ਨਿਤੀਸ਼ ਕੁਮਾਰ ਅੱਜ ਚੁੱਕਣਗੇ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ, ਅਮਿਤ ਸ਼ਾਹ ਵੀ ਹੋਣਗੇ ਸ਼ਾਮਲ

11/16/2020 2:17:14 PM

ਪਟਨਾ (ਭਾਸ਼ਾ)— ਨਿਤੀਸ਼ ਕੁਮਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪਾਰਟੀ ਪ੍ਰਧਾਨ ਜੇ. ਪੀ. ਨੱਢਾ ਸਮੇਤ ਭਾਜਪਾ ਦੇ ਸੀਨੀਅਰ ਨੇਤਾਵਾਂ ਦੀ ਮੌਜੂਦਗੀ ਵਿਚ ਸੋਮਵਾਰ ਯਾਨੀ ਕਿ ਅੱਜ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਦੱਸ ਦੇਈਏ ਕਿ ਬਿਹਾਰ ਵਿਚ ਹਾਲ ਹੀ 'ਚ ਵਿਧਾਨ ਸਭਾ ਚੋਣਾਂ 'ਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ. ਡੀ. ਏ.) ਨੂੰ 125 ਸੀਟਾਂ ਮਿਲੀਆਂ, ਜਿਨ੍ਹਾਂ 'ਚੋਂ ਨਿਤੀਸ਼ ਕੁਮਾਰ ਦੀ ਜਦਯੂ ਨੂੰ 43 ਸੀਟਾਂ ਮਿਲੀਆਂ ਅਤੇ ਭਾਜਪਾ ਨੂੰ 74 ਸੀਟਾਂ ਹਾਸਲ ਹੋਈਆਂ। ਬਿਹਾਰ ਦੀ ਨਵੀਂ ਸਰਕਾਰ ਵਿਚ ਉੱਤਰ ਪ੍ਰਦੇਸ ਦੀ ਤਰਜ਼ 'ਤੇ ਭਾਜਪਾ ਦੇ ਦੋ ਉੱਪ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਹੈ। ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਕਟਿਹਾਰ ਤੋਂ ਚੌਥੀ ਵਾਰ ਵਿਧਾਇਕ ਚੁਣੇ ਗਏ ਤਾਰਕਿਸ਼ੋਰ ਪ੍ਰਸਾਦ ਅਤੇ ਬੇਤੀਆ ਤੋਂ ਵਿਧਾਇਕ ਰੇਣੂ ਦੇਵੀ ਉੱਪ ਮੁੱਖ ਮੰਤਰੀ ਅਹੁਦੇ ਦੇ ਮੁੱਖ ਦਾਅਵੇਦਾਰ ਹਨ।

ਤਾਰਕਿਸ਼ੋਰ ਪ੍ਰਸਾਦ ਨੂੰ ਭਾਜਪਾ ਵਿਧਾਨਸਭਾ ਦਲ ਦਾ ਨੇਤਾ ਅਤੇ ਰੇਣੂ ਦੇਵੀ ਨੂੰ ਉੱਪ ਨੇਤਾ ਚੁਣਿਆ ਗਿਆ ਹੈ। ਰਾਜਭਵਨ ਦੇ ਬਿਆਨ ਮੁਤਾਬਕ ਰਾਜਪਾਲ ਫਾਗੂ ਚੌਹਾਨ ਸ਼ਾਮ ਸਾਢੇ 4 ਵਜੇ ਕੁਮਾਰ ਨੂੰ ਅਹੁਦੇ ਦੀ ਸਹੁੰ ਦਿਵਾਉਣਗੇ। ਸਹੁੰ ਚੁੱਕ ਸਮਾਰੋਹ ਵਿਚ ਭਾਜਪਾ ਦੇ ਸੀਨੀਅਰ ਨੇਤਾ ਮੌਜੂਦ ਰਹਿਣਗੇ। ਦੱਸਣਯੋਗ ਹੈ ਕਿ ਨਿਤੀਸ਼ ਕੁਮਾਰ ਨੇ 2010 ਅਤੇ 2015 ਵਿਚ ਚੁਣਾਵੀ ਜਿੱਤ ਤੋਂ ਬਾਅਦ ਗਾਂਧੀ ਮੈਦਾਨ ਵਿਚ ਵੱਡੀ ਗਿਣਤੀ 'ਚ ਆਮ ਲੋਕਾਂ ਅਤੇ ਮਾਣਯੋਗ ਲੋਕਾਂ ਦੀ ਮੌਜੂਦਗੀ 'ਚ ਸਹੁੰ ਚੁੱਕੀ ਸੀ ਪਰ ਇਸ ਵਾਰ ਕੋਵਿਡ-19 ਲਾਗ ਕਾਰਨ ਇਹ ਸੰਭਵ ਨਹੀਂ ਹੋ ਸਕੇਗਾ। ਸੂਤਰਾਂ ਦਾ ਕਹਿਣਾ ਹੈ ਕਿ ਨਿਤੀਸ਼ ਕੁਮਾਰ ਤੋਂ ਇਲਾਵਾ ਐੱਨ. ਡੀ. ਏ. ਦੇ ਚਾਰ ਘਟਕ ਦਲਾਂ- ਭਾਜਪਾ, ਜਦਯੂ, ਹਮ ਪਾਰਟੀ ਅਤੇ ਵੀ. ਆਈ. ਪੀ. ਤੋਂ 8 ਹੋਰ ਨੇਤਾਵਾਂ ਨੂੰ ਕੈਬਨਿਟ ਵਿਚ ਥਾਂ ਦਿੱਤੀ ਜਾ ਸਕਦੀ ਹੈ ਅਤੇ ਬਾਅਦ 'ਚ ਇਸ ਦਾ ਵਿਸਥਾਰ ਕੀਤਾ ਜਾ ਸਕਦਾ ਹੈ।


Tanu

Content Editor

Related News