ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਮਿੱਤਰ : ਨਵਾਬ ਸੈਫ਼ੂਦੀਨ

06/06/2020 10:58:10 AM

ਅਲੀ ਰਾਜਪੁਰਾ
94176 79302

ਨਵਾਬ ਸੈਫ਼ ਖ਼ਾਨ ਉਰਫ਼ ਸੈਫ਼ੂਦੀਨ ਅਹਿਮਦ ਫ਼ਕੀਰੁੱਲਾ

ਨਵਾਬ ਸੈਫੂਦੀਨ ਅਹਿਮਦ ਫ਼ਕੀਰਰੁੱਲਾ ਮੁਗ਼ਲਾਂ ਦੇ ਸਮੇਂ ਦਾ ਇਕ ਪ੍ਰਮੁੱਖ ਸਰਦਾਰ ਤੇ ਸ਼ਾਹਜਹਾਂ ਦਾ ਸਾਂਢੂ ਸੀ। ਉਸ ਦੇ ਵੱਡੇ ਭਾਈ ਨਵਾਬ ਫਿਦਾਈ ਖ਼ਾਂ ਅਤੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਇੱਕੋ ਦਾਈ ਨੇ ਪਾਲ਼ਿਆ ਸੀ। ਫ਼ਖਰੂਦੀਨ ਅਹਿਮਦ ਬਖ਼ਸ਼ੀ ਜਹਾਂਗੀਰ ਦੇ ਸਮੇਂ ਤੁਰਕਿਸਤਾਨ ਤੋਂ ਭਾਰਤ ਆਇਆ। ਜਦ ਸ਼ਾਹਜਹਾਂ ਬਾਦਸ਼ਾਹ ਬਣਿਆ ਤਾਂ ਉਸ ਨੇ ਉਸ ਨੂੰ ਤਰਬੀਅਤ ਖ਼ਾਂ ਦਾ ਖਿਤਾਬ ਦਿੱਤਾ। ਸ਼ਾਹਜਹਾਂ ਦੇ ਰਾਜਕਾਲ ਦੇ ਅੰਤਲੇ ਦਿਨਾਂ ਵਿਚ ਸੈਫ਼ੂਦੀਨ ਨੂੰ ਸੱਤ ਸੌ ਦਾ ਮਨਸੂਬੇਦਾਰ ਬਣਾਇਆ ਗਿਆ ਅਤੇ ਸੌ ਘੋੜ ਸਵਾਰ ਉਸ ਦੇ ਮੁਤਹਿਤ ਕੀਤੇ ਗਏ। ਜਦੋਂ ਸ਼ਾਹਜਹਾਂ ਦੇ ਪੁੱਤਰਾਂ ਵਿਚਾਲੇ ਤਖ਼ਤ ਨਸ਼ੀਨੀ ਨੂੰ ਲੈ ਕੇ ਜੰਗ ਆਰੰਭ ਹੋਈ ਤਾਂ ਸੈਫ਼ੂਦੀਨ ਨੂੰ ਰਾਜਾ ਜਸਵੰਤ ਸਿੰਘ ਨਾਲ ਮਾਲਵੇ ਵਿਚ ਔਰੰਗਜ਼ੇਬ ਦਾ ਮੁਕਾਬਲਾ ਕਰਨ ਲਈ ਭੇਜ ਦਿੱਤਾ। ਰਾਜਾ ਜਸਵੰਤ ਸਿੰਘ ਦੇ ਲਸ਼ਕਰ ਦੇ ਪੈਰ ਥਿੜਕਦੇ ਦੇਖ ਕੇ ਸੈਫ਼ ਖ਼ਾਨ ਔਰੰਗਜ਼ੇਬ ਨਾਲ ਰਲ਼ ਗਿਆ। ਉਸ ਨੂੰ ਔਰੰਗਜ਼ੇਬ ਨੇ ਤੁਰੰਤ ਪੰਦਰਾਂ ਸੌ ਦਾ ਮਨਸੂਬੇਦਾਰ ਬਣਾ ਦਿੱਤਾ ਅਤੇ ਉਸ ਨੂੰ ਸੈਫ਼ ਖ਼ਾਨ ਦੀ ਉਪਾਧੀ ਬਖ਼ਸ਼ੀ। ਇਹ ਸੈਫ਼ੂਦੀਨ ਦੀ ਚਾਲ ਸੀ। ਉਹ ਸੱਚੇ ਦਿਲੋਂ ਔਰੰਗਜ਼ੇਬ ਦੇ ਨਾਲ ਨਹੀਂ ਸੀ।

ਔਰੰਗਜ਼ੇਬ ਨੇ ਇਸ ਨੂੰ ਗੁਜ਼ਾਰੇ ਲਈ 12 ਪਿੰਡਾਂ ਦਾ ਖੁਸ਼ਕ ਜਿਹਾ ਇਲਾਕਾ ਦੇ ਦਿੱਤਾ ਸੀ। ਉਸ ਨੇ ਇਸ ਇਲਾਕੇ ਵਿਚ ਪਟਿਆਲ਼ੇ ਤੋਂ ਲਗਭਗ 8 ਕਿਲੋਮੀਟਰ ਦੂਰ ਪਟਿਆਲ਼ਾ-ਰਾਜਪੁਰਾ ਸੜਕ ਉੱਤੇ ਆਪਣੇ ਨਾਮ ਉੱਤੇ ਸੈਫ਼ਾਬਾਦ ( ਕਿਲ੍ਹਾ ਬਹਾਦਰ ਗੜ੍ਹ) ਨਾਮੀ ਇਕ ਨਗਰ ਆਬਾਦ ਕੀਤਾ ਅਤੇ ਇਕ ਕਿਲ੍ਹਾ ਬਣਾਇਆ। ਉਹ ਸਤਸੰਗੀ ਅਤੇ ਧਾਰਮਿਕ ਬਿਰਤੀ ਵਾਲ਼ਾ ਹੋਣ ਦੇ ਨਾਲ ਇਕ ਸਿਆਣਾ ਰਾਜਨੀਤਕ ਵੀ ਸੀ। ਇਸ ਦੀ ਮਿਹਨਤ ਨਾਲ ਇਲਾਕੇ ਵਿਚ ਬਹਾਰਾਂ ਲੱਗ ਗਈਆਂ। ਪੀਰ ਭੀਖਣ ਸ਼ਾਹ ਦੇ ਸੰਪਰਕ ਵਿਚ ਆਉਣ ਨਾਲ ਇਨ੍ਹਾਂ ਦੀ ਇੱਕੋ ਜਮਾਤ ਹੀ ਬਣ ਗਈ ਸੀ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਜਦੋਂ ਅਨੰਦਪੁਰ ਸਾਹਿਬ ਤੋਂ ਆਪਣੇ ਸ਼ਰਧਾਲੂਆਂ ਦੇ ਜਥੇ ਨਾਲ ਧਰਮ ਪ੍ਰਚਾਰ ਕਰਦੇ ਹੋਏ ਕੀਰਤਪੁਰ, ਘਨੌਲੀ, ਰੋਪੜ,ਅਨੰਦਪੁਰ, ਕਨੌਜ, ਉਗਾਣਾਂ, ਸਰਾਏ ਨੌ ਲੱਖਾ, ਲਹਿਲਪੁਰਾ ਪੁੱਜੇ ਤਾਂ ਮੁੱਸਾ ਰੌਪੜੀ ਨੇ ਸੈਫ਼ ਖ਼ਾਨ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਮਹਿਮਾ ਸੁਣਾਈ ਅਤੇ ਜਦੋਂ ਸੈਫ਼ ਖ਼ਾਨ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪੁੱਜਣ ਬਾਰੇ ਸੁਣਿਆ ਤਾਂ ਉਹ ਬੇਅੰਤ ਖ਼ੁਸ਼ ਹੋਇਆ ਅਤੇ ਗੁਰੂ ਸਾਹਿਬ ਜੀ ਨੂੰ ਆਪਣੇ ਬਾਗ਼ ਵਿੱਚ ਲੈ ਗਿਆ। ਉਸ ਨੇ ਮੇਵਿਆਂ ਦੀਆਂ ਡਾਲੀਆਂ ਤੇ ਹੋਰ ਖਾਣ-ਪੀਣ ਦੀਆਂ ਵਸਤਾਂ ਮੰਗਵਾਈਆਂ ਅਤੇ ਬਾਗ਼ ਵਿਚ ਗੁਰੂ ਜੀ ਅੱਗੇ ਪੇਸ਼ ਕੀਤੀਆਂ ਅਤੇ ਕਿਹਾ ਸੀ ਕਿ, “ ਗੁਰੂ ਜੀ ਅੱਜ ਮੇਰਾ ਜੀਵਨ ਸਫ਼ਲ ਹੋਇਆ ਹੈ ”।

ਸੈਫ਼ ਖ਼ਾਨ ਦੇ ਬਾਗ਼ ਵਿਚ ਗੁਰੂ ਜੀ ਨੇ ਠਹਿਰ ਕੀਤੀ। ਜਿੱਥੇ ਗੁਰੂ ਸਾਹਿਬ ਜੀ ਬਿਰਾਜਮਾਨ ਹੋਏ ਸਨ ਉਹ ਚੌਂਤਰਾ ਅੱਜ ਵੀ ਸਾਂਭਿਆ ਹੋਇਆ ਹੈ। ਜਿਸ ਬਾਰੇ ਲਿਖਿਆ ਮਿਲਦਾ ਹੈ ਕਿ ਇਹ ਬਾਗ਼ ਸੁੰਦਰ ਸਥਾਨ ਸੀ। ਸੈਫ਼ ਖ਼ਾਨ ਇਕ ਨੇਕ ਇਨਸਾਨ, ਦਿਲ ਦਾ ਸਾਫ਼ ਸੀ। ਉਹ ਅਕਸਰ ਕਿਹਾ ਕਰਦਾ ਸੀ ਕਿ “ ਚਰਚਾ ਵਿਚ ਖਿਝਣਾ ਅਤੇ ਦੂਜਿਆਂ ਨੂੰ ਚੋਟਾਂ ਨਹੀਂ ਮਾਰਨੀਆਂ ਚਾਹੀਦੀਆਂ। ਤੁਸੀਂ ਜੇ ਕਰ ਚਾਹੁੰਦੇ ਹੋ ਕਿ ਅਗਲਾ ਠੀਕ ਰਹੇ ਤਾਂ ਉਸ ਦੀ ਗੱਲ ਮੰਨਦੇ ਰਹੋ। ਕੋਸ਼ਿਸ਼ ਜ਼ਰੂਰ ਕਰੋ ਸਮਝਾਉਣ ਦੀ ਜੇ ਕਰ ਉਹ ਫੇਰ ਵੀ ਨਾ ਮੰਨੇ ਤਾਂ ਸਮਝੋ ਉਹ ਜੋ ਕੁਝ ਵੀ ਕਹਿ ਰਿਹਾ ਹੈ ਉਹ ਠੀਕ ਹੀ ਹੈ। ” ਗੁਰੂ ਜੀ ਨੂੰ ਸੈਫ਼ ਖ਼ਾਨ ਬਾਗ਼ ਵਿਚ ਲਿਜਾ ਕੇ ਕਹਿਣ ਲੱਗਾ, “ ਕਿ ਮੇਰਾ ਜੀਵਨ ਅੱਜ ਸਫ਼ਲ ਹੋ ਗਿਆ ਹੈ।” ਉਸ ਨੇ ਗੁਰੂ ਸਾਹਿਬ ਜੀ ਨੂੰ ਇੰਨਾ ਸਤਿਕਾਰ ਦਿੱਤਾ ਕਿ ਗੁਰੂ ਜੀ ਨੂੰ ਘੋੜੇ ਤੋਂ ਥੱਲੇ ਪੈਰ ਨਾ ਲਾਉਣ ਦਿੱਤਾ। ਸਗੋਂ ਆਪ ਘੋੜੇ ਦੀ ਰਕਾਬ ਫੜ ਕੇ ਪੈਦਲ ਤੁਰਿਆ।

ਗੁਰੂ ਜੀ ਸੈਫ਼ੂ ਖ਼ਾਨ ਦੇ ਘਰ ਚਾਰ ਵਾਰ ਆਏ ਸਨ। ਗੁਰੂ ਜੀ ਨੇ ਜਦੋਂ ਸ਼ਹਾਦਤ ਦੇਣ ਲਈ ਦਿੱਲੀ ਵੱਲ ਜਾਂਦੇ ਹੋਏ ਸੈਫ਼ੂਦੀਨ ਦੇ ਘਰ ਠਾਹਰ ਕੀਤੀ ਤਾਂ ਇਹ ਖਬਰ ਮੁਗ਼ਲਾਂ ਨੂੰ ਮਿਲੀ ਤੇ ਮੁਗ਼ਲ ਫ਼ੌਜਾਂ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਸੈਫ਼ੂਦੀਨ ਦੇ ਘਰ ਪਹੁੰਚੀਆਂ ਤਾਂ ਸੈਫ਼ੂਦੀਨ ਨੇ ਇਹ ਕਹਿ ਕੇ ਗੁਰੂ ਜੀ, ਨਾਲ ਵਫ਼ਾ ਨਿਭਾਈ “ ਕਿ ਗੁਰੂ ਜੀ ਤਾਂ ਦਿੱਲੀ ਵੱਲ ਨੂੰ ਨਿਕਲ ਤੁਰੇ ਹਨ….।” ਸੈਫ਼ੂਦੀਨ ਨਹੀਂ ਚਾਹੁੰਦਾ ਸੀ ਕਿ ਗੁਰੂ ਜੀ ਉਸ ਦੇ ਘਰੋਂ ਗ੍ਰਿਫਤਾਰ ਹੋਣ…। ਗੁਰੂ ਜੀ ਤੇ ਸੈਫ਼ੂਦੀਨ ਦੀ ਗੁਰੂ ਜੀ ਨਾਲ ਇੰਨੀ ਗੂੜ੍ਹੀ ਮਿੱਤਰਤਾ ਸੀ ਕਿ ਗੁਰੂ ਜੀ ਜਦੋਂ ਪੂਰਵ ਦਿਸ਼ਾ ਵੱਲ ਨੂੰ ਨਿਕਲੇ ਤਾਂ ਸੈਫ਼ੂਦੀਨ ਨੂੰ ਯਾਦ ਕਰਦੇ ਰਹਿੰਦੇ ਸਨ। ਜੇ ਕੋਈ ਚੰਗੀ ਵਸਤੂ ਸੁਗਾਤ ਮਿਲਦੀ ਤਾਂ ਸਿੱਖ ਹੱਥ ਉਹ ਆਪਣੇ ਪਿਆਰੇ ਪਾਸ ਭੇਜ ਕੇ ਗੁਰੂ ਜੀ ਸੈਫ਼ੂਦੀਨ ਜੀ ਦਾ ਮਾਣ ਕਰਦੇ।

ਭਾਇ ਦਇਆਲ ਦਾਸ, ਭਾਈ ਰਾਮ ਰਾਇ ਅਤੇ ਹੋਰ ਸਿੱਖਾਂ ਦੇ ਨਾਮ ਸੰਦੇਸ਼ ਵਿਚ ਵਿਸ਼ੇਸ਼ ਜ਼ਿਕਰ ਮਿਲਦਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਸੈਫ਼ੂਦੀਨ ਸ਼ਾਸਤਰੀ ਸੰਗੀਤ ਦੇ ਗਿਆਨੀ ਵੀ ਸਨ। ਇਕ ਫ਼ਕੀਰ ਹੋਣ ਦੇ ਨਾਲ-ਨਾਲ ਗਵਾਲੀਅਰ ਦੇ ਰਾਜਾ ਮਾਨ ਸਿੰਘ ( 1486-1517 ) ਦੇ ਰਚਿਤ ਹਿੰਦੀ ਗ੍ਰੰਥ “ ਮਾਨਕ ਤੁਹਲ ” ਦਾ ਫ਼ਾਰਸੀ ਅਨੁਵਾਦ ਵੀ ਸੈਫ਼ੂਦੀਨ ਨੇ ਹੀ ਕੀਤਾ ਸੀ। 26 ਅਗਸਤ,1684 ਈ. ਸੈਫ਼ੂਦੀਨ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਤੁਰ ਗਏ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਉਸ ਨੇ ਸਵਾ ਮਹੀਨਾ, ਕਾਲ਼ੇ ਕੱਪੜਿਆਂ ਦਾ ਮਾਤਮੀ ਲਿਬਾਸ ਪਾ ਰੱਖਿਆ ਸੀ। ਇਨ੍ਹਾਂ ਦੀ ਯਾਦ ਵਿਚ ਰੋਜ਼ਾ ਸ਼ਰੀਫ਼ ਨਵਾਬ ਬਾਬਾ ਸੈਫ਼ੂਦੀਨ ਬਣਿਆ ਹੋਇਆ ਹੈ ਅਤੇ ਅੱਜ ਇਸ ਜਗ੍ਹਾ ’ਤੇ ਗੁਰਦੁਆਰਾ ਬਹਾਦਰ ਗੜ੍ਹ ਵੀ ਬਣਿਆ ਹੋਇਆ ਹੈ। ਪਟਿਆਲ਼ਾ ਦੇ ਮਹਾਰਾਜਾ ਕਰਮ ਸਿੰਘ ਵੱਲੋਂ 1883 ਈ. ਵਿਚ ਬਾਬਾ ਜੀ ਦੀ ਮਜ਼ਾਰ ਨੂੰ 300 ਵਿਘੇ ਜ਼ਮੀਨ ਦਾਨ ਵਜੋਂ ਭੇਂਟ ਕੀਤੀ ਸੀ। ਅੱਜਕਲ੍ਹ ਇਸ ਜਗ੍ਹਾ ਉੱਤੇ 36ਵੀਂ ਬਟਾਲੀਅਨ ਪੰਜਾਬ ਆਰਮਡ ਪੁਲਸ ਦਾ ਹੈਡਕੁਆਰਟਰ ਬਣਿਆ ਹੋਇਆ ਹੈ। 


rajwinder kaur

Content Editor

Related News