1947 ਹਿਜਰਤਨਾਮਾ- 23 : ਸ਼੍ਰੀ ਮੁਲਖ ਰਾਜ ਜਲੰਧਰ

07/02/2020 11:11:01 AM

ਲੇਖਕ : ਸਤਵੀਰ ਸਿੰਘ ਚਾਨੀਆਂ
92569-73526

ਸੰਨ 1947 ਦੀ ਵੰਡ ਸਮੇਂ ਆਬਾਦੀ ਦੇ ਤਬਾਦਲੇ ਦੌਰਾਨ ਮੱਜ਼੍ਹਬੀ ਤੁਅਸਬ ਨਾਲ ਭਰੇ ਜਨੂੰਨੀਆਂ ਵਲੋਂ ਦੂਜੇ ਫਿਰਕੇ ਨਾਲ ਸਬੰਧਤ ਲੋਕਾਂ ਨਾਲ ਭਰੀਆਂ ਰੇਲ ਗੱਡੀਆਂ ਨੂੰ ਵੱਢ ਦੇਣ ਦੀਆਂ ਹਿਰਦੇ ਵੇਦਕ ਕਹਾਣੀਆਂ ਪੜ੍ਹੀਆਂ ਜਾਂ ਸੁਣੀਆਂ ਸਨ। ਪਰ ਇਹ ਅਚੰਬਾ ਪਹਿਲੀ ਦਫਾ ਹੋਇਆ ਕਿ ਮੇਰੀ ਮੁਲਾਕਾਤ ਇਕ ਅਜਿਹੇ ਬਜ਼ੁਰਗ ਨਾਲ ਹੋਈ, ਜੋ ਵੱਢੀ ਗਈ ਰੇਲ ਗੱਡੀ ਦਾ ਬਚਿਆ ਹੋਇਆ ਜ਼ਿੰਦਾ ਪਾਤਰ ਹੈ। ਪੇਸ਼ ਹੈ ਦਰਦਨਾਕ ਕਹਾਣੀ ਉਸ ਦੀ ਆਪਣੀ ਜ਼ੁਬਾਨੀ-

" ਮੈਂ ਮੁਲਖ ਰਾਜ, ਸ਼੍ਰੀ ਬਾਲਕ ਰਾਮ ਦਾ ਪੁੱਤਰ ਅਤੇ ਸ਼੍ਰੀ ਸਰਮ ਚੰਦ ਦਾ ਪੋਤਰਾ ਅਰਬਨ ਇਸਟੇਟ-੨ ਜਲੰਧਰ ਤੋਂ ਬੋਲ ਰਿਹੈਂ। ਸਾਡੇ ਬਜ਼ੁਰਗਾਂ ਦਾ ਪਿਛਲਾ ਪਿੰਡ ਸਿਆਲਕੋਟ ਨਜ਼ਦੀਕ, ਮਿਆਣਾ ਪੁਰ ਸੀ। ਉਥੇ ਨੰਦ ਹੁਸੈਨ ਤੇ ਮੇਹਰ ਜਲਾਲ ਪਿੰਡ ਦੇ ਚੌਧਰੀ ਸਨ। ਇਸ ਸ਼ਹਿਰ ਵਾਲੇ ਮਿਆਣੇ ਦੇ ਨਾਲ ਨਵਾਂ ਮਿਆਣਾ ਅਤੇ ਅੰਬਾਂ ਵਾਲਾ ਮਿਆਣਾ ਦੋ ਪਿੰਡ ਹੋਰ ਸਨ। ਉਹ ਤਿੰਨੋ ਮਿਆਣੇ ਲਾਹੌਰ ਨੂੰ ਜਾਂਦੀ ਰੇਲ ਟਰੈਕ ’ਤੇ ਸਨ ਪਰ ਬਜ਼ੁਰਗ ਲੰਬੇ ਸਮੇਂ ਤੋਂ ਸਿਆਲਕੋਟ ਸ਼ਹਿਰ ਹੀ ਆ ਆਬਾਦ ਹੋਏ। 47 ਸਮੇਂ ਮੇਰਾ ਬਾਪ, ਸ਼੍ਰੀ ਹੰਸ ਰਾਜ ਮਹਾਜਨ ਦੀ ਸਿਆਲਕੋਟ ਵਿਖੇ ਹੀ ਸਥਿਤ ਸਪੋਰਟਸ ਫੈਕਟਰੀ ਜਿੱਥੇ ਹਾਕੀਆਂ, ਬੱਲੇ ਬਣਦੇ ਸਨ ਵਿਖੇ ਕੰਮ ਕਰਦੇ ਸਨ।

ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਅਪਣਾਓ ਇਹ ਤਰੀਕੇ

ਮੈਂ ਰੌਲਿਆਂ ਵਕਤ ਸਿਆਲਕੋਟ ਵਿਖੇ ਹੀ ਰਾਜਾ ਸਲਵਾਨ ਦੇ ਮਹਿਲ ਸਾਹਮਣੇ ਸਥਿਤ ਆਰੀਆ ਸਮਾਜ ਸਕੂਲ ਵਿਚ 5ਵੀਂ ਦਾ ਵਿਦਿ: ਸਾਂ। ਉਥੇ ਮੇਰੇ ਸਹਿਪਾਠੀਆਂ ’ਚੋਂ ਓਮ ਪ੍ਰਕਾਸ਼ ਤੇ ਪਾਲਾ ਸ਼ੁਮਾਰ ਸਨ । ਇਸ ਤੋਂ ਪਹਿਲੇ ਘਰਦਿਆਂ ਮੈਨੂੰ ਪਹਿਲੀ ਜਮਾਤ ਵਿੱਚ ਇਸਲਾਮੀਆਂ ਸਕੂਲ ਚ ਲਾਇਆ ਸੀ ਪਰ ਉਥੇ ਮੁਸਲਿਮ ਬੱਚੇ ਤੰਗ ਬਹੁਤਾ ਕਰਦੇ। ਇਸ ਸਕੂਲ ’ਚ ਸਯੱਦ ਮੁਸਲਿਮ, ਸਰਵਰ ਮੇਰੇ ਮੁਸਲਿਮ ਮਿੱਤਰਾਂ ਵਿੱਚੋਂ ਸੀ।

ਮੇਰੇ ਚਾਚਾ ਮਿਲਖੀ ਰਾਮ ਜੀ, ਜੋ ਕਿ ਉਸ ਵਕਤ ਸਪੋਰਟਸ ਦਾ ਮਾਲ ਸਪਲਾਈ ਕਰਨ ਬਾਹਰ ਜਾਇਆ ਕਰਦੇ ਸਨ ਚੜ੍ਹਦੇ ਮਾਰਚ ਉਹ ਖ਼ਬਰ ਲਿਆਏ ਕਿ ਭਾਰਤ ਦੀ ਵੰਡ ਹੋ ਜਾਣੀ ਹੈ। ਪਾਕਿ:ਬਣੇਗਾ। ਕਈ ਥਾਈਂ ਕਤਲ ਹੋ ਰਹੇ ਹਨ ਪਰ ਸਾਡੇ ਬਜ਼ੁਰਗਾਂ ਇਸ ਗੱਲ ਨੂੰ ਬਹੁਤੀ ਅਹਿਮੀਅਤ ਨਾ ਦਿੱਤੀ, ਅਖੇ ਰੌਲ਼ਾ ਗੌਲ਼ਾ ਹੈ ਥਮ ਜਾਏਗਾ।

...ਚੱਲੋ ਕੋਰੋਨਾ ਕਾਰਨ ਕੁਝ ਤਾਂ ਫਾਇਦਾ ਹੋਇਆ

ਉਸ ਵਕਤ ਮੈਂ ਤਾਂ ਨਿਆਣੀ ਉਮਰ ਦਾ ਹੀ ਸਾਂ ਪਰ ਘਰਦੇ ਵਡੇਰਿਆਂ ਦੇ ਡਰੇ ਚਿਹਰਿਆਂ ਨੂੰ ਗੰਭੀਰ ਬਹਿਸ ਅਤੇ ਚਿੰਤਨ ਕਰਦਿਆਂ ਗਹੁ ਨਾਲ ਵਾਚਦਾ ਸਾਂ। ਉਸ ਵਕਤ ਉਸ ਇਲਾਕੇ ਦੇ ਦੋ ਵੱਡੇ ਲੀਡਰ ਸਨ, ਸਿਕੰਦਰ ਹਯਾਤ ਖਾਂ ਟਿਵਾਣਾ ਅਤੇ ਖਿਜ਼ਰ ਹਯਾਤ ਖਾਂ ਟਿਵਾਣਾ। ਜਿਨ੍ਹਾਂ ਗ਼ੈਰ ਮੁਸਲਿਮ ਆਬਾਦੀ ਨੂੰ ਸਿਆਲਕੋਟ ’ਚੋਂ ਕੱਢੇ ਜਾਣ ਲਈ ਮੁਸਲਮਾਨਾਂ ਨੂੰ ਹੱਲਾ ਸ਼ੇਰੀ ਦਿੱਤੀ। ਆਲੇ-ਦੁਆਲ਼ੇ ਕਤਲੋਗ਼ਾਰਤ ਬਹੁਤ ਹੋ ਰਹੀ ਸੀ। ਸਿਆਲਕੋਟ ਵਿਚ ਤਦੋਂ ਬਲ਼ਦੀ ਤੇ ਹੋਰ ਤੇਲ ਪੈ ਗਿਆ ਜਦੋਂ ਜਲੰਧਰੋਂ ਗਿਆ ਇਕ ਹਾਜ਼ੀ ਨਾਮੇ ਪੁਲਸ ਡੀ.ਐੱਸ.ਪੀ. ਨੇ ਮੁਸਲਮਾਨਾਂ ਨੂੰ ਹਿੰਦੂ-ਸਿੱਖਾਂ ਵਿਰੁਧ ਥਾਂ ਪੁਰ ਥਾਂ ਅਨਾਊਂਸਮੈਂਟ ਕਰਕੇ ਕੇਵਲ ਭੜਕਾਇਆ ਹੀ ਨਹੀਂ ਸਗੋਂ ਭੜਕੇ ਹਜ਼ੂਮ ਦੀ ਅਗਵਾਈ ਵੀ ਕੀਤੀ।

ਮਿੱਟੀ ਨਾਲ ਮਿੱਟੀ ਹੋ ਕੇ ਰਣਜੀਤ ਸਿੰਘ ਥਿੰਦ ਨੇ ਲਿਖੀ ਸਫਲਤਾ ਦੀ ਵਿਲੱਖਣ ਕਹਾਣੀ

PunjabKesari

ਜਿਨਾਂ ਹਿੰਦੂ-ਸਿੱਖਾਂ ਦੇ ਘਰਾਂ ਨੂੰ ਲੁੱਟ ਕੇ ਅੱਗਾਂ ਲਗਾ ਦਿੱਤੀਆਂ ਸੈਂਕੜੇ ਕਤਲ ਕਰ ਦਿੱਤੇ ਗਏ। ਧੀਆਂ ਭੈਣਾਂ ਨੂੰ ਉਧਾਲ਼ ਲਿਆ ਗਿਆ। ਇਸ ਦੀ ਖਾਸ ਵਜ੍ਹਾ ਇਹ ਦੱਸੀ ਜਾਂਦੀ ਸੀ ਕਿ ਜਿੱਥੇ ਜਲੰਧਰ ਅੱਜ, ਸਪੋਰਟਸ ਕਾਲਜ ਹੈ ਤਦੋਂ ਉੱਥੇ ਲੜਕੀਆਂ ਦਾ ਇਸਲਾਮੀਆਂ ਕਾਲਜ ਚੱਲਦਾ ਸੀ। ਜਿੱਥੇ ਮੁਸਲਿਮ ਲੜਕੀਆਂ ਨਾਲ ਸਾਡੇ ਇੱਕ ਭੜਕੇ ਹਜ਼ੂਮ ਵਲੋਂ ਬੇ-ਰਹੁਮਤੀ ਕੀਤੀ ਜਾਂ ਕਈਆਂ ਤਾਈਂ ਉਧਾਲ਼ ਲਿਆ ਗਿਆ। ਇਨ੍ਹਾਂ ਲੜਕੀਆਂ ਵਿਚ ਉਸ ਹਾਜ਼ੀ ਦੀ ਲੜਕੀ ਵੀ ਸ਼ਾਮਲ ਸੀ।
ਜਦ ਗੁੰਡਾਗਰਦੀ ਦੀ ਇਤਲਾ ਹੋ ਗਈ ਤਾਂ ਮਿਲਟਰੀ ਦੇ ਟਰੱਕ ਆਏ, ਜਿਨਾਂ ਹਿੰਦੂ-ਸਿੱਖਾਂ ਨੂੰ ਬਾਹਰ ਵਾਰ ਲੱਗੇ ਕੈਂਪ ਵਿਚ ਪਹੁੰਚਾਇਆ। ਕੈਂਪ ਵਿਚ ਇੱਕ ਹੋਰ ਦਰਦਨਾਕ ਖਬਰ ਸੁਣਨ ਨੂੰ ਮਿਲੀ ਕਿ ਲਾਹੌਰੋਂ ਅੰਬਰਸਰ ਲਈ ਚੱਲੀ ਹਿੰਦੂ-ਸਿੱਖ ਰਿਫ਼ੂਜੀਆਂ ਦੀ ਗੱਡੀ ਮੁਸਲਮਾਨਾਂ ਵੱਢ ਦਿੱਤੀ ਹੈ ਤੇ ਲਾਸ਼ਾਂ ਨੂੰ ਸਿਆਲਕੋਟ ਨਜ਼ਦੀਕ ਵੱਡੇ ਟੋਇਆਂ ਵਿਚ ਸੁੱਟ ਦਿੱਤਾ ਗਿਆ। ਜਿਸ ਨਾਲ ਸਾਰਿਆਂ ’ਚ ਸਹਿਮ ਛਾ ਗਿਆ। ਉਸ ਵਕਤ ਸਿਆਲਕੋਟ ਤੋਂ ਵਜ਼ੀਰਾਬਾਦ ਅਤੇ ਅੰਬਰਸਰ ਲਈ ਸਿੱਧੀਆਂ ਰੇਲ ਗੱਡੀਆਂ ਚੱਲਦੀਆਂ ਸਨ।

ਹੁਣ ਹੈਲੀਕਾਪਟਰ ਨਾਲ ਹਵਾਈ ਸਪਰੇਅ ਰਾਹੀਂ ਟਿੱਡੀ ਦਲ ਨੂੰ ਕੀਤਾ ਜਾਵੇਗਾ ਕਾਬੂ

23 ਅਕਤੂਬਰ ਨੂੰ ਸਿਆਲਕੋਟ ਸਟੇਸ਼ਨ ਤੋਂ ਰਿਫ਼ਿਊਜੀਆਂ ਦੀ ਅੰਦਰ-ਬਾਹਰੋਂ ਇਕ ਖਚਾ ਖਚ ਭਰੀ ਰੇਲ ਗੱਡੀ ਅੰਬਰਸਰ ਦੀ ਤਰਫ ਰਵਾਨਾ ਹੋਈ। ਮੈਂ ਖੁੱਦ ਵੀ ਆਪਣੇ ਪਰਿਵਾਰ ਨਾਲ ਇਸ ਗੱਡੀ ਵਿਚ ਸਵਾਰ ਸਾਂ। ਸਿੱਖ ਪਲਟਨ ਦੇ ਚਾਰ ਸਿੱਖ ਫੌਜੀ ਪਹਿਰੇ ’ਤੇ ਨਾਲ ਸਨ। ਸਿਆਲਕੋਟ ਤੋਂ ਗੱਡੀ ਚੱਲ ਕੇ ਅਗਲੇ ਸਟੇਸ਼ਨ ਗੁੰਨਾਂ, ਪਸਰੂਰ, ਕਿਲਾ ਸੋਭਾ ਸਿੰਘ, ਨਾਰੋਵਾਲ ਤੋਂ ਅਖੀਰਲੇ ਸਟੇਸ਼ਨ ਜੱਸੜ ਤੇ ਦੁਪਹਿਰ ਕਰੀਬ ਇਕ ਵਜੇ ਪਹੁੰਚ ਗਈ। ਇੱਥੋਂ ਕਰੀਬ ਦੋ ਕਿ:ਮੀ: ਤੇ ਦਰਿਆ ਰਾਵੀ ਦਾ ਪੁਲ਼ ਪੈਂਦਾ ਸੀ, ਜਿੱਥੇ ਰਸਤੇ ਵਿਚ ਪੈਂਦੇ ਨਾਲੇ ਬਸੰਤਰ ਨੂੰ ਪਾਰ ਕਰਕੇ ਪੈਦਲ ਹੀ ਸਾਡੇ ਕਾਫ਼ਲੇ ਨੇ ਡੇਰਾ ਬਾਬਾ ਨਾਨਕ ਪਹੁੰਚਣਾ ਸੀ।

ਜਿਓਂ ਹੀ ਗੱਡੀ ਜੱਸੜ 'ਟੇਸ਼ਣ ਰੁਕੀ ਤਾਂ ਸੈਂਕੜੇ ਦੰਗਈ ਦਰਿੰਦੇ ਪਾਪ ਦੀ ਜੰਞ ਲੈ ਕੇ ਅਲੀ ਅਲੀ ਕਰਦੇ ਹੋਏ ਗੱਡੀ ਉੱਪਰ ਟੁੱਟ ਪਏ। ਟਕੂਏ, ਬਰਛੀਆਂ ਤੇ ਛਵੀਆਂ ਮਾਰ-ਮਾਰ ਕਾਫੀ ਵੱਡ ਟੁੱਕ ਕਰ ਦਿੱਤੀ ਗਈ। ਚੀਕ ਚਿਹਾੜੇ ਵਿਚ ਮਾਂਵਾਂ ਨੂੰ ਆਪਣੇ ਪੁੱਤਰਾਂ ਤੱਕ ਦੀ ਸਾਰ ਨਾ ਰਹੀ। ਸਾਮਾਨ ਲੁੱਟ ਪੁੱਟ ਲਿਆ ਗਿਆ। ਜਵਾਨ ਧੀਆਂ ਭੈਣਾਂ ਨੂੰ ਉਧਾਲ਼ ਲਿਆ ਗਿਆ। ਇਹੀ ਨਹੀਂ ਨਾਲ ਹੀ ਬਲੋਚ ਮਿਲਟਰੀ ਦਾ ਕੈਂਪ ਸੀ, ਜੋ ਉਥੇ ਪਹਿਲਾਂ ਹੀ ਕਿਸੇ ਤਾਕ ਵਿਚ ਬੈਠੀ ਸੀ ਨੇ ਵੀ ਬਚ ਕੇ ਭੱਜੇ ਜਾਂਦੇ ਕਾਫ਼ਲੇ ਤੇ ਗੋਲ਼ੀ ਚਲਾ ਦਿੱਤੀ। ਜਿਸ ਨਾਲ ਬਹੁਤਾ ਜਾਨੀ ਨੁਕਸਾਨ ਹੋਇਆ।

ਕੁਦਰਤੀ ਖੇਤੀ ਨੂੰ ਪ੍ਰਫੁਲਿਤ ਕਰਨ ਲਈ ਪੂਰੀ ਸ਼ਿੱਦਤ ਨਾਲ ਜੁਟੀ ਹੈ 'ਦਿਲਬੀਰ ਫਾਉਂਡੇਸ਼ਨ'

ਇੱਕ ਪਿਆਰੇ ਲਾਲ ਨਾਮੇ ਬੰਦਾ ਜੋ ਸਾਡਾ ਜਾਣੂੰ ਸੀ ਦੇ ਧੌਣ ਅਤੇ ਮੋਢਿਆਂ ਉਪਰ ਤਲਵਾਰ ਦੇ ਕਈ ਫੱਟ ਲੱਗੇ ਪਰ ਫਿਰ ਵੀ ਉਹ ਬਚ ਰਿਹਾ। ਇਸ ਵਿਚ ਜਿੱਥੇ ਮੇਰਾ ਚਾਚਾ ਮਾਰਿਆ ਗਿਆ, ਉੱਥੇ ਚਾਚੀ ਦੇ ਸਿਰ ਵਿਚ ਕੁਲਹਾੜੀ ਦਾ ਵਾਰ ਲੱਗਣ ’ਤੇ ਉਸ ਦਾ ਸਿਰ ਖੁੱਲ ਗਿਆ ਤੇ ਉਹ ਲਹੂ ਲੁਹਾਣ ਹੋ ਕੇ ਹੋਰ ਲਾਸ਼ਾਂ ਉੱਪਰ ਜਾ ਡਿੱਗੀ। ਜਦ ਉਹ ਦਰਿੰਦਾ ਮੇਰੇ ਉਪਰ ਵਾਰ ਕਰਨ ਲੱਗਾ ਤਾਂ 'ਜਾਕੋ ਰਾਖੇ ਸਾਈਆਂ...' ਵਾਲੀ ਗੱਲ ਹੋਈ। ਇਕ ਭੱਜੀ ਜਾਂਦੀ ਮੁਟਿਆਰ, ਜਿਸ ਪਾਸ ਇਕ ਗੱਠੜੀ ਫੜੀ ਹੋਈ ਸੀ, ਮੇਰੇ ਵਿਚ ਆਕੇ ਵੱਜੀ। ਉਹ ਵਾਰ ਮੇਰੇ ਲੱਗਣ ਦੀ ਬਜਾਏ ਉਸ ਮੁਟਿਆਰ ਦੇ ਜਾ ਲੱਗਾ ਤੇ ਮੈਂ ਉੱਥੋਂ ਭੱਜ ਤੁਰਿਆ। ਅੱਗੇ ਗਿਆ ਤਾਂ ਸ਼ਰੀਕੇ ’ਚੋਂ ਲੱਗਦੀ ਮੇਰੀ ਇੱਕ ਭਰਜਾਈ, ਜੋ ਬਹੁਤ ਦੁਬੰਗ ਸੀ ਉਸ ਆਪਣੇ ਘਰ ਵਾਲੇ ਦਾ ਹੱਥ ਫੜ੍ਹ ਕੇ ਫਟਾ ਫਟ ਰਾਵੀ ਵੱਲ ਖਿੱਚੀ ਜਾਵੇ। ਹਫਿਆ ਹੋਇਆ ਮੈਂ ਉਨ੍ਹਾਂ ਪਾਸ ਜਾ ਕੇ ਡਿੱਗ ਪਿਆ ਤਾਂ ਉਸ ਨੇ ਮੇਰਾ ਵੀ ਹੱਥ ਫੜ੍ਹ ਲਿਆ।

ਅੱਗੋਂ ਨਾਲੇ ਬਸੰਤਰ ਵਿਚ ਬਹੁਤ ਤੇਜ ਪਿਆ ਪਾਣੀ ਵਗੇ। ਕਈ ਮਾੜੇ ਜਾਂ ਫੱਟੜ ਵਿਚ ਹੀ ਰੁੜ੍ਹ ਗਏ। ਅਸੀਂ ਇਕ ਦੂਜੇ ਦੇ ਹੱਥ ਫੜ੍ਹ, ਨਾਲਾ ਬੜੀ ਮੁਸ਼ਕਲ ਨਾਲ ਪਾਰ ਕੀਤਾ। ਤਦੋਂ ਪਿੱਛਿਓਂ ਮੇਰੀ ਚਾਚੀ ਜਿਸ ਨੂੰ ਮੈਂ ਮਰ ਗਿਆ ਸਮਝ ਬੈਠਾ ਸਾਂ ਵੀ ਸਿਰ ਦੁਆਲੇ ਘੁੱਟ ਕੇ ਚੁੰਨੀ ਬੰਨ੍ਹੀ ਲੇਰਾਂ ਮਾਰਦੀ ਭੱਜੀ ਆਵੇ। ਡਿਗਦੇ ਢਹਿੰਦੇ ਮੇਰੇ ਪਿਤਾ ਤੇ ਅੰਮਾਂ ਵੀ ਆ ਪਹੁੰਚੇ। ਅਸੀਂ ਤਾਂ ਸਾਰੇ ਰਾਵੀ ਪਾਰ ਹੋ ਗਏ ਪਰ ਮੇਰੀ ਮਾਤਾ ਰਾਵੀ ਦੇ ਪਰਲੇ ਪਾਰ ਹੀ ਨਿਢਾਲ਼ ਹੋ ਕੇ ਡਿੱਗੀ ਰਹਿ ਗਈ। ਪਿਤਾ ਜੀ ਪਿੱਛੇ ਮੁੜਨ ਲੱਗੇ ਤਾਂ ਪਹਿਰੇ ’ਤੇ ਫੌਜੀਆਂ ਨੇ ਰੋਕ ਦਿੱਤਾ ਕਿ ਤੁਸੀਂ ਹੁਣ ਵਾਪਸ ਨਹੀਂ ਜਾ ਸਕਦੇ ਉਹ ਆਪਣੇ ਆਪ ਉਠ ਕੇ ਆ ਸਕਦੀ ਹੈ ਤਾਂ ਆ ਜਾਵੇ। ਅੱਧੇ ਕੁ ਘੰਟੇ ਵਿਚ ਮਾਤਾ ਆਪੇ ਹੀ ਉਠ ਕੇ ਆ ਗਈ।

ਜੁਲਾਈ ਮਹੀਨੇ ਦੇ ਵਰਤ ਅਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ

ਪਿੱਛਿਓਂ ਮੇਰੇ ਭੂਆ ਤੇ ਫੁੱਫੜ ਵੀ ਕਿਸੇ ਤਰਾਂ ਬਚ ਕੇ ਸਾਡੇ ਨਾਲ ਆ ਰਲ਼ੇ। ਅਸੀਂ ਸਾਰੇ ਡੇਰਾ ਬਾਬਾ ਨਾਨਕ ਦੇ ਬਾਹਰ ਵਾਰ ਲੱਗੇ ਰਿਫਿਊਜੀ ਕੈਂਪ ਵਿਚ ਪਹੁੰਚ ਗਏ। ਜਿੱਥੇ ਬਾਅਦ ਵਿਚ ਕਈ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਏ। ਇੱਥੇ ਵੱਡਿਆਂ ਤੋਂ ਸੁਣਿਆਂ ਕਿ ਸ਼ਰੀਫ਼ ਪੁਰੇ ਅੰਬਰਸਰ ਵਿਚ ਮੁਸਲਮਾਨਾਂ ਦੀ ਲਾਹੌਰ ਵੱਲ ਜਾ ਰਹੀ ਇਕ ਗੱਡੀ ਨੂੰ ਆਪਣੇ ਲੋਕਾਂ, ਪਾਕਿ: ਵਿਚ ਹਿੰਦੂ ਸਿੱਖਾਂ ਦੀਆਂ ਵੱਡੀਆਂ ਗਈਆਂ ਗੱਡੀਆਂ ਦੇ ਬਦਲੇ ਵਜੋਂ ਵੱਢ ਦਿੱਤੈ। ਜਿਸ ਦੀਆਂ ਲਾਸ਼ਾਂ ਨੂੰ ਵੇਰਕਾ ਸਟੇਸ਼ਨ ਸਾਹਮਣੇ ਵੱਡੇ ਟੋਇਆਂ ਵਿਚ ਸੁੱਟ ਦਿੱਤਾ ਗਿਆ। ਕੈਂਪ ਵਿਚ 4-5 ਮਹੀਨੇ ਰਹੇ ਪਰ ਫਾਕੇ ਹੀ ਕੱਟੇ।

ਸਰਕਾਰੀ ਆਟਾ ਚਾਵਲ ਗੁਜ਼ਾਰੇ ਤੋਂ ਥੋੜਾ ਆਉਂਦਾ ਅਤੇ ਲੁੱਟ ਪੈ ਜਾਂਦੀ, ਗੰਨ੍ਹੇ ਚੂਪ-ਚੂਪ ਹੀ ਸਮਾਂ ਲੰਘਾਇਆ। ਇਸ ਉਪਰੰਤ ਅਸੀਂ ਸਾਰਾ ਪਰਿਵਾਰ ਬਟਾਲਾ ਕੈਂਪ ਵਿਚ ਆ ਗਏ, ਜਿੱਥੇ ਇਕ ਸਾਲ ਤੋਂ ਵੀ ਵੱਧ ਸਮਾਂ ਰਹੇ। ਇੱਥੇ ਨਾ ਤਾਂ ਕੋਈ ਕੰਮ ਚੱਲਿਆ ਅਤੇ ਨਾ ਹੀ ਕੋਈ ਘਰ ਬਣਾਉਣ ਦੀ ਸਬੀਲ ਸਿਰੇ ਚੜ੍ਹੀ। ਫਿਰ ਕੁੱਝ ਰਿਸ਼ਤੇਦਾਰਾਂ ਦੇ ਜੋਰ ਦੇਣ ’ਤੇ ਬਟਾਲਾ ਕੈਂਪ ਛੱਡ ਕੇ ਜਲੰਧਰ ਆ ਆਬਾਦ ਹੋਏ। ਸਟੈਂਡ ਹੋਣ ਲਈ ਬਹੁਤ ਸੰਘਰਸ਼ ਕਰਨਾ ਪਿਆ। ਕਈ ਪਾਪੜ ਵੇਲੇ। ਫਾਕੇ ਵੀ ਕੱਟੇ। ਸਾਉਦੀ ਅਰਬ ਵਿਚ ਜਾ ਕੇ ਇਕ ਕੰਪਨੀ ਵਿਚ ਲੱਕੜ੍ਹ ਦੇ ਕੰਮ ਦੀ ਫੋਰਮੈਨੀ ਮਿਲ ਗਈ ਤਾਂ ਗੁਜ਼ਾਰਾ ਸੂਤ ਹੋਇਆ।

ਗੁਣਾਂ ਦਾ ਭੰਡਾਰ ਹੈ 'ਪਪੀਤਾ', ਵਧਾਉਂਦਾ ਹੈ ਇਨ੍ਹਾਂ ਰੋਗਾਂ ਨਾਲ ਲੜਨ ਦੀ ਸਮਰਥਾ

ਇਸ ਵਕਤ 87 ਸਾਲ ਉਮਰ ਹੈ। ਪਤਨੀ ਸਹਿਬਾਨ ਤਾਂ 8 ਕੁ ਸਾਲ ਪਹਿਲਾਂ ਸਵਰਗ ਸੁਧਾਰ ਚੁੱਕੇ ਨੇ। ਧੀਆਂ ਪੁੱਤਰ ਅਤੇ ਨੂਹਾਂ ਸੱਭ ਪੜ੍ਹੇ ਲਿਖੇ ,ਨੇਕ ਬਖਤ ਅਤੇ ਨੌਕਰੀ ਪੇਸ਼ਾ ਹਨ। ਬਹੁਤ ਹੀ ਸਤਿਕਾਰ ਦਿੰਦੇ ਨੇ ਸਾਰੇ। ਮੈਂ ਵੱਡੇ ਬੇਟੇ ਅਸ਼ੋਕ ਕੁਮਾਰ ਵੱਲ ਰਹਿ ਰਿਹੈਂ, ਜੋ ਕਿ ਬੈਂਕ ਮੈਨੇਜਰ ਹੈ। ਪੋਤਰਾ ਤੇ ਪੋਤ ਨੂੰਹ ਡਾਕਟਰ ਹਨ। ਇਨ੍ਹਾਂ ਦੇ ਆਸਰੇ ਹੀ ਬੁਢਾਪਾ ਹੰਢਾਅ ਰਿਹੈਂ। ਪਰ 47 ਦੇ ਜ਼ਖ਼ਮ ਭੁਲਾਇਆਂ ਵੀ ਨਹੀਂ ਭੁੱਲਦੇ। ਅੱਜ ਵੀ ਜੱਸੜ 'ਟੇਸ਼ਣ ਦਾ ਉਹ ਭਿਆਨਕ ਮੰਜ਼ਰ ਜਦ ਕਿਧਰੇ ਯਾਦ ਆ ਜਾਂਦਾ ਹੈ ਤਾਂ ਰੌਂਗਟੇ ਖੜੇ ਹੋ ਜਾਂਦੇ ਨੇ।"-ਆਪਣੀ ਕਹਾਣੀ ਸਮੇਟ ਦਿਆਂ ਵੰਡ ਦੇ ਇਸ ਜਿੰਦਾ ਇਤਿਹਾਸਕ ਪਾਤਰ ਨੇ ਇੰਞ ਠੰਡਾ ਸਾਹ ਭਰਿਆ। ਆਪਣੀ ਦਰਦ ਬਿਆਨੀ ਕਰਕੇ ਜਿਓਂ ਉਸ ਦੇ ਸਿਰ ਤੋਂ ਮਣਾ ਮੂੰਹੀਂ  ਭਾਰ ਲਹਿ ਗਿਆ ਹੋਏ।

PunjabKesari
                                                      


rajwinder kaur

Content Editor

Related News