1947 ਹਿਜਰਤਨਾਮਾ - 17 : ਸ. ਅਜੀਤ ਸਿੰਘ ਕਾਲੜਾ

06/08/2020 11:17:46 AM

" ਮੈਂ ਅਜੀਤ ਸਿੰਘ ਅਰੋੜਾ ਪਿੰਡ ਜੰਡਿਆਲਾ ਮੰਜਕੀ ਜ਼ਿਲਾ ਜਲੰਧਰ ਤੋਂ ਬੋਲ ਰਿਹੈਂ। ਮੇਰੇ ਬਾਬਾ ਜੀ ਚੇਤ ਰਾਮ ਜੀ ਰੌਲਿਆਂ ਤੋਂ ਪਹਿਲਾਂ ਪਿੰਡ ਅੰਨਿਆਂ ਦਾ ਬਾੜਾ ਜ਼ਿਲ੍ਹਾ ਸ਼ੇਖੂਪੁਰਾ ਦੇ ਵਾਸੀ ਸਨ। ਅਗੋਂ ਉਨ੍ਹਾਂ ਦੇ ਘਰ ਚਾਰ ਪੁਤਰਾਂ ਨੇ ਜਨਮ ਲਿਆ। ਇੰਦਰ ਸਿੰਘ, ਰੰਗਾ ਸਿੰਘ, ਗੰਗਾ ਸਿੰਘ ਤੇ ਅਰਜਣ ਸਿੰਘ। ਅਰਜਣ ਸਿੰਘ ਸਾਡਾ ਬਾਪ ਹੋਇਐ, ਜਿਸ ਦੇ ਅਗੋਂ ਅਸੀਂ, ਮੈਂ ਅਜੀਤ ਸਿੰਘ, ਪ੍ਰੀਤਮ ਸਿੰਘ, ਗੁਰਚਰਨ ਸਿੰਘ, ਸੁਦੀਪ ਸਿੰਘ, ਜਗਜੀਤ ਸਿੰਘ ਤੇ ਜਨਕ ਰਾਣੀ ਧੀਆਂ ਪੁਤਰ ਸਾਂ। ਤਦੋਂ ਉਧਰ ਨਹਿਰੀ ਅਤੇ ਖੁੱਲ੍ਹੀਆਂ ਜ਼ਮੀਨਾਂ ਸਨ। ਸਾਡੀ ਆਪਣੀ ਕੋਈ ਜਾਤੀ ਜ਼ਮੀਨ ਤਾਂ ਨਹੀਂ ਸੀ ਪਰ ਸਾਡੇ ਸ਼ਰੀਕੇ ’ਚੋਂ ਇਕ ਬਜੁਰਗ, ਸ. ਨਰੈਣ ਸਿੰਘ, ਜੋ ਇਧਰ ਆ ਕੇ ਚੰਡੀਗੜ੍ਹ ’ਚ ਦੋ ਹਜ਼ਾਰ ਸੰਨ ’ਚ ਪੂਰਾ ਹੋਇਆ, ਪਾਸੋਂ ਹਾਲੇ ਭੌਲੀ ਤੇ ਜ਼ਮੀਨ ਲੈ ਕੇ ਵਾਹੀ ਕਰਦੇ ਸਾਂ। ਤਦੋਂ ਮੱਕੀ, ਕਣਕ, ਸਰੋਂ ਤੇ ਨਰਮਾ ਵਗੈਰਾ ਹੀ ਮੁਖ ਫਸਲਾਂ ਹੁੰਦੀਆਂ ਸਨ। ਇਹ ਸਾਰੀ ਫ਼ਸਲ ਜ਼ਿੰਮੀਦਾਰ ਭਰਾ ਗੱਡਿਆਂ ’ਤੇ ਲੈਜਾ ਕੇ ਇਸਲਾਮ ਆਬਾਦ ਮੰਡੀ ’ਚ ਵੇਚਿਆ ਕਰਦੇ ਸਨ। 

ਮੇਰੇ ਚਾਚਾ ਜੀ ਰੰਗਾ ਸਿੰਘ ਦਾ ਬੇਟਾ ਵੀਰ ਸਿੰਘ ਮੇਰਾ ਹਾਣੀ ਸੀ। ਮੇਰੀਆਂ ਬਚਪਨ ਦੀਆ ਬਹੁਤੀਆਂ ਯਾਦਾਂ ਉਸੇ ਨਾਲ ਸਾਂਝੀਆਂ ਹਨ। ਦਸ ਕੁ ਸਾਲ ਦੀ ਉਮਰ ਤੱਕ ਤਾਂ ਘਰਦਿਆਂ ਪਸ਼ੂ ਚਾਰਨ ਹੀ ਲਾਈ ਰਖਿਆ। ਪਿੰਡ ਦੇ ਪ੍ਰਾਇਮਰੀ ਸਕੂਲ ’ਚ ਪਹਿਲੀ ਜਮਾਤ ਵਿਚ ਹਾਲੇ ਛੇ ਕੁ ਮਹੀਨੇ ਹੀ ਲਾਏ ਹੋਣਗੇ ਕਿ ਰੌਲੇ ਪੈ ਗਏ। ਗਾਬਿਆਂ ਦਾ ਵਾੜਾ ਅਤੇ ਫੇਬਿਆਂ ਦਾ ਵਾੜਾ ਸਾਡੇ ਗੁਆਂਡੀ ਪਿੰਡ ਸਨ। ਪਿੰਡ ਵਿਚ ਇਕ ਮੁਸਲਮਾਨ ਲੁਹਾਰ ਦੀ ਦੁਕਾਨ ਕਰਦਾ ਸੀ। ਜੋ ਸਾਡੇ ਬਜ਼ੁਰਗਾਂ ਦਾ ਬਹੁਤ ਪ੍ਰੇਮੀ ਸੀ। ਇਕ ਦਿਨ ਉਹ ਹਫਿਆ ਹੋਇਆ ਭੱਜਾ-ਭੱਜਾ ਸਾਡੇ ਘਰਾਂ ਵਲ ਆਇਆ। ਆਖਿਓਸ ਕਿ ਮਾਹੌਲ ਬਹੁਤ ਗਰਮ ਅਤੇ ਖਰਾਬ ਹੈ। ਆਲੇ-ਦੁਆਲੇ ਹਿੰਦੂ-ਸਿਖਾਂ ਉਪਰ ਹਮਲੇ ਹੋ ਰਹੇ ਹਨ। ਅੱਲਾ ਦਾ ਵਾਸਤਾ ਪਾਉਂਦਿਆਂ ਉਸ ਨੇ ਬਜ਼ੁਰਗਾਂ ਨੂੰ ਪਿੰਡ ਛੱਡ ਜਾਣ ਜਾਂ ਮੁਸਲੇ ਬਣ ਜਾਣ ਲਈ ਦੁਹਾਈ ਪਾਈ, ਇਸ ਤਰ੍ਹਾਂ ਹੋਰਸ ਪਾਸਿਓਂ ਵੀ ਵੱਡ ਵਢਾਂਗੇ ਅਤੇ ਅਗਜਨੀ ਦੀਆਂ ਡਰਾਉਣੀਆਂ ਘਟਨਾਵਾਂ ਦਾ ਪਤਾ ਲੱਗਾ। ਵਾਹਿਗੁਰੂ ਦੀ ਮਿਹਰ ਰਹੀ ਕਿ ਸਾਡੇ ਪਿੰਡ ਉਪਰ ਅੰਦਰੋਂ ਜਾਂ ਬਾਹਰੋਂ ਕੋਈ ਹਮਲਾ ਨਾ ਹੋਇਆ। ਇਸੇ ਤਰ੍ਹਾਂ ਡਰ ਅਤੇ ਸਹਿਮ ਦੇ ਮਾਹੌਲ ਵਿਚ ਵਿਚਰਦਿਆਂ ਆਲੇ-ਦੁਆਲਿਓਂ ਪਿੰਡਾਂ ਉਪਰ ਹਮਲਿਆਂ ਦਾ ਵਰਤਾਰਾ ਬਹੁਤਾ ਵਧ ਗਿਆ ਤਾਂ ਇਕ ਦਿਨ ਰਾਤ ਨੂੰ ਬਜੁਰਗਾਂ ਸਾਰਾ ਗਹਿਣਾ ਗੱਟਾ ਘਰ ਦੇ ਪਿਛਵਾੜੇ ਦੱਬ ਦਿੱਤਾ। ਕੁਝ ਹਲਕਾ ਤੇ ਜ਼ਰੂਰੀ ਸਮਾਨ ਲੱਦ ਲਿਆ।

ਕੁਝ ਮਾਲ ਡੰਗਰ ਤੇ ਹੋਰ ਸਮਾਨ ਬਜੁਰਗਾਂ ਗੁਆਂਢੀ ਪ੍ਰੇਮੀਆਂ ਦੇ ਇਹ ਕਹਿੰਦਿਆਂ ਸਪੁਰਦ ਕਰ ਦਿੱਤਾ ਕਿ ਮੁੜ ਆਏ ਤਾਂ ਫਿਰ ਲੈ ਲਾਂ ਗੇ। ਉਪਰੰਤ ਚੜ੍ਹਦੇ ਦਿਨ ਗੱਡੇ ਜੋੜ ਕੇ ਭਰੇ ਅਤੇ ਭਰੇ ਮਨ ਨਾਲ ਪਿੰਡ ਤੋਂ ਅਲਵਿਦਾ ਲੈ ਕੇ ਨਨਕਾਣਾ ਸਹਿਬ ਕੈਂਪ ਵਿਚ ਜਾ ਪਹੁੰਚੇ। ਕੈਂਪ ’ਚ ਡੋਗਰਾ ਮਿਲਟਰੀ ਦਾ ਪਹਿਰਾ ਸੀ। ਤੀਜੇ ਕੁ ਦਿਨ ਸਾਡੇ ਬਜੁਰਗਾਂ ਡੋਗਰਾ ਮਿਲਟਰੀ ਦਾ ਤਰਲਾ ਕੀਤਾ ਕਿ ਸਾਡਾ ਤਾਂ ਸੱਭੋ ਕੀਮਤੀ ਸਮਾਨ ਪਿੰਡ ਹੀ ਰਹਿ ਗਿਐ। ਅਫਸਰ ਨੇ ਤਰਸ ਖਾ ਕੇ 4-5 ਫੌਜੀ ਨਾਲ ਭੇਜੇ ਤਾਂ ਸਾਰਾ ਹੋਰ, ਜੋ ਵੀ ਕੀਮਤੀ ਸਮਾਨ ਸਮੇਤ ਗਹਿਣੇ, ਸੀ ਪਿਤਾ ਜੀ ਗੱਡੇ ਉਪਰ ਲੱਦ ਲਿਆਏ। ਬਹੁਤਾ ਹਮਲਾ ਹੋਣ ਦਾ ਡਰ ਅਤੇ ਸਹਿਮ ਦਾ ਮਹੌਲ ’ਤੇ ਬਾਕੀ ਮੀਂਹ ਅਤੇ ਹੜਾਂ ਦੀ ਮਾਰ ਝਲਦਿਆਂ ਅਤਿ ਖਤਰਨਾਕ ਬੱਲੋ ਕੀ ਹੈੱਡ ਫਿਰੋਜ਼ਪੁਰ ਰੋਡ ਤੋਂ ਹੁੰਦਿਆਂ ਅੰਬਰਸਰ ਪਹੁੰਚਣ ਤੱਕ ਕਰੀਬ ਇਕ ਮਹੀਨੇ ਦਾ ਹੀ ਸਮਾਂ ਲੱਗ ਗਿਆ। ਰਸਤੇ ਵਿਚ ਭਲੇ ਸਾਡੇ ਕਾਫਲੇ ’ਤੇ ਕੋਈ ਹਮਲਾ ਤਾਂ ਨਹੀਂ ਹੋਇਆ। ਪਰ ਰਸਤੇ ’ਚ ਕਤਲੇਆਮ ਦੇ ਭਿਆਨਕ ਮੰਜਰ, ਪਲੇਗ ਕਾਰਨ ਕਾਫਲੇ ’ਚ ਮੌਤਾਂ ਦਾ ਸਿਲਸਿਲਾ, ਰਸਤੇ ਦੇ ਫਾਕਿਆਂ ਦੀ ਯਾਦ ਅੱਜ ਵੀ ਹੰਝੂਆਂ ਦੀ ਬਾਰਾਤ ਲੈ ਆਉਂਦੀ ਐ।

ਕੁਝ ਮਹੀਨੇ ਅੰਬਰਸਰ ਕੈਂਪ ਵਿਚ ਰਹੇ। ਆਟਾ ਫੱਕਾ ਮੁੱਲ ਲੈ ਕੇ ਚੁੱਲਾ ਮੱਘਦਾ ਰਖਦੇ। ਫਿਰ ਇਕ ਦਿਨ ਕਈ ਸੈਂਕੜੇ ਗੱਡਿਆਂ ਦਾ ਕਾਫਲਾ ਦਿੱਲੀ ਦੀ ਤਰਫ ਵਧਿਆ। ਨਾਲ ਹੀ ਸਾਡੇ ਬਜੁਰਗਾਂ ਵੀ ਗੱਡੇ ਹੱਕ ਲਏ। ਬਰਸਾਤ ਅਤੇ ਫਾਕਿਆਂ ਨੂੰ ਨੰਗੇ ਪਿੰਡੇ ਉਪਰ ਹੰਡਾਉਂਦੇ ਹੋਏ ਇਕ ਹਫਤੇ ਬਾਅਦ ਪਿੱਪਲੀ ਜਾ ਡੇਰਾ ਲਾਇਆ। ਕਿਓਂ ਜੋ ਇੱਥੇ ਆਸ-ਪਾਸ ਸਾਡੇ ਕੁਝ ਰਿਸ਼ਤੇਦਾਰ ਰਹਿੰਦੇ ਸਨ। ਸੋ ਬਜੁਰਗਾਂ ਇੱਥੇ ਹੀ ਵਾਸ ਨੂੰ ਤਰਜੀਹ ਦਿੱਤੀ। ਦੋ ਸਾਲ ਲਗਾਤਾਰ ਇਥੇ ਕੈਂਪ ਵਿਚ ਹੀ ਰਹੇ। ਘਰੇਲੂ ਪ੍ਰੇਸ਼ਾਨੀਆਂ ਦੇ ਚਲਦਿਆਂ ਇਥੇ ਹੀ ਪਿਤਾ ਜੀ ਗੱਡੀ ਥੱਲੇ ਆ ਕੇ ਮਰ ਗਏ। ਅੰਨਿਆਂ ਦੇ ਵਾੜੇ ਵਾਲੇ ਸ.ਨਰੈਣ ਸਿੰਘ ਜੀ ਹੋਰਾਂ ਨੂੰ ਕਰਨਾਲ ਦੇ ਨਜਦੀਕ ਦੌਲਤਪੁਰ ਨਾਮੇ ਪਿੰਡ ਵਿਚ ਜ਼ਮੀਨ ਅਲਾਟ ਹੋਈ ਤਾਂ ਸਾਨੂੰ ਉਨ੍ਹਾਂ ਸੁਨੇਹਾਂ ਭੇਜਿਆ। ਉਥੇ ਉਨ੍ਹਾਂ ਤੋਂ ਜ਼ਮੀਨ ਹਾਲੇ ਭੌਲੀ ’ਤੇ ਲੈ ਕੇ ਕੁਝ ਸਾਲ ਖੇਤੀ ਕਰਦੇ ਰਹੇ।

ਇਥੋਂ ਹੀ ਮੇਰੇ ਤਾਇਆ ਜੀ ਸਮੇਤ ਪਰਿਵਾਰ ਸੰਘਲਾ ਯੂਪੀ ਵਿਖੇ ਚਲੇ ਗਏ ਤੇ ਸਾਡਾ ਪਰਿਵਾਰ ਨਾਨਕਾ ਪਿੰਡ ਘੜਾਮ ਚਲਿਆ ਗਿਆ। ਮੇਰੇ ਨਾਨਾ ਜੀ ਕਰਤਾਰ ਸਿੰਘ ਵਲਦ ਠਾਕੁਰ ਮਲ ਨੇ ਦਿੱਲੀ ਤੋਂ ਚੰਦਰ ਭਾਨ ਲਾਲਾ ਜੀ ਦੀ ਜ਼ਮੀਨ ਵਾਹੀ ਲਈ ਦੁਆ ਦਿੱਤੀ। ਇਥੇ ਵੀ ਕੰਮ ਬਹੁਤਾ ਰਾਸ ਨਾ ਆਇਆ ਤਾਂ ਤਾਇਆ ਜੀ ਪਾਸ ਯੂਪੀ ਚਲੇ ਗਏ। ਯੂਪੀ ਤੋਂ ਫਿਰ ਦੌਲਤਪੁਰ ਤੇ ਇਥੋਂ ਜਗਾਧਰੀ ਜਾ ਡੇਰਾ ਲਾਇਆ। ਇਥੇ ਹੀ ਮੇਰੀ ਸ਼ਾਦੀ ਜਲੰਧਰ ਜ਼ਿਲੇ ਦੇ ਪਿੰਡ ਚਾਨੀਆਂ ਦੇ ਇਕ ਰਫਿਊਜੀ ਲਾਲ ਚੰਦ ਅਰੋੜਾ ਦੀ ਬੇਟੀ ਨਾਲ ਹੋਈ। ਮੇਰੇ ਘਰ ਪੰਜ ਪੁੱਤਰਾਂ ਅਤੇ ਇਕ ਧੀ ਨੇ ਜਨਮ ਲਿਆ। ਸੱਭੋ ਵਿਆਹੇ ਵਰ੍ਹੇ ਅਤੇ ਆਪਣੇ-ਆਪਣੇ ਪਰਿਵਾਰਾਂ ਵਿੱਚ ਰਾਜੀ ਬਾਜੀ ਨੇ।
        
ਇਸ ਤਰ੍ਹਾਂ ਹੀ ਗੱਡੀ ਲੀਹੇ ਕਦੇ ਚੜ੍ਹਦੀ ਅਤੇ ਕਦੀ ਉਤਰਦੀ ਰਹੀ ਪਰ ਕੰਮ ਬਹੁਤਾ ਅਪਸੈੱਟ ਰਹਿਣ ਕਰਕੇ ਸਹੁਰਾ ਪਰਿਵਾਰ ਵਲੋਂ ਸਾਨੂੰ ਚਾਨੀਆਂ ਹੀ ਬੁਲਾ ਲਿਆ। 25 ਕੁ ਸਾਲ ਲਗਾਤਾਰ ਚਾਨੀਆਂ-ਜਲੰਧਰ ਹੀ ਦੁਕਾਨਦਾਰੀ ਅਤੇ ਦੁੱਧ ਦਾ ਕੰਮ ਕੀਤਾ। ਦੋ ਹਜ਼ਾਰ ਸੰਨ ਤੋਂ ਜੰਡਿਆਲਾ ਮੰਜਕੀ ਆ ਗਏ। ਇਥੇ ਕਾਰੋਬਾਰ ਸੈੱਟ ਹੈ। ਸਭ ਖੁਸ਼ਕੀਆਂ ਦੂਰ ਹੋ ਗਈਆਂ। ਮੰਜਕੀ ਤੱਕ ਦਾ ਤਲਖੀਆਂ ਭਰਿਆ ਸਫਰ ਅਤੇ ਘਰੇਲੂ ਪਰੇਸ਼ਾਨੀਆਂ ਦੇ ਚੱਲਦਿਆਂ ਹੀ ਜੀਵਨ ਸਾਥਣ ਦਾ ਕੁਝ ਵਰ੍ਹੇ ਪਹਿਲੇ ਸਾਥ ਛੱਡ ਜਾਣਾ, ਇਕੱਲਤਾ ਅਤੇ ਪਰੇਸ਼ਾਨੀਆਂ ਦਾ ਸਬੱਬ ਬਣ ਗਿਆ। 47 ਦੇ ਦੌਰ ਦੀ ਵੰਡ ਦਾ ਵਰਤਾਰਾ ਬਹੁਤਾ ਬੁਰਾ ਅਤੇ ਚਿੰਤਾ ਵਾਲਾ ਸੀ। ਆਦਮੀ ਦੀ ਨਸਲ ਉਪਰ ਧੱਬਾ ਐ ਉਹ। ਜਦ ਆਦਮੀ ’ਚੋਂ ਆਦਮੀਅਤ ਮਨਫੀ ਹੋ ਗਈ। ਭਾਰਤ ਵੰਡ ਦੀ ਯਾਦ ਨਾਸੂਰ ਦੀ ਤਰ੍ਹਾਂ ਹੈ, ਜੋ ਹਰ 15 ਅਗਸਤ ’ਤੇ ਯਾਦ ਆਉਣ ਤੇ ਸਿੱਮ ਪੈਂਦਾ ਆ।"  

ਸਤਵੀਰ ਸਿੰਘ ਚਾਨੀਆਂ 
92569-73526

rajwinder kaur

This news is Content Editor rajwinder kaur