ਆਖਿਰ ਕਦੋਂ ਮਿਲੇਗਾ ਵਿਤਕਰਿਆਂ ਦਾ ਸ਼ਿਕਾਰ ‘ਬਾਲੜੀਆਂ’ ਨੂੰ ਸਮਾਨਤਾ ਦਾ ਜੀਵਨ ਅਧਿਕਾਰ?

10/11/2020 5:23:15 PM

ਇਨਸਾਨੀ ਜੀਵਨ ਦੀ ਹੋਂਦ ‘ਚ ਪੁਰਸ਼ ਅਤੇ ਜਨਾਨੀ ਦੋਵਾਂ ਦਾ ਬਰਾਬਰ ਯੋਗਦਾਨ ਹੈ। ਕਿਸੇ ਇੱਕ ਦੀ ਵੀ ਅਣਹੋਂਦ ‘ਚ ਇਨਸਾਨੀ ਜੀਵਨ ਦੀ ਉਤਪਤੀ ਤੋਂ ਲੈ ਕੇ ਜੀਵਨ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਕਾਮਨਾ ਨਹੀਂ ਕੀਤੀ ਜਾ ਸਕਦੀ। ਇਨਸਾਨੀ ਜੀਵਨ ਦੀ ਹੋਂਦ ‘ਚ ਬਰਾਬਰ ਦਾ ਮਹੱਤਵ ਰੱਖਣ ਵਾਲੀ ਜਨਾਨੀ ਨੂੰ ਜੀਵਨ ‘ਚ ਕਦੇ ਵੀ ਬਰਾਬਰਤਾ ਦਾ ਅਧਿਕਾਰ ਨਸੀਬ ਨਹੀਂ ਹੋ ਸਕਿਆ। ਜਨਾਨੀ ਨਾਲ ਬੇਇਨਸਾਫੀਆਂ ਦਾ ਆਲਮ ਜਨਮ ਜਾਂ ਕਹਿ ਲਈਏ ਕਿ ਜਨਮ ਤੋਂ ਵੀ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ। 

ਪੜ੍ਹੋ ਇਹ ਵੀ ਖਬਰ - Health tips : 40 ਦੀ ਉਮਰ ’ਚ ਇੰਝ ਰੱਖੋ ਆਪਣੀ ਸਿਹਤ ਦਾ ਖ਼ਿਆਲ, ਕਦੇ ਨਹੀਂ ਹੋਵੇਗੀ ਕੋਈ ਬੀਮਾਰੀ

ਮਾਪਿਆਂ ਲਈ ਸ਼ਰਾਪ ਬਣਾਕੇ ਰਹਿ ਗਈਆਂ ‘ਧੀਆਂ’ 
ਸਾਡੇ ਸਮਾਜਿਕ ਤਾਣੇ ਬਾਣੇ ਨੇ ਧੀਆਂ ਨੂੰ ਮਾਪਿਆਂ ਲਈ ਸ਼ਰਾਪ ਬਣਾਕੇ ਰੱਖ ਦਿੱਤਾ ਹੈ। ਧੀਆਂ ਨੂੰ ਜਨਮ ਦੇਣ ਦੇ ਨਾਮ ਤੋਂ ਹੀ ਮਾਪਿਆਂ ਨੂੰ ਘਬਰਾਹਟ ਹੋਣ ਲੱਗਦੀ ਹੈ। ਮਾਪਿਆਂ ਦੀ ਘਬਰਾਹਟ ਦਾ ਖਮਿਆਜ਼ਾ ਫੁੱਲ ਨੂੰ ਖਿੜਨ ਤੋਂ ਪਹਿਲਾਂ ਹੀ ਬਿਖਰਨ ਦੇ ਰੂਪ ਵਿੱਚ ਹੰਢਾਉਣਾ ਪੈਂਦਾ ਹੈ। ਮਾਪਿਆਂ ਵੱਲੋਂ ਧੀਆਂ ਨੂੰ ਜਨਮ ਦੇ ਅਧਿਕਾਰ ਤੋਂ ਵਾਂਝਾ ਕਰਨ ਦਾ ਸਿਲਸਿਲਾ ਸਦੀਆਂ ਪੁਰਾਣਾ ਹੈ। ਸਾਡੀ ਸਾਖਰਤਾ ਦਰ ਦਾ ਇਜ਼ਾਫਾ ਵੀ ਇਸ ਵਿਤਕਰੇ ਨੂੰ ਦੂਰ ਨਹੀਂ ਕਰ ਸਕਿਆ। ਹਾਂ ਸਾਖਰ ਹੋਏ ਇਨਸਾਨ ਨੇ ਧੀਆਂ ਤੋਂ ਜੀਵਨ ਅਧਿਕਾਰ ਖੋਹਣ ਦਾ ਤਰੀਕਾ ਜ਼ਰੂਰ ਬਦਲ ਲਿਆ ਹੈ। ਸਾਖਰ ਹੋਏ ਇਨਸਾਨ ਨੇ ਧੀਆਂ ਨੂੰ ਕੁੱਖ ਵਿੱਚ ਹੀ ਕਤਲ ਕਰਨ ਦਾ ਅਜਿਹਾ ਵੱਲ੍ਹ ਸਿੱਖਿਆ ਹੈ ਕਿ ਕੋਈ ਵੀ ਮਾਪਾ ਧੀ ਨੂੰ ਜਨਮ ਦੇਣ ਲਈ ਤਿਆਰ ਨਹੀਂ। ਲਿੰਗ ਅਨੁਪਾਤ ਵਿੱਚ ਆ ਰਿਹਾ ਆਸਾਵਾਂਪਣ ਇਸ ਦਾ ਪ੍ਰਤੱਖ ਪ੍ਰਮਾਣ ਹੈ।

ਪੜ੍ਹੋ ਇਹ ਵੀ ਖਬਰ - ਗੁੱਸੇ ਅਤੇ ਸ਼ੱਕੀ ਸੁਭਾਅ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ ਹੋਰ ਵੀ ਖਾਸ ਗੱਲਾਂ

ਲਿੰਗ ਆਧਾਰਿਤ ਵਿਤਕਰੇ ਨੇ ਨਰਕ ਬਣਾਇਆ ਬਾਲੜੀਆਂ ਦਾ ਜੀਵਨ 
ਬਾਲੜੀਆਂ ਨੂੰ ਜੀਵਨ ਵਿੱਚ ਸੁਤੰਤਰਤਾ ਅਤੇ ਸਮਾਨਤਾ ਦਾ ਅਧਿਕਾਰ ਦੇਣ ਦੇ ਮਨੋਰਥ ਨਾਲ 11 ਅਕਤੂਬਰ ਦਾ ਦਿਨ ਹਰ ਵਰ੍ਹੇ ਕੌਮਾਂਤਰੀ ਬਾਲੜੀ ਦਿਹਾੜੇ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਇਹ ਦਿਨ ਪਹਿਲੀ ਵਾਰ 11 ਅਕਤੂਬਰ 2012 ‘ਚ ਮਨਾਇਆ ਗਿਆ। ਇਸ ਦਿਨ ਨੂੰ ਮਨਾਉਣ ਦਾ ਮਨੋਰਥ ਬਾਲੜੀਆਂ ਨੂੰ ਜੀਵਨ ਵਿੱਚ ਸੁਤੰਤਰਤਾ ਅਤੇ ਸਮਾਨਤਾ ਦਾ ਅਧਿਕਾਰ ਦੇਣਾ ਹੈ। ਵਿਸ਼ਵ ਦਾ ਸ਼ਾਇਦ ਹੀ ਅਜਿਹਾ ਕੋਈ ਮੁਲਕ ਹੋਵੇ, ਜਿੱਥੇ ਬਾਲੜੀਆਂ ਨੂੰ ਬੇਇਨਸਾਫੀ ਦਾ ਸ਼ਿਕਾਰ ਨਾ ਹੋਣਾ ਪੈਂਦਾ ਹੋਵੇ। ਹਾਂ ਵਿਕਸਤ ਮੁਲਕਾਂ ਵਿੱਚ ਇਹ ਵਿਤਕਰਾ ਦਰ ਕੁਝ ਘੱਟ ਅਤੇ ਪੱਛੜੇ ਮੁਲਕਾਂ ਵਿੱਚ ਇਹ ਬਹੁਤ ਜ਼ਿਆਦਾ ਹੈ। ਕਈ ਮੁਲਕਾਂ ‘ਚ ਲਿੰਗ ਆਧਾਰਿਤ ਵਿਤਕਰੇ ਨੇ ਬਾਲੜੀਆਂ ਦਾ ਜੀਵਨ ਨਰਕ ਬਣਾ ਰੱਖਿਆ ਹੈ। ਬਾਲੜੀਆਂ ਦੇ ਜਨਮ ‘ਤੇ ਘਰ ‘ਚ ਸੋਗ ਦੀ ਲਹਿਰ ਦੌੜਨ ਦੀ ਆਲਮ ਆਮ ਹੈ। ਮਾਪਿਆਂ ਵੱਲੋਂ ਧੀਆਂ ਨੂੰ ਭਾਰ ਸਮਝਣ ਦੀ ਸੋਚ ਵਿੱਚ ਸੁਧਾਰ ਨਹੀਂ ਆ ਸਕਿਆ। 

ਪੜ੍ਹੋ ਇਹ ਵੀ ਖਬਰ - Beauty Tips : ਸਮੇਂ ਤੋਂ ਪਹਿਲਾਂ ‘ਚਿੱਟੇ’ ਹੋ ਰਹੇ ‘ਵਾਲਾਂ’ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਮੁੜ ਤੋਂ ‘ਕਾਲਾ’

ਬਾਲੜੀਆਂ ਪਾਲਣ ਪੋਸ਼ਣ ‘ਚ ਵਿਤਕਰੇ ਦਾ ਸ਼ਿਕਾਰ 
ਅੱਜ ਵੀ ਬਾਲੜੀਆਂ ਪਾਲਣ ਪੋਸ਼ਣ ‘ਚ ਵਿਤਕਰੇ ਦਾ ਸ਼ਿਕਾਰ ਹਨ। ਬਿਨਾਂ ਬਾਲੜੀਆਂ ਦੀ ਮਾਨਸਿਕ ਸਥਿਤੀ ਦੀ ਪਰਵਾਹ ਕੀਤੇ ਉਨ੍ਹਾਂ ਨਾਲ ਖਾਧ ਖੁਰਾਕ, ਪਹਿਰਾਵੇ ਅਤੇ ਵਿਵਹਾਰ ਦਾ ਵਿਤਕਰਾ ਅੱਜ ਵੀ ਵਿਆਪਕ ਹੈ। ਧੀਆਂ ਨੂੰ ਅੱਜ ਵੀ ਮੁੰਡਿਆਂ ਦੇ ਮੁਕਾਬਲੇ ਘੱਟ ਖੁਰਾਕ ਦਿੱਤੀ ਜਾਂਦੀ ਹੈ। ਬਾਲੜੀਆਂ ਵਿੱਚ ਕੁਪੋਸ਼ਣ ਦੀਆਂ ਬੀਮਾਰੀਆਂ ਅਤੇ ਖੂਨ ਦੀ ਕਮੀ ਆਦਿ ਮੁੰਡਿਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਬਾਲੜੀਆਂ ਦੀ ਸਰੀਰਕ ਜ਼ਰੂਰਤ ਅਨੁਸਾਰ ਉਨ੍ਹਾਂ ਦੀ ਖੁਰਾਕ ਦਾ ਖਿਆਲ ਰੱਖਣ ਵਾਲੇ ਪਰਿਵਾਰਾਂ ਦੀ ਗਿਣਤੀ ਆਟੇ ‘ਚ ਲੂਣ ਸਮਾਨ ਹੈ। ਰੀਝ ਪੂਰੀ ਕਰਨ ਵਿੱਚ ਹਮੇਸ਼ਾ ਮੁੰਡਿਆਂ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ। ਬਾਲੜੀਆਂ ਦੀਆਂ ਖਾਹਿਸ਼ਾਂ ਦਾ ਕਤਲ ਕਰਨ ਲੱਗਿਆਂ ਬਹੁਤ ਘੱਟ ਮਾਪਿਆਂ ਨੂੰ ਰਹਿਮ ਆਉਂਦਾ ਹੈ। ਬਾਲੜੀਆਂ ਅੱਜ ਵੀ ਸਮਾਨਤਾ ਦੇ ਸਿੱਖਿਆ ਪ੍ਰਾਪਤੀ ਅਧਿਕਾਰ ਤੋਂ ਵਾਂਝੀਆਂ ਹਨ। ਮਾਪੇ ਅੱਜ ਵੀ ਬਾਲੜੀਆਂ ਦੇ ਮੁਕਾਬਲੇ ਮੁੰਡਿਆਂ ਲਈ ਮਹਿੰਗੇ ਤੋਂ ਮਹਿੰਗੇ ਸਕੂਲ ਦੀ ਚੋਣ ਕਰਦੇ ਵੇਖੇ ਜਾ ਸਕਦੇ ਹਨ। ਇੱਕ ਸਰਵਖੇਣ ਅਨੁਸਾਰ ਸੰਸਾਰ ਭਰ ‘ਚ ਤਕਰੀਬਨ ਬਾਹਟ ਮਿਲੀਅਨ ਬਾਲੜੀਆਂ ਅੱਜ ਵੀ ਸਿੱਖਿਆ ਪ੍ਰਾਪਤੀ ਦੇ ਅਧਿਕਾਰ ਤੋਂ ਵਾਂਝੀਆਂ ਹਨ। 

ਪੜ੍ਹੋ ਇਹ ਵੀ ਖਬਰ - ICMR ਦਾ ਵੱਡਾ ਖ਼ੁਲਾਸਾ: ਪੰਜਾਬ ਦੇ 9 ਵਿਅਕਤੀਆਂ ’ਚੋਂ ਇੱਕ ਵਿਅਕਤੀ ਹੁੰਦਾ ਹੈ ‘ਕੋਰੋਨਾ ਪੀੜਤ’ (ਵੀਡੀਓ)

ਬਾਲੜੀਆਂ ਦਾ ਖਹਿੜਾ ਨਹੀਂ ਛੱਡ ਰਿਹਾ ਬਾਲ ਵਿਆਹ
ਬਾਲ ਵਿਆਹ ਦਾ ਸਦੀਆਂ ਪੁਰਾਣਾ ਸੰਤਾਪ ਬਾਲੜੀਆਂ ਦਾ ਖਹਿੜਾ ਨਹੀਂ ਛੱਡ ਰਿਹਾ। ਅੱਜ ਵੀ ਮਾਪੇ ਧੀਆਂ ਨੂੰ ਬੇਗਾਨਾ ਧਨ ਸਮਝਣ ਦੀ ਸੋਚ ਤੋਂ ਖਹਿੜਾ ਨਹੀਂ ਛੁਡਾ ਸਕੇ। ਮਪਿਆਂ ਵੱਲੋਂ ਬਾਲੜੀਆਂ ਦੀ ਸਰੀਰਕ ਅਤੇ ਮਾਨਸਿਕ ਦਸ਼ਾ ਦਾ ਖਿਆਲ ਕੀਤੇ ਬਿਨਾਂ ਵਿਆਹ ਕਰਨ ਦਾ ਰੁਝਾਨ ਕਈ ਖੇਤਰਾਂ ‘ਚ ਅੱਜ ਵੀ ਪ੍ਰਚਲਿਤ ਹੈ। ਵਿਸ਼ਵ ਅੰਕੜੇ ਦੱਸਦੇ ਹਨ ਕਿ ਚਾਰ ਪਿੱਛੇ ਇੱਕ ਬਾਲੜੀ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੋ ਜਾਂਦਾ ਹੈ। ਸਾਡੇ ਮੁਲਕ ਵਿੱਚ ਬੇਸ਼ੱਕ ਬਾਲ ਵਿਆਹ ਨੂੰ ਕਾਨੂੰਨੀ ਅਪਰਾਧ ਘੋਸ਼ਿਤ ਕੀਤਾ ਹੋਇਆ ਹੈ ਪਰ ਸਾਡੇ ਮੁਲਕ ਵਿੱਚ ਬਾਲੜੀਆਂ ਦੇ ਬਾਲ ਵਿਆਹ ਦੀ ਬੁਰਾਈ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਬਾਲੜੀਆਂ ਦੇ ਸਰੀਰਕ ਸੋਸ਼ਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਬਹੁਤ ਹੀ ਛੋਟੀ ਉਮਰ ਦੀਆਂ ਬਾਲੜੀਆਂ ਨਾਲ ਵਾਪਰਦੀਆਂ ਸਰੀਰਕ ਸ਼ੋਸਣ ਦੀਆਂ ਘਟਨਾਵਾਂ ਅੱਜ ਵੀ ਸਾਡੇ ਸਮਾਜ ਦੇ ਮੱਥੇ ਦਾ ਕਲੰਕ ਹਨ।

ਪੜ੍ਹੋ ਇਹ ਵੀ ਖਬਰ - ਚਿਹਰੇ ਦੀਆਂ ਛਾਈਆਂ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਦੈ ‘ਪੁਦੀਨਾ’, ਜਾਣੋ ਹੋਰ ਵੀ ਫਾਇਦੇ

ਬਾਲੜੀਆਂ ਨੂੰ ਸਮਾਨਤਾ ਦਾ ਜੀਵਨ ਅਧਿਕਾਰ ਦੇਣ ਲਈ ਸੋਚ ਦਾ ਪਰਿਵਰਤਨ ਬੜਾ ਅਹਿਮ ਹੈ। ਸਿਰਫ ਸਟੇਜੀ ਗੱਲਾਂ ਜਾਂ ਮਹਿਜ਼ ਆਡੰਬਰਾਂ ਨਾਲ ਬਾਲੜੀਆਂ ਨੂੰ ਉਨ੍ਹਾਂ ਦੇ ਅਧਿਕਾਰ ਨਹੀਂ ਦਿਵਾਏ ਜਾ ਸਕਦੇ। ਮਾਪਿਆਂ ਨੂੰ ਬਾਲੜੀਆਂ ਨੂੰ ਜਨਮ ਦੇਣ ਤੋਂ ਘਬਰਾਹਟ ਪੈਦਾ ਕਰਨ ਵਾਲੇ ਕਾਰਨਾਂ ਦੀ ਸਨਾਖਤ ਕਰਦਿਆਂ ਉਨ੍ਹਾਂ ਨੂੰ ਸਮਾਜ ਵਿੱਚੋਂ ਖਤਮ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਧੀ ਦਾ ਨਾਂ ਜ਼ਿਹਨ ਵਿੱਚ ਆਉਂਦਿਆਂ ਹੀ ਮਾਪਿਆਂ ਨੂੰ ਦਹੇਜ਼ ਅਤੇ ਬਾਲੜੀਆਂ ਦਾ ਲਿੰਗਕ ਸ਼ੋਸ਼ਣ ਸਮੇਤ ਤਮਾਮ ਚੁਣੌਤੀਆਂ ਦਾ ਚੇਤਾ ਆਉਣ ਲੱਗਦਾ। ਬਾਲੜੀਆਂ ਨੂੰ ਹਵਸ਼ ਦਾ ਸ਼ਿਕਾਰ ਬਣਾਉਣ ਵਾਲੇ ਦੋਸ਼ੀਆਂ ਲਈ ਮਿਸ਼ਾਲੀ ਸਜ਼ਾਵਾਂ ਦਾ ਉਪਬੰਧ ਕੌਮਾਂਤਰੀ ਪੱਧਰ ‘ਤੇ ਹੋਣਾ ਚਾਹੀਦਾ। ਬਾਲੜੀਆਂ ਨੂੰ ਸਮਾਨਤਾ ਦਾ ਜੀਵਨ ਅਧਿਕਾਰ ਦਿਵਾਉਣ ਲਈ ਲਈ ਧੀਆਂ ਨੂੰ ਖੁਦ ਲ਼ੜਾਈ ਲੜਨੀ ਪਵੇਗੀ। ਉਨ੍ਹਾਂ ਵੱਲੋਂ ਲੜੀ ਜਾਣ ਵਾਲੀ ਅੱਜ ਦੀ ਲੜਾਈ ਆਉਣ ਵਾਲੀਆਂ ਬਾਲੜੀਆਂ ਦੇ ਜੀਵਨ ਸੁਧਾਰ ਦਾ ਆਧਾਰ ਬਣੇਗੀ। ਬਾਲੜੀਆਂ ਨੂੰ ਸੁਤੰਤਰਤਾ ਅਤੇ ਸਮਾਨਤਾ ਭਰਪੂਰ ਜੀਵਨ ਆਧਾਰ ਪ੍ਰਦਾਨ ਕਰਨ ਲਈ ਅੱਜ ਕੌਮਾਂਤਰੀ ਬਾਲੜੀ ਦਿਹਾੜੇ ਮੌਕੇ ਜ਼ਮੀਨੀ ਪੱਧਰ ‘ਤੇ ਕੰਮ ਕੀਤੇ ਜਾਣ ਅਤੇ ਬਾਲੜੀਆਂ ਪ੍ਰਤੀ ਸੋਚ ਦੇ ਪਰਿਵਰਤਨ ਦਾ ਪ੍ਰਣ ਬਹੁਤ ਜ਼ਰੂਰੀ ਹੈ। 

ਬਿੰਦਰ ਸਿੰਘ ਖੁੱਡੀ ਕਲਾਂ
ਮੋਬ:98786-05965


rajwinder kaur

Content Editor

Related News