ਲੇਖ : ਕਮਜ਼ੋਰੀ ਤੇ ਕਾਇਰਤਾ ਦੀ ਨਿਸ਼ਾਨੀ ਬਣਕੇ ਰਹਿ ਗਿਆ ਜਨਾਨੀ ਦਾ ਸਤੀ ਸਵਿਤਰੀ ਰੂਪ

09/27/2020 1:28:18 PM

ਹਰਕੀਰਤ ਕੌਰ ਸਭਰਾ
 9779118066

ਇਕ ਜਨਾਨੀ ਧੀ, ਭੈਣ, ਪਤਨੀ, ਵਹੁੱਟੀ, ਮਾਂ ਦੇ ਹਰ ਰਿਸ਼ਤੇ ਦੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਉਦੀਂ ਹੈ। ਏਦਾਂ ਕਹਿਣਾ ਵੀ ਸਹੀ ਰਹੇਗਾ ਕਿ ਇਨ੍ਹਾਂ ਰਿਸ਼ਤਿਆਂ ਨੂੰ ਜਿਊਦੇ ਰੱਖਣ ਲਈ ਉਹ ਆਪਣੀਆਂ ਇੱਛਾਵਾਂ, ਚਾਅ, ਸੁਪਨਿਆਂ, ਖੁਸ਼ੀਆਂ ਨੂੰ ਮਾਰ ਮਾਰ ਕੇ ਦੁੱਖਾਂ ਨੂੰ ਝੱਲ ਕੇ ਹੰਝੂਆਂ ਨੂੰ ਪੀ ਕੇ ਮਰਦਾਂ ਦਾ ਜ਼ੁਲਮ ਸਹਿੰਦੀ ਅੱਖਾਂ ਝੁਕਾਈ ਖੜੀ, ਆਪਣੇ ਹੱਕਾਂ ਲਈ ਅਵਾਜ਼ ਨਾ ਉਠਾਉਣ ਵਾਲੀ ਆਦਰਸ਼ ਅਤੇ ਚੰਗੀ ਜਨਾਨੀ ਕਹਿਲਾਉਂਦੀ ਹੈ। ਜਿਸ ਦੀ ਆਪਣੀ ਕੋਈ ਹੋਂਦ ਨਹੀਂ ਹੁੰਦੀ। ਜੇਕਰ ਉਹ ਆਪਣੀ ਜ਼ਿੰਦਗੀ ਜਿਓ ਰਹੀ ਹੈ ਤਾਂ ਦੂਜਿਆਂ ਦੀ ਖੁਸ਼ੀ ਲਈ। ਮਰੇਗੀ ਵੀ ਜਨਾਨੀਆਂ ਦੂਜੇ ਲੋਕਾਂ ਦੀ ਖੁਸ਼ੀ ਲਈ। 

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ

ਕਮਜ਼ੋਰੀ ਅਤੇ ਕਾਇਰਤਾ ਦੀ ਨਿਸ਼ਾਨੀ
ਇਹ ਸਭ ਨਾਰੀ ਦੀਆਂ ਅਜਿਹੀਆਂ ਕਮਜ਼ੋਰੀਆਂ ਹਨ, ਜਿੰਨਾ ਕਰਕੇ ਮਰਦਾਂ ਨੂੰ ਹਮੇਸ਼ਾ ਜਨਾਨੀਆਂ ਉੱਪਰ ਜ਼ੁਲਮ ਕਰਨ ਦਾ ਮੌਕਾ ਮਿਲਦਾ ਰਿਹਾ ਹੈ। ਇਹ ਅਜਿਹੇ ਔਗੁਣ ਹਨ, ਜਿੰਨਾ ਕਰਕੇ ਜਨਾਨੀ ਹਮੇਸ਼ਾ ਆਪਣੇ ਅਪਮਾਨ ਦਾ ਸਾਹਮਣਾ ਕਰਦੀ ਆਈ ਹੈ ਅਤੇ ਕਰ ਰਹੀ ਹੈ। ਭਾਵੇ ਉਸ ਦਾ ਪੇਕਾ ਪਰਿਵਾਰ ਹੋਵੇ ਜਾਂ ਸਹੁਰਾ, ਹਰ ਥਾਂ ਜਨਾਨੀ ਇਸ ਤਰ੍ਹਾਂ ਦੇ ਵਿਵਹਾਰ ਨੂੰ ਸਹਿਣ ਕਰ ਰਹੀ ਹੈ। ਇਹ ਅਜਿਹੀਆਂ ਅਲਾਮਤਾਂ ਹਨ, ਜਿੰਨਾ ਨਾਲ ਨਾਰੀ ਸ਼ੋਸ਼ਣ ਅਤੇ ਉਤਪੀੜਨ ਨੂੰ ਆਪ ਸੱਦਾ ਦਿੰਦੀ ਹੈ। ਆਪਣੇ ’ਤੇ ਅੱਤਿਆਚਾਰ ਸਹਿਣਾ ਕਮਜ਼ੋਰੀ ਅਤੇ ਕਾਇਰਤਾ ਦੀ ਨਿਸ਼ਾਨੀ ਹੈ। 

ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਨਾਰੀ ਧਰਤੀ ਦਾ ਦੂਜਾ ਰੂਪ
ਨਾਰੀ ਧਰਤੀ ਦਾ ਦੂਸਰਾ ਰੂਪ ਹੈ। ਧਰਤੀ ਦੀ ਕੁੱਖ ਵਿਚੋਂ ਰਿਜ਼ਕ ਪੈਦਾ ਹੁੰਦਾ ਹੈ। ਜਨਾਨੀ ਦੀ ਕੁਖੋਂ ਇਨਸਾਨ। ਨਾਰੀ ਅਤੇ ਧਰਤੀ ਦੀ ਇਸੇ ਸ਼ਕਤੀ ਕਰਕੇ ਸਮਾਜ ਦਾ ਨਿਰਮਾਣ ਅਤੇ ਵਿਕਾਸ ਹੁੰਦਾ ਹੈ। ਆਪਣੀ ਇਸੇ ਸ਼ਕਤੀ ਅਤੇ ਤਾਕਤ ਦੇ ਅੰਦਰੂਨੀ ਗੁਣਾਂ ਅਤੇ ਸਮਰੱਥਾ ਦੇ ਫਲਸਰੂਪ ਦੁੱਖ, ਬਿਪਤਾ ਜਾਂ ਭਿਆਨਕ ਹਾਲਾਤਾਂ ਨੂੰ ਹੌਂਸਲੇ ਅਤੇ ਧੀਰਕਪੂਰਬਕ ਸਹਿਣ ਕਰਦੇ ਹੋਏ ਹਮੇਸ਼ਾ ਆਪਣੇ ਰਸਤੇ ’ਤੇ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ। ਅੱਜ ਦੇ ਸਮੇਂ ’ਚ ਜਨਾਨੀਆਂ ਨੇ ਭਾਵੇਂ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ ਪਰ ਸਮਾਜਿਕ ਖੇਤਰ ਵਿੱਚ ਅੱਜ ਵੀ ਜਨਾਨੀ ਦੀ ਹਾਲਤ ਬਹੁਤ ਖਰਾਬ ਹੈ। ਉਹ ਘਰ ਦੀ ਚਾਰਦਿਵਾਰੀ ਵਿੱਚ ਦੁੱਖ ਸੁੱਖ, ਮਾਨ ਤੇ ਅਪਮਾਨ ਬਰਦਾਸ਼ਤ ਕਰਦੀ ਹੋਈ ਆਪਣੀਆਂ ਜ਼ਿੰਮੇਵਾਰੀਆਂ ਦੀ ਪੰਡ ਚੁੱਕੀ ਜ਼ਿੰਦਗੀ ਦਾ ਸਫ਼ਰ ਤੈਅ ਕਰਦੀ ਹੈ। 

ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ‘ਕੰਜੂਸ’ ਹੋਣ ਦੇ ਨਾਲ-ਨਾਲ ‘ਗੁੱਸੇ’ ਵਾਲੇ ਹੁੰਦੇ ਹਨ ਇਸ ਅੱਖਰ ਦੇ ਲੋਕ

ਜਨਾਨੀ ਦੇ ਜੀਵਨ ਦਾ ਆਖਰੀ ਉਦੇਸ਼
ਇੱਕ ਸਵਾਲ ਸਮਾਜ ਦੇ ਹਰ ਬੰਦੇ ਨੂੰ ਕਿ ਕੀ ਜਨਾਨੀ ਦੇ ਜੀਵਨ ਦਾ ਆਖਰੀ ਉਦੇਸ਼ ਸਿਰਫ ਮਾਂ ਬਣਨ ਅਤੇ ਵਿਆਹ ਨਾਲ ਸੰਬੰਧਿਤ ਕਾਨੂੰਨ ਅਤੇ ਨੈਤਿਕਤਾ ਦਾ ਪਾਲਣ ਕਰਨਾ ਹੀ ਹੈ? ਉਸਦੀ ਆਪਣੀ ਕੋਈ ਨਿੱਜੀ ਜ਼ਿੰਦਗੀ, ਚਾਹਤ ਨਹੀਂ ਹੋ ਸਕਦੀ? ਸੌੜੀ ਸੋਚ ਦੀ ਬਲੀ ਚੜ੍ਹਦੀ ਰਹਿਣ ਵਾਲੀ ਜਨਾਨੀ ਇੱਕ ਆਦਰਸ਼ ਜਨਾਨੀ ਹੋ ਸਕਦੀ ਹੈ? ਜਨਾਨੀਆਂ ਅੱਜ ਕੱਲ ਚੰਨ ’ਤੇ ਪਹੁੰਚ ਗਈਆਂ ਹਨ। ਇਸ ਤੋਂ ਇਲਾਵਾ ਅਜਿਹੀਆਂ ਜਨਾਨੀਆਂ ਜੋ ਆਪਣੀ ਮਹਿਨਤ ਨਾਲ ਆਪਣੇ ਚੰਗੇ ਨਾਮ ਬਣਾ ਚੁੱਕੀਆਂ ਹਨ, ਇੱਕ ਸਾਰਥਕ ਸੋਚ ਰੱਖਣ ਵਾਲੀਆਂ ਜਨਾਨੀਆਂ, ਜੋ ਦੂਸਰਿਆਂ ਲਈ ਪ੍ਰੇਣਾਸ੍ਰੋਤ ਹਨ, ਖੁਦ ਘਰ ਦੀ ਚਾਰਦੀਵਾਰੀ ਵਿੱਚ ਬਹੁਤ ਕੁਝ ਸਹਿੰਦੀਆਂ ਹਨ। ਬਹੁਤ ਸਾਰੀਆਂ ਜਨਾਨੀਆਂ ਦੀ ਜ਼ਿੰਦਗੀ ਅੱਜ ਵੀ ਹਨੇਰੇ ਵਿੱਚ ਹੈ। 

ਪੜ੍ਹੋ ਇਹ ਵੀ ਖਬਰ - ਸਿਹਤਮੰਦ ਰਹਿਣ ਲਈ ਆਪਣੇ ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ, ਤੇਜ਼ੀ ਨਾਲ ਘਟੇਗਾ ਮੋਟਾਪਾ

ਸਿਆਣਪ ਤੇ ਬਹਾਦੁਰੀ 
ਨਾਰੀ ਦੇ ਆਤਮ ਵਿਸ਼ਵਾਸ ਵਿੱਚ ਬਹੁਤ ਤਾਕਤ ਹੁੰਦੀ ਹੈ, ਲੋੜ ਹੈ ਤਾਂ ਸਿਰਫ਼ ਆਪਣੇ ਅੰਦਰ ਪ੍ਰਤੀਰੋਧ ਦੀ ਸਮਰੱਥਾ ਨੂੰ ਪੈਦਾ ਕਰਨ ਦੀ। ਜਿਸ ਨਾਲ ਸਭ ਗਲਤ ਧਾਰਨਾਵਾਂ ਨਾਲ ਸੰਘਰਸ਼ ਕੀਤਾ ਜਾ ਸਕੇ। ਕੋਈ ਕਾਨੂੰਨ ਜਾਂ ਹੀਲਾ ਉਦੋਂ ਤੱਕ ਸਾਰਥਕ ਨਹੀਂ ਹੋਵੇਗਾ ਜਦੋਂ ਤੱਕ ਹਰੇਕ ਜਨਾਨੀ ਡਟ ਕੇ ਸਾਹਮਣਾ ਕਰਨ ਦੀ ਸਮਰੱਥਾ ਖੁਦ ਵਿੱਚ ਪੈਦਾ ਨਹੀਂ ਕਰਦੀ। ਜਦੋਂ ਤੱਕ ਉਹ ਸਤੀ ਸਵਿਤਰੀ ਬਣ ਕੇ ਰਹੇਗੀ, ਉਦੋਂ ਤੱਕ ਅਪਮਾਨ ਯੋਗ ਵਿਵਹਾਰ ਤੇ ਅਪਮਾਨਜਨਕ ਸ਼ਬਦਾਂ ਤੋਂ ਇਲਾਵਾ ਹੋਰ ਕੁਝ ਨਹੀਂ ਮਿਲੇਗਾ। ਜੋ ਨਾਰੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਂਦੀ ਹੋਈ ਆਪਣੀ ਸਿਆਣਪ ਤੇ ਬਹਾਦੁਰੀ ਨਾਲ ਉੱਪਰ ਉੱਠ ਕੇ ਕਦਰਾਂ ਕੀਮਤਾਂ ਨੂੰ ਪਰਖਦਾ, ਤੋਲਦਾ ਹੈ। ਉਸਦੇ ਸੰਘਰਸ਼ ਨੂੰ ਪ੍ਰੋਤਸਾਹਨ ਅਤੇ ਪਛਾਣ ਜ਼ਰੂਰ ਮਿਲਦੀ ਹੈ। ਹਰੇਕ ਮਰਦ ਰਿਸ਼ਤੇ ਨੂੰ ਚਾਹੀਦਾ ਹੈ ਕਿ ਨਾਰੀ ਨੂੰ ਪੂਰਾ ਸਹਿਯੋਗ, ਇੱਜ਼ਤ ਅਤੇ ਪਿਆਰ ਦਿੱਤਾ ਜਾਵੇ। ਕੋਈ ਵੀ ਮਰਦ ਜਨਾਨੀ ਦਾ ਅਪਮਾਨ ਕਰਕੇ ਜਾਂ ਹੱਥ ਚੁੱਕ ਕੇ ਇਹ ਬਿਲਕੁਲ ਨਾ ਸੋਚੇ ਕਿ ਉਸ ਕੋਲ ਬਹੁਤ ਤਾਕਤ ਹੈ ਬਲਕਿ ਇਹ ਉਸਦੇ ਕਮਜ਼ੋਰ ਅਤੇ ਕਾਇਰ ਹੋਣ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ। ਸੋ ਜ਼ਰੂਰਤ ਹੈ ਸਤੀ ਸਵਿਤਰੀ ਹੋਣ ਦੇ ਅਸਲੀ ਅਰਥਾਂ ਨੂੰ ਸਮਝਣ ਦੀ ਅਤੇ ਜਨਾਨੀ ਨੂੰ ਸਤਿਕਾਰ ਦੇਣ ਦੀ। 

ਪੜ੍ਹੋ ਇਹ ਵੀ ਖਬਰ - ਸਕੂਲਾਂ ’ਚ ਬਣਨ ਵਾਲੇ 40 ਫ਼ੀਸਦੀ ਪਖਾਨਾਘਰ ਸਿਰਫ਼ ਕਾਗਜ਼ਾਂ ਚ ਹੀ ਬਣੇ: ਕੈਗ ਰਿਪੋਰਟ (ਵੀਡੀਓ)

 


rajwinder kaur

Content Editor

Related News