ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਨਪੀੜੀ ਜਨਤਾ, ਸਾਹਮਣੇ ਆਏ ਸਾਈਡ ਇਫੈਕਟ

02/24/2021 5:06:13 PM

ਅੱਬਾਸ ਧਾਲੀਵਾਲ 
ਮਲੇਰਕੋਟਲਾ । 
Abbasdhaliwal72@gmail.com 

ਅੱਜ ਦੀ ਲੱਕ ਤੋੜਵੀਂ ਮਹਿੰਗਾਈ ਦੇ ਦੌਰ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਵਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਯਕੀਨਨ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਨ੍ਹਾਂ ਵਧਦੀਆਂ ਕੀਮਤਾਂ ਨੇ ਇਕ ਤਰ੍ਹਾਂ ਨਾਲ ਦੇਸ਼ ਦੇ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੇ ਭਾਅ ਨਰਮ ਹੋਣ ਦੇ ਬਾਵਜੂਦ ਘਰੇਲੂ ਪੱਧਰ 'ਤੇ ਤੇਲ ਦੀਆਂ ਕੀਮਤਾਂ ਲਗਾਤਾਰ ਵਾਧੇ ਨਾਲ ਇਕ ਤੋਂ ਬਾਅਦ ਇਕ ਰਿਕਾਰਡ ਕਾਇਮ ਕਰਦਿਆਂ ਆਪਣੇ ਉਤਲੇ ਅਰਥਾਤ ਸੌਦਾ ਅੰਕੜਾ ਤੱਕ ਛੂ ਗਈਆਂ ਹਨ। 

ਪੜ੍ਹੋ ਇਹ ਵੀ ਖ਼ਬਰ - ਮਸ਼ਹੂਰ ਪੰਜਾਬੀ ਗਾਇਕ ‘ਸਰਦੂਲ ਸਿਕੰਦਰ’ ਦੀ ਮੌਤ 'ਤੇ ਸਿਆਸੀ ਆਗੂਆਂ ਨੇ ਟਵੀਟ ਕਰ ਪ੍ਰਗਟਾਇਆ ਦੁੱਖ  

ਗਲੋਬਲ ਪੈਟਰੋਲ ਪਰਾਈਜ.ਕੋਮ ਦੇ ਅੰਕੜਿਆਂ ਅਨੁਸਾਰ ਪੈਟਰੋਲ ਦੀ ਵਿਕਰੀ
ਇਕ ਅਦਾਰੇ ਨੇ ਆਪਣੇ ਇਕ ਗ੍ਰਾਫਿਕਸ ਰਾਹੀਂ 15 ਫਰਵਰੀ 2021 ਵਾਲੇ ਦਿਨ ਦੇ ਗਲੋਬਲ ਪੈਟਰੋਲ ਪਰਾਈਜ.ਕੋਮ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਭੂਟਾਨ ਵਿੱਚ ਪੈਟਰੋਲ 49.56 ਰੁਪਏ, ਜਦਕਿ ਗੁਆਂਢੀ ਦੇਸ਼ ਪਾਕਿ ਵਿੱਚ 51.14 ਰੁਪਏ, ਸ਼੍ਰੀਲੰਕਾ ਵਿੱਚ 60.26 ਰੁਪਏ, ਨੇਪਾਲ ਵਿੱਚ 68.98 ਰੁਪਏ, ਚੀਨ ’ਚ ਪੈਟਰੋਲ 74.74 ਰੁਪਏ ਬੰਗਲਾਦੇਸ਼ ਵਿਚ 76.41 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਸ ਤਰ੍ਹਾਂ ਉਕਤ ਰਿਪੋਰਟ ਅਨੁਸਾਰ ਭਾਰਤ ਵਿਚ ਆਪਣੇ ਸਾਰੇ ਗੁਆਂਢੀ ਦੇਸ਼ਾਂ ਨਾਲੋਂ ਪੈਟਰੋਲ ਵਧ ਕੀਮਤ ’ਤੇ ਵਿਕ ਰਿਹਾ ਹੈ। ਪੈਟਰੋਲ ਦੀਆਂ ਆਸਮਾਨੀ ਚੜ੍ਹੀਆਂ ਕੀਮਤਾਂ ਦੌਰਾਨ ਐੱਲ.ਪੀ.ਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵੀ ਉਛਾਲਾ ਮਾਰ ਗਈਆਂ ਹਨ। 

ਪੈਟਰੋਲ ਦੀਆਂ ਵਧੀਆਂ ਕੀਮਤਾਂ ਦੇ ਸਾਈਡ ਇਫੈਕਟ
ਉਧਰ ਪੈਟਰੋਲ ਦੀਆਂ ਵਧੀਆਂ ਕੀਮਤਾਂ ਦੇ ਸਾਈਡ ਇਫੈਕਟ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਕ ਰਿਪੋਰਟ ਅਨੁਸਾਰ ਜਿਨ੍ਹਾਂ ਸੂਬਿਆਂ ਦੀਆਂ ਸਰਹੱਦਾਂ ਨੇਪਾਲ ਨਾਲ ਲੱਗੀਆਂ ਹੋਈਆਂ ਹਨ, ਉਨ੍ਹਾਂ ਵਿਚ ਕਈ ਥਾਈਂ ਪੈਟਰੋਲ ਦੀ ਤਸਕਰੀ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਬਿਹਾਰ ਦੇ ਕੁਝ ਜ਼ਿਲ੍ਹਿਆਂ ਦੇ ਲੋਕ ਪੈਟਰੋਲ ਦੀ ਤਸਕਰੀ ਕਰ ਰਹੇ ਹਨ, ਜਿਨ੍ਹਾਂ ਨੂੰ ਸਥਾਨਕ ਪੁਲਸ ਅਤੇ ਐੱਸ. ਐੱਸ.ਬੀ ਦੇ ਜਵਾਨਾਂ ਨੇ ਫੜਿਆ ਵੀ ਹੈ। ਦਰਅਸਲ ਇਸ ਤਸਕਰੀ ਦਾ ਮੁੱਖ ਕਾਰਨ ਭਾਰਤ ਦੇ ਮੁਕਾਬਲੇ ਨੇਪਾਲ ਵਿੱਚ ਪੈਟਰੋਲ ਸਸਤਾ ਮਿਲਣਾ ਹੈ। ਬਿਹਾਰ ਦੇ ਅਰਰਿਆ ਅਤੇ ਕਿਸ਼ਨਗੰਜ ਜ਼ਿਲ੍ਹਿਆਂ ਵਿਚ ਪੈਟਰੋਲ ਦੀ ਤਸਕਰੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। 

ਪੜ੍ਹੋ ਇਹ ਵੀ ਖ਼ਬਰ -  ਅੰਨ੍ਹੇ ਕਤਲ ਦੀ ਗੁੱਥੀ ਸੁਲਝੀ: ਪ੍ਰੇਮਿਕਾ ਦੇ ਪਿਓ ਨੇ ਨੌਜਵਾਨ ਨੂੰ ਕਰੰਟ ਲਗਾ ਬਿਆਸ 'ਚ ਸੁੱਟੀ ਸੀ ਲਾਸ਼

ਜੇਕਰ ਗੱਲ ਮੌਜੂਦਾ ਸਮੇਂ ਭਾਰਤ ਵਿੱਚ ਪੈਟਰੋਲ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਰਾਜਧਾਨੀ ਦਿੱਲੀ ਵਿਚ ਪੈਟਰੋਲ 39 ਪੈਸੇ ਵਧ ਕੇ 90.58 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 37 ਪੈਸੇ ਵੱਧ ਕੇ 80.97 'ਤੇ ਪਹੁੰਚ ਗਿਆ। ਦੇਸ਼ ਦੇ ਕਈ ਸ਼ਹਿਰਾਂ ਵਿਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈਆਂ ਹਨ।

ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ
ਅੱਜ ਪੂਰੇ ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਇਕ ਪ੍ਰਕਾਰ ਆਮ ਲੋਕਾਂ ਦੇ ਨਾਸੀ ਧੂਆਂ ਲਿਆਂਦਾ ਪਿਆ ਹੈ। ਇਕ ਰਿਪੋਰਟ ਅਨੁਸਾਰ ਦਿੱਲੀ ਵਿੱਚ ਪਿਛਲੇ ਦਿਨੀਂ ਪੈਟਰੋਲ 90.58 ਰੁਪਏ ਪ੍ਰਤੀ ਲੀਟਰ, ਜਦਕਿ ਡੀਜ਼ਲ 80.97 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਫਿਲਹਾਲ ਦੇਸ਼ ਦੀ ਵਿੱਤੀ ਰਾਜਧਾਨੀ ਵਿੱਚ ਪੈਟਰੋਲ ਦੀ ਕੀਮਤ ਅੱਜ 97 ਰੁਪਏ ਪ੍ਰਤੀ ਲੀਟਰ ਹੈ ਤੇ ਡੀਜ਼ਲ ਦੀ ਕੀਮਤ 88.06 ਰੁਪਏ ਪ੍ਰਤੀ ਲੀਟਰ। ਪੰਜਾਬ ਵਿੱਚ ਪੈਟਰੋਲ 89.63 ਰੁਪਏ ਤੇ ਡੀਜ਼ਲ 81.93 ਰੁਪਏ ਪ੍ਰਤੀ ਲੀਟਰ ਮਿਲੇਗਾ। ਇਸ ਤੋਂ ਇਲਾਵਾ ਚੇਨਈ ਨੂੰ ਪੈਟਰੋਲ ਲਈ 92.59 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਲਈ 85.98 ਰੁਪਏ ਪ੍ਰਤੀ ਲੀਟਰ ਦੇਣੇ ਪੈਣਗੇ। ਕੋਲਕਾਤਾ ਵਿੱਚ ਪੈਟਰੋਲ 95.33 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 84.56 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਨੋਇਡਾ ਦੀ ਗੱਲ ਕਰੀਏ ਤਾਂ ਪੈਟਰੋਲ 91.44 ਰੁਪਏ ਤੇ ਡੀਜ਼ਲ 81.41 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਬਟਾਲਾ : ਤਹਿਸੀਲ ਕੰਪਲੈਕਸ ਦੀਆਂ ਕੰਧਾਂ ’ਤੇ ਲੱਗੇ ਖ਼ਾਲਿਸਤਾਨ ਦੇ ਪੋਸਟਰ, ਲੋਕਾਂ ’ਚ ਦਹਿਸ਼ਤ ਦਾ ਮਾਹੌਲ

ਪੈਟਰੋਲ ਦੀਆਂ ਕੀਮਤਾਂ ਦੇ ਵਧਣ ਦੇ ਸੰਦਰਭ ਵਿੱਚ ਐਨਰਜੀ ਮਾਹਰ ਨਰਿੰਦਰ ਤਨੇਜਾ ਦਾ ਆਖਣਾ ਹੈ ਕਿ ''ਤੇਲ ਦੀ ਡਿਮਾਂਡ ਅਤੇ ਵਰਤੋਂ ਲੋਕਡਾਊਨ ਦੇ ਲਗਦਿਆਂ ਹੀ ਹੇਠਾਂ ਚਲੀ ਗਈ ਸੀ ਅਤੇ ਇਸੇ ਨਾਲ ਹੀ ਸਰਕਾਰ ਲਈ ਆਮਦਨੀ ਦਾ ਪੱਧਰ ਵੀ ਘੱਟ ਗਿਆ ਸੀ।''

ਸੋਨੀਆ ਗਾਂਧੀ ਨੇ ਨਰਿੰਦਰ ਮੋਦੀ ਨੂੰ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੋਧ ’ਚ ਪੱਤਰ ਭੇਜਿਆ
ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਦੀ ਆਗੂ ਭਾਵ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਨਰਿੰਦਰ ਮੋਦੀ ਨੂੰ ਦੇਸ਼ ਵਿੱਚ ਲਗਾਤਾਰ ਵੱਧ ਰਹੀਆਂ ਤੇਲ ਕੀਮਤਾਂ ਦੇ ਵਿਰੋਧ ਵਿੱਚ ਸਖ਼ਤ ਪੱਤਰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਤੇਲ ਕੀਮਤਾ ਨਿੱਤ ਨਵੀਂ ਉਚਾਈ ਵੱਲ ਜਾ ਰਹੀਆਂ ਹਨ ਤੇ ਇਨ੍ਹਾਂ ਨੂੰ ਠੱਲ੍ਹ ਲਈ ਸਰਕਾਰ ਕੁਝ ਨਹੀਂ ਕਰ ਰਹੀ, ਸਗੋਂ ਪਿਛਲੀਆਂ ਸਰਕਾਰਾਂ ’ਤੇ ਸਾਰਾ ਠੀਕਰਾ ਭੰਨ ਕੇ ਆਪ ਸੁਰਖਰੂ ਹੋਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਪਣੀ ਜ਼ਿੰਮੇਦਾਰੀ ਤੋਂ ਨਹੀਂ ਭੱਜ ਸਕਦੇ। ਕੁੱਲ ਘਰੇਲੂ ਉਤਪਾਦ (ਜੀਡੀਪੀ) ’ਚ ਗਿਰਾਵਟ ਅਤੇ ਤੇਲ ਕੀਮਤਾਂ ’ਚ ਵਾਧੇ ਪਿਛਲੀਆਂ ਸਰਕਾਰਾਂ ਨਹੀਂ ਸਗੋਂ ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆਂ ਮੁੱਖ ਕਾਰਨ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਤੇਲ ਕੀਮਤਾਂ ’ਚ ਵਾਧਾ ਵਾਪਸ ਲਿਆ ਜਾਵੇ ਤੇ ਦੇਸ਼ ਦੇ ਮੱਧ ਵਰਗ, ਕਿਸਾਨਾਂ, ਗਰੀਬਾਂ ਅਤੇ ਮੁਲਾਜ਼ਮਾਂ ਨੂੰ ਤੁਰੰਤ ਰਾਹਤ ਦਿੱਤੀ ਜਾਵੇ।

ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ : 2 ਮਹੀਨਿਆਂ ਦੀ ਬੱਚੀ ਨੂੰ ਦੋ ਲੱਖ ’ਚ ਵੇਚ ਰਹੇ ਸੀ ਮਾਂ-ਬਾਪ, ਦਲਾਲਾਂ ਸਣੇ ਕਾਬੂ    

ਰਾਮ ਮੰਦਰ ਲਈ ਚੰਦਾ ਇਕੱਠਾ ਕਰਨ ਦੀ ਥਾਂ ਪੈਟਰੋਲ-ਡੀਜ਼ਲ ਦੀ ਵਧਦੀਆਂ ਕੀਮਤਾਂ ਨੂੰ ਕਰੋ ਘੱਟ 
ਮਹਾਰਾਸ਼ਟਰ ’ਚ ਸੱਤਾਧਾਰੀ ਪਾਰਟੀ ਸ਼ਿਵ ਸੈਨਾ ਨੇ ਕੇਂਦਰੀ ਸਰਕਾਰ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਉਹ ਰਾਮ ਮੰਦਰ ਲਈ ਚੰਦਾ ਇਕੱਠਾ ਕਰਨ ਦੀ ਥਾਂ ਪੈਟਰੋਲ-ਡੀਜ਼ਲ ਦੀ ਵਧਦੀਆਂ ਕੀਮਤਾਂ ਨੂੰ ਘੱਟ ਕਰੇ। ਇਸ ਦੇ ਨਾਲ ਹੀ ਉਨ੍ਹਾਂ ਪੈਟਰੋਲੀਅਮ ਪਦਾਰਥਾਂ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਦੇ ਸੰਦਰਭ ਵਿਚ ਬਾਲੀਵੁੱਡ ਅਦਾਕਾਰਾਂ ਦੀ ਖਾਮੋਸ਼ੀ ਨੂੰ ਆੜੇ ਹੱਥੀਂ ਲਿਆ ਤੇ ਆਖਿਆ ਕਿ ਉਨ੍ਹਾਂ ਨੂੰ ਉਕਤ ਮਾਮਲੇ ਵਿਚ ਖਾਮੋਸ਼ੀ ਅਖਤਿਆਰ ਕਰਨ ਲਈ ਲਗਦਾ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਮਮਤਾ ਬੈਨਰਜੀ ਦੀ ਸਰਕਾਰ ਨੇ ਕੀਤੀ ਕਟੌਤੀ
ਉਧਰ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ 1 ਰੁਪਏ ਸਸਤਾ ਮਿਲੇਗਾ। ਪੱਛਮੀ ਬੰਗਾਲ ਦੇ ਵਿੱਤ ਮੰਤਰੀ ਅਮਿਤ ਮਿੱਤਰਾ ਨੇ ਕੀਮਤਾਂ ਵਿੱਚ ਕਮੀ ਦਾ ਐਲਾਨ ਕੀਤਾ ਹੈ। ਇਸ ਸੰਦਰਭ ਵਿੱਚ ਵਿੱਤ ਮੰਤਰੀ ਅਮਿਤ ਮਿੱਤਰਾ ਨੇ ਟੈਕਸ 'ਚ 1 ਰੁਪਏ ਦੀ ਕਟੌਤੀ ਦਾ ਐਲਾਨ ਕਰਦਿਆਂ ਕਿਹਾ, “ਕੇਂਦਰ ਟੈਕਸ ਦੇ ਜ਼ਰੀਏ ਇਕ ਲੀਟਰ ਪੈਟਰੋਲ 'ਤੇ 32.90 ਰੁਪਏ ਕਮਾ ਰਿਹਾ ਹੈ, ਜਦਕਿ ਰਾਜ ਨੂੰ ਸਿਰਫ਼ 18.46 ਰੁਪਏ ਮਿਲ ਰਹੇ ਹਨ। ਕੇਂਦਰ ਸਰਕਾਰ ਡੀਜ਼ਲ 'ਤੇ ਇਕ ਲੀਟਰ 'ਚ 31.80 ਕਮਾ ਰਹੀ ਹੈ, ਜਦਕਿ ਰਾਜ 12.77 ਰੁਪਏ।"

ਪੜ੍ਹੋ ਇਹ ਵੀ ਖ਼ਬਰ - ਸਿੰਘੂ ਬਾਰਡਰ ਤੋਂ ਲੱਭਿਆ ਰਿਟਾਇਰਡ ਲੈਫਟੀਨੈਂਟ ਕਰਨਲ ਦਾ ਲਾਪਤਾ ਪੁੱਤ, ਕੈਪਟਨ ਨੇ ਦਿੱਤੇ ਸੀ ਭਾਲ ਕਰਨ ਦੇ ਸੰਦੇਸ਼

ਸਾਬਕਾ ਕ੍ਰਿਕਟ ਖਿਡਾਰੀ ਕੀਰਤੀ ਅਜ਼ਾਦ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਤੇ ਕੀਤਾ ਟਵੀਟ
ਉਧਰ ਸਾਬਕਾ ਕ੍ਰਿਕਟ ਖਿਡਾਰੀ ਕੀਰਤੀ ਅਜ਼ਾਦ ਨੇ ਪੈਟਰੋਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ’ਤੇ ਵਿਅੰਗ ਕਰਦਿਆਂ ਟਵੀਟ ਕੀਤਾ, ਜਿਸ ਵਿਚ ਉਨ੍ਹਾਂ ਨੇ ਮਈ 2014 ਅਤੇ ਫਰਵਰੀ 2021 ਦੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੀ ਤੁਲਨਾ ਕਰਦੀ ਇੱਕ ਅਖ਼ਬਾਰ ਦੀ ਖ਼ਬਰ ਸਾਂਝੀ ਕਰਦਿਆਂ ਲਿਖਿਆ, "ਟੈਸਟ ਮੈਚ ਵਿੱਚ ਸੈਂਕੜਾ ਪੂਰਾ ਕਰਨਾ ਬਹੁਤ ਔਖਾ ਹੈ ਪਰ ਸਾਡੇ ਚੌਕੀਦਾਰ ਲਈ ਨਹੀਂ, ਉਹ ਬਹੁਤ ਕੁਸ਼ਲਤਾ ਨਾਲ ਕਰਦੇ ਹਨ। ਦੂਜੀ ਪਾਰੀ ਦੇ ਇੰਤਜਾਰ ਵਿੱਚ ਹਾਂ। ਕੀ ਉਹ ਡੀਜ਼ਲ ਲਈ ਵੀ ਇਹ ਵਿਸ਼ੇਸ਼ਤਾ ਹਾਸਿਲ ਕਰਨਗੇ?"

ਦੁਰਗਰਾਮ ਸ੍ਰੀਹਰੀ ਗੌੜ ਨਾਮ ਦੇ ਇੱਕ ਟਵਿੱਟਰ ਯੂਜ਼ਰ ਨੇ ਬਾਬਾ ਰਾਮਦੇਵ ਦਾ ਇਕ ਪੁਰਾਣਾ ਟਵੀਟ ਸਾਂਝਾ ਕਰਦਿਆਂ ਲਿਖਿਆ "ਕਿੱਥੇ ਹਨ ਬਾਬਾ ਰਾਮਦੇਵ? ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਕਿਉਂ ਹੈ?"

ਉਧਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਨੂੰ ਗੰਭੀਰ ਮੁੱਦਾ ਦੱਸਦਿਆਂ ਕੇਂਦਰੀ ਵਿੱਤ ਮੰਤਰੀ ਸੀਤਾਰਮਨ ਨੇ ਪਿਛਲੇ ਦਿਨੀਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਖ਼ਪਤਕਾਰਾਂ ਨੂੰ ਰਾਹਤ ਦੇਣ ਲਈ ਆਪਸ ਵਿਚ ਗੱਲਬਾਤ ਕਰਨੀ ਚਾਹੀਦੀ ਹੈ। ਵਿੱਤ ਮੰਤਰੀ ਸੀਤਾਰਮਨ ਨੇ ਇਸ ਸੰਦਰਭ ਵਿੱਚ ਕਿਹਾ, 'ਇਹ ਗੰਭੀਰ ਮੁੱਦਾ ਹੈ ਅਤੇ ਕੀਮਤਾਂ ਵਿਚ ਕਮੀ ਤੋਂ ਇਲਾਵਾ ਕੋਈ ਵੀ ਜਵਾਬ ਲੋਕਾਂ ਨੂੰ ਸੰਤੁਸ਼ਟ ਨਹੀਂ ਕਰ ਸਕਦਾ।' ਉਨ੍ਹਾਂ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਦੇ ਨਿਰਯਾਤ ਕਰਨ ਵਾਲੇ ਦੇਸ਼ ਦੇ ਸੰਗਠਨ (ਓਪੇਕ) ਨੇ ਜਿਹੜਾ ਅਨੁਮਾਨ ਲਗਾਇਆ ਸੀ, ਉਸ ਵਿਚ ਵੀ ਕਮੀ ਆਉਣ ਦੀ ਸੰਭਾਵਨਾ ਹੈ, ਜੋ ਚਿੰਤਾਵਾਂ ਨੂੰ ਵਧਾਉਂਦੀ ਹੈ। ਸਰਕਾਰ ਦਾ ਤੇਲ ਦੀ ਕੀਮਤ ਨਿਯੰਤਰਣ ਨਹੀਂ ਹੈ। ਇਸ ਨੂੰ ਤਕਨੀਕੀ ਤੌਰ 'ਤੇ ਮੁਕਤ ਕਰ ਦਿੱਤਾ ਗਿਆ ਹੈ। ਤੇਲ ਕੰਪਨੀਆਂ ਕੱਚੇ ਤੇਲ ਦੀ ਦਰਾਮਦ ਕਰਦੀਆਂ ਹਨ ਰਿਫਾਈਨ ਕਰਦੀਆਂ ਹਨ ਅਤੇ ਵੇਚਦੀਆਂ ਹਨ।

ਕੁਲ ਮਿਲਾ ਕੇ ਉਕਤ ਮਾਮਲੇ ਤੇ ਲਗਭਗ ਸਾਰਿਆਂ ਵਲੋਂ ਹੀ ਆਪਣੇ ਆਪਣੇ ਅੰਦਾਜ਼ ਚ ਰਾਏ ਜਾਂ ਟੀਕਾ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਜਦੋਂ ਕਿ ਇਸ ਸਭ ਦੇ ਵਿਚਕਾਰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਦਿਨ ਪ੍ਰਤੀ ਦਿਨ ਵਧੀਆਂ ਕੀਮਤਾਂ ਦੇ ਚਲਦਿਆਂ ਗ਼ਰੀਬ ਤੇ ਮੱਧ ਵਰਗ ਦੇ ਲੋਕ ਹਾਲੋਂ ਬੇਹਾਲ ਹੋ ਰਹੇ ਹਨ ਅਤੇ ਖੁਦ ਨੂੰ ਇਸ ਸਮੇਂ ਬੁਰੀ ਤਰ੍ਹਾਂ ਨਪੀੜਿਆ ਮਹਿਸੂਸ ਕਰ ਰਹੇ ਹਨ। 


 


rajwinder kaur

Content Editor

Related News