ਮੁਨਾਫ਼ਾ ਕਮਾਉਣ ਦੇ ਚੱਕਰ ’ਚ ਤਿਉਹਾਰਾਂ ਮੌਕੇ ਖ਼ੁਰਾਕੀ ਵਸਤਾਂ ‘ਚ ਜ਼ਹਿਰੀਲੀ ਮਿਲਾਵਟ ਹੋਣ ਦਾ ਵਧਦਾ ਖ਼ਤਰਾ!

11/01/2020 4:56:23 PM

ਸਾਡੇ ਸਮਾਜ ‘ਚ ਵਿਆਪਕ ਬਹੁਤ ਸਾਰੀਆਂ ਸਮੱਸਿਆਵਾਂ ਵਿੱਚੋਂ ਖ਼ੁਰਾਕੀ ਵਸਤਾਂ ਦੀ ਮਿਲਾਵਟ ਅਹਿਮ, ਆਮ ਅਤੇ ਖ਼ਤਰਨਾਕ ਸਮੱਸਿਆ ਹੈ। ਖ਼ੁਰਾਕੀ ਵਸਤਾਂ ‘ਚ ਕੀਤੀ ਜਾ ਰਹੀ ਮਿਲਾਵਟ ਇਨਸਾਨਾਂ ਲਈ ਬਹੁਤ ਸਾਰੀਆਂ ਬੀਮਾਰੀਆਂ ਦਾ ਸਬੱਬ ਬਣ ਰਹੀ ਹੈ। ਖ਼ੁਰਾਕੀ ਵਸਤਾਂ ‘ਚ ਜ਼ਹਿਰੀਲੇ ਤੱਤਾਂ ਦੀ ਮੌਜ਼ੂਦਗੀ ਦਾ ਖ਼ਤਰਾ ਫ਼ਸਲਾਂ ਦੇ ਉਤਪਾਦਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਖ਼ੇਤੀ ਇਨਕਲਾਬ ਦੇ ਦੌਰ ’ਚ ਰਸਾਇਣਕ ਖ਼ਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਆਮਦ ਅਜੋਕੇ ਸਮੇਂ ‘ਚ ਸਾਡੇ ਲਈ ਸ਼ਰਾਪ ਬਣ ਕੇ ਰਹਿ ਗਈ ਹੈ। ਰਸਾਇਣਕ ਖ਼ਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਅੰਨ੍ਹੇਵਾਹ ਇਸਤੇਮਾਲ ਨੇ ਖ਼ੁਰਾਕੀ ਵਸਤਾਂ ਨੂੰ ਇੱਕ ਤਰ੍ਹਾਂ ਨਾਲ ਜ਼ਹਿਰਾਂ ਵਿੱਚ ਹੀ ਤਬਦੀਲ ਕਰ ਦਿੱਤਾ ਹੈ।

ਪੜ੍ਹੋ ਇਹ ਵੀ ਖਬਰ - Health tips : ਜੇਕਰ ਤੁਸੀਂ ਅਤੇ ਤੁਹਾਡੇ ਬੱਚੇ ਮੂੰਹ ਖ਼ੋਲ੍ਹ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ

ਮੁਨਾਫਾ ਕਮਾਉਣ ਦੇ ਚੱਕਰ ਵਿੱਚ ਮਿਲਾਵਟ
ਖ਼ੁਰਾਕੀ ਵਸਤਾਂ ‘ਚ ਮਿਲਾਵਟ ਦਾ ਆਲਮ ਇੱਥੇ ਤੱਕ ਹੀ ਸੀਮਿਤ ਨਹੀਂ। ਖ਼ੁਰਾਕੀ ਵਸਤਾਂ ‘ਚ ਮਿਲਾਵਟ ਇੱਕ ਧੰਦਾ ਬਣ ਗਿਆ ਹੈ। ਮੁਨਾਫਾਖ਼ੋਰ ਲੋਕਾਂ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਕਮਾਉਣ ਦੇ ਚੱਕਰ ਵਿੱਚ ਮਿਲਾਵਟ ਦੇ ਇਨਸਾਨੀ ਸਰੀਰਾਂ ‘ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਗਿਆ ਹੈ। ਖ਼ੁਰਾਕੀ ਵਸਤਾਂ ‘ਚ ਮਿਲਾਵਟ ਕਰਨ ਦੀਆਂ ਸ਼ੋਸਲ ਮੀਡੀਆ ‘ਤੇ ਵਾਇਰਲ ਹੁੰਦੀਆਂ ਤਸਵੀਰਾਂ ਅਤੇ ਵੀਡੀਓਜ਼ ਵੇਖ ਕੇ ਪਤਾ ਲੱਗਦਾ ਹੈ ਕਿ ਖ਼ੁਰਾਕੀ ਵਸਤਾਂ ਦੀ ਮਿਲਾਵਟ ਦਾ ਰੂਪ ਦਿਨ ਪ੍ਰਤੀ ਦਿਨ ਕਿੰਨ੍ਹਾ ਖ਼ਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਖ਼ੁਰਾਕੀ ਵਸਤਾਂ ਦੀ ਤਿਆਰੀ ਸਮੇਂ ਸਾਫ ਸਫ਼ਾਈ ਅਤੇ ਹੋਰ ਪੱਖਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਕਾਰੀਗਰਾਂ ਵੱਲੋਂ ਖ਼ੁਰਾਕੀ ਵਸਤਾਂ ਤਿਆਰ ਕਰਨ ਸਮੇਂ ਆਟਾ ਆਦਿ ਗੁੰਨਣ ਲਈ ਪੈਰ੍ਹਾਂ ਦਾ ਇਸ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ, ਜਿਵੇਂ ਇਹ ਵਸਤਾਂ ਇਨਸਾਨਾਂ ਨੇ ਨਹੀਂ ਪਸ਼ੂਆਂ ਨੇ ਖਾਣੀਆਂ ਹੋਣ।

ਪੜ੍ਹੋ ਇਹ ਵੀ ਖਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ

ਸ਼ੋਸਲ ਮੀਡੀਆ ‘ਤੇ ਵਾਇਰਲ ਤਿਆਰ ਕੀਤੇ ਜਾ ਰਹੇ ਗੁੜ ਦੀ ਵੀਡੀਓ 
ਕਾਰੀਗਰਾਂ ਵੱਲੋਂ ਤਮਾਕੂੰ ਆਦਿ ਵਾਲੇ ਗੰਦੇ ਮੰਦੇ ਹੱਥ ਧੋਣ ਦੀ ਵੀ ਖੇਚਲ ਨਹੀਂ ਕੀਤੀ ਜਾਂਦੀ। ਖੁਰਾਕੀ ਵਸਤਾਂ ਤਿਆਰ ਕਰਨ ਵਾਲੀਆਂ ਥਾਵਾਂ ‘ਤੇ ਚੂਹੇ ਅਤੇ ਮੱਖੀਆਂ ਆਦਿ ਦੀ ਭਰਮਾਰ ਆਮ ਵੇਖੀ ਜਾ ਸਕਦੀ ਹੈ। ਕਾਮਿਆਂ ਵੱਲੋਂ ਕਈ ਵਾਰ ਮੱਖੀਆਂ ਆਦਿ ਨੂੰ ਉਡਾਉਣ ਦੀ ਬਜਾਏ ਤਿਆਰ ਕੀਤੀ ਜਾ ਰਹੀ ਖੁਰਾਕੀ ਵਸਤੂ ਦੇ ਵਿੱਚ ਹੀ ਰਲਾ ਦਿੱਤਾ ਜਾਂਦਾ ਹੈ। ਸ਼ੋਸਲ ਮੀਡੀਆ ‘ਤੇ ਵਾਇਰਲ ਤਿਆਰ ਕੀਤੇ ਜਾ ਰਹੇ ਗੁੜ ਦੀ ਵੀਡਿਓ ਸ਼ਾਇਦ ਸਭ ਨੇ ਵੇਖੀ ਹੋਣੀ ਹੈ। ਇਸ ਵੀਡਿਓ ਨਾਲ ਬਾਜ਼ਾਰਾਂ ਵਿੱਚ ਤਾਜ਼ੇ ਗੁੜ ਦੇ ਨਾਮ ‘ਤੇ ਵੇਚੇ ਜਾ ਰਹੇ ਗੁੜ ਦੀ ਅਸਲੀਅਤ ਬਾਖੂਬੀ ਜੱਗ ਜ਼ਾਹਰ ਹੁੰਦੀ ਹੈ।ਅਤਿ ਘਟੀਆ ਦਰਜ਼ੇ ਦੀ ਖੰਡ ਨੂੰ ਕਾਮੇ ਵੱਲੋਂ ਪੈਰ੍ਹਾਂ ਨਾਲ ਗੁੜ ਤਿਆਰ ਕਰਨ ਵਾਲੀ ਸਮੱਗਰੀ ਵਿੱਚ ਰਲਾਇਆ ਜਾ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ

ਨਕਲੀ ਦੁੱਧ ਦਾ ਉਤਪਾਦਨ ਅਤੇ ਵਰਤੋਂ
ਕਿਸੇ ਸਮੇਂ ਦੁੱਧ ਵਿੱਚ ਪਾਣੀ ਦੀ ਮਿਲਾਵਟ ਦਾ ਹੀ ਆਲਮ ਸੀ ਪਰ ਹੁਣ ਇਹ ਵਰਤਾਰਾ ਸਬਜ਼ੀਆਂ, ਫ਼ਲਾਂ ਅਤੇ ਹਰ ਖ਼ੁਰਾਕੀ ਵਸਤ ਤੱਕ ਵਿਆਪਕ ਹੋ ਗਿਆ ਹੈ। ਪਾਣੀ ਦੀ ਮਿਲਾਵਟ ਬਦੌਲਤ ਪਤਲੇ ਹੋਏ ਦੁੱਧ ਨੂੰ ਸੰਘਣਾ ਕਰਨ ਲਈ ਇਨਸਾਨੀ ਸਰੀਰਾਂ ਲਈ ਹਾਨੀਕਾਰਕ ਰਸਾਇਣਾਂ ਦਾ ਇਸਤੇਮਾਲ ਧੜੱਲੇ ਨਾਲ ਹੋ ਰਿਹਾ ਹੈ। ਦੁੱਧ ਦੇ ਸੰਘਣੇਪਣ ਲਈ ਪਾਊਡਰ ਤੋਂ ਲੈ ਕੇ ਯੂਰੀਆ ਤੱਕ ਦੀ ਮਿਲਾਵਟ ਕੀਤੀ ਜਾਣ ਲੱਗੀ ਹੈ। ਹੋਰ ਤਾਂ ਹੋਰ ਇਨ੍ਹਾਂ ਰਸਾਇਣਾਂ ਦੇ ਸਹਾਰੇ ਨਕਲੀ ਦੁੱਧ ਵੀ ਤਿਆਰ ਕੀਤਾ ਜਾਣ ਲੱਗਿਆ ਹੈ। ਸੂਬੇ ਵਿੱਚ ਦੁਧਾਰੂ ਪਸ਼ੂਆਂ ਦੀ ਘਟਦੀ ਗਿਣਤੀ ਦੇ ਬਾਵਜੂਦ ਦੁੱਧ ਉਤਪਾਦਨ ਵਿੱਚ ਹੋ ਰਿਹਾ ਇਜ਼ਾਫਾ ਨਕਲੀ ਦੁੱਧ ਦੇ ਉਤਪਾਦਨ ਦਾ ਪ੍ਰਤੱਖ ਪ੍ਰਮਾਣ ਹੈ। ਫ਼ਲਾਂ ਨੂੰ ਆਕਰਸ਼ਿਕ ਬਣਾਉਣ ਲਈ ਮੋਮ ਤੱਕ ਦੀ ਪਰਤ ਚੜ੍ਹਾ ਦਿੱਤੇ ਜਾਣ ਦੀਆਂ ਖ਼ਬਰਾਂ ਹਨ। ਫ਼ਲਾਂ ਨੂੰ ਚਮਕਦਾਰ ਦਿੱਖ ਦੇਣ ਲਈ ਇਨ੍ਹਾਂ ਨੂੰ ਖ਼ਤਰਨਾਕ ਰਸਾਇਣਾਂ ਦੇ ਘੋਲ ਵਿੱਚ ਲੰਘਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ। ਰਸਾਇਣਾਂ ਮਿਲੇ ਗੰਦੇ ਮੰਦੇ ਪਾਣੀ ਨਾਲ ਸਬਜ਼ੀਆਂ ਧੋਣ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਅਕਸਰ ਵੇਖਣ ਨੂੰ ਮਿਲ ਜਾਂਦੀਆਂ ਹਨ। ਰਸੋਈ ‘ਚ ਇਸਤੇਮਾਲ ਹੋਣ ਵਾਲੇ ਮਸਾਲਿਆਂ, ਮਿਰਚਾਂ ਅਤੇ ਹਲਦੀ ਆਦਿ ਵਿੱਚ ਮਿਲਾਵਟ ਦਾ ਆਲਮ ਆਪਣੀਆਂ ਸਿਖਰਾਂ ਨੂੰ ਪੁੱਜ ਚੁੱਕਿਆ ਹੈ।

ਪੜ੍ਹੋ ਇਹ ਵੀ ਖਬਰ - ਲੁਧਿਆਣਾ ਜ਼ਿਲ੍ਹੇ ’ਚ ਬਚਿਆ ਯੂਰੀਆ ਦਾ ਸਿਰਫ਼ 7 ਤੇ ਡੀ.ਏ.ਪੀ. ਖਾਦ ਦਾ 71 ਫ਼ੀਸਦੀ ਭੰਡਾਰ : ਮੁੱਖ ਖੇਤੀਬਾੜੀ ਅਫ਼ਸਰ

ਤਿਉਹਾਰਾਂ ’ਚ ਖੁਰਾਕੀ ਵਸਤਾਂ ਦੀ ਮਿਲਾਵਟ ਦਾ ਖਤਰਾ
ਤਿਉਹਾਰਾਂ ਦੇ ਦਿਨਾਂ ‘ਚ ਖ਼ੁਰਾਕੀ ਵਸਤਾਂ ਦੀ ਮਿਲਾਵਟ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ। ਇਨ੍ਹਾਂ ਦਿਨਾਂ ‘ਚ ਮਠਿਆਇਆ ਅਤੇ ਹੋਰ ਖ਼ੁਰਾਕੀ ਵਸਤਾਂ ਦੀ ਮੰਗ ‘ਚ ਹੋਏ ਇਜ਼ਾਫੇ ਦੀ ਪੂਰਤੀ ਲਈ ਮਿਲਵਟਖੋਰ ਪੂਰੀ ਤਰ੍ਹਾਂ ਸਰਗਰਮ ਹੋ ਜਾਂਦੇ ਹਨ। ਦੁੱਧ ਅਤੇ ਦੁੱਧ ਤੋਂ ਬਨਣ ਵਾਲੀਆਂ ਮਠਿਆਈਆਂ ‘ਚ ਮਿਲਾਵਟ ਆਮ ਹੋ ਜਾਂਦੀ ਹੈ। ਨਕਲੀ ਖੋਆ ਅਤੇ ਨਕਲੀ ਪਨੀਰ ਦੀ ਵਿੱਕਰੀ ਕਰਕੇ ਚੋਖੀ ਕਮਾਈ ਕਰਦੇ ਮਿਲਾਵਟਖੋਰ ਆਮ ਵੇਖੇ ਜਾ ਸਕਦੇ ਹਨ। ਦਿਵਾਲੀ ਮੌਕੇ ਮਠਿਆਈਆਂ ਦੀ ਮੰਗ ਪੂਰੀ ਕਰਨ ਲਈ ਮੁਨਾਫਾਖੋਰਾਂ ਵੱਲੋਂ ਕਈ ਕਈ ਦਿਨ ਪਹਿਲਾਂ ਹੀ ਮਠਿਆਈਆਂ ਦੇ ਭੰਡਾਰ ਇਸ ਤਰ੍ਹਾਂ ਜਮਾਂ ਕੀਤੇ ਜਾਂਦੇ ਹਨ ਕਿ ਉਹ ਇਨਸਾਨਾਂ ਦੇ ਖਾਣਯੋਗ ਹੀ ਨਹੀਂ ਰਹਿੰਦੇ। ਤਿਆਰ ਕਰਤਾਵਾਂ ਵੱਲੋਂ ਖ਼ੁਰਾਕੀ ਵਸਤਾਂ ਦੀ ਤਿਆਰੀ ਲਈ ਇੰਨ੍ਹੇ ਘਟੀਆ ਦਰਜ਼ੇ ਦੇ ਤੇਲ ਅਤੇ ਘਿਉ ਦਾ ਇਸਤੇਮਾਲ ਕੀਤਾ ਜਾਂਦਾ ਹੈ ਕਿ ਉਹ ਦਿਲ ਅਤੇ ਸਾਹ ਸਮੇਤ ਅਨੇਕਾਂ ਹੋਰ ਖਤਰਨਾਕ ਬੀਮਾਰੀਆਂ ਦਾ ਕਾਰਨ ਹੋ ਨਿੱਬੜਦੇ ਹਨ।

ਤਿਉਹਾਰਾਂ ਦੇ ਦਿਨਾਂ ‘ਚ ਚੁਸਤੀ ਫੁਰਤੀ ਵਿਖਾਉਣ ਦੀ ਲੋੜ
ਸਾਡੇ ਮੁਲਕ ਵਿੱਚ ਖ਼ੁਰਾਕੀ ਵਸਤਾਂ ‘ਚ ਮਿਲਾਵਟ ਨੂੰ ਬਕਾਇਦਾ ਕਾਨੂੰਨੀ ਅਪਰਾਧ ਘੋਸ਼ਿਤ ਕਰਕੇ ਮਿਲਾਵਟਖੋਰਾਂ ਲਈ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਖ਼ੁਰਾਕੀ ਵਸਤਾਂ ਦੇ ਮਿਲਾਵਟਖੋਰਾਂ ਨੂੰ ਫੜਨ ਲਈ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਤੋਂ ਆਪਾਂ ਸਾਰੇ ਵਾਕਫ ਹਾਂ। ਇਹ ਕਾਰਵਾਈਆਂ ਮਹਿਜ਼ ਰਸਮੀ ਬਣਕੇ ਰਹਿ ਗਈਆਂ ਹਨ। ਸ਼ਾਇਦ ਇਸੇ ਲਈ ਮਿਲਾਵਟਖੋਰ ਬੇਖੌਫ ਤਰੀਕੇ ਨਾਲ ਘਟੀਆ ਅਤੇ ਨਕਲੀ ਸਮੱਗਰੀ ਦਾ ਇਸਤੇਮਾਲ ਕਰਕੇ ਖ਼ੁਰਾਕੀ ਵਸਤਾਂ ਦੀ ਤਿਆਰੀ ਨੂੰ ਅੰਜ਼ਾਮ ਦੇ ਜਾਂਦੇ ਹਨ। ਹੁਣ ਤਿਉਹਾਰਾਂ ਦੇ ਦਿਨਾਂ ‘ਚ ਥੋੜ੍ਹੀ ਬਹੁਤੀ ਚੁਸਤੀ ਫੁਰਤੀ ਵਿਖਾਉਣ ਉਪਰੰਤ ਮਿਲਾਵਟਖੋਰਾਂ ਦੀਆਂ ਲਗਾਮਾਂ ਮੁੜ ਤੋਂ ਖ਼ੁੱਲ੍ਹੀਆਂ ਛੱਡ ਦਿੱਤੀਆਂ ਜਾਂਦੀਆਂ ਹਨ। ਜੇਕਰ ਮਿਲਾਵਟਖੋਰਾਂ ਨੂੰ ਸਬਕ ਸਿਖਾਉਣ ਲਈ ਅਮਲੀ ਰੂਪ ਨਾਲ ਕਾਰਵਾਈਆਂ ਜਾਣ ਤਾਂ ਇਨ੍ਹਾਂ ਸਮਾਜ ਦੇ ਦੁਸ਼ਮਣ ਲੋਕਾਂ ਦੇ ਹੌਸਲੇ ਇੰਨ੍ਹੇ ਜ਼ਿਆਦਾ ਬੁਲੰਦ ਨਾ ਹੁੰਦੇ। ਖ਼ੁਰਾਕੀ ਵਸਤਾਂ ਖ਼ਾਸ ਕਰਕੇ ਮਠਿਆਈਆਂ ਦੇ ਵਿਕਰੇਤਾਵਾਂ ਵੱਲੋਂ ਕਿਸੇ ਵੀ ਵਸਤੂ ਦੀ ਤਿਆਰ ਕਰਨ ਅਤੇ ਉਸ ਦੇ ਖਾਣਯੋਗ ਨਾ ਰਹਿਣ ਦੀ ਮਿਤੀ ਨਹੀਂ ਦਰਸਾਈ ਜਾਂਦੀ। ਗਾਹਕ ਨੂੰ ਕੀ ਪਤਾ ਲੱਗੇ ਕਿ ਉਸ ਵੱਲੋਂ ਖ਼ਰੀਦੀ ਜਾ ਰਹੀ ਖ਼ੁਰਾਕੀ ਵਸਤੂ ਖ਼ਾਣ ਦੇ ਯੋਗ ਵੀ ਹੈ ਜਾਂ ਨਹੀਂ?

ਮਿਲਾਵਟ ਦਾ ਜ਼ੁਰਮ ਆਪਣੇ ਆਪ ‘ਚ ਬਹੁਤ ਵੱਡਾ ਅਪਰਾਧ 
ਇਨਸਾਨਾਂ ਦੀਆਂ ਖ਼ੁਰਾਕੀ ਵਸਤਾਂ ‘ਚ ਮਿਲਾਵਟ ਦਾ ਜ਼ੁਰਮ ਆਪਣੇ ਆਪ ‘ਚ ਬਹੁਤ ਵੱਡਾ ਅਪਰਾਧ ਹੈ। ਖ਼ੁਰਾਕ ਖ਼ਰੀਦਣ ਆਏ ਇਨਸਾਨ ਨੂੰ ਜ਼ਹਿਰ ਦੇ ਕੇ ਭੇਜ ਦੇਣਾ ਕਿੱਧਰ ਦੀ ਇਨਸਾਨੀਅਤ ਹੈ? ਖ਼ੁਰਾਕੀ ਵਸਤਾਂ ‘ਚ ਮਿਲਾਵਟ ਦਾ ਆਲਮ ਸਿੱਧੇ ਤੌਰ ‘ਤੇ ਮੁਨਾਫਾਖੋਰੀ ਨਾਲ ਜੁੜਿਆ ਹੋਇਆ ਹੈ ਪਰ ਮੁਨਾਫਾ ਕਮਾਉਣ ਲਈ ਇਨਸਾਨਾਂ ਨੂੰ ਖ਼ਤਰਨਾਕ ਬੀਮਾਰੀਆਂ ਵੱਲ੍ਹ ਧਕੇਲ ਰਹੀ ਇਨਸਾਨੀਅਤ ਦਾ ਪ੍ਰਮਾਣ ਹੈ। ਬੇਸ਼ੱਕ ਖ਼ੁਰਾਕੀ ਵਸਤਾਂ ‘ਚ ਮਿਲਾਵਟ ਦਾ ਆਲਮ ਸਾਰਾ ਵਰ੍ਹਾ ਹੀ ਚਲਦਾ ਰਹਿੰਦਾ ਹੈ ਅਤੇ ਇਸ ਤੋਂ ਚੁਕੰਨੇ ਰਹਿਣਾ ਸਾਡਾ ਫਰਜ਼ ਹੈ ਪਰ ਤਿਉਹਾਰਾਂ ਦੇ ਦਿਨਾਂ ‘ਚ ਮਿਲਾਵਟਖੋਰੀ ‘ਚ ਹੋਣ ਵਾਲਾ ਅਸਾਧਾਰਨ ਇਜ਼ਾਫਾ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ। ਇਸ ਤੋਂ ਬਚਣ ਲਈ ਬਾਜ਼ਾਰੂ ਵਸਤਾਂ ਦੀ ਖਰੀਦ ਤੋਂ ਬਚਣਾ ਚੰਗਾ ਹੈ ਅਤੇ ਘਰਾਂ ‘ਚ ਵਸਤਾਂ ਤਿਆਰ ਕਰਨ ਨੂੰ ਤਰਜ਼ੀਹ ਦਿੱਤੇ ਜਾਣ ਦੀ ਜ਼ਰੂਰਤ ਹੈ। ਤਿਉਹਾਰਾਂ ਦੇ ਦਿਨਾਂ ‘ਚ ਸਰਕਾਰਾਂ ਅਤੇ ਪ੍ਰਸ਼ਾਸਨ ਦਾ ਚੁਕੰਨਾਪਣ ਵੀ ਬੇਹਦ ਜ਼ਰੂਰੀ ਹੈ।

ਬਿੰਦਰ ਸਿੰਘ ਖੁੱਡੀ ਕਲਾਂ
ਮੋਬ:98786-05965

rajwinder kaur

This news is Content Editor rajwinder kaur