400 ਸਾਲਾ ਪ੍ਰਕਾਸ਼ ਦਿਹਾੜੇ 'ਤੇ ਵਿਸ਼ੇਸ਼: ਮਨੁੱਖੀ ਹੱਕਾਂ ਦੇ ਰਾਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ

05/01/2021 11:18:47 AM

ਸਿੱਖਾਂ ਦੇ ਨੌਂਵੇ ਗੁਰੂ - ਸ੍ਰੀ ਗੁਰੂ ਤੇਗ ਬਹਾਦਰ ਜੀ ... ਜਿਨ੍ਹਾਂ ਨੂੰ ਹਿੰਦ ਦੀ ਚਾਦਰ ਤੇ ਤਿਲਕ-ਜੰਜੂ ਦੇ ਰਾਖੇ ਕਹਿ ਕੇ ਨਿਵਾਜਿਆ ਜਾਂਦਾ ਹੈ। ਸੰਗਤਾਂ ਉਨ੍ਹਾਂ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾ ਰਹੀਆਂ ਨੇ । ਗੁਰੂ ਤੇਗ ਬਹਾਦਰ ਜੀ ਇੱਕੋ-ਇਕ ਅਜਿਹੇ ਸ਼ਹੀਦ ਹੋਏ ਹਨ ਜੋ ਕੁਰਬਾਨ ਹੋਣ ਲਈ ਖੁਦ ਚੱਲ ਕੇ ਕਾਤਲ ਕੋਲ ਪਹੁੰਚੇ। ਗੁਰੂ ਜੀ ਦਾ ਪ੍ਰਕਾਸ਼ ਸੰਨ 1621 ਈ. ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਉਸ ਅਸਥਾਨ 'ਤੇ ਅੱਜ-ਕੱਲ੍ਹ ਗੁਰਦੁਆਰਾ ਸਾਹਿਬ ਗੁਰੂ ਕਾ ਮਹਿਲ ਸੁਭਾਏਮਾਨ ਹੈ। ਆਪ ਜੀ ਪੰਜ ਭਰਾ ਸਨ- ਵੱਡੇ ਭਰਾ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ, ਬਾਬਾ ਅਣੀ ਰਾਇ ਤੇ ਬਾਬਾ ਅਟੱਲ ਰਾਇ ਜੀ ਤੇ ਇਕ ਭੈਣ, ਬੀਬੀ ਵੀਰੋ ਜੀ ਸੀ। ਆਪ ਸਭ ਤੋਂ ਛੋਟੇ ਸਨ।

ਗੁਰੂ ਤੇਗ ਬਹਾਦਰ ਜੀ ਦਾ ਬਚਪਨ ਦਾ ਨਾਮ ਤਿਆਗ ਮੱਲ ਸੀ। ਤੀਖਣ ਬੁੱਧੀ ਦੇ ਮਾਲਕ ਗੁਰੂ ਤੇਗ ਬਹਾਦਰ ਜੀ ਨੇ ਗੁਰਮੁਖੀ, ਹਿੰਦੀ, ਸੰਸਕ੍ਰਿਤ ਤੇ ਭਾਰਤੀ ਧਾਰਮਿਕ ਵਿਚਾਰ ਧਾਰਾਵਾਂ ਦਾ ਅਧਿਐਨ ਕੀਤਾ। ਬਾਬਾ ਬੁੱਢਾ ਜੀ ਤੋਂ ਤੀਰ ਅੰਦਾਜ਼ੀ ਤੇ ਘੋੜ ਸਵਾਰੀ ਦੇ ਗੁਰ ਸਿੱਖੇ। ਗੁਰੂ ਪਿਤਾ ਸ੍ਰੀ ਗੁਰੂ ਹਰਗੋਬਿੰਦ ਜੀ ਤੋਂ ਤਲਵਾਰਬਾਜ਼ੀ ਸਿੱਖੀ। ਮਹਿਜ਼ 13 ਸਾਲ ਦੀ ਉਮਰ 'ਚ ਆਪ ਆਪਣੇ ਪਿਤਾ ਜੀ ਨਾਲ ਕਰਤਾਰਪੁਰ ਦੇ ਯੁੱਧ 'ਚ ਗਏ। ਇਸ ਦੌਰਾਨ ਆਪ ਨੇ ਆਪਣੀ ਤੇਗ ਦੇ ਅਜਿਹੇ ਜੌਹਰ ਦਿਖਾਏ ਕਿ ਆਪ ਜੀ ਦੀ ਬਹਾਦਰੀ ਨੂੰ ਦੇਖ ਕੇ ਗੁਰੂ ਜੀ ਨੇ ਆਪ ਦਾ ਨਾਂ ਤਿਆਗ ਮੱਲ ਤੋਂ ਤੇਗ ਬਹਾਦਰ ਰੱਖ ਦਿੱਤਾ। ਜਵਾਨ ਹੋਏ ਤਾਂ ਆਪ ਜੀ ਦਾ ਵਿਆਹ ਸ੍ਰੀ ਲਾਲ ਚੰਦ ਦੀ ਸਪੁੱਤਰੀ ਬੀਬੀ ਗੁਜਰੀ ਜੀ ਨਾਲ ਹੋਇਆ, ਜਿਨਾਂ ਦੀ ਕੁਖੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ।  ਗੁਰੂ ਤੇਗ ਬਹਾਦਰ ਜੀ ਨੇ 1665 'ਚ ਸਿੱਖਾਂ ਦੇ ਨੌਂਵੇ ਗੁਰੂ ਵਜੋਂ ਗੁਰਗੱਦੀ ਸੰਭਾਲੀ। ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਜੀ ਨੂੰ ਜਦੋਂ ਦਿੱਲੀ 'ਚ ਚੇਚਕ ਦੇ ਰੋਗੀਆਂ ਦੀ ਸੇਵਾ ਕਰਦੇ-ਕਰਦੇ ਚੇਚਕ ਹੋ ਗਈ ਤਾਂ 1664 ਵਿਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਵੱਲ ਗੁਰਿਆਈ ਦਾ ਇਸ਼ਾਰਾ ਕਰਦਿਆਂ ਕਿਹਾ-- 'ਬਾਬਾ ਬਕਾਲਾ '

ਗੁਰੂ ਸਾਹਿਬ ਦੇ ਇਹ ਬਚਨ ਸੁਣਨ ਤੋਂ ਬਾਅਦ ਬਹੁਤ ਸਾਰੇ ਪਾਖੰਡੀਆਂ ਨੇ, ਜਿਨ੍ਹਾਂ ਵਿਚ ਬਾਬਾ ਗੁਰਦਿੱਤਾ ਜੀ ਦਾ ਪੁਤਰ ਧੀਰ ਮੱਲ ਮੁਖ ਸੀ, ਉਨ੍ਹਾਂ ਨੇ ਬਕਾਲੇ ਵਿਚ ਡੇਰੇ ਲਗਾ ਲਏ... ਤੇ ਸੰਗਤਾਂ ਨੂੰ ਗੁੰਮਰਾਹ ਕਰ ਕੇ ਭੇਟਾ ਉਗਰਾਹੁਣ ਲੱਗੇ। ਮਾਰਚ 1665 ਵਿਚ ਇਕ ਵਪਾਰੀ ਮੱਖਣ ਸ਼ਾਹ ਲੁਬਾਣਾ, ਜੋ ਗੁਰੂ ਘਰ ਦਾ ਸ਼ਰਧਾਲੂ ਸੀ ਆਪਣੀ ਅਰਦਾਸ ਦੀਆਂ 500 ਮੋਹਰਾਂ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਬਕਾਲੇ ਪੁੱਜਾ ਪਰ ਇੱਥੇ ਤਾਂ ਕਈ ਗੁਰੂ ਬਣੇ ਬੈਠੇ ਸਨ। ਅਰਦਾਸ ਦੀ ਭੇਟਾ ਉਹ ਕਿਸ ਨੂੰ ਦੇਵੇ? ਇਹ ਸਮਝ ਨਹੀਂ ਆਈ। ਮੱਖਣ ਸ਼ਾਹ ਨੇ ਮਨ ਹੀ ਮਨ ਸੱਚੇ ਗੁਰੂ ਅੱਗੇ ਅਰਦਾਸ ਕੀਤੀ ਕਿ ਤੁਸੀਂ ਆਪਣੀ ਭੇਟਾ ਆਪ ਹੀ ਮੰਗ ਲੈਣਾ। ਇਹ ਅਰਦਾਸ ਕਰਕੇ ਉਹ ਹਰ ਮੰਜੀ ਤੇ ਬੈਠੇ ਆਪੋ ਬਣੇ ਗੁਰੂਆਂ ਅੱਗੇ 2-2 ਮੋਹਰਾਂ ਰੱਖ ਕੇ ਮੱਥਾ ਟੇਕਦਾ ਗਿਆ ਪਰ ਅਸਲੀ ਭੇਟਾ ਕਿਸੇ ਨੇ ਵੀ ਨਹੀਂ ਮੰਗੀ। ਪਰੇਸ਼ਾਨ ਹੋਏ ਮੱਖਣ ਸ਼ਾਹ ਨੂੰ ਕਿਸੇ ਨੇ ਗੁਰੂ ਤੇਗ ਬਹਾਦਰ ਬਾਰੇ ਦੱਸਿਆ ਕਿ ਇਕ ਹੋਰ ਸੰਤ ਵੀ ਹੈ ਜੋ ਜ਼ਿਆਦਾਤਰ ਭੋਰੇ ਵਿਚ ਬੈਠ ਉਸ ਅਕਾਲ ਪੁਰਖ ਦੀ ਭਗਤੀ 'ਚ ਰਹਿੰਦਾ ਹੈ। ਮੱਖਣ ਸ਼ਾਹ ਗੁਰੂ ਸਾਹਿਬ ਕੋਲ ਪਹੁੰਚਿਆ ਤੇ 2 ਮੋਹਰਾਂ ਰੱਖ ਕੇ ਮੱਥਾ ਟੇਕਿਆ।ਗੁਰੂ ਤੇਗ ਬਹਾਦਰ ਜੀ ਨੇ ਅੱਖਾਂ ਖੋਲੀਆਂ ਤੇ ਬੋਲੇ ‘ਭਾਈ ਸਿੱਖਾ ! ਗੁਰੂ ਦੀ ਅਮਾਨਤ ਦਿੱਤੀ ਹੀ ਭਲੀ ਹੁੰਦੀ ਹੈ, 500 ਵਿਚੋਂ ਕੇਵਲ ਦੋ ਮੋਹਰਾਂ ? ਗੁਰੂ ਸਾਹਿਬ ਦੇ ਇਹ ਬਚਨ ਸੁਣ ਕੇ ਮੱਖਣ ਸ਼ਾਹ ਖੁਸ਼ੀ ਨਾਲ ਗਦਗਦ ਹੋ ਉਠਿਆ। ਕੋਠੇ ਚੜ ਕੇ ਪੱਲਾ ਫੇਰਿਆ ਤੇ ਉੱਚੀ ਉੱਚੀ ਹੋਕਾ ਦੇਣ ਲੱਗਾ।  'ਗੁਰੂ ਲਾਧੋ ਰੇ, ਗੁਰੂ ਲਾਧੋ ਰੇ'  ਬਾਬਾ ਬੁੱਢਾ ਜੀ ਦੇ ਪੋਤਰੇ ਤੋਂ ਗੁਰਗੱਦੀ ਦੀ ਰਸਮ ਅਦਾ ਕਰਵਾਈ ਗਈ।

ਇਹ ਵੀ ਪੜ੍ਹੋ: 400 ਸਾਲਾ ਪ੍ਰਕਾਸ਼ ਦਿਹਾੜੇ 'ਤੇ ਵਿਸ਼ੇਸ਼: ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਮਹਾਨ ਜੀਵਨ 'ਤੇ ਇਕ ਝਾਤ

ਗੁਰੂ ਸਾਹਿਬ ਦੀ ਸ਼ਹੀਦੀ
ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਅੱਤ ਮਚਾਈ ਹੋਈ ਸੀ। ਰੋਜ਼ਾਨਾ ਸੈਂਕੜੇ ਹਿੰਦੂਆਂ ਦੇ ਜਨੇਊ ਉਤਰਵਾ ਕੇ ਉਨ੍ਹਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਸੀ। ਹਿੰਦੂ ਕੇਂਦਰਾਂ ਨੇ ਵੀ ਜਦੋਂ ਹੱਥ ਖੜ੍ਹੇ ਕਰ ਦਿੱਤੇ ਤਾਂ ਕਸ਼ਮੀਰੀ ਪੰਡਿਤਾਂ ਦਾ ਇਕ ਜਥਾ 25 ਮਈ 1675 ਨੂੰ ਚੱਕ ਨਾਨਕੀ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ 'ਚ ਪੁੱਜਾ ਤੇ ਉਨ੍ਹਾਂ ਦੇ ਧਰਮ ਨੂੰ ਬਚਾਉਣ ਦੀ ਫਰਿਆਦ ਕੀਤੀ। ਬ੍ਰਾਹਮਣਾਂ ਦੀ ਬੇਵਸੀ ਵੇਖ ਗੁਰੂ ਸਾਹਿਬ ਨੇ ਉਨ੍ਹਾਂ ਦੀ ਮਦਦ ਦਾ ਵਚਨ ਦਿੱਤਾ ਤੇ ਕਿਹਾ 'ਜਾਓ, ਸੂਬੇਦਾਰ ਨੂੰ ਆਖ ਦਿਉ ਕਿ ਜੇ ਉਹ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਮੁਸਲਮਾਨ ਬਣ ਜਾਣਗੇ।' 
ਗੁਰੂ ਸਾਹਿਬ ਖੁਦ ਚੱਲ ਕੇ ਦਿੱਲੀ ਔਰੰਗਜੇਬ ਦੇ ਕੋਲ ਪਹੁੰਚੇ। ਔਰੰਗਜ਼ੇਬ ਨੇ ਆਪ ਜੀ ਨੂੰ ਇਸਲਾਮ ਕਬੂਲਣ ਲਈ ਕਿਹਾ ਪਰ ਗੁਰੂ ਸਾਹਿਬ ਨੇ ਧਰਮ ਨਹੀਂ ਹਾਰਿਆ।ਈਨ ਨਹੀਂ ਮੰਨੀ... ਕੋਈ ਪੇਸ਼ ਨਾ ਚੱਲਦੀ ਵੇਖ ਲੋਹੇ-ਲਾਖੇ ਹੋਏ ਔਰੰਗਜੇਬ ਨੇ ਗੁਰੂ ਸਾਹਿਬ ਨੂੰ ਕੈਦ ਕਰ ਲਿਆ ਤੇ ਫਿਰ 11 ਨਵੰਬਰ, 1675 ਈਸਵੀ ਨੂੰ ਚਾਂਦਨੀ ਚੌਕ ਵਿਖੇ ਕਾਜ਼ੀ ਨੇ ਫ਼ਤਵਾ ਪੜ੍ਹਿਆ। ਜੱਲਾਦ ਜਲਾਲਦੀਨ ਨੇ ਤਲਵਾਰ ਨਾਲ ਗੁਰੂ ਸਾਹਿਬ ਦਾ ਸੀਸ, ਧੜ ਨਾਲੋਂ ਵੱਖ ਕਰ ਦਿੱਤਾ। ਅੱਜ ਕੱਲ੍ਹ ਉਸ ਅਸਥਾਨ 'ਤੇ ਗੁਰਦੁਆਰਾ ਸੀਸ ਗੰਜ ਸ਼ੁਸ਼ੋਭਿਤ ਹੈ। ਗੁਰੂ ਜੀ ਦੀ ਇਸ ਵਿਲੱਖਣ ਸ਼ਹਾਦਤ ਕਾਰਨ ਆਪ ਜੀ ਨੂੰ 'ਹਿੰਦ ਕੀ ਚਾਦਰ' ਵੀ ਕਿਹਾ ਜਾਂਦਾ ਐ। ਸ਼ਹਾਦਤ ਤੋਂ ਬਾਅਦ ਭਾਈ ਜੈਤਾ ਜੀ ਸਿਪਾਹੀਆਂ ਤੋਂ ਅੱਖ ਬਚਾ ਕੇ ਗੁਰੂ ਜੀ ਦਾ ਸੀਸ ਲੈ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਜਦਕਿ ਭਾਈ ਲੱਖੀ ਸ਼ਾਹ ਵਣਜਾਰੇ ਨੇ ਗੁਰੂ ਜੀ ਦੇ ਧੜ ਦਾ ਸਸਕਾਰ ਕਰਨ ਲਈ ਆਪਣੇ ਘਰ ਨੂੰ ਅਗਨ-ਭੇਟ ਕਰ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਗੁਰੂ ਗੋਬਿੰਦ ਸਿੰਘ ਜੀ ਬਚਿੱਤਰ ਨਾਟਕ 'ਚ ਲਿਖਦੇ ਹਨ। 

ਤਿਲਕ ਜੰਞੂ ਰਾਖਾ ਪ੍ਰਭ ਤਾ ਕਾ, ਕੀਨੋ ਬਡੋ ਕਲੂ ਮਹਿ ਸਾਕਾ
ਸਾਧਨਿ ਹੇਤਿ ਇਤਿ ਜਿਨਿ ਕਰੀ, ਸੀਸ ਦੀਆ ਪਰੁ ਸੀ ਨ ਉਚਰੀ
ਧਰਮ ਹੇਤੁ ਸਾਕਾ ਜਿਨਿ ਕੀਆ, ਸੀਸ ਦੀਆ ਪਰ ਸਿਰਰੁ ਨ ਦੀਆ

ਗੁਰੂ ਤੇਗ ਬਹਾਦਰ ਜੀ ਦੀ ਬਾਣੀ
ਆਪ ਨੇ 15 ਰਾਗਾਂ ਵਿਚ 59 ਸ਼ਬਦਾਂ (ਚਉਪਦਿਆਂ) ਦੀ ਰਚਨਾ ਕੀਤੀ ਤੇ 57 ਸ਼ਲੋਕ ਵੀ ਲਿਖੇ ਹਨ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਤ ਉਤੇ ਸੰਕਲਿਤ ਹਨ। ਆਪ ਦੇ ਗਉੜੀ ਰਾਗ ਵਿਚ ਰਚੇ ਨੌਂ ਚਉਪਦਿਆਂ ਵਿਚੋਂ ਸੱਤ ਦੁਪਦੇ ਅਤੇ ਦੋ ਤ੍ਰਿਪਦੇ ਹਨ। ਇਸ ਬਾਣੀ ਵਿਚ ਆਪ ਨੇ ਹਰਿ-ਨਾਮ ਦੇ ਸਿਮਰਨ ਨਾਲ ਮਨੁੱਖ ਨੂੰ ਆਪਣਾ ਅਧਿਆਤਮਿਕ ਭਵਿਖ ਸੁਧਾਰਨ ਤੇ ਇਨਸਾਨ ਨੂੰ ਨਿਰਭਉ, ਨਿਡਰ ਹੋ ਜਾਣ ਦੀ ਜੀਵਨ ਜਾਚ ਦੱਸੀ।  ਗੁਰੂ ਤੇਗ ਬਹਾਦਰ ਜੀ ਦੇ ਗੌਰਵਮਈ ਜੀਵਨ ਤੇ ਸ਼ਹਾਦਤ ਹੀ ਨਹੀਂ, ਸਗੋਂ ਆਪ ਜੀ ਵੱਲੋਂ ਰਚੀ ਗਈ ਬਾਣੀ ਜਗਤ ਲਈ ਪ੍ਰੇਰਨਾ-ਸਰੋਤ ਹੈ..ਸੋ ਆਓ, ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਉਹਨਾਂ ਦੀਆਂ ਸਿੱਖਿਆਂਵਾਂ ਨੂੰ ਆਪਣੇ ਜੀਵਣ ਵਿੱਚ ਢਾਲੀਏ ਅਤੇ ਗੁਰ ਉਪਦੇਸ਼ਾਂ ਮੁਤਾਬਿਕ ਜੀਵਨ ਜਿਉਣ ਦਾ ਵੱਲ ਸਿੱਖ ਕੇ ਗੁਰਮਤਿ ਮਾਰਗ ਦੇ ਰਾਹੀ ਬਣੀਏ।
ਮਨਜੀਤ ਬਿਸਵਾਸ 


Shyna

Content Editor

Related News