ਆਲਮੀ ਖੂਨਦਾਨ ਦਿਹਾੜਾ : ‘ਜੋ ਬਚਾਏ ਲੋਕਾਂ ਦੀ ਜਾਨ’

06/14/2020 12:41:34 PM

ਖੂਨਦਾਨ ਇੱਕ ਮਹਾਂ ਦਾਨ ਹੈ। ਖੂਨ ਦੀ ਸਹੀ ਸਮੇਂ ’ਤੇ ਉਪਲੱਬਧਤਾ ਨਾਲ ਕਈ ਕੀਮਤੀ ਜਾਨਾਂ ਬਚ ਸਕਦੀਆਂ ਹਨ। ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਦੁਨੀਆਂ ਭਰ ਵਿਚ ਹਰ ਰੋਜ਼ ਸੈਂਕੜੇ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਹੀ ਰਹਿੰਦੇ ਹਨ। ਅਚਾਨਕ ਆਏ ਇਸ ਸੰਕਟ ਸਮੇਂ ਕਰੀਬ ਸਾਰੇ ਲੋਕਾਂ ਨੂੰ ਖ਼ੂਨ ਦੀ ਜ਼ਰੂਰਤ ਪੈਂਦੀ ਹੈ। ਜੇਕਰ ਬਲੱਡ ਬੈਂਕ ਜਾਂ ਹਸਪਤਾਲ ਵਿਚ ਉਸ ਸਮੇਂ ਖੂਨ ਉਪਲਬਧ ਹੁੰਦਾ ਹੈ ਤਾਂ ਸਮੇਂ ਸਿਰ ਵਿਅਕਤੀ ਦੇ ਇਲਾਜ ਵਿਚ ਸਹਾਇਤਾ ਮਿਲਦੀ ਹੈ ਅਤੇ ਉਸ ਦੀ ਜਾਨ ਬਚ ਜਾਂਦੀ ਹੈ। ਇਸ ਲਈ ਹਸਪਤਾਲ ਅਤੇ ਬਲੱਡ ਬੈਂਕ ਪਹਿਲਾਂ ਹੀ ਹਰ ਗਰੁੱਪ ਦੇ ਖੂਨ ਦੀ ਉਪਲਬਧਤਾ ਨਿਸ਼ਚਿਤ ਕਰਦੇ ਹਨ ਤਾਂਕੀ ਮੁਸ਼ਕਿਲ ਸਮੇਂ ਹਰ ਲੋੜਵੰਦ ਦੀ ਮਦਦ ਕੀਤੀ ਜਾ ਸਕੇ।

ਖੂਨ ਦੇ ਦਾਨ ਨੂੰ ਵਧਾਉਣ ਲਈ ਹਰ ਸਾਲ 14 ਜੂਨ ਨੂੰ ਵਿਸ਼ਵ ਪੱਧਰ ’ਤੇ 'ਵਰਲਡ ਬਲੱਡ ਡੋਨਰ ਡੇ' ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਇਹ ਦਿਨ ਮਨਾਉਣ ਦੀ ਸ਼ੁਰੂਆਤ ਸਾਲ 2004 ਵਿਚ ਕੀਤੀ ਗਈ। ਵਿਸ਼ਵ ਭਰ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਅਤੇ ਖੂਨਦਾਨੀਆਂ ਦੇ ਉਤਸ਼ਾਹ ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸ਼ਲਾਘਾ ਕਰਨ ਲਈ 'ਵਰਲਡ ਬਲੱਡ ਡੋਨਰ ਡੇ' ਮਨਾਇਆ ਜਾਂਦਾ ਹੈ। 14 ਜੂਨ ਨੂੰ ਇਸ ਦਿਵਸ ਨੂੰ ਮਨਾਉਣ ਦਾ ਮੁੱਖ ਕਾਰਨ ਨੋਬਲ ਪੁਰਸਕਾਰ ਵਿਜੇਤਾ ਕਾਰਲ ਲੈਂਡਸਟੇਨਰ ਹੈ, ਕਿਉਂਕਿ ਉਨ੍ਹਾਂ ਨੇ A,B,O, ਬਲੱਡ ਗਰੁੱਪ ਦੀ ਖੋਜ ਕੀਤੀ ਸੀ। ਉਨ੍ਹਾਂ ਦੀ ਜੈਅੰਤੀ ਦੇ ਦਿਨ ਭਾਵ 14 ਜੂਨ ਨੂੰ ਇਹ ਦਿਨ ਮਨਾਇਆ ਜਾਂਦਾ ਹੈ।

ਖੂਨ ਦਾਨ ਕਰਨ ਦੇ ਫਾਇਦੇ
1. ਖੂਨਦਾਨ ਕਰਨ ਨਾਲ ਦਿਲ ਦੇ ਦੌਰੇ ਦੀ ਸੰਭਾਵਨਾ ਘੱਟ ਜਾਂਦੀ ਹੈ, ਕਿਉਂਕਿ ਇਸ ਨਾਲ ਖੂਨ ਪਤਲਾ ਹੋ ਜਾਂਦਾ ਹੈ।
2. ਖੂਨਦਾਨ ਕਰਨ ਨਾਲ ਭਾਰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਇਸ ਲਈ ਹਰ ਸਾਲ ਘੱਟੋ-ਘੱਟ ਦੋ ਵਾਰ ਖੂਨਦਾਨ ਕਰਨਾ ਚਾਹੀਦਾ ਹੈ।
3. ਖੂਨਦਾਨ ਨਾਲ ਸਰੀਰ ਵਿਚ ਊਰਜਾ ਆਉਂਦੀ ਹੈ, ਕਿਉਂਕਿ ਇਸ ਨਾਲ ਨਵੇਂ ਖੂਨ ਦੇ ਸੈੱਲ ਬਣਦੇ ਹਨ, ਜਿਸ ਨਾਲ ਸਰੀਰ ਤੰਦਰੁਸਤ ਹੁੰਦਾ ਹੈ।
4. ਇਸ ਨਾਲ ਲੀਵਰ ਦੇ ਨਾਲ ਸਬੰਧਤ ਸਮੱਸਿਆਵਾਂ ਤੋਂ ਨਿਜਾਤ ਮਿਲਦੀ ਹੈ।
5. ਆਇਰਨ ਦੀ ਮਾਤਰਾ ਨੂੰ ਸੰਤੁਲਿਤ ਕਰਕੇ ਲਿਵਰ ਸਿਹਤਮੰਦ ਹੁੰਦਾ ਹੈ। ਇਸ ਦੇ ਨਾਲ ਕੈਂਸਰ ਦਾ ਖਤਰਾ ਵੀ ਟਲ ਜਾਂਦਾ ਹੈ।

ਕੋਈ ਵੀ ਵਿਅਕਤੀ ਜਿਸ ਦੀ ਉਮਰ 18 ਤੋਂ 60 ਸਾਲ ਦੇ ਵਿਚਕਾਰ ਹੈ ਅਤੇ ਭਾਰ 45 ਕਿਲੋਗ੍ਰਾਮ ਤੋਂ ਜ਼ਿਆਦਾ ਹੈ। ਉਸ ਨੂੰ ਆਪਣਾ ਖੂਨ ਜ਼ਰੂਰ ਦਾਨ ਕਰਨਾ ਚਾਹੀਦਾ ਹੈ। ਆਓ ਅੱਜ 'ਵਰਲਡ ਬਲੱਡ ਡੋਨਰ ਡੇ' ਦੇ ਮੌਕੇ ’ਤੇ ਅਸੀਂ ਸਾਰੇ ਮਿਲ ਕੇ ਪ੍ਰਣ ਕਰੀਏ ਕਿ ਸਾਲ ਵਿੱਚ ਘੱਟੋ-ਘੱਟ ਦੋ ਵਾਰ ਆਪਣਾ ਖੂਨ ਜ਼ਰੂਰ ਦਾਨ ਕਰਾਂਗੇ।

ਕਮਲਜੀਤ ਸਿੰਘ ਸਿੱਧੂ
ਸਮਾਜਿਕ ਸਿੱਖਿਆ ਮਾਸਟਰ
ਮੋਹਾਲੀ ਪੰਜਾਬ।

rajwinder kaur

This news is Content Editor rajwinder kaur