1947 ਹਿਜਰਤਨਾਮਾ- 18 : ਸ. ਪ੍ਰੇਮ ਸਿੰਘ ਐਡਵੋਕੇਟ ਜਲੰਧਰ

06/10/2020 12:43:35 PM

ਸਤਵੀਰ ਸਿੰਘ ਚਾਨੀਆਂ
92569-73526

' ਪ੍ਰੇਮ ਸਿੰਘ ਦੀ-ਪ੍ਰੇਮ ਗਾਥਾ ' ਵਾਲੇ ਜਲੰਧਰ ਦੀ ਮਾਣ ਮੱਤੀ ਸਖਸ਼ੀਅਤਸ: ਪ੍ਰੇਮ ਸਿੰਘ ਐਡਵੋਕੇਟ ਦੀ ਰੌਲਿਆਂ ਵੇਲੇ ਲਾਇਲਪੁਰੀ ਤੋਂ ਜਲੰਧਰੀ ਬਣਨ ਦੀ ਕਹਾਣੀ ਉਨ੍ਹਾਂ ਦੀ ਆਪਣੀ ਜ਼ੁਬਾਨੀ।

" ਮੈਂ ਪ੍ਰੇਮ ਸਿੰਘ ਸਿਆਲ ਐਡਵੋਕੇਟ ਸਪੁੱਤਰ ਸ. ਰਾਜਾ ਸਿੰਘ, ਸਪੁੱਤਰ ਸ. ਗਣੇਸ਼ ਸਿੰਘ ਜਲੰਧਰ ਤੋਂ ਬੋਲ ਰਿਹੈਂ। ਵੈਸੇ ਸਾਡਾ ਜੱਦੀ ਪਿੰਡ ਚੱਕ ਮਹਿਮ ਦਾ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਜੇਹਲਮ ਵਿੱਚ ਪੈਂਦਾ ਹੈ। ਸਾਡੇ ਗੁਆਂਢੀ ਪਿੰਡ ਸਨ, ਚੌਟਾਲਾ ਅਤੇ ਜੇਹਲਮ ਚੌਟਾਲਾ। ਮੇਰੇ ਮਿੱਤਰਾਂ ਵਿਚ ਸਨ, ਸ. ਅਜੀਤ ਸਿੰਘ, ਜਗਮੋਹਨ ਸਿੰਘ, ਕਿਸ਼ੋਰ, ਬਲਰਾਮ, ਫ਼ਜ਼ਲ ਰਹਿਮਾਨ ਅਤੇ ਨਰਿੰਦਰ ਸਿੰਘ ਭੁਰਜੀ। ਖਾਲਸਾ ਸਕੂਲ ਲਾਇਲਪੁਰ ਦੇ ਉਸਤਾਦਾਂ ਵਿੱਚ ਸ. ਗੁਰਬਖਸ਼ ਸਿੰਘ ਐੱਚ.ਐੱਮ, ਸ. ਸੁੰਦਰ ਸਿੰਘ, ਗਿਆਨੀ ਸਰਦੂਲ ਸਿੰਘ ਅਤੇ ਡਰਿਲ ਮਾਸਟਰ ਸ. ਤਾਰਾ ਸਿੰਘ ।

ਪਿਤਾ ਜੀ ਜੇਹਲਮ ਵਿੱਚ ਇਕ ਰਈਸ ਆੜਤੀਆ ਗੁਰਦਿੱਤਾ ਮੱਲ ਪਾਸ ਪੱਲੇਦਾਰੀ ਦਾ ਕੰਮ ਕਰਦੇ ਸਨ। ਵਡੇਰੇ ਗਰੀਬ ਸਨ ਨਾ ਅਮੀਰ। ਗੁਜਾਰਾ ਚੰਗਾ ਤੁਰੀ ਜਾਂਦਾ ਸੀ। ਇਕ ਘਟਨਾ ਇੰਞ ਘਟੀ ਕਿ ਸਾਡੇ ਭਾਗ ਖੁੱਲ੍ਹ ਗਏ। ਇਤਫਾਕ ਇੰਞ ਹੋਇਆ ਕਿ ਪਿਤਾ ਜੀ ਜਦ ਬੋਰੀਆਂ ਇਧਰ ਉਧਰ ਰੱਖ ਰਹੇ ਸਨ ਤਾਂ ਇਕ ਕਣਕ ਦੀ ਬੋਰੀ ’ਚੋਂ ਇਕ ਪੋਟਲੀ ਨਿੱਕਲੀ। ਪੋਟਲੀ ਖੋਲ੍ਹੀ ਤਾਂ ਸੋਨੇ ਦੇ ਗਹਿਣੇ ਦੇਖ ਕੇ ਪਿਤਾ ਜੀ ਹੈਰਾਨ ਰਹਿ ਗਏ। ਉਨ੍ਹਾਂ ਈਮਾਨਦਾਰੀ ’ਤੇ ਚਲਦਿਆਂ ਉਹ ਪੋਟਲੀ ਤਦੋਂ ਆੜਤ ਦੇ ਇੰਚਾਰਜ ਨੂੰ ਜਾ ਦਿਖਾਈ । ਉਸ ਆਖਿਆ ਕਿ ਮੁੱਠ ਰੱਖ ਆਪਾਂ ਅੱਧੀ-ਅੱਧੀ ਕਰ ਲੈਂਦੇ ਆਂ ਪਰ ਪਿਤਾ ਜੀ ਨੇ ਇਸ ਪਾਪ ਦੇ ਭਾਗੀਦਾਰ ਬਣਨ ਤੋਂ ਇਨਕਾਰ ਕਰਦਿਆਂ ਜਦੋਂ ਆੜਤ ਦੇ ਮਾਲਕ ਗੁਰਦਿੱਤਾ ਮੱਲ ਜੀ ਆਏ ਤਾਂ ਵਿੱਥਿਆ ਉਨ੍ਹਾਂ ਨੂੰ ਕਹਿ ਸੁਣਾਈ। ਉਸੇ ਵਕਤ ਇਕ ਜਿੰਮੀਦਾਰ ਬੀਬੀ ਧਾਹਾਂ ਪਈ ਮਾਰਦੀ ਆਈ। ਪੁੱਛਣ ’ਤੇ ਉਸ ਦੱਸਿਆ ਕਿ ਉਸ ਦਾ ਮਾਲਕ ਇਥੇ ਕਣਕ ਵੇਚ ਕੇ ਗਿਆ ਹੈ।

ਕਣਕ ਦੀ ਬੋਰੀ ਵਿੱਚ ਸੋਨੇ ਦੇ ਗਹਿਣੇ ਸਨ। ਬੀਬੀ ਦੇ ਗਹਿਣਿਆਂ ਦੀ ਨਿਸ਼ਾਨੀ ਤਸਦੀਕ ਹੋਣ ’ਤੇ ਉਸ ਨੂੰ ਗਹਿਣੇ ਤਾਂ ਵਾਪਸ ਕਰ ਦਿੱਤੇ ਪਰ ਬਾਪੂ ਦੀ ਇਸ ਈਮਾਨਦਾਰੀ ’ਤੇ ਲਾਲਾ ਜੀ ਨੇ ਮੁਤਾਸਰ ਹੁੰਦਿਆਂ ਆੜਤ ਦੀ ਇੰਚਾਰਜ ਸ਼ਿਪ ਸੰਭਾਲ ਕੇ ਤਨਖਾਹ ਵੀ ਦੁਗਣੀ ਕਰ ਦਿੱਤੀ। ਕੁਝ ਵਰੇ ਇਵੇਂ ਕਾਰਜ ਚਲਦਾ ਰਿਹਾ। ਪਿਤਾ ਜੀ ਦੀ ਤਨਖਾਹ ਵਧਣ ਨਾਲ ਜਿਥੇ ਘਰ ਦਾ ਗੁਜਾਰਾ ਵਧੀਆ ਹੋ ਗਿਆ ਉੱਥੇ ਆੜਤ ਦਾ ਤਜਰਬਾ ਵੀ ਕਾਫੀ ਹਾਸਲ ਕਰ ਲਿਆ। ਮੇਰੇ ਮਾਮਾ ਜੀ ਰਾਮ ਦਾਸ ਲਾਂਬਾ ਅਤੇ ਉਨ੍ਹਾਂ ਦੇ ਪੁੱਤਰ ਮਦਨ ਲਾਲ ਨੇ ਮਿਲ ਕੇ ਲਾਇਲਪੁਰ ਅਨਾਜ ਮੰਡੀ ਵਿਚ 'ਰਾਮ ਦਾਸ ਮਦਨ ਲਾਲ' ਦੇ ਨਾਮ ਪੁਰ ਆੜਤ ਦਾ ਕੰਮ ਖੋਲ੍ਹਿਆ। ਉਨ੍ਹਾਂ ਨੇ ਪਿਤਾ ਜੀ ਦੇ ਤਜਰਬੇ ਦਾ ਫਾਇਦਾ ਲੈਣ ਲਈ ਪਿਤਾ ਜੀ ਨੂੰ ਸੱਦ ਭੇਜਿਆ। 50-50 ਦੇ ਹਿੱਸੇ ਤੇ ਗੱਲ ਤੈਅ ਹੋਈ। ਇਥੇ ਕਾਫੀ ਤਰੱਕੀ ਹੋਈ। ਤੇ ਸਾਡੇ ਪਰਿਵਾਰ ਦਾ ਨਾਮ ਵੀ ਅਮੀਰਜ਼ਾਦਿਆਂ ਵਿਚ ਸ਼ੁਮਾਰ ਹੋਣ ਲੱਗਾ। ਸਾਡਾ ਸਾਰਾ ਟੱਬਰ ਲਾਇਲਪੁਰ ਆਣ ਸੈਟਲ ਹੋਇਆ।

ਰੌਲਿਆਂ ਤੋਂ ਪਹਿਲੇ ਹੀ ਮੈਂ ਲਾਇਲਪੁਰ ਖਾਲਸਾ ਸਕੂਲ ਤੋਂ 10ਵੀਂ ਪਾਸ ਕਰਨ ਉਪਰੰਤ ਗਿਆਨੀ ਵੀ ਪਾਸ ਕਰ ਚੁੱਕਾ ਸਾਂ। ਸ:ਪ੍ਰਕਾਸ਼ ਸਿੰਘ ਬਾਦਲ ਕਰੀਬ ਮੇਰੇ ਹਾਣੀ ਹੀ ਹਨ। ਐੱਫ.ਸੀ. ਕਾਲਜ ਲਾਹੌਰ ਵਿਚ ਪੜਦੇ ਸਨ ਤਦੋਂ, ਉਹ। ਉਸ ਕਾਲਜ ਵਿੱਚ ਹੀ ਮਾਸਟਰ ਤਾਰਾ ਸਿੰਘ ਹੋਰਾਂ ਪਾਸੋਂ ਅਸੀਂ ਦੋਹਾਂ ਨੇ ਇਕੋ ਦਿਨ ਅੰਮ੍ਰਿਤ ਛਕਿਆ। ਆਜ਼ਾਦੀ ਸੰਘਰਸ਼ ਸਿਖਰ ’ਤੇ ਸੀ। ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਵੀ ਜੋਰ ਸੀ, ਤਦੋਂ। ਮੈਂ ਵੀ ਮੋਹਰੀਆਂ ਵਿਚ ਸ਼ੁਮਾਰ ਸਾਂ। ਜੋਸ਼ ਵਿੱਚ ਆਇਆਂ ਮੈਂ ਵੀ ਇਕ ਬਿਆਨ ਜਾਰੀ ਕੀਤਾ, ਜੋ ਦੂਸਰੇ ਦਿਨ ਅਖਬਾਰਾਂ ਵਿੱਚ ਛਾਇਆ ਹੋਇਆ ਅਤੇ ਪੁਲਸ ਮੇਰੇ ਪਿੱਛੇ ਪੈ ਗਈ।

ਬਿਆਨ ਸੀ ਕਿ ਜੇ ਪਾਕਿਸਤਾਨ ਬਣਿਆਂ ਤਾਂ ਖੂਨ ਦੀ ਹੋਲੀ ਬਹੇਗੀ। ਪੁਲਸ ਲਾਇਲਪੁਰ ਥਾਣਾ ਵਿਚ ਪੇਸ਼ ਹੋਣ ਦਾ ਹੁਕਮ ਦੇ ਗਈ। ਉਸ ਵੇਲੇ ਅਮਰ ਸਿੰਘ ਅੰਬਾਲਾਵੀ ਫੈਡਰੇਸ਼ਨ ਦਾ ਸਕੱਤਰ ਅਤੇ ਸਰੂਪ ਸਿੰਘ ਪ੍ਰਧਾਨ ਸਨ। ਮੈਂ ਅਮਰ ਸਿੰਘ ਅੰਬਾਲਵੀ ਨਾਲ ਗੱਲ ਕੀਤੀ। ਅੰਬਾਲਵੀ ਸਹਿਬ ਨੇ ਮੈਨੂੰ ਰਿਆਸਤ ਫਰੀਦਕੋਟ ਭੱਜ ਜਾਣ ਲਈ ਕਿਹਾ। ਫਰੀਦਕੋਟ ਦਾ ਰਾਜਾ ਮਹਾਰਾਜਾ ਹਰਿੰਦਰ ਸਿੰਘ 'ਕਾਲੀ ਪੱਖੀ ਸੀ। ਮੈਂ ਅਗਲੇ ਹੀ ਦਿਨ ਜਰੂਰੀ ਸਾਮਾਨ ਲੈ ਕੇ ਫਰੀਦਕੋਟ, ਮਹਾਰਾਜਾ ਫਰੀਦਕੋਟ ਦੇ ਦਰਬਾਰ ਵਿੱਚ ਜਾ ਪਹੁੰਚਾ। ਰਿਆਸਤ ਦੇ ਸਿੱਖਿਆ ਮੰਤਰੀ ਨੂੰ ਮਿਲ ਕੇ ਸਾਰੀ ਕਹਾਣੀ ਕਹਿ ਸੁਣਾਈ । ਉਸ ਨੇ 40 ਰੁ: ਮਹੀਨਾ ਤੇ ਆਈ.ਟੀ. ਮਹਿਕਮੇ ਵਿੱਚ ਕਲਰਕ ਰੱਖਵਾ ਦਿੱਤਾ। ਮੈਨੂੰ ਲੰਡੇ (ਲਿੱਪੀ) ਵੀ ਆਉਂਦੀ ਸੀ। ਕੰਮ ਵਿੱਚ ਮੇਰੀ ਮੁਹਾਰਤ ਦੇਖ ਕੇ ਆਈ.ਟੀ.ਓ. ਸ:ਸੰਪੂਰਨ ਸਿੰਘ ਨੇ ਮੈਨੂੰ A/C ਚੈੱਕ ਕਰਨ ’ਤੇ ਲਾ ਦਿੱਤਾ । ਤਲਬ ਵੀ ਮੇਰੀ 50 ਰੁ: ਕਰਵਾ ਦਿੱਤੀ ।

ਫਰੀਦਕੋਟ ਰਾਜੇ ਦਾ ਰੇਡੀਓ ਸਟੇਸ਼ਨ ਸੀ। ਮੇਰੀ ਕਾਬਲੀਅਤ ਨੂੰ ਦੇਖ ਕੇ ਸ. ਸੌਦਾਗਰ ਸਿੰਘ ਇੰਚਾਰਜ ਸਟੇਟ ਗਾਰਡਨ ਨੇ ਮੈਥੋਂ ਰੇਡੀਓ ’ਤੇ ਬੋਲਣ ਲਈ ਲੈਕਚਰ ਲਿਖਵਾਇਆ। ਜਿਸ ਦਾ ਸਿਰਲੇਖ ਸੀ 'ਅੱਗੇ ਵਧੋ'। ਮੈਂ ਇਸ ਵਿੱਚ ਇਹ ਸੁਨੇਹਾਂ ਦੇਣਾ ਚਾਹੁੰਦਾ ਸੀ ਕਿ ਕੰਮ ਕਰਨ ਨਾਲ ਹੋਣੈ ਗੱਲਾਂ ਨਾਲ ਨਹੀਂ। ਇਸ ਲਈ ਮੈਂ ਇਕ ਤੁਕ ਦਾ ਇਸਤੇਮਾਲ ਕੀਤਾ 'ਕੋਸੇ ਪਾਣੀ ਨਾਲ ਇੰਜਣ ਨਹੀਂ ਚਲਦੇ'। ਖੁਦ ਰਾਜਾ ਫਰੀਦਕੋਟ ਅਤੇ ਰਿਆਸਤ ਦੇ ਚੀਫ ਜਸਟਿਸ ਮਾਨ ਸਿੰਘ ਨੇ ਲੈਕਚਰ ਸੁਣਿਆਂ ਤਾਂ ਉਨ੍ਹਾਂ ਮੇਰੀ ਤਾਰੀਫ ਕੀਤੀ । ਉਨ੍ਹਾਂ ਮੇਰੀ ਤਲਬ 150 ਰੁ: ਮਹੀਨਾ ਕਰ ਦਿੱਤੀ। ਰੇਡੀਓ ਸਟੇਸ਼ਨ ਦੀ ਵੀ ਕੁਝ ਜ਼ਿੰਮੇਵਾਰੀ ਦੇ ਦਿੱਤੀ। ਤਦੋਂ ਰੌਲੇ ਸਿਖਰ ’ਤੇ ਸਨ । ਮਾਰ ਧਾੜ ਬਹੁਤ ਹੋ ਰਹੀ ਸੀ। ਉਸ ਵੇਲੇ ਵਾਹਦ ਸਿੱਖ ਲੀਡਰ ਮਾਸਟਰ ਤਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਵਲੋਂ ਅਮਰ ਸਿੰਘ ਅੰਬਾਲਵੀ ਨੂੰ ਜ਼ਿਲ੍ਹਾ ਲਾਇਲਪੁਰ ਦਾ ਇੰਚਾਰਜ ਬਣਾਇਆ ਗਿਆ ਕਿ ਉਹ ਹਿੰਦੂ-ਸਿੱਖਾਂ ਦੀ ਉਥੋਂ ਸਲਾਮਤੀ ਨਾਲ ਨਿਕਲਣ ਲਈ ਮਦਦ ਕਰਨ। ਮੇਰੀ ਅੰਬਾਲਵੀ ਨਾਲ ਗੱਲ ਹੋਈ ਤਾਂ ਉਨ੍ਹਾਂ ਮੇਰੇ ਪਰਿਵਾਰ ਨੂੰ ਹਿਫਾਜ਼ਤ ਨਾਲ ਟਰੱਕ ਵਿੱਚ ਸਵਾਰ ਕਰਵਾਕੇ ਅੰਬਰਸਰ ਪੁੱਜਦਾ ਕਰ ਦਿੱਤਾ । ਮੋਹਰਿਓਂ ਮੈਂ ਅੰਬਰਸਰੋਂ ਆਪਣੇ ਪਰਿਵਾਰ ਨੂੰ ਫਰੀਦਕੋਟ ਲੈ ਆਇਆ ।

6 ਕੁ ਮਹੀਨੇ ਹੀ ਹੋਏ ਸਨ ਹਾਲੇ ਕਿ PAPSU ਬਣ ਗਿਆ। ਉਪਰੰਤੂ ਮੇਰੀ ਬਦਲੀ ਹੋ ਗਈ, ਬੱਸੀ ਪਠਾਣਾ ਦੀ। ਇਥੇ ਹੀ ਮੇਰੀ ਸ਼ਾਦੀ 25 ਦਸੰਬਰ 1947 ਨੂੰ ਰਿਫਿਊਜੀ ਕੈਂਪ ਵਿੱਚ ਰਹਿ ਰਹੇ ਸ਼ੇਖੂਪੁਰਾ ਤੋਂ ਆਏ ਇਕ ਪਰਿਵਾਰ ਦੀ ਬੇਟੀ ਕ੍ਰਿਸ਼ਨ ਕਾਂਤਾ ਪੁੱਤਰੀ ਸਾਈਂ ਦਾਸ  ਨਾਲ ਹੋਈ। ਇਹ ਸ਼ਾਦੀ ਦੀ ਗੱਲ ਰੌਲਿਆਂ ਤੋਂ ਪਹਿਲੇ ਵੀ ਸ਼ੁਰੂ ਹੋਈ ਸੀ ਪਰ ਮੇਰੀ ਮਾਤਾ ਨੇ ਹਾਮੀ ਨਾ ਭਰੀ ਕਿਓਂ, ਜੋ ਉਨ੍ਹਾਂ ਦਾ ਆਰਥਿਕ ਪੱਧਰ ਸਾਡੇ ਮੁਕਾਬਲੇ ਦਾ ਨਹੀਂ ਸੀ।

ਇਹ ਵਿਆਹ ਦੀ ਕਹਾਣੀ ਵੀ ਬੜੀ ਰੌਚਕ ਹੈ। ਕਿ ਮੈਂ ਹਾਲੇ 8 ਵੀਂ-9 ਵੀਂ ਵਿੱਚ ਹੀ ਪੜਦਾ ਸਾਂ ਕਿ ਮੇਰੇ ਪਿਤਾ ਜੀ ਦੇ ਸ਼ੇਖੂਪੁਰਾ ਤੋਂ ਇਕ ਬੜੇ ਅਜੀਜ਼ ਮਿੱਤਰ ਸਨ, ਜਨਾਬ ਸਾਈਂ ਦਾਸ ਜੀ। ਉਨ੍ਹਾਂ ਦਾ ਸਾਡੇ ਘਰ ਕਾਫੀ ਆਉਣ ਜਾਣ ਸੀ। ਉਹ ਮੇਰੀ ਸਖ਼ਸ਼ੀਅਤ ਤੋਂ ਕਾਫੀ ਪ੍ਰਭਾਵਿਤ ਸਨ। ਉਨ੍ਹਾਂ ਨੂੰ ਮੈਂ ਕਈ ਦਫਾ ਪਿਤਾ ਜੀ ਨੂੰ ਕਹਿੰਦਿਆਂ ਸੁਣਿਆਂ, "ਪ੍ਰੇਮ ਦਾ ਰਿਸ਼ਤਾ ਤਾਂ ਮੈਂ ਆਪਣੀ ਕਾਂਤਾ ਲਈ ਲੈ ਜਾਣਾ ਹੈ।" ਮੈਂ ਉਦੋਂ ਰੰਗੀਨ ਸੁਪਨਿਆਂ ਵਾਲੀ ਚੜਦੀ ਜਵਾਨੀ ਵਿੱਚ ਸਾਂ। ਸੋ ਮੈਂ ਵੀ ਕਾਂਤਾ ਦੀ ਇਕ ਝਲਕ ਦੇਖਣ ਲਈ ਮਚਲਣ ਲੱਗਾ। ਓਧਰ ਕਾਂਤਾ ਨੂੰ ਵੀ ਇਸ ਦੀ ਭਿਣਕ ਲੱਗ ਗਈ ਸੀ । ਦਰਅਸਲ ਉਹ ਵੀ ਅੰਦਰੋਂ ਬੇਚੈਨ ਸੀ, ਮੇਰੀ ਝਲਕ ਪਾਉਣ ਲਈ। ਬਹਾਨਾ ਬਣਾ ਕੇ ਮੈਂ ਉਨ੍ਹਾਂ ਘਰ 2-3 ਦਫਾ ਜਾ ਵੀ ਆਇਆ ਸੀ। ਅਸੀਂ ਇਕ ਦੂਜੇ ਨੂੰ ਨੀਝ ਲਾਕੇ ਕਈ ਦਫਾ ਤੱਕਿਆ। ਅਫਸੋਸ ਕਿ ਰੌਲਿਆਂ ਤੋਂ ਪਹਿਲਾਂ ਹੀ ਕਾਂਤਾ ਅਤੇ ਮੇਰੇ ਪਿਤਾ ਜੀ ਦੀ ਵੀ ਮੌਤ ਹੋ ਗਈ । ਤੇ ਮੇਰੇ ਰਿਸ਼ਤੇ ਨੂੰ ਵੀ ਵਿਰਾਮ ਲਗਦਾ ਨਜ਼ਰ ਆਇਆ। ਹੁਣ ਉਨ੍ਹਾਂ ਨਾਲ ਆਉਣ ਜਾਣ ਵੀ ਨਾ ਮਾਤਰ ਸੀ। ਦੂਸਰਾ ਕਿ ਮੈਂ ਫਰੀਦਕੋਟ ਆ ਗਿਆ। ਤੀਜਾ ਰੌਲਿਆਂ ਦੀ ਕਾਲੀ ਹਨੇਰੀ ਝੁੱਲ ਗਈ ।

ਸੱਭ ਕੁੱਝ ਵਿੱਖਰ ਗਿਆ। ਮੈਂ ਇਕ ਦਫਾ ਫਿਰ ਕਾਂਤਾ ਲਈ ਬੇਚੈਨ ਹੋਣ ਲੱਗਾ । ਤੇ ਫਿਰ ਇਕ ਦਿਨ ਸੂਹ ਕੱਢਦਾ ਕੱਢਦਾ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਰਿਫਿਊਜੀ ਕੈਂਪ ਵਿੱਚ ਜਾ ਮਿਲਿਆ। ਉਸ ਦੀ ਮਾਤਾ ਨਾਲ ਗੱਲ ਕੀਤੀ ਪਰ ਕੰਮ ਰਾਸ ਨਾ ਆਵੇ। ਇਕ ਦੋ ਹੋਰ ਗੇੜੇ ਮਾਰੇ। ਇਥੋਂ ਉਹ ਬੱਸੀ ਪਠਾਣਾ ਦੇ ਰਿਫਿਊਜੀ ਕੈਂਪ ਵਿੱਚ ਜਾ ਪਹੁੰਚੇ। ਉਥੇ ਜਾ ਕੇ ਮੈਂ ਫਿਰ ਉਨ੍ਹਾਂ ਨੂੰ ਜਾ ਮਿਲਿਆ। ਆਖੀਰ ਲੜਕੀ ਦੇ ਮਾਮਾ ਜੀ ਨੇ ਪਰਿਵਾਰ ਨਾਲ ਲੰਬੀ ਚਰਚਾ ਤੋਂ ਬਾਅਦ ਇਹ ਕਹਿੰਦਿਆਂ ਹਾਮੀ ਭਰ ਦਿੱਤੀ ਕਿ ਜੇਕਰ ਕੁੜੀ ਦਾ ਬਾਪ ਪਹਿਲੇ ਹੀ  ਬਜਾਤੇ ਖੁਦ ਕਹਿ ਗਿਐ ਤਾਂ ਸਾਨੂੰ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ। ਇਸ ਤਰਾਂ ਰਿਫਿਊਜੀ ਕੈਂਪ ਵਿੱਚ ਹੀ ਮੈਨੂੰ ਉਨ੍ਹਾਂ ਕਾਂਤਾ ਦੇ ਨੰਦ ਦੇ ਦਿੱਤੇ।

ਮੇਰੀ ਪਤਨੀ ਬਹੁਤ ਹੀ ਸੁੱਘੜ ਸਿਆਣੀ ਸੀ। ਉਸ ਨੇ ਹਮੇਸ਼ਾਂ ਹੀ ਬਜੁਰਗਾਂ ਦੀਆਂ ਪਰਿਵਾਰਕ ਰਹੁ ਰੀਤਾਂ ਨੂੰ ਬਰਕਰਾਰ ਰੱਖਿਆ । ਮੈਨੂੰ ਹਮੇਸ਼ਾਂ ਹੀ ਹੋਰ ਅੱਗੇ ਪੜਨ ਲਈ ਪਰੇਰਨਾ ਦਿੰਦੀ ਰਹੀ। ਜਿਸ ਬਦੌਲਤ ਮੈਂ ਐੱਫ.ਏ., ਬੀ.ਏ. , ਐੱਮ.ਏ. ਖਾਲਸਾ ਕਾਲਜ ਜਲੰਧਰ ਤੋਂ ਅਤੇ LLB ਈਵਨਿੰਗ ਕਾਲਜ ਜਲੰਧਰ ਤੋਂ ਕਰ ਲਈ। ਇਹ ਉਚੇਰੀ ਸਿੱਖਿਆ ਮੇਰੀ ਤਰੱਕੀ ’ਚ ਬੜੀ ਕੰਮ ਆਈ। ਮੈਂ ਇਨਕਮ/ਸੇਲ ਟੈਕਸ ਦੇ ਕੇਸ ਲੜਨ ਲੱਗਾ। ਪ੍ਰਿੰਸ ਬੱਸ ਕਪੂਰਥਲਾ ਵਾਲਿਆਂ ਮੈਨੂੰ ਆਪਣਾ ਵਕੀਲ ਰੱਖ ਲਿਆ। ਸਤਲੁਜ ਅਤੇ ਕਰਤਾਰ ਬੱਸ ਵਾਲਿਆਂ ਦੇ ਕੇਸ ਵੀ ਮੈਂ ਹੀ ਲੜਦਾ ਸਾਂ। ਵਕਾਲਤ/CAਦਾ ਕੰਮ ਵੀ ਚੰਗਾ ਚੱਲ ਗਿਆ। ਲਾਅ ਕਮਿਸ਼ਨ ਦਾ ਓਨਰੇਰੀ ਮੈਂਬਰ ਵੀ ਰਿਹੈਂ। ਅੱਜ ਵੀ ਜਲੰਧਰ ਸ਼ਹਿਰ ਦੀਆਂ ਦਰਜਣ ਦੇ ਕਰੀਬ ਸੰਸਥਾਵਾਂ ਦੀਆਂ ਇੰਤਜਾਮੀਆਂ ਕਮੇਟੀਆਂ ਦਾ ਮੈਂਬਰ ਹਾਂ। ਜਿਨ੍ਹਾਂ ਵਿਚ ਮੋਟੇ ਤੌਰ ’ਤੇ ਅਜੀਤ ਅਖਬਾਰ, ਲਾਇਲਪੁਰ ਖਾਲਸਾ ਸਕੂਲ ਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਵਗੈਰਾ ਸ਼ਾਮਲ ਹਨ ।

1927 ਦਾ ਜਨਮ ਐ ਮੇਰਾ ਤੇ ਇਸ ਵਕਤ 93 ਸਾਲ ਉਮਰ ਹੋ ਗਈ ਐ। ਚਾਰ ਭਰਾ ਹੋਰ ਗੁਰਮੁੱਖ ਸਿੰਘ, ਮਨਮੋਹਨ ਸਿੰਘ, ਹਰਬੰਸ ਸਿੰਘ, ਹਰਭਜਨ ਸਿੰਘ ਸਨ, ਮੇਰੇ ਤੇ ਇਕ ਭੈਣ ਹਰਬੰਸ ਕੌਰ। ਹਰਬੰਸ ਸਿੰਘ ਨੂੰ ਛੱਡ ਕੇ ਬਾਕੀ ਭੈਣ ਭਰਾ ਫੌਤ ਹੋ ਗਏ ਹਨ। ਘਰਵਾਲੀ ਵੀ ਕੁੱਝ ਸਮਾਂ ਬੀਮਾਰ ਰਹਿ ਕੇ 18 ਅਪ੍ਰੈਲ 1984 ਨੂੰ ਫੌਤ ਹੋ ਗਈ। ਮੇਰਾ ਬੇਟਾ ਗੁਰਚਰਨ ਸਿੰਘ ਅਤੇ ਪੋਤਰਾ ਗੁਰਜੀਤ ਸਿੰਘ ਦੋਹੇਂ ਨੇਕ ਬਖਤ, CA/ਵਕੀਲ ਹਨ।ਦਫਤਰ ਰੋਜ ਆਉਂਦਾ ਹਾਂ। ਕੰਮ ਦੀ ਨਜਰਸਾਨੀ ਕਰਦਾ ਹਾਂ ਪਰ ਸਿਹਤ ਇਸ ਤੋਂ ਅੱਗੇ ਹੋਰ ਇਜਾਜ਼ਤ ਨਹੀਂ ਦਿੰਦੀ।

ਸੰਨ 47 ਦੇ ਦੌਰ ਵਿੱਚ ਜੋ ਵੀ ਹੋਇਐ ਉਹ ਬਹੁਤ ਹੀ ਮਾੜਾ ਅਤੇ ਨਾ ਭੁੱਲਣ ਯੋਗ ਹੈ। ਹਿੰਦੂ, ਸਿੱਖ ਅਤੇ ਮੁਸਲਿਮ ਤੇਹਾਂ ਦੀਆਂ ਅਮੀਰ ਵਿਰਾਸਤੀ ਰਹੁ ਰੀਤਾਂ ਉਪਰ 47 ਦਾ ਹੁੜਦੰਗ ਇਕ ਕਾਲਾ ਧੱਬਾ ਹੈ। ਕਰੀਬ 10 ਲੱਖ ਲੋਕਾਂ ਦਾ ਕਤਲੇਆਮ ਹੋਇਆ। ਧੀਆਂ ਭੈਣਾ ਦੀ ਪੱਤ ਰੁਲੀ। ਹਜ਼ਾਰਾਂ ਇਧਰ - ਉਧਰ ਰਹਿ ਗਈਆਂ ਜਾਂ ਇਨਸਾਨ ਤੋਂ ਬਣੇ ਸ਼ੈਤਾਨਾਂ ਨੇ ਉਧਾਲ ਲਈਆਂ। ਹਕੂਮਤ ਦੇ ਮਾੜੇ ਪ੍ਰਬੰਧ ਅੱਗੇ ਮੱਜ਼ੵਬੀ ਤੁਅਸਬ ਭਾਰੂ ਹੋ ਗਿਆ ।ਜਿਸ ਵਜਾਹਤ ਇਹ ਲਹੂ ਅਤੇ ਰੋਹ ਭਿੱਜੀ ਹਿਜਰਤ ਹੋਈ। ਕਰਤਾਰਪੁਰ ਲਾਂਘਾ ਖੁੱਲ ਰਿਹਾ ਹੈ। ਇਸ ਲਈ ਮੈਂ ਜਿੱਥੇ ਇਮਰਾਨ ਖਾਨ, ਨਰਿੰਦਰ ਮੋਦੀ ਸਾਹਿਬ ਅਤੇ ਨਵਜੋਤ ਸਿੱਧੂ ਦਾ ਸ਼ੁਕਰ ਗੁਜਾਰ ਹਾਂ ਉਥੇ ਸਵ.ਜਥੇਦਾਰ ਕੁਲਦੀਪ ਸਿੰਘ ਵਡਾਲੇ ਦੇ ਜਜ਼ਬੇ ਨੂੰ ਵੀ ਸਲਾਮ ਕਰਦਾ ਹਾਂ, ਜਿਨ੍ਹਾਂ ਇਸ ਲਾਂਘੇ ਲਈ ਲਗਾਤਾਰ ਇਕ ਦਹਾਕੇ ਤੱਕ ਸੰਘਰਸ਼ ਕੀਤਾ । - ਆਸ ਐ ਬਈ ਇਸ ਲਾਂਘੇ ਦੇ ਖੁੱਲਣ ਨਾਲ ਦੋਹੇਂ ਪੰਜਾਬਾਂ ਵਿਚ ਮੁੜ ਮੁਹੱਬਤ ਦਾ ਪੈਗ਼ਾਮ ਪਸਰੇਗਾ।"
         


rajwinder kaur

Content Editor

Related News