ਜਗਬਾਣੀ ਸੈਰ-ਸਪਾਟਾ ਵਿਸ਼ੇਸ਼-10 : ਸਾਡੇ ਨਾਲ ਮਾਣੋ ਅਜੰਤਾ ਇਲੋਰਾ ਦੀਆਂ ਗੁਫ਼ਾਵਾਂ ਦੇ ਨਜ਼ਾਰੇ (ਤਸਵੀਰਾਂ)

10/19/2020 6:03:09 PM

ਅਜੰਤਾ ਇਲੋਰਾ ਦੀਆਂ ਗੁਫ਼ਾਵਾਂ ਦੀ ਸੈਰ ਦੀ ਬਾਕੀ ਲੜੀ....

ਰਿਪਨਦੀਪ ਸਿੰਘ ਚਾਹਲ

...ਟਰੱਕ ਵਿੱਚੋਂ ਉਤਰ ਕੇ ਅਸੀਂ ਸਿੱਧਾ ਬੋਰਡ ਵੱਲ ਨੂੰ ਤੁਰ ਪਏ। ਜਿੱਧਰ ਨੂੰ ਬੋਰਡਾਂ ਦੇ ਤੀਰ ਦਿਸ਼ਾ ਦੇਣ ਅਸੀਂ ਉਧਰ ਨੂੰ ਹੋ ਜਾਇਆ ਕਰੀਏ। ਅੱਗੇ ਇੱਕ ਰੱਸੀ ਬੰਨ ਸੜਕ ’ਤੇ ਨਾਕਾ ਲਾਇਆ ਹੋਇਆ ਸੀ। ਬਿਨਾਂ ਟਿਕਟ ਦਾਖਲੇ ਲਈ ਅਸੀਂ ਨਾਕਾ ਟੱਪਣ ਦੀ ਕੋਸ਼ਿਸ਼ ਕੀਤੀ ਤਾਂ ਦੂਰੋਂ ਸੀ.ਟੀ. ਦੀ ਆਵਾਜ਼ ਸੁਣੀ। ਫੇਰ ਆਪਣੀ ਰਾਹ ’ਤੇ ਆ ਗਏ ਤੇ ਇੱਕ ਛੋਟੇ ਜਿਹੇ ਟਿਕਟ ਘਰ ਕਮਰੇ ਕੋਲ ਪਹੁੰਚ ਗਏ। ਅੰਦਰਲਾ ਕਮਰਚਾਰੀ ਬੋਲਿਆ, ਸਾਈਨ ਬੋਰਡ ਦਿਖਾਈ ਨਹੀਂ ਦੇਤਾ ਆਪਕੋ। ਮਖਿਆਂ ਦਿਖ ਤਾਂ ਗਿਆ ਸੀ ਸਾਬ ਪਰ ਸਾਡੇ ਪੰਜਾਬੀ ‘ਚ ਇੱਕ ਕਹਾਵਤ ਐ ਕਿ ਕਬੂਤਰ ਨੂੰ ਅੱਖਾਂ ਮੀਚ ਕੇ ਐਂ ਲਗਦਾ ਕਿ ਹੁਣ ਬਿੱਲੀ ਮੈਨੂੰ ਨੀ ਦੇਖ ਸਕਦੀ। ਬਸ ਉਵੇਂ ਜਿਵੇਂ ਹੀ ਆਲਾ ਦੁਆਲਾ ਦੇਖ ਮੈਨੂੰ ਵੀ ਲੱਗਿਆ ਕਿ ਇੰਨੀ ਧੁੱਪ ‘ਚ ਤਾਂ ਕੀੜੀ ਨਾ ਬਾਹਰ ਨਿਕਲੇ, ਬੰਦੇ ਤਾਂ ਨਿਕਲਣਾ ਹੀ ਕੀ ਆ ਸੋ ਫਰੀ ਆਲੀ ਕਾਰਵਾਈ ਪਾ ਦੇਈਏ। ਅੱਛਾ ਜ਼ਿਆਦਾ ਬਾਤੇਂ ਨਾ ਬਨਾਓ, ਅੰਦਰ ਜਾਨੇ ਕੀ ਟਿਕਟ ਲਗੇਗੀ..ਲਾਓ ਸਾਠ ਰੁਪਏ ਦੋ, ਉਹ ਬੋਲਿਆ। ਮਖਿਆਂ ਸੱਠ ਰੁਪਈਏ ਤਾਂ ਹੈਨੀ, ਐਸੇ ਈ ਦੇਦੋ। ਇੰਨਾ ਸੁਣ ਉਹ ਕੁਰਸੀ ਤੋਂ ਖੜਾ ਹੋਇਆ ਮੇਰੇ ਮੂੰਹ ਵੱਲ ਕੌੜ-ਕੌੜ ਝਾਕਣ ਲੱਗਿਆ।

ਸੋਚਦਾ ਹੋਣੈ ਨਾਲ ਕੁੜੀ ਦੇ ਗਲ ’ਚ ਤੋਪ ਅਰਗਾ ਕੈਮਰਾ ਪਾਇਆ ਤੇ ਹੱਥ ਆਈਫੋਨ ਆ ਹਜੇ ਕਹਿੰਦਾ ਪੈਸੇ ਹੈਨੀ, ਗੱਲਾਂ ਦੇਖਲਾ ਕਰਦਾ। ਮੈਂ ਫਿਰ ਕਿਹਾ, ਦੇਖਲੋ ਸਰ ਸਾਠ ਰੁਪਏ ਕੀ ਤੋ ਬਾਤ ਹੈ ਦੇਦੋ ਟਿਕਟ, ਇਤਨੀ ਦੂਰ ਸੇ ਆਏ ਹੈਂ...ਜਾਂ ਮੈਂ ਆਪ ਕੇ ਸੀਨੀਅਰ ਕੇ ਪਾਸ ਜਾ ਆਤਾ ਹੂੰ ਅਗਰ ਕੁਛ ਹੋ ਸਕਤਾ ਹੈ। ਅਰੇ ਬਈਆ, ਆਪ ਸੀਨੀਅਰ-ਯੂਨੀਅਰ ਕਿਸੀ ਕੇ ਪਾਸ ਚਲੇ ਜਾਓ, ਐਸੇ ਨਹੀਂ ਮਿਲੇਗੀ ਟਿਕਟ। ਜਦ ਦਾਲ ਜੀ ਗਲਦੀ ਨਾ ਦਿਸੀ ਦਸ ਕੁ ਮਿੰਟ ਬਾਅਦ ਖੁਸ਼ੀ ਕਹਿੰਦੀ, ਕਿਉਂ ਵਿਚਾਰੇ ਨੂੰ ਠਿੱਠ ਕੀਤਾ ਰਿਪਨ ਦੇਦੇ ਪੈਸੇ। ਮੈਂ ਗੱਲ ਬਦਲੀ ਤੇ ਕਿਹਾ, ਪੈਸੇ ਤੋਂ ਮੇਰੇ ਪਾਸ ਹੈਂ ਐਸੀ ਕੋਈ ਬਾਤ ਨਹੀਂ। ਮਗਰ ਹੈਂ ਮੇਰੇ ਬੈਂਕ ਅਕਾਊਂਟ ਮੇ। ATM ਹੈ ਤੋਂ ਨਿਕਲਵਾ ਲੇਤਾ ਹੂੰ। ਜਵਾਬ ਮਿਲਿਆ, ਯਹਾਂ ਕੋਈ ATM ਨਹੀਂ ਹੈ। ਮੈਂ ਕਿਹਾ, ਚਲੋ ਐਸਾ ਕਰੋ ਆਪ ਮੁਝੇ 500 ਰੁਪਇਆ ਦੇਦੋ, ਮੈਂ ਆਪਕੋ ਪੇ.ਟੀ.ਐੱਮ. ਕਰ ਦੇਤਾ ਹੂੰ। ਕੁਝ ਸਮਾਂ ਉਹ ਮੇਰੇ ਮੂੰਹ ਵੱਲ ਦੇਖਦਾ ਰਿਹਾ ਫੇਰ ਉਹ ਮੰਨ ਗਿਆ। Paytm ਕੀਤਾ, ਟਿਕਟ ਲਈ ਤੇ ਬਾਕੀ ਪੈਸੇ ਫੜੇ ਅੱਗੇ ਨੂੰ ਹੋ ਤੁਰਿਆ।

ਅਜੰਤਾ, ਔਰੰਗਾਬਾਦ-ਜਲਗਾਂਓ ਮੁੱਖ ਮਾਰਗ ਉਤੇ ਕਸਬੇ ਜਿਹੇ ਵਾਂਗ ਹੈ, ਜਿੱਥੇ ਕੋਈ ATM ਨਹੀਂ, ਕੋਈ ਰੌਣਕ ਨਹੀਂ, ਕੋਈ ਹੋਰ ਸੁਵਿਧਾ ਨਹੀਂ। ਬਸ ਸੈਰ ਸਪਾਟਾ ਵਿਭਾਗ ਨੇ ਪਿੰਡ ਤੋਂ ਦੋ ਕੁ ਕਿਲੋਮੀਟਰ ਵਿੱਥ ਉਤੇ ਬਿਲਕੁਲ ਉਜਾੜ ਜਿਹੀ ਥਾਂ ਵਿੱਚ ਸੜਕ ਕਿਨਾਰੇ ਟੂਰਿਜਮ ਸੈਂਟਰ ਜਿਹਾ ਬਣਾਇਆ ਹੋਇਆ। ਉਤਰਨ ਸਾਰ ਪਹਿਲੀ ਨਜ਼ਰੇ ਤਾਂ ਬੰਦੇ ਨੂੰ ਐਵੇਂ ਲਗਦਾ ਵੀ ਜਿਵੇਂ ਲੁਟਿਆ ਗਿਆ ਹੋਵੇ। ਕਿਹੜੀਆਂ ਗੁਫਾਵਾਂ...ਇੱਥੇ ਬਾਈ ਨਾ ਧਾਈ, ਬਸ ਚਾਰ ਕੇ ਪੱਥਰ ਚਿਣ ਕੇ ਬਣਾਇਆ ਮਾਡਲ ਜਿਹਾ ਦਿਖਾਈ ਦਿੰਦਾ। ਅਸਲ ’ਚ ਗੁਫਾਵਾਂ ਇੱਥੋਂ ਚਾਰ-ਪੰਜ ਕਿਲੋਮੀਟਰ ਦੂਰ ਪਹਾੜਾਂ ਵਿੱਚ ਨੇ, ਉੱਥੇ ਇਨ੍ਹਾਂ ਦੀ ਬੱਸ ਵਿੱਚ ਆਪ ਲਿਜਾਇਆ ਜਾਂਦਾ।

ਟਿਕਟ ਲੈ ਥੋੜਾ ਅਗਾਂਹ ਗਏ ਇੱਕ ਪੱਥਰ ਵੇਚਣ ਆਲਾ ਟੱਕਰ ਗਿਆ। ਕਹਿੰਦਾ ਜੇ ਮੀਨਾਕਸ਼ੀ ਲੇਲੋ ਜੇ ਫਲਾਣਾ। ਖੁਸ਼ੀ ਕਹਿਣ ਲੱਗੀ, ਯਾਰ ਮੀਨਾਕਸ਼ੀ ਤੇਰੀ ਆਥਣੇ ਦੇਖਾਂਗੇ, ਤੂੰ ਪਹਿਲਾਂ ਆਹ ਸਾਡੇ ਬੈਗ ਜੇ ਧਰਾ ਕਿਧਰੇ...ਸਵੇਰ ਦੇ ਗਧੇ ਆਂਗੂੰ ਲੱਦੇ ਪਏ ਹਾਂ। ਉਹ ਸਾਡੇ ਅੱਗੇ-ਅੱਗੇ ਤੇ ਅਸੀਂ ਉਹਦੇ ਪਿੱਛੇ ਪਿੱਛੇ। ਉਹਨੇ ਇੱਕ ਦੁਕਾਨ ਤੇ ਸਾਡਾ ਬੈਗ ਰਖਵਾ ਦਿੱਤਾ ਤੇ ਅਸੀਂ ਮੂੰਹ ਹੱਥ ਧੋ ਗੁਫਾਵਾਂ ਆਲੀ ਬੱਸ ਚੜ੍ਹ ਗਏ। ਸ਼ੀਸ਼ੇ ਵਿੱਚੋਂ ਪਹਾੜਾਂ ਵੱਲ ਦੇਖ ਅਸੀਂ ਗੱਲਾਂ ਕਰਨ ਲੱਗੇ ਕਿ ਕਿਵੇਂ ਹਜ਼ਾਰਾਂ ਸਾਲ ਪਹਿਲਾਂ ਇਸ ਜਗਾ ਨੂੰ ਗੁਫਾਵਾਂ ਲਈ ਚੁਣਿਆ ਹੋਣਾ, ਤੇ ਕਿਵੇਂ ਇੱਥੇ ਰਹਿ ਖੁਦਾਈ ਕਰ ਕੰਮ ਕੀਤਾ ਹੋਣਾ। ਬੱਸ ’ਚ ਲੋਕਲ ਬੰਦੇ ਦੇ ਦੱਸਣ ਅਨੁਸਾਰ ਅਜੰਤਾ ਤੋਂ ਮਤਲਬ ਹੀ ਇਹ ਸੀ ਆਮ ਲੋਕਾਂ ਲਈ ਅਣਜਾਣ ਜਗ੍ਹਾ।

ਪੰਦਰਾਂ ਕੁ ਮਿੰਟ ਬਾਅਦ ਬੱਸ ਨੇ ਗੁਫਾਵਾਂ ਅੱਗੇ ਜਾ ਉਤਾਰਿਆ। ਸਿੱਧਾ ਜਾਂਦਿਆ ਸੰਘਣੇ ਬਜੁਰਗ ਬੋਹੜ ਦੀ ਛਾਂ ਨੇ ਬੁੱਕਲ ’ਚ ਲੈਂਦਿਆ ਸਾਡਾ ਸੁਆਗਤ ਕੀਤਾ। ਕਹਿੰਦੇ, ਦੇਸ਼ ਵੰਡ ਤੋਂ ਪਹਿਲਾਂ ਜਦ ਹੈਦਰਾਬਾਦ ਆਲਾ ਨਿਜਾਮ ਗੁਫਾਵਾਂ ਦੇਖਣ ਆਇਆ ਸੀ, ਉਦੋਂ ਉਹਨੇ ਇਸ 80 ਸਾਲ ਦੇ ਬੋਹੜ ਦਾ ਬੂਟਾ ਲਾਇਆ ਸੀ। ਉਦੋਂ ਔਰੰਗਾਬਾਦ ਦਾ ਇਲਾਕਾ ਨਿਜਾਮ ਦੇ ਅਧੀਨ ਆਉਂਦਾ ਸੀ। ਬੋਹੜ ਤੋਂ ਪੰਜਾਹ ਕੁ ਪੌੜੀਆਂ ਉਪਰ ਚੜ੍ਹਕੇ ਨਿਗਾ ਸਿੱਧੀ ਗੁਫਾਵਾਂ ’ਤੇ ਪੈ ਜਾਂਦੀਂ ਐ। ਦੇਖ ਕੇ ਬੰਦਾ ਅਸ਼-ਅਸ਼ ਕਰ ਉੱਠਦਾ। ਕਮਾਲ ਦਾ ਆਰਟੀਟੈਕਟ। ਅੱਜਕੱਲ ਦੇ ਜ਼ਮਾਨੇ ਦਾ ਤੇ ਇਹਦੇ ਨੇੜੇ ਤੇੜੇ ਵੀ ਹੈਨੀ। ਇਨ੍ਹਾਂ ਗੁਫਾਵਾਂ ‘ਚ ਕਮਾਲ ਦੀ ਚਿੱਤਰਕਾਰੀ ਹੈ ਅੱਜ ਦੀ ਚਿੱਤਰਕਾਰੀ ਤਾਂ ਇਹਦੇ ਨੇੜੇ ਵੀ ਨਹੀਂ ਖੜਦੀ। ਫੁੱਲਾਂ ਫਲਾਂ ਤੇ ਸਬਜ਼ੀਆਂ ਦੇ ਰਸ ਤੋਂ ਪੇਂਟ ਤਿਆਰ ਕਰਕੇ ਇਨ੍ਹਾਂ ਨੂੰ ਬਣਾਇਆ ਗਿਆ ਹੈ। ਜਿਹੜੀ 3D ਚਿੱਤਰਕਾਰੀ ਦੀ ਅਸੀਂ ਅੱਜ ਗੱਲ ਕਰਦੇ ਹਾਂ, ਉਹ ਇਨ੍ਹਾਂ ਗੁਫਾਵਾਂ ਦੀਆਂ ਕੰਧਾਂ ਉਤੇ ਹਜ਼ਾਰਾਂ ਸਾਲ ਪਹਿਲਾਂ ਚਿੱਤਰੀ ਗਈ ਹੈ। ਪਹਿਲੀ ਗੁਫਾ ਮਹਾਤਮਾ ਬੁੱਧ ਦੇ ਜਨਮ ਤੋਂ ਲੈਕੇ ਅਖੀਰਲੀ ਮਹਾਂ ਪਰਿਨਿਰਵਾਣ ਤੱਕ ਕੁੱਲ 30 ਗੁਫਾਵਾਂ ਹਨ।

ਮੰਨਦੇ ਹਨ ਕਿ ਇਹ ਗੁਫਾਵਾਂ ਪਹਿਲੀ ਸਦੀ ਈਸਵੀ ਤੋਂ ਸੱਤਵੀਂ ਸਦੀ ਈਸਵੀ ਤੱਕ ਹੋਂਦ ਵਿੱਚ ਆਈਆਂ। ਓਸ ਤੋਂ ਬਾਅਦ ਇਹ ਗੁਫਾਵਾਂ ਹਜ਼ਾਰਾਂ ਸਾਲ ਔਰੰਗਾਬਾਦ ਦੇ ਪਹਾੜਾਂ ਵਿੱਚ ਮਿੱਟੀ ਨਾਲ ਭਰੀਆਂ ਰਹੀਆਂ। ਕੁਝ ਕੁ ਲੋਕਾਂ ਦਾ ਮੰਨਣਾ ਹੈ ਕਿ ਮੁਗਲ ਸਲਤਨਤ ਦੇ ਸਮੇਂ ਢਾਹ ਢੁਆਈ ਤੋਂ ਬਚਾਉਣ ਲਈ, ਬੋਧੀਆਂ ਵਲੋਂ ਜਾਣ ਬੁੱਝ ਕੇ ਇਨ੍ਹਾਂ ਨੂੰ ਮਿੱਟੀ ਨਾਲ ਭਰ ਦਿੱਤਾ ਗਿਆ। ਪਰ ਇੰਨੇ ਪਹਾੜਾਂ ਨੂੰ ਮਿੱਟੀ ਨਾਲ ਭਰ ਦੇਣਾ ਇਹ ਗੱਲ ਹਜ਼ਮ ਜਿਹੀ ਨਹੀਂ ਹੋਈ। ਹਾਂ ਇਹ ਜਰੂਰ ਹੋ ਸਕਦੈ ਕਿ ਮੁਗਲ ਕਾਲ ਦਾ ਸਮਾਂ ਆਉਣ ਤੱਕ ਬੁੱਧ ਧਰਮ ਦਾ ਪ੍ਰਭਾਵ ਭਾਰਤ ਵਿੱਚੋਂ ਕਾਫੀ ਘਟ ਗਿਆ ਸੀ। ਕਿੰਨੇ ਸੌ ਸਾਲ ਇੱਥੇ ਕੋਈ ਨਾ ਗਿਆ ਹੋਵੇ ਤੇ ਇਹ ਮਿੱਟੀ ਤੇ ਝਾੜੀਆਂ ਥੱਲੇ ਦੱਬੀਆਂ ਗਈਆਂ ਹੋਣ।

ਫਿਰ 1819 ਈਸਵੀ ਦੇ ਵਿੱਚ ਇਨ੍ਹਾਂ ਪਹਾੜਾਂ ਵਿੱਚ ਸ਼ਿਕਾਰ ਦੀ ਭਾਲ ਕਰ ਰਹੇ ਬ੍ਰਿਟਿਸ਼ ਆਰਮੀ ਅਫਸਰ ਜੌਨ ਸਮਿੱਥ ਨੇ ਫਿਰ ਤੋਂ ਲੱਭ ਲਿਆ। ਸਭ ਤੋਂ ਪਹਿਲਾਂ ਉਹਨੂੰ 10 ਨੰਬਰ ਗੁਫਾ ਨਜਰੀਂ ਪਈ। ਹੈਦਰਾਬਾਦ ਵਾਲੇ ਨਿਜਾਮ ਦੀ ਦੇਖ ਰੇਖ ਹੇਠ ਇਨ੍ਹਾਂ ਨੂੰ ਖੋਜਣ ਦਾ ਕੰਮ ਆਰੰਭਿਆ ਗਿਆ ਤੇ ਫਿਰ ਪੂਰਾ ਖਜਾਨਾ ਨਿਕਲਿਆ। ਚੰਗਾ ਹੋਇਆ ਪਹਿਲਾਂ ਨਹੀਂ ਲੱਭੀਆਂ ਜੇ ਮਿਲ ਜਾਂਦੀਆਂ ਤਾਂ ਔਰੰਗਜੇਬ ਨੇ ਹਿੰਦੂ ਮੰਦਿਰਾਂ ਵਾਂਗ ਇਨ੍ਹਾਂ ਨੂੰ ਵੀ ਤੁੜਵਾ ਦੇਣਾ ਸੀ। ਅੱਜ ਮੇਰੇ ਵਰਗੇ ਨੇ ਐਥੇ ਕਿੱਥੇ ਘੁੰਮਣ ਆਉਣਾ ਸੀ। 1981 ਤੋਂ ਇਹ ਗੁਫਾਵਾਂ ਭਾਰਤ ਦੇ ਪੁਰਾਤੱਤਵ ਵਿਭਾਗ ਦੀ ਦੇਖ ਰੇਖ ਹੇਠ ਹਨ। ਇਸਦੇ ਆਲੇ ਦੁਆਲੇ ਰੁੱਖੇ ਜਿਹੇ ਤਪਦੇ ਪਹਾੜ ਹਨ। ਨਵੰਬਰ ਮਹੀਨੇ ਵੀ ਇੱਥੇ ਗਰਮੀ ਬਹੁਤ ਜ਼ਿਆਦਾ ਪੈਂਦੀ ਐ। ਤਾਪਮਾਨ ਲਗਭਗ 35 ਡਿਗਰੀ ਦੇ ਆਸ-ਪਾਸ ਰਹਿੰਦਾ। ਜਿਸ ਕਰਕੇ ਮੈਂ ਢਾਈ ਕੁ ਘੰਟੇ ਇੱਥੇ ਮਸਾਂ ਬਿਤਾਏ ਹੋਣਗੇ। ਦਸੰਬਰ ਤੇ ਜਨਵਰੀ ਦੇ ਮਹੀਨੇ ਜੇਕਰ ਇੱਥੇ ਆਇਆ ਜਾਵੇ ਤਾਂ ਜ਼ਿਆਦਾ ਬਿਹਤਰ ਹੈ। ਬਾਕੀ ਮਹੀਨੇ ਤਾਂ ਇਹ ਭੱਠੀ ਵਾਂਗ ਤਪਦੀਆਂ ਹਨ। ਵਾਪਸ ਜਾਂਦੇ ਹੋਏ ਮੈਂ ਜਰਮਨੀ ਗੋਰੇ ਨਾਲ ਗੱਲੀਂ ਪੈ ਗਿਆ।

ਉਹ ਕਹਿਣ ਲੱਗਾ ਕਿ ਲਗਭਗ 60-70 ਦੇ ਨੇੜੇ ਦੇਸ਼ ਘੁੰਮ ਚੁੱਕਿਆ ਹਾਂ। ਮਖਿਆਂ ਇਨ੍ਹਾਂ ਗੁਫਾਵਾਂ ਬਾਰੇ ਕੀ ਖਿਆਲ ਐ, ਕਿਵੇਂ ਦੀਆਂ ਲੱਗੀਆਂ। ਕਹਿੰਦਾ ਥੋਨੂੰ ਫਖ਼ਰ ਹੋਣਾ ਚਾਹੀਦਾ ਹੈ ਕਿ ਇੰਨਾ ਪੁਰਾਤਨ ਤੇ ਅਮੀਰ ਸੱਭਿਆਚਾਰ ਤੁਹਾਡੇ ਹਿੱਸੇ ਆਇਆ ਹੈ, ਮੈਂ ਕਲਾ ਦਾ ਇਹੋ ਜਿਹਾ ਨਮੂਨਾ ਦੁਨੀਆ ਭਰ ‘ਚ ਹੋਰ ਕਿਧਰੇ ਨਹੀਂ ਦੇਖਿਆ। ਮੈਂ ਹਾਮੀ ਭਰਦੇ ਕਿਹਾ, ਕਿ ਸਾਡੇ ਦੇਸ਼ ਲਈ ਬੜੇ ਮਾਣ ਦੀ ਗੱਲ ਹੈ ਕਿ ਇਹ ਗੁਫਾਵਾਂ ਯੂਨੈਸਕੋ ਵਰਲਡ ਹੈਰੀਟੇਜ ਦਾ ਹਿੱਸਾ ਹਨ। ਪਰ ਮੈਂ ਅੰਦਰੋ ਅੰਦਰੀ ਸੋਚਦਾ ਵਾਪਸ ਜਾ ਰਿਹਾ ਸੀ ਕਿ ਭਾਰਤ ਦਾ ਸੈਰ ਸਪਾਟਾ ਵਿਭਾਗ ਤਾਂ ਸਿਰੇ ਦਾ ਨਿਕੰਮਾ ਹੈ। ਕਿੰਨੀ ਸ਼ਰਮ ਦੀ ਗੱਲ ਹੈ ਕਿ ਸੰਸਾਰ ਪੱਧਰ ਉਤੇ ਐਨੀ ਪੁਰਾਤਨ ਚਿੱਤਰਕਾਰੀ ਤੇ ਮਹਾਨ ਆਰਟੀਟੈਕਟ ਨੂੰ ਅਸੀਂ ਮਿਸ਼ਰ ਦੇ ਢਹੇ ਪਿਰਾਮਿਡਾਂ ਦੇ ਬਰਾਬਰ ਦਾ ਸਥਾਨ ਵੀ ਨਹੀਂ ਦਿਵਾ ਸਕੇ।

ਅਜੰਤਾ ਇਲੋਰਾ ਦੀਆਂ ਗੁਫ਼ਾਵਾਂ ਦੀ ਸੈਰ ਦੀ ਪਹਿਲੀ ਕੜੀ ਨਾਲ ਜੁੜਨ ਲਈ ਜ਼ਰੂਰ ਪੜ੍ਹੋ ਇਹ ਖਬਰ - 

ਜਗਬਾਣੀ ਸੈਰ-ਸਪਾਟਾ ਵਿਸ਼ੇਸ਼-9 : ਆਓ ਚੱਲੀਏ ਅਜੰਤਾ ਇਲੋਰਾ ਦੀਆਂ ਗੁਫ਼ਾਵਾਂ ਦੀ ਸੈਰ 'ਤੇ (ਤਸਵੀਰਾਂ)

rajwinder kaur

This news is Content Editor rajwinder kaur