ਸਿੱਖ ਸਾਹਿਤ ਵਿਸ਼ੇਸ਼ 4 : ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਦਾ ਪ੍ਰਬੰਧ ਪੰਥਕ ਹੱਥਾਂ 'ਚ ਆਉਣਾ

10/05/2020 2:33:32 PM

ਗੁਰਦੁਆਰਾ ਸੁਧਾਰ ਲਹਿਰ(100 ਸਾਲ ਪੂਰੇ ਹੋਣ ’ਤੇ) - 1

ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਦਾ ਕਬਜਾ (5 ਅਕਤੂਬਰ 1920)

ਸਿਆਲਕੋਟ ਹਮਜਾ ਗੌਂਸ ਦੇ ਹੁਜਰੇ ਕੋਲ ਹੀ ਇੱਕ ਬੇਰੀ ਦੇ ਰੁੱਖ ਥੱਲੇ ਗੁਰੂ ਬਾਬਾ ਤੇ ਭਾਈ ਮਰਦਾਨਾ ਕਰਤਾਰ ਦੀ ਸਿਫਤ ਵਿੱਚ ਜੁੜੇ ਸਨ। ਇਥੇ ਹੀ ਗੁਰੂ ਸਾਹਿਬ ਜੀ ਨੇ ਪੀਰ ਹਮਜਾ ਗੌਂਸ ਨੂੰ ਸਤਿ ਦਾ ਉਪਦੇਸ਼ ਦੇ ਕੇ ਕ੍ਰੋਧ ਵਿੱਚ ਸੜਦੇ ਨੂੰ ਠੰਡਾ ਕੀਤਾ ਸੀ। ਗੁਰੂ ਦੇ ਪਿਆਰ ਵਾਲਿਆਂ ਨੇ ਉਸ ਬੇਰੀ, ਜਿੱਥੇ ਬਾਬਾ ਰੁਕਿਆ ਸੀ, ਨੂੰ "ਬਾਬੇ ਦੀ ਬੇਰ" ਕਹਿ ਸਤਿਕਾਰ ਦਿੱਤਾ।

ਸਿੱਖਾਂ ਸ਼ਾਹੀ ਵਕਤ ਇਸ ਗੁਰੂ ਘਰ ਦੀ ਸੁੰਦਰ ਇਮਾਰਤ ਤਾਮੀਰ ਹੋਈ ਤੇ ਸਰਦਾਰ ਨੱਥਾ ਸਿੰਘ ਹੁਣਾ ਨੇ ਕੁਝ ਜਾਗੀਰ ਦੇ ਕੇ ਅਰਦਾਸ ਕਰਵਾਈ ਤਾਂਕਿ ਇਥੋਂ ਦਾ ਇੰਤਜ਼ਾਮ ਹੋਰ ਉਸਾਰੂ ਤੇ ਸਚਾਰੂ ਰੂਪ ਵਿਚ ਹੋ ਸਕੇ। ਇਸੇ ਲਈ ਮਹਾਰਾਜਾ ਰਣਜੀਤ ਸਿੰਘ ਨੇ ਵੀ ਹੋਰ ਜਾਗੀਰ ਦੇ ਕੇ ਇਥੇ ਅਰਦਾਸ ਕਰਵਾਈ। 1853 ਵਿੱਚ ਸਿੱਖ ਸੰਗਤ ਤੇ ਪੁਜਾਰੀਆਂ ਵਿਚਕਾਰ ਸਮਝੌਤਾ ਹੋਇਆ, ਜਿਸ ਅਨੁਸਾਰ ਪੁਜਾਰੀਆਂ ਨੂੰ ਕੜਾਹ ਪ੍ਰਸ਼ਾਦ, ਲੰਗਰ, ਗੁਰੂ ਘਰ ਦੇ ਹੋਰ ਵਾਧੂ ਖਰਚ ਤੇ ਨਿੱਜੀ ਗੁਜਾਰੇ ਲਈ 5000 ਦੀ ਜਾਗੀਰ ਵੰਡੀ ਗਈ। ਇਥੇ ਬਹੁਤ ਸਾਰੇ ਸੱਜਣ ਮਹੰਤ ਵੀ ਹੋਏ ਹਨ। ਗਿਆਨੀ ਗਿਆਨ ਸਿੰਘ ਜੀ ਨੇ ਇਥੇ ਰਹਿ ਕੇ ਆਪਣਾ ਕਾਫ਼ੀ ਲਿਖਤੀ ਕੰਮ ਕੀਤਾ ਸੀ।

ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਸਿੱਖਾਂ ਵਿੱਚ ਰਾਜਸੀ ਚੇਤਨਾ
ਸਮੇਂ ਦੇ ਨਾਲ-ਨਾਲ ਧਨ ਨੇ ਪੁਜਾਰੀਆਂ ਦੀ ਮੱਤ ਮਾਰ ਦਿੱਤੀ । ਸਿੱਖਾਂ ਵਿੱਚ ਰਾਜਸੀ ਚੇਤਨਾ ਵੀ ਪੈਦਾ ਹੋ ਰਹੀ ਸੀ, ਜਿਸਦੇ ਮੱਦੇਨਜ਼ਰ ਗੁਰਦੁਆਰਾ ਸੁਧਾਰ ਵੱਲ ਵੀ ਸਿੱਖ ਲੀਗ ਬਣਨ ਤੋਂ ਬਾਅਦ ਯਤਨ ਤੇਜ਼ ਹੋ ਗਏ। 'ਅਕਾਲੀ' ਅਖ਼ਬਾਰ ਨੇ ਸਿੱਖ ਪੰਥ ਨੂੰ ਬਾਂਹ ਤੋਂ ਫੜ ਝੰਜੋੜ ਕੇ ਪੁਛਿਆ ਖਾਲਸਾ ਜੀ! ਆਪਣੇ ਪਾਵਨ ਗੁਰਧਾਮਾਂ ਨੂੰ ਮਨਮਤਾਂ ਦੀ ਕੈਦ ਵਿਚੋਂ ਬਾਹਰ ਕੱਢਣ ਲਈ ਕਦੋਂ ਅੱਖਾਂ ਖੋਲੋਂਗੇ। ਇਸੇ ਉੱਠੇ ਉਬਾਲ ਸਦਕਾ ਸਭ ਤੋਂ ਪਹਿਲਾਂ "ਗੁਰਦੁਆਰਾ ਚੁਮਾਲਾ ਸਾਹਿਬ , ਲਾਹੌਰ" ਦਾ ਕਬਜ਼ਾ ਸਿੱਖ ਪੰਥ ਨੇ ਲਿਆ। ਅੰਗਰੇਜ਼ ਸਰਕਾਰ ਮਹੰਤਾਂ ਦੀ ਪੁਸ਼ਤਪਨਾਹੀ ਕਰ ਰਹੀ ਸੀ। ਮੁਕੱਦਮੇਬਾਜ਼ੀ ਦੀਆਂ ਭਾਰੀਆਂ ਫੀਸਾਂ ਰੱਖ ਕੇ ਕਾਨੂੰਨੀ ਰਾਹ ਬੰਦ ਕੀਤੇ ਜਾ ਚੁਕੇ ਸਨ।

ਪੜ੍ਹੋ ਇਹ ਵੀ ਖਬਰ - ਜਾਣੋ ਭਾਰਤੀ ਬੰਦਿਆਂ ਅਤੇ ਬੀਬੀਆਂ ਦੇ ਰੋਜ਼ਾਨਾ ਕੰਮ ਕਰਨ ਦਾ ਲੇਖਾ ਜੋਖਾ (ਵੀਡੀਓ)

ਗੁਰਦੁਆਰਾ ਬਾਬੇ ਦੀ ਬੇਰ ਦਾ ਮਹੰਤ ਹਰਨਾਮ ਸਿੰਘ
ਗੁਰਦੁਆਰਾ ਬਾਬੇ ਦੀ ਬੇਰ ਦਾ ਮਹੰਤ ਹਰਨਾਮ ਸਿੰਘ 26 ਸਤੰਬਰ 1918 ਨੂੰ ਚੜ੍ਹਾਈ ਕਰ ਗਿਆ। ਹਰਨਾਮ ਸਿੰਘ ਦੇ ਪਿਉ ਪ੍ਰੇਮ ਸਿੰਘ ਨੇ ਆਪਣੇ ਨਾਬਾਲਗ ਪੋਤੇ ਗੁਰਚਰਨ ਸਿੰਘ ਨੂੰ ਗੁਰਦੁਆਰੇ ਦਾ ਨਵਾਂ ਮਹੰਤ ਥਾਪ ਦਿੱਤਾ ਤੇ 8 ਨਵੰਬਰ ਨੂੰ ਗੱਦੀਨਸ਼ੀਨੀ ਦਾ ਪ੍ਰੋਗਰਾਮ ਰੱਖ ਦਿੱਤਾ। ਸਿੰਘ ਸਭਾ ਸਿਆਲਕੋਟ ਤੇ ਹੋਰ ਮੁਕਾਮੀ ਸੰਗਤ ਨੇ ਇਸ ਗੱਦੀ ਨਸ਼ੀਨੀ ਦੇ ਬਰਖਿਲਾਫ਼ ਡੀ.ਸੀ ਦਾ ਬੂਹਾ ਖੜਕਾਇਆ। ਡੀ.ਸੀ ਨੇ ਸੰਗਤ ਦੇ ਉਲਟ ਭੁਗਤਦਿਆਂ ਗੁਰੂ ਘਰ ਦੀ ਜਮ੍ਹਾਬੰਦੀ ਗੁਰਚਰਨ ਸਿੰਘ ਦੇ ਨਾਮ ਕਰ ਦਿੱਤੀ। ਸੰਗਤ ਨੇ ਫਿਰ ਕੋਸ਼ਿਸ਼ ਕੀਤੀ ਕਿ ਗੁਰਚਰਨ ਸਿੰਘ ਨਾਬਾਲਗ ਹੈ। ਇਸ ਲਈ ਇੱਕ 15 ਮੈਂਬਰੀ ਕਮੇਟੀ ਬਣਾਈ ਜਾਵੇ ,ਜਿਸ ਵਿੱਚ 5 ਮੈਂਬਰ ਖਾਲਸਾ ਦੀਵਾਨ, 5 ਸਿੰਘ ਸਭਾਵਾਂ ਦੇ ਮੈਂਬਰ, 2 ਸਿਆਲਕੋਟ ਵਿਚੋਂ, 2 ਸਿੱਖ ਜਾਗੀਰਦਾਰਾਂ ਦੇ ਨੁਮਾਇੰਦੇ ਤੇ ਇੱਕ ਮਹੰਤਾਂ ਦਾ ਨੁਮਾਇੰਦਾ ਹੋਵੇ।

PunjabKesari

ਪਤਿਤ ਗੰਡਾ ਸਿਹੁੰ ਉਬਰਾਏ
ਉਧਰ ਮਹੰਤ ਦੀ ਵਿਧਵਾ ਜਨਾਨੀ ਨੇ ਡੀ.ਸੀ ਨਾਲ ਗੰਢ ਤੁਪ ਕਰਕੇ ਪਡਿਤ ਗੰਡਾ ਸਿਹੁੰ ਉਬਰਾਏ ਨੂੰ ਗੁਰਦੁਆਰਾ ਬਾਬੇ ਦੀ ਬੇਰ ਦਾ ਮੈਨੇਜਰ ਤੇ ਗੁਰਚਰਨ ਸਿੰਘ ਮਹੰਤ ਦਾ ਗਾਰਡੀਅਨ ਥਾਪ ਦਿੱਤਾ। ਇਸ ਘਟਨਾ ਨੇ ਸੰਗਤਾਂ ਵਿਚ ਬਹੁਤ ਜ਼ਿਆਦਾ ਰੋਹ ਪੈਦਾ ਕੀਤਾ। ਗੰਡਾ ਸਿਹੁੰ ਦੀ ਨਿਯੁਕਤੀ ਸਿੱਖਾਂ ਲਈ ਵੱਡਾ ਚੈਲਿੰਜ ਸੀ। ਪਹਿਲਾਂ ਸਰਕਾਰੀ ਢੰਗ ਨਾਲ ਕਾਰਵਾਈ ਕਰਦਿਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੀ ਜਾਇਦਾਦ ਨੂੰ ਪੰਥਕ ਪ੍ਰਬੰਧ ਵਿਚ ਲਿਆਉਣ ਲਈ ਮੁਕੱਦਮਾ ਕੀਤਾ। 20 ਅਗਸਤ 1920 ਨੂੰ ਅਦਾਲਤ ਨੇ 50000 ਪਹਿਲਾਂ ਜਮ੍ਹਾਂ ਕਰਵਾਉਣ ਲਈ ਕਿਹਾ, ਫਿਰ ਮੁਕੱਦਮਾ ਦਾਇਰ ਕਰਨ ਦੀ ਤਾਰੀਖ਼ ਮਿੱਥੀ ਪਰ ਸਿੰਘਾਂ ਕੋਲ ਪੈਸੇ ਦੀ ਘਾਟ ਹੋਣ ਕਰਕੇ ਅਦਾਲਤ ਨੇ ਇਹ ਮੁਕੱਦਮਾ ਖਾਰਜ ਕਰ ਦਿੱਤਾ ।

ਪੜ੍ਹੋ ਇਹ ਵੀ ਖਬਰ - ਕੈਨੇਡਾ ਸਟੂਡੈਂਟ ਵੀਜ਼ਾ : ਕਿਸੇ ਵੀ ਬੈਚਲਰ ਡਿਗਰੀ ਤੋਂ ਬਾਅਦ ਕੀਤੀ ਜਾ ਸਕਦੀ ਹੈ MBA

ਗੰਡਾ ਸਿਹੁੰ ਵਲੋਂ ਸਿੰਘਾਂ ਨੂੰ ਤੰਗ ਪਰੇਸ਼ਾਨ ਕਰਨਾ
ਸਥਾਨਕ ਸਿੱਖਾਂ ਨੇ ਗੁਰਧਾਮ ਨੂੰ ਆਜ਼ਾਦ ਕਰਵਾਉਣ ਲਈ ਖਾਲਸਾ ਸੇਵਕ ਜੱਥਾ ਤਿਆਰ ਕੀਤਾ। ਗੰਡਾ ਸਿਹੁੰ ਬਦਮਾਸ਼ਾਂ ਦੁਆਰਾ ਇਨ੍ਹਾਂ ਸਿੰਘਾਂ ਨੂੰ ਤੰਗ ਪਰੇਸ਼ਾਨ ਕਰਨ ਲੱਗਾ। ਇੱਕ ਦਿਨ ਤਾਂ ਹੱਦ ਹੋ ਗਈ। ਜੱਥੇ ਦੇ ਆਗੂ ਭਾਈ ਜਵਾਹਰ ਸਿੰਘ ਦੀ ਸਰਬਰਾਹ ਗੰਡਾ ਸਿਹੁੰ ਦੇ ਬੰਦਿਆਂ ਨੇ ਕੁੱਟਮਾਰ ਵੀ ਕੀਤੀ ਤੇ ਉਸਦੇ ਦਾੜੇ ਦੀ ਬੇਅਦਬੀ ਵੀ ਕੀਤੀ। ਮੂੰਹ ਵਿਚ ਰੇਤਾ ਤੱਕ ਪਾਈ। ਹੋਰ ਸਿੰਘਾਂ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ। ਗੰਡਾ ਸਿਹੁੰ ਦੇ ਮੁੰਡੇ ਨੇ ਪਿਸਤੌਲ ਵਿਖਾ ਕੇ ਸੰਗਤ ’ਤੇ ਡਰਾਵਾ ਪਾਉਣ ਦੀ ਕੋਸ਼ਿਸ਼ ਕੀਤੀ। ਗੁਰੂ ਘਰ ਅੰਦਰ ਬੀਬੀਆਂ ਨਾਲ ਵੀ ਬਦਸਲੂਕੀ ਕੀਤੀ ਗਈ। ਪਾਣੀ ਸਿਰੋਂ ਲੰਘ ਚੁੱਕਾ ਸੀ। ਅਕਾਲੀ ਅਖ਼ਬਾਰ ਤੇ ਲੀਗ ਦੇ ਪ੍ਰੋਗਰਾਮਾਂ ਵਿੱਚ ਇਹ ਮੁੱਦਾ ਅਹਿਮ ਬਣ ਚੁਕਾ ਸੀ।
    
ਸਿੰਘਾਂ ਦੀ ਗ੍ਰਿਫ਼ਤਾਰੀ ਦੇ ਵਾਰੰਟ

21 ਸਤੰਬਰ ਨੂੰ ਲਾਹੌਰ ਹੋਏ ਸਿੱਖ ਲੀਗ ਦੇ ਇਕੱਠ ਵਿਚ ਗੁਰਦੁਆਰਾ ਬਾਬੇ ਦੀ ਬੇਰ ਦੇ ਪਤਿਤ ਸਰਬਰਾਹ ਖ਼ਿਲਾਫ਼ ਮਤਾ ਪਾਸ ਕੀਤਾ ਗਿਆ। ਇਹ ਮਸਲਾ ਹਿੰਦ ਦੇ ਵਾਇਸਰਾਇ ਦੇ ਮੇਜ਼ ’ਤੇ ਪੁੱਜ ਚੁੱਕਾ ਸੀ। ਇਨ੍ਹਾਂ ਦਿਨਾਂ ਵਿਚ ਅੰਮ੍ਰਿਤਸਰ ਤੋਂ ਸਰਦਾਰ ਅਮਰ ਸਿੰਘ ਤੇ ਸਰਦਾਰ ਜਸਵੰਤ ਸਿੰਘ ਝਬਾਲ ਵੀ ਸਿਆਲਕੋਟ ਪਹੁੰਚ ਗਏ। ਉਨ੍ਹਾਂ ਨੇ ਆਪ ਸਾਰੇ ਮਸਲੇ ਦਾ ਜਾਇਜਾ ਲਿਆ। ਇਨ੍ਹਾਂ ਨੇ ਕਮੇਟੀ ਬਣਾ ਕੇ ਗੁਰਦੁਆਰੇ ਦਾ ਪ੍ਰਬੰਧ ਸੰਭਾਲਣ ਦਾ ਪ੍ਰੋਗਰਾਮ ਉਲੀਕਿਆ। ਇਸੇ ਵਕਤ ਡੀ.ਸੀ ਨੇ ਖਾਲਸਾ ਸੇਵਕ ਜੱਥੇ ਦੇ ਮੁਖੀਆਂ ਸਰਦਾਰ ਭਾਗ ਸਿੰਘ , ਸਰਦਾਰ ਜਵਾਹਰ ਸਿੰਘ, ਸਰਦਾਰ ਰਾਮ ਸਿੰਘ, ਸਰਦਾਰ ਮਹਾਂ ਸਿੰਘ ਤੇ ਬਾਬੂ ਨਾਨਕ ਸਿੰਘ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ। ਸਿੰਘਾਂ ਵਿਚ ਜੋਸ਼ ਠਾਠਾਂ ਮਾਰ ਰਿਹਾ ਸੀ। ਫ਼ੈਸਲਾ ਹੋਇਆ ਕਿ ਪੰਜੇ ਸਿੰਘ ਸਵੇਰੇ ਆਪਣੀ ਗ੍ਰਿਫ਼ਤਾਰੀ ਦੇਣ ਪਰ ਜ਼ਮਾਨਤ ਨਹੀਂ ਲਈ ਜਾਵੇਗੀ।

ਪੜ੍ਹੋ ਇਹ ਵੀ ਖਬਰ - Health Tips : ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ

ਗੁਰਦੁਆਰਾ ਸੁਧਾਰ ਲਹਿਰ 'ਚ ਪਹਿਲੀ ਗ੍ਰਿਫ਼ਤਾਰੀ
ਦੂਜੇ ਦਿਨ ਜਦ ਸਿੰਘ ਡਿਸਟ੍ਰਿਕਟ ਮੈਜਿਸਟਰੇਟ ਦੀ ਕਚਹਿਰੀ ਵਿੱਚ ਜਾ ਕੇ ਪੇਸ਼ ਹੋਏ ਤਾਂ ਉਨ੍ਹਾਂ ਨਾਲ ਹਜ਼ਾਰਾਂ ਸੰਗਤਾਂ ਜਲੂਸ ਦੀ ਸ਼ਕਲ ਵਿੱਚ ਆਈਆਂ। ਸਿੰਘਾਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ। "ਇਹ ਗੁਰਦੁਆਰਾ ਸੁਧਾਰ ਲਹਿਰ ਦੀ ਪਹਿਲੀ ਗ੍ਰਿਫ਼ਤਾਰੀ ਹੈ"। ਅਦਾਲਤ ਨੇ 4 ਅਕਤੂਬਰ ਦੀ ਪੇਸ਼ੀ ਰੱਖ ਦਿੱਤੀ ਅਤੇ ਨਾਲ ਹੀ ਸਿਆਲਕੋਟ ਵਿਚ ਦੋ ਮਹੀਨੇ ਲਈ ਦਫਾ 144 ਲਗਾ ਦਿੱਤੀ। ਆਰਡਰ ਵਿਚ ਇਹ ਵੀ ਲਿਖਿਆ ਗਿਆ ਕਿ ਗੰਡਾ ਸਿਹੁੰ ਦੇ ਪ੍ਰਬੰਧ ਵਿਚ ਕੋਈ ਵੀ ਦਖ਼ਲ ਅੰਦਾਜ਼ੀ ਨਹੀਂ ਕਰ ਸਕਦਾ। ਸੰਗਤ ਨੇ ਸ਼ਾਮ ਦਾ ਦੀਵਾਨ ਸਜਾ ਕਿ ਸਰਕਾਰੀ ਹੁਕਮ ਦੇ ਬਰਖਿਲਾਫ਼ ਇਹ ਮੰਗ ਕੀਤੀ ਕਿ ਗੰਡਾ ਸਿਹੁੰ ਨੂੰ ਸਰਬਰਾਹੀ ਤੋਂ ਬਰਖ਼ਾਸਤ ਕੀਤਾ ਜਾਵੇ।

ਗੁਰਦੁਆਰਾ ਬਾਬੇ ਦੀ ਬੇਰ ਦਾ ਪ੍ਰਬੰਧ
ਹੁਣ ਸਿੱਖਾਂ ਨੇ ਸਰਕਾਰ ਦੇ ਹੁਕਮ ਤੋਂ ਬੇਪਰਵਾਹ ਹੋ ਕੇ ਆਰਜੀ ਤੌਰ ’ਤੇ ਗੁਰਦੁਆਰੇ ਦਾ ਪ੍ਰਬੰਧ ਸੰਭਾਲ ਲਿਆ ਤੇ ਲੰਗਰ ਸ਼ੁਰੂ ਕਰ ਦਿੱਤਾ। 4 ਅਕਤੂਬਰ 1920 ਨੂੰ ਪੰਜੇ ਸਿੰਘ ਛੱਡ ਦਿੱਤੇ ਗਏ। 5 ਅਕਤੂਬਰ 1920 ਨੂੰ ਸਰਕਾਰ ਨੇ ਮੁਕੱਦਮਾ ਵਾਪਸ ਲੈ ਲਿਆ। ਸਿਆਲਕੋਟ ਵਿੱਚ ਭਾਰੀ ਪੰਥਕ ਇਕੱਠ ਹੋਇਆ। ਇਸ ਇਕੱਠ ਵਿੱਚ ਗੁਰਦੁਆਰਾ ਬਾਬੇ ਦੀ ਬੇਰ ਦਾ ਪ੍ਰਬੰਧ ਚਲਾਉਣ ਲਈ 13 ਮੈਂਬਰੀ ਕਮੇਟੀ ਬਣਾਈ ਗਈ। ਗੁਰਦੁਆਰਾ ਪੰਥਕ ਪ੍ਰਬੰਧ ਹੇਠਾਂ ਆ ਗਿਆ।

ਪੜ੍ਹੋ ਇਹ ਵੀ ਖਬਰ - Health tips : ਕੌਫ਼ੀ ਪੀਣ ਦੇ ਸ਼ੌਕੀਨ ਲੋਕਾਂ ਲਈ ਖਾਸ ਖ਼ਬਰ, ਹੋਣਗੇ ਇਹ ਫਾਇਦੇ

ਅਗਲੇ ਦਿਨ ਮਿ.ਕਿੰਗ ਕਮਿਸ਼ਨਰ, ਸਿਆਲਕੋਟ ਪਹੁੰਚਿਆ ਤੇ ਇਸਨੇ 9 ਮੋਹਤਬਰ ਸਿੱਖਾਂ ਦੇ ਡੈਪੂਟੇਸ਼ਨ ਨਾਲ ਗੱਲਬਾਤ ਕਰਦਿਆਂ ਕਿਹਾ "ਸਰਕਾਰ ਦਾ ਇਰਾਦਾ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਦੇਣ ਦਾ ਨਹੀਂ। ਸਿੱਖ ਜਿਵੇਂ ਚਾਹੁੰਣ, ਆਪਣਿਆਂ ਗੁਰਦਵਾਰਿਆਂ ਦਾ ਪ੍ਰਬੰਧ ਕਰ ਸਕਦੇ ਹਨ।"

ਸਮੁੱਚੇ ਸਿੱਖ ਪੰਥ ਨੂੰ ‘ਗੁਰਦੁਆਰਾ ਬਾਬੇ ਦੀ ਬੇਰ’ ਦੇ ਪੰਥਕ ਹੱਥਾਂ ਵਿੱਚ ਆਉਣ ਤੇ ਸੁਧਾਰ ਲਹਿਰ ਦੀ ਸ਼ੁਰੂਆਤ ਦੇ 100 ਸਾਲ ਪੂਰੇ ਹੋਣ ਦੀ ਜਿੱਥੇ ਮੁਬਾਰਕਬਾਦ ਹੈ, ਉਥੇ ਹੀ ਪੰਥਕ ਧਿਰਾਂ ਨੂੰ ਇਹ ਸਿਰ ਜੋੜ ਸੋਚਣਾ ਚਾਹੀਦਾ ਹੈ ਕਿ ਮੌਜੂਦਾ ਢਾਂਚੇ ਵਿਚ ਆਈਆਂ ਕਮੀਆਂ ਨੂੰ ਦੂਰ ਕਿਵੇਂ ਕੀਤਾ ਜਾਵੇ।

ਬਲਦੀਪ ਸਿੰਘ ਰਾਮੂੰਵਾਲੀਆ


rajwinder kaur

Content Editor

Related News