ਸਾਹਿਬ ਪੁੱਜੇ। ਇਹ ਗੁਰਦੁਆਰਾ ਸਾਹਿਬ 1950-55 ‘ਚ ਬਣਿਆ।

ਜਿਓਂ ਜਿਓਂ ਇਤਿਹਾਸ ’ਤੇ ਖੋਜ ਹੁੰਦੀ ਰਹੀ, ਤਿਓਂ ਤਿਓਂ ਗੁਰੂ ਘਰ ਬਣਦੇ ਗਏ। ਸਿੱਖ ਇਤਿਹਾਸ ਨਾਲ ਜੁੜੇ ਗੁਰਦੁਆਰੇ ਜਾਂ ਤਾਂ ਸਿੱਖ ਰਾਜ ਵੇਲੇ ਬਣੇ ਜਾਂ ਬਹੁਤੇ ਅਜ਼ਾਦੀ ਤੋਂ ਬਾਅਦ ਬਣੇ। ਅੰਗਰੇਜ਼ੀ ਕਾਲ ਸਮੇਂ ਚਾਲ ਬੜੀ ਮੱਠੀ ਰਹੀ।

ਰੋਪੜ ਵੱਲ ਆਓਂਦਿਆਂ ਰਾਹ ‘ਚ ਖ਼ਲੋਤੇ ਗੁਰਿੰਦਰ ਨੇ ਲਾਰੀ ਵੰਗੂ ਹੱਥ ਕੱਢਿਆ। ਮਿਲਕੇ ਅੱਗੇ ਵਧੇ ਤੇ ਰੋਪੜ ਆਕੇ ਸੈਕਲ ਦੀ ਹੱਥ ਫੇਰੀ ਕਰਾਓਣ ਖ਼ਾਤਰ ਦੁਕਾਨ ’ਤੇ ਗਏ। ਪੈਸੇ ਲੈਣ ਦੀ ਥਾਂ ਓਸ ਬਾਈ ਨੇ ਚਾਅ ਨਾਲ ਫੋਟੋ ਖਿਚਾਕੇ ਸਾਨੂੰ ਅੱਗੇ ਤੋਰਿਆ। ਜੱਗੀ ਨਾਲ ਰੋਪੜ ਦੀ ਨਹਿਰ ਦਾ ਗੇੜਾ ਦਿੱਤਾ ਤੇ ਸਤਲੁਜ ਕੰਢੇ ਬਣੇ ਗੁਰੂ ਘਰ ਦੇ ਦਰਸ਼ਨ ਕੀਤੇ। ਏਸ ਗੁਰੂ ਘਰ ਦੀਆਂ 400 ਮੱਝਾਂ ਰੱਖੀਆਂ ਵਈਆਂ। ਸਾਰਾ ਸ਼ਹਿਰ ਲੱਸੀ ਲਿਜਾਂਦਾ ਏਥੋਂ। ਗੋਬਰ ਗੈਸ ਪਲਾਂਟ ਆਵਦਾ ਲੱਗਾ ਤੇ ਮੋਦੀ ਦੀ ਆਖ਼ਤ ਆਤਮ ਨਿਰਭਰ ਬਣਿਆਂ ਵਾ ਕੰਮ।

ਏਨੇ ਨੂੰ ਮਿਲਣ ਆਲੇ ਲਖਵੀਰ ਨਾਲ ਭੱਠਾ ਸਾਹਿਬ ਵੱਲ ਵਧੇ। ਦਰਸ਼ਨ ਮੇਲੇ ਕਰਕੇ ਹਨੇਰਾ ਹੋਏ ਤੋਂ ਚਮਕੌਰ ਸਾਹਿਬ ਨੂੰ ਨਹਿਰ ਦੇ ਨਾਲ-ਨਾਲ ਸੈਕਲ ਖਿੱਚੇ। ਅੱਗੇ ਆਓਂਦਿਆਂ ਪਿੰਡ ਲੋਹਟ ਦੇ ਗੋਪੀ ਨੇ ਜੂਸ ਨਾਲ ਸਵਾਗਤ ਕੀਤਾ। ਸਰਾਂ ਦੇ ਕਮਰੇ ਦੀ ਚਾਬੀ ਫੜ੍ਹ, ਲੰਗਰ ਛਕ ਲੱਕ ਸਿੱਧਾ ਕੀਤਾ। ਅੱਜ ਖੰਟ ਵਿੱਚਦੀ, ਸਰਹੰਦ ਤੇ ਅੱਗੇ ਪਟਿਆਲੇ ਪਹੁੰਚਾਂਗੇ। 

ਸਵੇਰੇ 8 ਸਾਢੇ 8 ਵਜੇ ਉੱਠ ਦਰਸ਼ਨ ਮੇਲੇ ਕਰਕੇ ਦੋ ਦੋ ਪ੍ਰਸ਼ਾਦੇ ਛਕ ਚਮਕੌਰ ਸਾਹਬ ਤੋਂ ਤੁਰੇ। ਸਫ਼ਰ ਦੌਰਾਨ ਪਾਣੀ ‘ਚ ਘੋਲੀ ਅੰਗੂਰਾਂ ਦੀ ਖੰਡ ਦਾ ਵਾਹਵਾ ਆਸਰਾ ਹੁੰਦਾ। ਜਿੱਥੇ ਗਰਮੀ ਕਰਕੇ ਲੋਕਾਂ ਦੀ ਰੋਟੀ ਘਟ ਜਾਂਦੀ ਆ, ਓਥੇ ਅਸੀਂ ਵੱਧ ਭੁੱਖ ਲੱਗਣ ਕਰਕੇ ਸਾਰਾ ਦਿਨ ਲਗਾਤਾਰ ਖਾਂਦੇ ਰਹਿੰਦੇ। ਗਰਮੀ ‘ਚ ਬਚੇ ਵੀ ਤਾਂਹੀ ਆਓਣੇ ਆਂ ਜੇ ਮਰੇ ਮੂੰਹ ਆਲੇ ਹੁੰਦੇ ਹੁਣ ਨੂੰ ਮੂਧੜੇ ਮੂੰਹ ਡਿੱਗੇ ਹੁੰਦੇ।

ਮੋਰਿੰਡਾ ਰੋੜ ਤੋਂ ਲੁਠੇੜੀ ਪਿੰਡ ਤੋਂ ਮਾਝਰੀ ਵੱਲ ਮੁੜੇ।

ਲੋਕਾਂ ਦੇ ਮਨਾਂ ‘ਚ ਬੈਠੇ ਪਿੰਡ ਖੰਟ ਮਾਨਪੁਰ ਦੀ ਫਿਰਨੀ ਤੇ ਖਲੋਕੇ ਖਰੜ ਤੋਂ ਆਓਂਦੇ ਮਿੱਤਰਾਂ ਨੂੰ ਉਡੀਕਿਆ। ਸੁੱਕੇ ਮੇਵੇ ਤੇ ਜੂਸ ਲੈਕੇ ਕਸ਼ਮੀਰ ਤੇ ਸੁਖਦੀਪ ਸਿੰਘ ਮਿਲੇ।

ਵੱਡੀ ਸੜਕ ’ਤੇ ਰਾਜਾ ਢਾਬਾ ਤੋਂ ਸ਼ੇਕ ਪੀਕੇ, ਬਿੱਲ ਵਜੋਂ ਲੀੜੇ ਲਹਾਕੇ ਭਾਖੜਾ ‘ਚੋਂ ਨਿੱਕਲੇ ਨੀਲੇ ਪਾਣੀ ਦੇ ਸੂਏ ਦੇ ਨਾਲ ਨਾਲ ਬੱਸੀ ਪਠਾਣਾਂ ਵੱਲ ਵਧੇ।

ਲੱਤਾਂ ‘ਤੋਂ ਮੁੜ੍ਹਕਾ ਚੋਕੇ ਬੂਟਾਂ ‘ਚ ਜਾ ਵੜਦਾ ਤੇ ਬਾਹਾਂ ਤੋਂ ਚੋਕੇ ਸੈਕਲ ਦੇ ਹੈਂਡਲ ’ਤੇ, ਪਰ ਸਵਾਦ ਆਓਂਦਾ। ਸਰਹੰਦ ਪਹੁੰਚ ਮੰਗਾ ਸਿੰਘ ਅੰਟਾਲ ਨਾਲ ਪੀਤੇ ਕੂਹਣੀ ਕੂਹਣੀ ਜਿੱਡੇ ਕੇਲੇ ਦੇ ਸ਼ੇਕਾਂ ਨਾਲ ਕਾਲਜਾ ਧਾਫੜਕੇ ਗੁਰੂ ਘਰਾਂ ਦੇ ਦਰਸ਼ਨ ਕੀਤੇ।

ਵੱਟ ਨਾਲ ਵੱਟ ਛੱਡਣ ਵਾਲੇ ਸਾਓਣ ਦੇ ਬੱਦਲ਼ਾਂ ਨੇ ਸ਼ਹਿਰ ਨੂੰ ਇੱਕਦਮ ਠੰਡਾ ਕਰਤਾ ਸੀ।

ਵੱਡੀ ਸੜਕ ਦੀ ਸੈੜ ’ਤੇ ਬਣੀ ਚਿੱਟੀ ਪੱਟੀ ਦੇ ਬਾਹਰ ਸੈਕਲ ਵੱਡੇ ਗੇਅਰਾਂ ‘ਚ ਵਾਹਵਾ ਖਿੱਚੇ। ਪਹਾੜਾਂ ਵੱਲ ਜਾਣ ਕਰਕੇ ਸਟੈਮਨਾ ਜਾ ਬਣ ਗਿਆ। ਮੈਦਾਨੀ ਇਲਾਕੇ ‘ਚ ਵੀ ਹੁਣ ਵੱਡੀ ਗਰਾਰੀ ਤੇ ਸੈਕਲ ਚੰਗਾ ਭਜਾ ਲਈਦਾ ਤੇ ਜੇ ਨਿੱਠ ਕੇ ਤੋਰੀਏ ਤਾਂ ਘੰਟੇ ਦਾ 22-23 ਕਿਲੋਮੀਟਰ ਕੱਢ ਲਈਦਾ।


ਪਟਿਆਲੇ ਦੇ ਅਜ਼ਾਦ ਨਗਰ ‘ਚ ਮਿੱਤਰਾਂ ਤੋਂ ਖਾ ਪੀ ਕੇ , ਗੱਲਾਂ ਮਾਰ ਬੱਲਰਾਂ ਦੇ ਗਗਨ ਵੱਲ ਵਧੇ। ਏਨੇ ਨੂੰ ਪਟਿਆਲੇ ਦਾ ਮਿੱਤਰ ਨਵੀ ਸ਼ੂਸ਼ਕ ਵੰਗੂ ਖਾਣ ਦੇ ਸਮਾਨ ਦਾ ਲਿਫਾਫ਼ਾ ਲੈ ਕੇ ਬਹੁੜਿਆ। ਸਾਜਾਂ ਨਾਲ ਗੀਤਾਂ ਦੀ ਮਹਿਫ਼ਲ ਲਾਕੇ ਰਾਤੀਂ ਕਹਿਲੋ ਜਾ ਸਵੇਰੇ 2 ਕ ਵਜੇ ਸੁੱਤੇ। ਅੱਜ ਪਟਿਆਲੇ ਹੀ ਰਹਾਂਗੇ ਤੇ ਕੱਲ੍ਹ ਨੂੰ ਵੱਡਾ ਘੱਲੂਘਾਰਾ ਸਥਾਨ ਕੁੱਪ ਰੋਹੀੜੇ ਤੇ ਲੁਧਿਆਣੇ ਵੱਲ ਵਧਾਂਗੇ...

ਕੱਲ੍ਹ ਤੜਕੇ ਪਟਿਆਲ਼ੇ ਕਣੀਆਂ ਦਾ ਵਾਹਵਾ ਛੜ੍ਹਾਕਾ ਸੀ। ਗਗਨ, ਰਿਪਨ ਚਹਿਲ, ਜਤਿੰਦਰ ਨੂੰ ਮਿਲ ਰੇਨ-ਕੋਟ ਪਾਕੇ ਸੈਕਲ ਖਿੱਚੇ। ਮੋੜ ਤੇ ਜਾਮ ਹੋਏ ਮੂਹਰਲੇ ਬਰੇਕ ਕਾਰਨ ਜਵਾਕਾਂ ਵੰਗੂ ਡਿੱਗਕੇ ਕੇ ਛਿਲਾਏ ਗੋਡੇ ਨਾਲ ਅੱਗੇ ਵਧੇ। ਗੁਰਦੁਆਰਾ ਵੱਡਾ ਘੱਲੂਘਾਰਾ ਦਾ ਪਿੰਨ ਲਾਕੇ ਗੂਗਲ ਮੈਪ ਤੇ ਬਿੰਦੀਆਂ ਜੇ ਆਲਾ ਤੁਰਨ ਦਾ ਟਰੈਕ ਲਾਕੇ ਤੁਰੇ। ਸਾਰਾ ਸਫ਼ਰ ਸੁੱਖੇ ਦੇ ਬੂਟਿਆਂ ਨਾਲ ਖਹਿੰਦਿਆਂ ਨੇ ਲਿੰਕ ਸੜਕਾਂ ’ਤੇ ਕੀਤਾ। ਆਲੋਵਾਲ ਤੱਕ ਪਾਣੀ ਨਾਲ ਗੜੁੱਚ ਨਿੱਕਰਾਂ ਬੂਟ ਅਗਲੇ ਸਫਰ ‘ਚ ਆਪੇ ਸੁੱਕੇ। ਅੱਗੇ ਡਾਂਡੇ ਮੀਂਡੇ ਹੋਕੇ ਸਹੌਲੀ, ਅਗੌਲ, ਜੱਬੋਮਾਜਰਾ ਤੇ ਦੁਧਾਲ ਪਹੁੰਚੇ। ਸਰੌਦ ਤੋਂ ਆਏ ਗੁਰਪ੍ਰੀਤ ਨੇ ਘਰ ਦੇ ਕੱਢੇ ਲੈਨਦਾਰ ਬਿਸਕੁੱਟਾਂ ਨਾਲ ਚਾਹ ਛਕਾਕੇ ਬੰਦ ਪਏ ਸੇਵਾ ਕੇਂਦਰ ਮੂਹਰੇ ਸਾਡੀ ਸੇਵਾ ਕੀਤੀ। ਮੁਸਲਿਮ ਅਬਾਦੀ ਨਾਲ ਘਿਰੇ ਪਿੰਡਾਂ ‘ਚ ਬਣੇ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੇ ਅਸਥਾਨ ’ਤੇ ਪੁੱਜੇ। ਏਥੇ ਪੈਂਤੀ ਹਜ਼ਾਰ ਸਿੰਘਾਂ ਸਿੰਘਣੀਆਂ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਚੜ੍ਹਦੀ ਕਲਾ ਦੇ ਸਿੰਘਾਂ ਨੇ ਢਾਈ ਤਿੰਨ ਮਹੀਨਿਆਂ ਮਗਰੋਂ ਸਰਹੰਦ ਨੂੰ ਖੋਤਿਆਂ ਨਾਲ ਵਾਹ ਸੁੱਟਿਆ ਸੀ।

ਦਰਸ਼ਨ ਕਰ, ਲੁਧਿਆਣੇ ਵੱਲ ਵਧੇ। ਰਾਹ ’ਤੇ ਖ਼ਲ੍ਹੋਕੇ ਉਡੀਕਦੇ ਸੁਖਦੀਪ ਕੋਲ ਹਾਜ਼ਰੀ ਲਾਕੇ ਅੱਗੇ ਵਧੇ। ਨਹਿਰ ’ਤੇ ਪਕੌੜਾ ਜੰਕਸ਼ਨ ਤੇ ਕੁਲਵਿੰਦਰ ਸਿੰਘ ਹੋਣਾਂ ਨਾਲ ਮੇਲੇ ਹੋਏ। ਆਲਮਗੀਰ ਉਡੀਕਦੇ ਮਿੱਤਰ ਪੰਮੇ ਦਾ ਧਿਆਨ ਧਰ ਤੇਜ਼ ਪੈਡਲ ਮਾਰ ਮੰਜੀ ਸਾਹਬ ਉੱਪੜੇ। ਗ੍ਰੰਥੀ ਸਿੰਘ ਨੇ ਬੱਗੜ ਹੋਣਾਂ ਨੂੰ ਸਿਰੋਪਾਓ ਭੇਟ ਕੀਤਾ। ਅੱਗੋਂ ਗੁਰਪ੍ਰੀਤ ਤੇ ਹਰਬੀਰ ਨਾਲ ਰਲ ਪੰਜਾਂ ਸੱਤਾਂ ਜਣਿਆਂ ਨਾਲ GNE ਕੋਲ ਮੇਲੇ ਲਾਏ। ਕੈਲੀਗਰਾਫੀ ਕਰਨ ਵਾਲੇ ਜਵਾਨ ਹਰਬੀਰ ਨੇ 5ਵੇਂ ਪਾਤਸ਼ਾਹ ਦਾ ਸ਼ਬਦ ਫ਼ਰੇਮ ਕਰ ਤੋਹਫ਼ੇ ਵਜੋਂ ਦਿੱਤਾ। ਇਹਤੋਂ ਉੱਤੇ ਸਿੰਘਾ ਕੁਛ ਨਹੀਂ ਹੋ ਸਕਦਾ।

120 ਕ ਕਿਲੋਮੀਟਰ ਪੈਂਡਾ ਮਾਰਕੇ ਰਾਤੀਂ ਸਿਕੰਦਰ ਦੀ ਭਾਣਜੀ ਦੇ ਘਰ ਸ਼ਿਮਲਾਪੁਰੀ ਪਹੁੰਚੇ। ਸਾਡੀ ਠਹਿਰ ’ਤੇ ਵੱਡੇ ਬਾਈ ਨਵਦੀਪ ਬਾਵਾ ਹੋਣੀਂ ਸਮਾਂ ਕੱਢਕੇ ਮਿਲਣ ਆਏ। ਕੱਲ੍ਹ ਪਰਨਾ ਅੜਕੇ ਟੁੱਟੇ ਸਿਕੰਦਰ ਦੇ ਸੈਕਲ ਦੇ ਗੇਅਰ ਦਾ ਕੰਮ ਕਰਾ ਅੱਜ ਰਾਏਕੋਟ ਵੱਲ ਵਧਾਂਗੇ।... ਬਾਹਰੋਂ ਸਿਰੋਪੇ ਲੈਂਦੇ ਲੈਂਦੇ ਕਿਤੇ ਘਰੋਂ ਨਾ ਸਿਰੋਪੇ ਪੈਣ ਲੱਗ ਜਾਣ। ਤਾਂ ਕਰਕੇ ਦੋ ਤਿੰਨ ਦਿਨਾਂ ਦਾ ਕੰਮ ਰਹਿ ਗਿਆ ਬੱਸ...

ਲੁਧਿਆਣੇ ਸ਼ਿਮਲਾਪੁਰੀ ਸਿਕੰਦਰ ਦੀ ਭਾਣਜੀ ਘਰ ਰਹੇ ਸੀ। 10 ਕ ਵਜੇ ਧੋਕੇ ਤਹਿ ਕੀਤੇ ਲੀੜੇ ਸੈਕਲ ਤੇ ਟੰਗ ਸਨਅਤੀ ਸ਼ਹਿਰ ਲੁਧਿਆਣੇ ਦਾ ਗੇੜਾ ਦਿੱਤਾ। ਗਿੱਲ ਰੋਡ ਤੋਂ ਸਿਕੰਦਰ ਦੇ ਸੈਕਲ ਦੇ ਟੁੱਟੇ ਗੇਅਰ ਦਾ ਇਲਾਜ ਕਰਾਇਆ। ਏਥੇ ਸ਼ੋਅਰੋਮ ’ਤੇ ਹੀ ਨਵਦੀਪ ਵਿੱਕੀ, ਸੁਖਦੀਪ ਤੇ ਕੁਲਵਿੰਦਰ ਬਾਈ ਮਿਲਣ ਆਏ। ਸੰਦਾ ਪੈੜਾ ਲੋਟ ਕਰਾ ਆਲਮਗੀਰ ਵੱਲ ਵਧੇ। ਏਥੇ ਪੰਮੇ ਦੀ ਮੋਟਰ ਤੇ ਸਿਮਰਨਜੋਤ ਸਿੰਘ ਮੱਕੜ ਹੋਣਾਂ ਨਾਲ ਮੁਲਾਕਾਤ ਕੀਤੀ। ਇਹ ਮੱਕੜ ਦੀ ਕਲਾਕਾਰੀ ਸੀ ਕਿ ਕੈਮਰੇ ਤੋਂ ਡਰਨ ਆਲੇ ਮੇਰੇ ਅਰਗੇ ਬੰਦੇ ਨੂੰ ਗੱਲੀਂ ਲਾਕੇ ਮਹੌਲ ਬੜਾ ਸੁਖਾਵਾਂ ਬਣਾ ਕੇ ਇੰਟਰਵਿਊ ਟੈਪ ਗੱਲਾਬਾਤਾਂ ਕੀਤੀਆਂ। 

ਢਲੀਆਂ ਤ੍ਰਿਕਾਲਾਂ ਤੋਂ ਜੱਸੋਵਾਲ ਵੱਲ ਵਧੇ। ਜੱਸੋਵਾਲ ਪਿੰਡ ਦਾ ਨਾਂ ਜਗਦੇਵ ਸਿੰਘ ਕਰਕੇ ਸਾਰਾ ਪੰਜਾਬ ਜਾਣਦਾ। ਅਗਲਾ ਪਿੰਡ ਕਿਲ੍ਹਾ ਰਾਏਪੁਰ ਸੀ। ਮਿੰਨੀ ਉਲੰਪਿਕਸ ਜਾਂ ਪੰਜਾਬ ਦੀਆਂ ਖ਼ੇਡਾਂ ਕਰਕੇ ਮਸ਼ਹੂਰ ਇਹ ਪਿੰਡ ਦੇ ਗ੍ਰਾਊਂਡ ‘ਚ ਡੂਢ ਦੋ ਸੌ ਚੋਬਰ ਖ਼ੇਡਦਾ ਦੇਖਿਆ। ਨਿੱਕੇ ਹੁੰਦੇ ਸਕੂਲੀ ਕਿਤਾਬਾਂ ਤੋਂ ਪੜ੍ਹੇ ਏਸ ਪਿੰਡ ਨੂੰ ਦੇਖ ਪੰਮੇ ਤੇ ਵੀਰ ਕੁਲਵਿੰਦਰ ਹੋਣਾਂ ਤੋਂ ਆਗਿਆ ਲੈ ਕਾਲਖ ਵੱਲ ਵਧੇ। ਕਾਲਖ ਦੀ ਲਾਇਬ੍ਰੇਰੀ ਦੇਖ ਰੁਪਿੰਦਰ, ਮਨੀ, ਹਰਮੀਤ, ਅਰਸ਼ਦੀਪ ਨੂੰ ਮਿਲ ਪਿੰਡ ਲਤਾਲੇ ਵੱਲ ਵਧੇ। ਰਾਤੀਂ ਏਥੇ ਗੁਰੂ ਸਾਹਿਬ ਦੀ ਹਜ਼ੂਰੀ ‘ਚ ਸੁੱਤੇ। ਅੱਜ ਪਿੰਡਾਂ ਵਿੱਚਦੀ ਨੱਕ ਦੀ ਸੇਧ ਨੂੰ ਰਾਏਕੋਟ,ਬੱਸੀਆਂ, ਭਦੌੜ, ਭਾਈ ਰੂਪੇ ਹੋਕੇ ਛੇਵੇਂ ਪਾਤਸ਼ਾਹ ਦੀ ਵਰੋਸਾਈ ਧਰਤੀ ਮਹਿਰਾਜ ਬਾਈ ਬਿੱਲੇ ਧਾਲੀਵਾਲ ਕੋਲ ਜਾ ਨਿਕਲਣਾ ਜਿੱਥੋਂ ਸਫ਼ਰ ਸ਼ੁਰੂ ਕੀਤਾ ਸੀ। ਰਾਹ ਦੇ ਮਿੱਤਰਾਂ ਨੂੰ ਮਿਲਾਂਗੇ...

ਪਿੰਡ ਲਤਾਲੇ ਦੇ ਖੇਡ ਗ੍ਰਾਊਂਡ ਵਿੱਚ ਗੇੜਾ ਦੇਕੇ ਪੱਖੋਵਾਲੀਏ ਅਮਨਦੀਪ ਤੇ ਰੁਪਿੰਦਰ ਨੂੰ ਮਿਲ ਰਾਏਕੋਟ ਵੱਲ ਸੈਕਲ ਸਿੱਧੇ ਕੀਤੇ। 17 ਕੁ ਕਿਲੋਮੀਟਰ ਤੇ ਦਸਵੇਂ ਪਾਤਸ਼ਾਹ ਦੀ ਚਰਨਛੋਹ ਪ੍ਰਾਪਤ ਧਰਤੀ ਟਾਹਲੀਆਣਾ ਸਾਹਬ ਦੇ ਦਰਸ਼ਨ ਕੀਤੇ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਏਥੇ ਮਿਲੀ ਸੀ ਤੇ ਤੀਰ ਨਾਲ ਕਾਈ ਦਾ ਬੂਟਾ ਪੁੱਟ ਗੁਰੂ ਸਾਹਿਬ ਨੇ ਤੁਰਕ ਰਾਜ ਦੀ ਜੜ੍ਹ ਪੁੱਟੇ ਜਾਣ ਵੱਲ ਇਸ਼ਾਰਾ ਕੀਤਾ।

ਏਥੇ ਟਿੱਬੇ ਪਿੰਡੋਂ ਆਏ ਜਿੰਦਰ, ਏਅਰ ਫੋਰਸ ਹਲਵਾਰੇ ਤੋਂ ਪਿੱਛੋਂ ਸੁਰ ਸਿੰਘ ਦੇ ਕਰਨਪ੍ਰੀਤ, ਮਨਪ੍ਰੀਤ ਸੰਧੂ, ਮਨਵੀਰ ਤੇ ਇੰਦਰਜੀਤ ਘੁਮਾਣ ਨੂੰ ਮਿਲੇ। ਰਾਏਕੋਟ ਤੋਂ ਬੱਸੀਆਂ ਜਾਂਦੀ ਵਲੇਂਵੇਦਾਰ ਸੜਕ ਤੇ ਹੋਕੇ ਮਹਾਰਾਜ ਦਲੀਪ ਸਿੰਘ ਦੀ ਹਵੇਲੀ ਪਹੁੰਚੇ। 200 ਸਾਲ ਪੁਰਾਣੀ ਏਸ ਬਿਲਡਿੰਗ ‘ਚ ਮਹਾਰਾਜਾ ਦਲੀਪ ਸਿੰਘ ਨੇ ਪੰਜਾਬ ‘ਚ ਆਖਰੀ ਰਾਤ ਕੱਟੀ ਸੀ।

ਸਿੱਖ ਰਾਜ ਦਰਬਾਰ ਦੀ ਕੁਰਸੀ, ਸਿੱਕੇ, ਪੋਸ਼ਾਕ, ਮਹਾਰਾਜਾ ਦੀ ਤਲਵਾਰ, ਕੋਹਿਨੂਰ। ਸਭ ਕਾਸੇ ਦੀ ਕਾਪੀ ਬਣਾਕੇ ਏਥੇ ਰੱਖੀ ਹੋਈ ਐ ਤੇ ਨਾਲ ਸਾਰਾ ਇਤਿਹਾਸ ਖੁੱਲ੍ਹ ਕੇ ਲਿਖਿਆ। ਲੋਕੀਂ ਏਹਨੂੰ ਪ੍ਰੀਵੈਡਿੰਗ ਵਾਸਤੇ ਵਰਤ ਰਹੇ ਨੇ। ਵਿਜ਼ਿਟਰ ਬੁੱਕ ਤੇ ਲੋਕਾਂ ਦੇ ਲਿਖੇ “ਵੈਰੀ ਨਾਈਸ” “ਬਿਊਟੀਫੁੱਲ” ਕਮਿੰਟਾਂ ਤੋਂ ਪਤਾ ਲੱਗਦਾ ਕਿ ਅਸੀਂ ਕਿੰਨਾ ਕੁਝ ਗਵਾਕੇ ਵੀ ਅਣਜਾਣ ਆ।

ਏਥੋ ਝੋਰੜ, ਹਠੂਰ ਪਹੁੰਚੇ। ਮੋਟਰ ’ਤੇ ਨਹਾਉਂਦਿਆਂ ਨੂੰ ਰਾਮੇ ਪਿੰਡ ਦਾ ਲਵਪ੍ਰੀਤ ਠੰਡੇ ਤੱਤੇ ਨਾਲ ਮਿਲਿਆ। ਚੰਗਾ ਸੈਕਲ ਦਬੱਲ ਅੱਗੇ ਮਾਛੀਕੇ, ਭਾਗੀਕੇ, ਅਲਕੜਾ, ਦੁੱਲੇਵਾਲਾ, ਭਾਈ ਰੂਪਾ ਤੇ ਨਹਿਰੋ ਨਹਿਰ ਹੋਕੇ ਮਹਿਰਾਜ ਬਿੱਲੇ ਧਾਲੀਵਾਲ ਕੋਲ ਪਹੁੰਚੇ। ਏਥੋਂ ਸਫਰ ਸ਼ੁਰੂ ਕੀਤਾ ਸੀ। ਏਥੋਂ ਸਾਡੇ ਸਫਰ ਦੀ ਸਮਾਪਤੀ ਆ। ਏਥੋਂ ਸਿਕੰਦਰ ਨਾਲ ਵਿਛੋੜੇ ਹੋਣੀਂ ਪੈਣ ਜਾ ਰਹੇ ਅੱਜ। 

ਪੰਜਾਬ ਦੇ ਸਭ ਤੋਂ ਵੱਡੇ ਪਿੰਡ ਮਹਿਰਾਜ ਤੋਂ ਸ਼ੁਰੂ ਕੀਤਾ ਸਾਈਕਲ ਦਾ ਸਫਰ ਲੋਪੋਂ, ਢੁੱਡੀਕੇ, ਗੱਟੀ ਰਾਏਪੁਰ, ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਬ, ਖਡੂਰ ਸਾਹਿਬ, ਤਰਨਤਾਰਨ, ਸ਼ਫੀਪੁਰ, ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ, ਪਠਾਨਕੋਟ, ਧਾਰ ਕਲਾਂ, ਦਨੇਰਾ, ਜਗਿਆਲ, ਡਮਟਾਲ, ਅਨੰਦਪੁਰ ਸਾਹਿਬ, ਰੋਪੜ ਤੱਕ ਦੀਆਂ ਤਸਵੀਰਾਂ ਨਾਲ।  

ਪੰਜਾਬ ਸਾਇਕਲ ਯਾਤਰਾ ਦੀਆਂ ਤਸਵੀਰਾਂ। ਰੋਪੜ ਦੇ ਗੁਰਦੁਆਰਾ ਟਿੱਬੀ ਸਾਹਬ ਤੋਂ ਵੱਡੇ ਸਾਹਿਬਜ਼ਾਦਿਆਂ ਦੀ ਧਰਤੀ ਚਮਕੌਰ ਸਾਹਿਬ, ਲੁਠੇਰੀ, ਖੰਟ ਮਾਨਪੁਰ, ਸਰਹੰਦ, ਜੋਤੀ ਸਰੂਪ, ਪਟਿਆਲਾ, ਬਖਸ਼ੀਵਾਲਾ, ਆਲੋਵਾਲ, ਪੇਧਨੀ, ਸਹੌਲੀ, ਮੱਲੇਵਾਲ, ਉਕਸੀ ਦੁਧਾਲ, ਕੁੱਪ ਵੱਲ। ਵੱਡਾ ਘੱਲੂਘਾਰਾ ਰੋਹੀੜਾ, ਆਲਮਗੀਰ, ਲੁਧਿਆਣਾ, ਜੱਸੋਵਾਲ, ਕਿਲ੍ਹਾ ਰਾਏਪੁਰ, ਕਾਲਖ, ਲਤਾਲਾ, ਰਾਏਕੋਟ, ਬੱਸੀਆਂ, ਝੋਰੜ, ਹਠੂਰ, ਮਾਛੀਕੇ, ਦੁੱਲੇਵਾਲਾ, ਭਾਈ ਰੂਪਾ ਤੇ ਨਹਿਰ ਦੀ ਪਟੜੀ ਨਾਲ ਸਿੱਧਾ ਮਹਿਰਾਜ।  

ਪੰਜ ਛੇ ਮਹੀਨਿਆਂ ਤੋਂ ਮੈਂ, ਸਿਕੰਦਰ ਤੇ ਪੁਆਧੀ ਬੋਲੀ ਦਾ ਆਪੇ ਬਣਿਆ ਲੰਬੜਦਾਰ ਰਾਜਪੁਰੇ ਆਲਾ ਮਨਜੀਤ ਸੈਕਲਾਂ ਤੇ ਲੇਹ ਲੱਦਾਖ ਜਾਣ ਦੀਆਂ ਵਿਓਂਤਾਂ ਕਰਦੇ ਸੀ। ਇੱਕੋ ਜੇ ਸੁਭਾਅ ਸਾਡੇ, ‘ਨੰਗ ਮਲੰਗ ਬੁਲਾਢੇ ਡੇਰਾ’ ਤਾਂਹੀ ਮੱਤ ਵਾਹਵਾ ਮਿਲਦੀ।

ਰਾਜਪੁਰੇ ਦੀ ਘੌਲ ਤੇ  ਤਾਲਾਬੰਦੀ ਦੇ ਚੱਲਦਿਆਂ ਮੈਂ ਤੇ ਸਿਕੰਦਰ ਨੇ ਪੰਜਾਬ ਦਰਸ਼ਨ ਦੀ ਰਾਇ ਕੀਤੀ। ਹਿੰਮਤ ਕੀਤੀ, ਮੀਂਹਾਂ ਦੀ ਆਸ ’ਤੇ 1 ਸਾਉਣ ਨੂੰ ਤੁਰਪੇ। ਲਗਭਗ 15-16 ਜ਼ਿਲ੍ਹਿਆਂ ਦੇ ਪਿੰਡ ਵੇਖੇ।

ਸਾਇਕਲ ਤੋਂ ਬਿਹਤਰ ਸਵਾਰੀ ਕੋਈ ਨਹੀਂ। ਖੈਰ ਸਾਡੇ ਕੋਲ ਤਾਂ ਹੈ ਵੀ ਇਹੋ ਸੀ, ‘ਭੁੰਜੇ ਬੈਠਿਆਂ ਨੂੰ ਡਿੱਗਣ ਦਾ ਕੀ ਡਰ। ਇਤਿਹਾਸ ‘ਚ ਪੜ੍ਹੇ ਕਾਹਨੂੰਵਾਨ, ਰੋਹੀੜਾ, ਗੁਰਦਾਸ ਨੰਗਲ ਵਰਗੇ ਥਾਂਵਾਂ ਦੇ ਦਰਸ਼ਨ ਕੀਤੇ। ਸਾਡੇ ਵੱਡੇ ਵਡੇਰੇ ਓਥੇ ਟੱਬਰਾਂ ਸਮੇਤ ਸ਼ਹੀਦ ਹੁੰਦੇ ਰਹੇ ਤੇ ਸਾਡੇ ਸਲੱਗ ਪੁੱਤਾਂ ਕੋਲ ਏਨਾ ਟੈਮ ਵੀ ਨਹੀਂ ਕਿ ਓਨ੍ਹਾਂ ਥਾਂਵਾਂ ਦੇ ਦਰਸ਼ਨ ਹੀ ਕਰ ਸਕੀਏ।

ਰਣਜੀਤ ਸਾਗਰ ਝੀਲ ‘ਚੋਂ ਨਿਕਲੀ ਰਾਵੀ, ਪੌਂਗ ਝੀਲ ‘ਚੋਂ ਨਿਕਲਦਾ ਬਿਆਸ ਤੇ ਗੋਬਿੰਦ ਸਾਗਰ ਝੀਲ ‘ਚੋਂ ਸਤਲੁਜ। ਦਰਿਆਵਾਂ ਨਾਲ ਤੁਰਨ ਦਾ ਸਵਾਦ ਈ ਵੱਖਰਾ।

ਏਥੇ ਸਾਰੇ ਅੜਾਂਦੇ ਈ ਲੱਦੀਦੇ ਆ। ਘੋਗਲਕੰਨਾ ਜਾ ਬਣਕੇ ਕੁਦਰਤ ਦਾ ਸਵਾਦ ਵੀ ਲੈ ਲੈਣਾ ਚਾਹੀਦਾ। ਪਤਾ ਨਹੀਂ ਕਦੋਂ ਚੰਗੇ ਭਲੇ ਬੰਦੇ ਦੀ ਫੂਕ ਨਿੱਕਲਜੇ ਤੇ ਆਥਣੇ ਜੇ ਨੁਹਾਕੇ, ਬੀਂਗੀ ਜੀ ਪੱਗ ਬੰਨ੍ਹਕੇ ਪੌਣੇ ਕ ਚਾਰ ਵਜੇ ਲੱਕੜਾਂ ਤੇ ਲਿਜਾ ਧਰਦੇ ਆ। ਓਥੇ ਮੁਲਖ ਸਾਲਾਹਾਂ ਵੀ ਬਾਹਲੀਆਂ ਦਿੰਦਾ,”ਹਿੱਕ ਕੋਲੇ ਬਾਲਣ ਸਿੱਟਦੇ, ਹਿੱਕ ਕੋਲੇ ਰਹੇ ਨਾ ਹੁਣ”।

ਮੌਜਾਂ ਲਓ ਸਿੰਘੋ। ਧਾਰ ਕਲਾਂ, ਦਨੇਰਾ ਵੱਲ ਦਾ ਪੰਜਾਬ ਯੂਰਪ ਨੂੰ ਪਿੱਛੇ ਸਿੱਟਦਾ। ਕਿਸੇ ਯਾਰ ਦੇ ਵਿਆਹ ਤੇ ਸਣੇ ਬੂਟ, ਬੈਲਟ, ਟਾਈ ਤੇ ਸਵਾਏ ਤਿੰਨ ਪੀਸ ਕੋਟ ਪੈਂਟ ਦੇ ਮੁੱਲ ਦੇ ਬਰਾਬਰ ਦਾ ਇਹ ਸੈਕਲ ਆਓਂਦਾ ਪੰਦਰਾਂ ਕ ਹਜ਼ਾਰ ਦਾ। ਕੋਟ ਪੈਂਟ ਅਲਮਾਰੀ ‘ਚ ਪਿਆ ਰਹਿੰਦਾ ਤੇ ਸੈਕਲ ਬਸ਼ੱਕ ਨਿੱਤ ਧੱਸੀ ਰੱਖੋ। ਸੈਕੰਡ ਹੈਂਡ ਅਲਟੋ ਦੇ ਸੌਦੇ ‘ਚੋਂ ਅਗਲਾ ਦੱਸ ਪੰਦਰਾਂ ਹਜ਼ਾਰ ਤੋੜ ਲੈਂਦਾ। ਬੱਸ ਏਨੇ ਕ ਦਾ ਏਹ ਸੈਕਲ ਆਓਂਦਾ।

ਪਿਓ ਨਾ ਲੜਕੇ ਬਠਿੰਡੇ ਫ਼ੌਜੀ ਚੌਂਕ ‘ਚੋਂ ਗੱਡੀ ਦੇ ਚੜ੍ਹਾਏ ਨਵੇਂ ਅਲਾਏ ਵੀਲ੍ਹਾਂ ਤੋਂ ਵੀ ਘੱਟ ਕੀਮਤ ਦਾ ਸੈਕਲ ਆ ਜਾਂਦਾ। ਪੈਂਚਰ ਜੋਗੇ ਪੈਸੇ ਬੋਝੇ ਪਾਕੇ ਤੁਰਪੋ ਬੱਸ। ਜੇ ਹਜੇ ਵੀ ਮਹਿੰਗਾ ਲੱਗਦਾ ਫੇਰ ਸਸਰੀਕਾਲ।

ਜਦੋਂ ਵੀ ਸਮਾਂ ਨਿੱਕਲੇ, ਸੈਕਲਾਂ ਤੇ ਪੰਜਾਬ ਘੁੰਮਿਓ। ਕੰਢੀ ਦੇ ਇਲਾਕੇ ਸੜਕਾਂ ਤੇ ਕਿਰੇ ਅੰਬ, ਮੱਕੀਆਂ ਕੁੱਛੜੀਂ ਛੱਲੀਆਂ, ਮੋਟਰਾਂ ਦੇ ਠੰਡੇ ਪਾਣੀ ਥੋਡਾ ਜੀਅ ਲਵਾਓਣਗੇ। ਚੋਆਂ, ਪਹਾੜ, ਮੈਦਾਨ ਬੜਾ ਕੁਛ ਦੇਖਣ ਆਲਾ।

ਪੰਜਾਬੀ ਕਿਤਾਬਾਂ ਦੇ ਪਾਠਕ ਘੱਟ ਹੋਣ ਦਾ ਇੱਕ ਕਾਰਣ ਇਹ ਵੀ ਆ ਕਿ ਪੰਜਾਬੀ ਦੇ ਲੇਖਕ ਫੀਲੇ ਬਹੁਤ ਆ।

ਫ਼ੀਲੇ ਤਾਂ ਕਿਹਾ ਸੀ ਕਿਓਂ ਕਿ ਜੇ ਸੌ ਬੰਦੇ ਨੂੰ ਗੱਲ ਸੁਣਾਓਣੀ ਹੋਵੇ ਤਾਂ ਓਹਨ੍ਹਾਂ ਦੇ ਕੋਲ ਜਾਓ ਨਾ ਕਿ ਸੌ ਬੰਦੇ ਨੂੰ ਕੋਲ ਬੁਲਾਓ। ਮਤਲਬ ਲੋਕਾਂ ਲਈ ਸੌਖਾ ਕਰਕੇ ਲਿਖੋ। ਪਾਠਕ ਦੀ ਕੀ ਘਲਾੜੀ ‘ਚ ਬਾਂਹ ਆਈ ਆ ਕਿ ਪਹਿਲਾਂ ਕਿਤਾਬ ਤੇ ਪੈਸੇ ਵੀ ਓਹੀ ਲਾਵੇ ਤੇ ਫੇਰ ਕਿਤਾਬ ਸਮਝਣ ਖਾਤਰ ਔਖਾ ਵੀ ਹੋਵੇ।

ਫੇਰ ਸੈਮੀਨਾਰਾਂ ਤੇ ਆਖਣਗੇ ‘ਪਾਠਕ ਵਰਗ ਜਾਗ੍ਰਿਤ’ ਨਹੀੰ ਹੋਇਆ। ਕਿਹੜਾ ਦੱਸੇ ਬੀ ਪਾਠਕ ਵਰਗ ਤਾਂ ਪਹਿਲਾਂ ਈ ਬੀ.ਏ, ਐੱਮ. ਏ ਕਰਕੇ ਵਿੱਚ ਵੱਜਦਾ ਫਿਰਦਾ ਹੋਰ ਕੀ ਰਿੱਗਵੇਦ ਸਿੱਖਲੇ ਥੋਡੇ ਖਾਤਰ।

ਪਰਿਪੇਖ, ਯਥਾਰਥਕ, ਸੰਦਰਭ ਵਰਗੇ ਔਖੇ ਔਖੇ ਸ਼ਬਦ ਵਰਤ ਲੋਕਾਂ ਨੂੰ ਕਿਤਾਬਾਂ ਤੋਂ ਨਸ਼ਕਨ ਪਾਤੀ ਇਹਨ੍ਹਾਂ ਨੇ। ਹੋਰ ਗੱਲ ਕਰਦੇ ਆਂ।

ਸਿਕੰਦਰ ਨਾਲ ਪੰਜਾਬ ਘੁੰਮਦਿਆਂ ਸਰਹੰਦ ਦੀ ਧਰਤੀ ਤੇ ਬਾਈ ‘ਮੰਗਾ ਸਿੰਘ ਅੰਟਾਲ’ ਮਿਲਿਆ ਸੀ।

ਮੱਤ ਮਿਲਣ ਕਰਕੇ ਮੰਗੇ ਨੂੰ ‘ਤੁਸੀਂ, ਜਾਂ ‘ਜੀ’ ਲਾਏ ਬਿਨ੍ਹਾੰ ਮੰਗਾ ਕਹਿਕੇ ਸਰ ਜਾਂਦਾ। ਮੰਗੇ ਦੀ ਜ਼ਿੰਦਗੀ ਤੇ ਲਿਖੀ ਕਿਤਾਬ ‘ਸ਼ਰਾਰਤੀ ਤੱਤ’ ਦੇ ਪੰਜ ਅਡੀਸ਼ਨ ਛਪਕੇ ਵਿੱਕ ਚੁੱਕੇ ਨੇ।

ਕੁੱਲ ਭਾਰਤ, ਪੰਜਾਬ ‘ਚ ਕਬੱਡੀ ਖੇਡਦੇ ਮੰਗੇ ਨੂੰ ਨਸ਼ੇ ਨੇ ਐਹੋ ਜਾ ਜੱਫਾ ਲਾਇਆ ਕਿ ਮਸਾਂ ਚਾਰ ਕ ਸਾਲ ਪਹਿਲਾਂ ਹੀ ਮੰਗੇ ਨੇ ਹੰਦਿਆਂ ਨੂੰ ਟੱਚ ਕੀਤਾ। ਪੈੱਗ ਤੋਂ ਸ਼ੁਰੂ ਹੋਕੇ ਵਾਇਆ ਸਮੈਕ, ਗਾਂਜਾ, ਕਬਜ਼ੇ, ਕਤਲ, ਜੇਲ੍ਹ ਹੁੰਦਾ ਮੰਗਾ ਅਖੀਰ ਟੀਕਿਆਂ ਤੇ ਜਾ ਖਲੋਤਾ। ਸੌਖੀ, ਸ਼ਪੱਸ਼ਟ, ਪੜ੍ਹਨਯੋਗ ਕਿਤਾਬ ਨੂੰ ਜ਼ਰੂਰ ਮੰਗਾਇਓ ਤੇ ਪੜ੍ਹਿਓ । ਜਨਾਨੀ ਦਾ ਸਬਰ ਤੇ ਪਿਆਰ ਕੀ ਹੁੰਦਾ ਇਹ ਮੰਗੇ ਦੀ ਘਰਵਾਲੀ ਦੇ ਕਰੈਕਟਰ ਤੋਂ ਪਤਾ ਲੱਗਦਾ।

ਥੋਡਾ ਕੋਈ ਮਿੱਤਰ ਪਿਆਰਾ ਨਸ਼ੇ ਦੇ ਗਧੀ ਗੇੜ ‘ਚ ਉਲਝਿਆ ਫਿਰਦਾ ਹੋਵੇ ਤਾਂ ਮੰਗੇ ਨਾਲ ਰਾਬਤਾ ਕਰਿਓ...

ਪੰਜ ਤੀਰ ਤੇ ਪੱਚੀ ਸਿੰਘ ਲੈਕੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਵਧਿਆ। ਜਿੱਥੋਂ ਜਿੱਥੋਂ ਦੇ ਬੰਦੇ ਸਿੱਖ ਪੰਥ ਨਾਲ ਜੁੜੇ ਸੀ ਗੁਰੂ ਸਾਹਬ ਨੇ ਓਹ ਅਡਰੈੱਸ ਸਿਰਨਾਵੇਂ ਬੰਦਾ ਸਿੰਘ ਨੂੰ ਦਿੱਤੇ ਸੀ। ਓਨ੍ਹਾਂ ਮੁਤਾਬਕ ਬੰਦਾ ਸਿੰਘ ਨੇ ਪੰਜਾਬ ‘ਚ ਸੰਗਤ ਨੂੰ ਹੁਕਮਨਾਮੇ ਘੱਲੇ। ਭੁੱਚੋ ਨੇੜਲੇ ਪਿੰਡ ਦੀ ਸੰਗਤ ਗੁਰੂ ਰਾਮਦਾਸ ਜੀ ਦੇ ਵੇਲੇ ਤੋਂ ਸਿੱਖ ਪੰਥ ਨਾਲ ਜੁੜੀ ਸੀ।

ਏਸ ਨਗਰ ਦੇ ਸੂਰਮੇ ਫਤਹਿ ਸਿੰਘ ਨੇ ਬਾਬਾ ਬੰਦਾ ਸਿੰਘ ਨਾਲ ਰਲਕੇ ਚੰਗੀ ਤਲਵਾਰ ਵਾਹੀ। ਸਮਾਣੇ ਦੀ ਜਿੱਤ ਮਗਰੋਂ ਫਤਹਿ ਸਿੰਘ ਨੂੰ ਓਥੋਂ ਦਾ ਹਾਕਮ ਥਾਪਿਆ।

ਵਜ਼ੀਰ ਖਾਨ ਨਾਲ ਚੱਪੜਚਿੜੀ ਦੇ ਥਾਂ ’ਤੇ ਪੰਜਾ ਲੜਾਇਆ। ਘੋੜੇ ਦੀਆਂ ਰਕਾਬਾਂ ’ਤੇ ਖੜੋ ਕੇ ਫਤਹਿ ਸਿੰਘ ਨੇ ਤਲਵਾਰ ਦਾ ਭਰਵਾਂ ਵਾਰ ਕੀਤਾ, ਵਜ਼ੀਰ ਖਾਨ ਦੇ ਸੱਜੇ ਮੋਢੇ ਤੇ ਵਾਰ ਕਰਕੇ ਤਲਵਾਰ ਖੱਬੀ ਵੱਖੀ ਕੋਲੋਂ ਨਿੱਕਲੀ ਤੇ ਵਜ਼ੀਰੇ ਦੇ ਦੋ ਟੋਟੇ ਕੀਤੇ। ਪਿੱਛੇ ਜੇ ਕਿਸੇ ਕਾਲੀ ਲੀਡਰ ਨੇ ਚਵਲ ਮਾਰੀ ਸੀ ਕਿ ਬਾਦਲ ਦੇ ਵੱਡੇ ਵਡੇਰੇ ਨੇ ਵਜ਼ੀਰ ਖਾਨ ਦਾ ਕਤਲ ਕੀਤਾ ਸੀ। ਅਸਲ ‘ਚ ਸੁਰਿੰਦਰ ਕੌਰ ਬਾਦਲ ਦੇ ਵੱਡੇ ਵਡੇਰੇ ਫਤਹਿ ਸਿੰਘ ਸਨ।

ਖੈਰ। ਜਦੋਂ ਗੁਰੂ ਸਾਹਿਬ ਤਲਵੰਡੀ ਸਾਬੋ ਸਨ, ਓਦੋਂ ਫਤਹਿ ਸਿੰਘ ਦੀ ਬੇਨਤੀ ਤੇ ਗੁਰੂ ਸਾਹਿਬ ਜੇਠ ਮਹੀਨੇ ਸੱਤ ਦਿਨ ਏਸ ਪਿੰਡ ਆਏ ਸੀ। ਭਾਗੂ, ਬਠਿੰਡਾ ਕਿਲ੍ਹਾ ਹੋਕੇ ਤਲਵੰਡੀ ਮੁੜੇ ਸੀ।

ਚੂਨੇ, ਇੱਟਾਂ ਦਾ ਬਣਿਆ ਗੁਰੂ ਘਰ ਢਾਹਕੇ, ਇਤਿਹਾਸਿਕ ਬੇਰੀ ਪੱਟ ਦਿੱਲੀ ਕਾਰ ਸੇਵਾ ਵਾਲਿਆਂ ਨੇ ਏਥੇ ਨਵਾਂ ਗੁਰੂ ਘਰ ਬਣਾਇਆ। SGPC ਸਾਂਭਦੀ ਹੁਣ।

ਗੁਰੂ ਸਾਹਿਬ ਦੇ ਕੱਪੜੇ, ਦਸਤਾਰ, ਫਤਹਿ ਸਿੰਘ ਦੀ ਤਲਵਾਰ ਤੇ ਹੋਰ ਅਣਮੁੱਲਾ ਸਾਮਾਨ ਪਿਆ ਏਥੇ। ਓਸ ਕਮਰੇ ਦੀ ਛੱਤ ਜਿਓਂ ਤਿਓਂ ਖੜ੍ਹੀ ਜਿੱਥੇ ਗੁਰੂ ਸਾਹਿਬ ਸੱਤ ਦਿਨ ਰਹਿੰਦੇ ਰਹੇ। ਕਰਿਓ ਕਦੇ ਦਰਸ਼ਨ ਪਿੰਡ 'ਚੱਕ ਫਤਹਿ ਸਿੰਘ ਵਾਲਾ'.....ਘੁੱਦਾ

rajwinder kaur

This news is Content Editor rajwinder kaur