ਉਰਦੂ, ਹਿੰਦੀ ਅਤੇ ਅੰਗਰੇਜ਼ੀ ਦੇ ਮਹਾਨ ਸਾਹਿਤਕਾਰ ਫਿਰਾਕ ਗੋਰਖਪੁਰੀ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼

08/28/2020 3:57:18 PM

"ਏਕ ਮੁੱਦਤ ਸੇ ਤੇਰੀ ਯਾਦ ਭੀ ਆਈ ਨਾ ਹਮੇਂ, 
ਔਰ ਹਮ ਭੂਲ ਗਏ ਹੋਂ ਤੁਝੇ ਐਸਾ ਭੀ ਨਹੀਂ।" 

ਉਰਦੂ ਸਾਹਿਤ ਵਿੱਚ ਜਦ 20ਵੀਂ ਸਦੀ ਦੇ ਸ਼ਾਇਰਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਰਦੂ ਭਾਸ਼ਾ ਵਿਚ ਪਹਿਲੀ ਵਾਰ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਫਿਰਾਕ ਗੋਰਖਪੁਰੀ ਦਾ ਨਾਂ ਵਿਸ਼ੇਸ਼ ਰੂਪ ਵਿੱਚ ਲਿਆ ਜਾਂਦਾ ਹੈ। ਜਿੱਥੇ ਉਨ੍ਹਾਂ ਸ਼ਾਇਰੀ ਦੇ ਮੈਦਾਨ ਆਪਣੀਆਂ ਵਿਲੱਖਣ ਮੱਲਾਂ ਮਾਰੀਆਂ, ਉਥੇ ਹੀ ਉਨ੍ਹਾਂ ਸਾਹਿਤ ਦੇ ਖੇਤਰ ਵਿੱਚ ਬਤੌਰ ਆਲੋਚਕ ਆਪਣਾ ਵੱਡਮੁਲਾ ਯੋਗਦਾਨ ਪਾਇਆ ਹੈ । 

ਫਿਰਾਕ ਦਾ ਜਨਮ 28 ਅਗਸਤ 1896 ਈ ਵਿੱਚ ਗੋਰਖਪੁਰ, ਉੱਤਰ ਪ੍ਰਦੇਸ਼ ਦੇ ਇੱਕ ਕਾਇਸਥ ਪਰਵਾਰ ਵਿੱਚ ਹੋਇਆ। ਉਨ੍ਹਾਂ ਜੀ ਦਾ ਅਸਲ ਨਾਂ ਰਘੂਪਤੀ ਸਹਾਏ ਸੀ ਪਰ ਉਨ੍ਹਾਂ ਨੂੰ ਸਾਹਿਤ ਦੀ ਦੁਨੀਆ ਵਿਚ ਫਿਰਾਕ ਗੋਰਖਪੁਰੀ ਦੇ ਨਾਂ ਨਾਲ ਹੀ ਪ੍ਰਸਿੱਧੀ ਜਾਣਿਆ ਜਾਂਦਾ ਹੈ । ਉਨ੍ਹਾਂ ਨੇ ਮੁੱਢਲੀ ਸਿੱਖਿਆ ਰਾਮ-ਕ੍ਰਿਸ਼ਨ ਦੀਆਂ ਕਹਾਣੀਆਂ ਤੋਂ ਲਈ। ਇਸ ਉਪਰੰਤ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਅਰਬੀ, ਫਾਰਸੀ ਅਤੇ ਅੰਗਰੇਜ਼ੀ ਦੀ ਸਿੱਖਿਆ ਦਿਲਾਈ ਗਈ । 
ਇਸੇ ਦੌਰਾਨ ਉਨ੍ਹਾਂ ਦਾ ਵਿਆਹ 1914 ਵਿੱਚ ਪ੍ਰਸਿੱਧ ਜ਼ਿੰਮੀਂਦਾਰ ਵਿੰਦੇਸ਼ਵਰੀ ਪ੍ਰਸਾਦ ਦੀ ਧੀ ਕਿਸ਼ੋਰੀ ਦੇਵੀ ਨਾਲ ਸੰਪੰਨ ਹੋਇਆ।

ਫਿਰਾਕ ਨੇ ਆਪਣੀ ਕੜੀ ਮਿਹਨਤ ਤੇ ਲਗਨ ਸਦਕਾ ਬੀ. ਏ. ਵਿੱਚ ਪੂਰੇ ਪ੍ਰਦੇਸ਼ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ। ਇਸ ਉਪਰੰਤ ਉਹ ਬਤੌਰ ਪੀ. ਸੀ. ਐੱਸ., ਅਤੇ ਆਈ. ਸੀ. ਐੱਸ. (ਇੰਡੀਅਨ ਸਿਵਲ ਸਰਵਿਸ) ਸੀਲੈਕਟ ਹੋ ਗਏ ਪਰ ਮਹਾਤਮਾ ਗਾਂਧੀ ਜੀ ਦੀ ਨਾ ਮਿਲਵਰਤਨ ਤਹਿਰੀਕ ਦੇ ਚਲਦਿਆਂ ਵਿਰੋਧ ਵਜੋਂ ਆਪਣੇ ਔਹੁਦੇ ਤੋਂ ਫਿਰਾਕ ਨੇ 1920 ਵਿੱਚ ਅਸਤੀਫਾ ਦੇ ਦਿੱਤਾ ਅਤੇ ਇਸ ਪ੍ਰਕਾਰ ਉਹ ਸੁਤੰਤਰਤਾ ਅੰਦੋਲਨ ਨਾਲ ਜੁੜ ਗਏ। ਇਸ ਦੌਰਾਨ ਉਨ੍ਹਾਂ ਨੂੰ ਡੇਢ ਸਾਲ ਦੀ ਜੇਲ੍ਹ ਦੀ ਸਜ਼ਾ ਵੀ ਕੱਟਣੀ ਪਈ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਪੰਡਿਤ ਜਵਾਹਰਲਾਲ ਨਹਿਰੂ ਹੁਰਾਂ ਨੇ ਉਨ੍ਹਾਂ ਨੂੰ ਸਰਵ ਭਾਰਤੀ ਕਾਂਗਰਸ ਦੇ ਦਫ਼ਤਰ ਵਿੱਚ ਸਕੱਤਰ ਦੀ ਜਗ੍ਹਾ ਦਿੱਤੀ। ਪਰ ਜਵਾਹਰ ਲਾਲ ਨਹਿਰੂ ਦੇ ਯੂਰਪ ਚਲੇ ਜਾਣ ਬਾਅਦ ਉਨ੍ਹਾਂ ਨੇ ਸਕੱਤਰੀ ਵੀ ਛੱਡ ਦਿੱਤੀ । 

PunjabKesari

ਇਸ ਤੋਂ ਬਾਅਦ ਇਲਾਹਾਬਾਦ ਯੂਨੀਵਰਸਿਟੀ ਵਿੱਚ 1930 ਤੋਂ 1959 ਤੱਕ ਬਤੌਰ ਅੰਗਰੇਜ਼ੀ ਅਧਿਆਪਕ ਆਪਣੀਆਂ ਸੇਵਾਵਾਂ ਦਿੰਦੇ ਰਹੇ ਅਤੇ ਪੜ੍ਹਾਈ ਕਰਾਉਣ ਦੇ ਨਾਲ-ਨਾਲ ਆਪਣੀ ਸ਼ਾਇਰੀ ਦੀ ਚੇਟਕ ਵੀ ਪੂਰੀ ਕਰਦੇ ਰਹੇ। ਭਾਵੇਂ ਉਹ ਇਕ ਅੰਗਰੇਜ਼ੀ ਅਧਿਆਪਕ ਸਨ ਪਰੰਤੂ ਇਸ ਦੇ ਬਾਵਜੂਦ ਉਨ੍ਹਾਂ ਨੇ ਉਰਦੂ ਅਤੇ ਹਿੰਦੀ ਸਾਹਿਤਕ ਆਲੋਚਨਾ ਦੇ ਖੇਤਰ ਕਿਤਾਬਾਂ ਲਿਖ ਕੇ ਜੋ ਵੱਡਮੁੱਲਾ ਯੋਗਦਾਨ ਪਾਇਆ, ਉਸ ਦੀ ਉਦਾਹਰਣ ਨਹੀਂ ਮਿਲਦੀ ।

ਬਤੌਰ ਸ਼ਾਇਰ ਫਿਰਾਕ ਨੇ ਉਰਦੂ ਦੀ ਲਗਭਗ ਹਰ ਕਾਵਿ ਸ਼ੈਲੀ ਵਿੱਚ ਰਚਨਾਵਾਂ ਲਿਖੀਆਂ ਜਿਵੇਂ ਗਜ਼ਲ, ਨਜ਼ਮ, ਰੁਬਾਈ ਅਤੇ ਕਤਆਤ ਆਦਿ ਅਤੇ ਅਪਣੀ ਅੱਲਗ ਪਹਿਚਾਣ ਬਣਾਈ। ਉਨ੍ਹਾਂ ਉਰਦੂ ਕਵਿਤਾ ਦੀਆਂ ਦਰਜਨ ਤੋਂ ਵੱਧ ਅਤੇ ਵਾਰਤਕ ਵਿੱਚ ਅੱਧੀ ਦਰਜਨਾਂ ਤੋਂ ਵਧੇਰੇ ਕਿਤਾਬਾਂ ਦੀ ਸੰਪਾਦਨਾਂ ਕੀਤੀ ਅਤੇ ਹਿੰਦੀ ਸਾਹਿਤ ’ਤੇ ਵੀ ਅੱਲਗ ਅਲੱਗ ਕਿਤਾਬਾਂ ਲਿਖੀਆਂ। ਇਸ ਦੇ ਨਾਲ-ਨਾਲ ਉਨ੍ਹਾਂ ਅੰਗਰੇਜ਼ੀ ਸਾਹਿਤ ਅਤੇ ਸੱਭਿਾਚਾਰਕ ਵਿਸ਼ਿਆਂ ’ਤੇ ਵੀ ਕਿਤਾਬਾਂ ਲਿਖੀਆਂ।
ਆਧੁਨਿਕ ਸ਼ਾਇਰੀ ਵਿੱਚ ਫਿਰਾਕ ਨੂੰ ਜੋ ਸਥਾਨ ਹਾਸਲ ਹੈ ਉਸ ਦੀ ਮਿਸਾਲ ਉਹ ਆਪ ਹਨ। ਜੇਕਰ ਇਹ ਕਿਹਾ ਜਾਵੇ ਕਿ ਅੱਜ ਦੀ ਸ਼ਾਇਰੀ ਤੇ ਉਨ੍ਹਾਂ ਦੀ ਇਕ ਡੂੰਘੀ ਛਾਪ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਇਕ ਵਧੀਆ ਸ਼ਾਇਰ ਹੋਣ ਦੇ ਨਾਲ-ਨਾਲ ਉਹ ਇਕ ਉਮਦਾ ਸ਼ਖਸੀਅਤ ਦੇ ਵੀ ਮਾਲਕ ਸਨ। ਹਾਜ਼ਰ ਜਵਾਬੀ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। 

ਉਨ੍ਹਾਂ ਦੇ ਸਮਕਾਲੀਆਂ ਵਿੱਚ ਪ੍ਰਸਿੱਧ ਸ਼ਾਇਰ ਡਾ. ਅਲਾਮਾ ਇਕਬਾਲ, ਫੈਜ ਅਹਿਮਦ ਫੈਜ ਕੈਫ਼ੀ ਆਜ਼ਮੀ, ਜੋਸ਼ ਮਲੀਹ ਆਬਾਦੀ, ਜਿਗਰ ਮੁਰਾਦਾਬਾਦੀ ਅਤੇ ਸ਼ਾਹਿਰ ਲੁਧਿਆਣਵੀ ਆਦਿ ਸ਼ਾਮਲ ਸਨ। ਇਨ੍ਹਾਂ ਮਹਾਨ ਸ਼ਾਇਰਾਂ ਦੇ ਵਿਚਕਾਰ ਫਿਰਾਕ ਗੋਰਖਪੁਰੀ ਨੇ ਨਾ ਸਿਰਫ ਆਪਣੀ ਅਲੱਗ ਪਛਾਣ ਬਣਾਈ ਸਗੋਂ ਆਪਣੀ ਚੰਗੀ ਸ਼ਾਇਰੀ ਦਾ ਲੋਹਾ ਵੀ ਮਨਵਾਇਆ। 

ਇਹ ਕਿ ਜਦੋਂ ਅਸੀਂ ਫਿਰਾਕ ਦੀ ਸ਼ਾਇਰੀ ਬਾਰੇ ਗੱਲ ਕਰਦੇ ਹਾਂ ਤਾਂ ਇਹ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਅਕਸਰ ਉਰਦੂ ਸ਼ਾਇਰਾਂ ਦੀ ਤਰ੍ਹਾਂ ਫ਼ਿਰਾਕ ਨੇ ਵੀ ਆਪਣੀ ਸ਼ਾਇਰੀ ਦੀ ਸ਼ੁਰੂਆਤ ਗਜ਼ਲਾਂ ਲਿਖਣ ਨਾਲ ਕੀਤੀ। ਫਿਰਾਕ ਦੀ ਸ਼ਾਇਰੀ ਦਾ ਬਹੁਤਾ ਹਿੱਸਾ ਰੂਮਾਨੀਅਤ, ਰਹੱਸ ਅਤੇ ਸ਼ਾਸਤਰੀਅਤਾ ਨਾਲ ਭਰਪੂਰ ਹੈ। ਉਨ੍ਹਾਂ ਆਪਣੀਆਂ ਗਜ਼ਲਾਂ ਰਾਹੀਂ ਇਸ਼ਕੀਆ ਸ਼ਾਇਰੀ ਨੂੰ ਜਿਨ੍ਹਾਂ ਬੁਲੰਦੀਆਂ ’ਤੇ ਪਹੁੰਚਾਇਆ। ਉਸ ਦੀ ਮਿਸਾਲ ਓਹ ਆਪ ਹਨ। ਉਨ੍ਹਾਂ ਦੀ ਰੂਮਾਨੀਅਤ ਨਾਲ ਭਰਪੂਰ ਇਸ ਸ਼ਾਇਰੀ ਵਿੱਚ ਆਸ਼ਿਕ ਤੇ ਮਾਸ਼ੂਕ ਦੀਆਂ ਜੋ ਦਿਲ ਦੀਆਂ ਅੰਦਰੂਨੀ ਕੈਫੀਆਤ ਦਾ ਜ਼ਿਕਰ ਮਿਲਦਾ ਹੈ।

PunjabKesari

ਫਿਰਾਕ ਆਪਣੇ ਕਲਾਮ ਸਦਕਾ ਵੁਰਡਜ ਵਰਥ, ਸ਼ੈਲੇ, ਜੋਹਨ ਕੀਟਸ, ਮੀਰ ਅਤੇ ਗਾਲ਼ਿਬ ਦੀ ਰਹਿਸਮਈ ਸ਼ਾਇਰੀ ਦੇ ਹਮਕਿਨਾਰ ਸਮਾਨ ਜਾਪਦੀ ਹੈ। ਫਿਰਾਕ ਦੇ ਰੂਮਾਨੀਅਤ ਅਤੇ ਰਹਿਸਮਈ ਅੰਦਾਜ਼ੇ ਬਿਆਂ ਨੂੰ ਹੇਠਲੇ ਸ਼ੇਅਰਾਂ ਵਿਚ ਪ੍ਰਤੱਖ ਵੇਖਿਆ ਸਕਦਾ ਹੈ। ਜਿਵੇਂ :

ਬਹੁਤ ਪਹਿਲੇ ਸੇ ਇਨ ਕਦਮੋਂ ਕੀ ਆਹਟ ਜਾਣ ਲੇਤੇ ਹੈਂ। 
ਤੁੱਝੇ ਐ ਜ਼ਿੰਦਗੀ ਹਮ ਦੂਰ ਸੇ ਪਹਿਚਾਣ ਲੇਤੇ ਹੈਂ।। 
***
ਇਸੀ ਖੰਡਰ ਮੇਂ ਕਹੀਂ ਕੁੱਛ ਦੀਏ ਹੈਂ ਟੂਟੇ ਹੂਏ। 
ਉਨ੍ਹੀਂ ਸੇ ਕਾਮ ਚਲਾਓ ਬੜੀ ਉਦਾਸ ਹੈ ਰਾਤ। 
**
ਏਕ ਮੁੱਦਤ ਸੇ ਤੇਰੀ ਯਾਦ ਭੀ ਆਈ ਨਾ ਹਮੇਂ ।
ਔਰ ਹਮ ਭੂਲ ਗਏ ਹੋਂ ਤੁਝੇ ਐਸਾ ਭੀ ਨਹੀਂ।। 
***
ਗਰਜ ਕੇ ਕਾਟ ਦੀਏ ਜ਼ਿੰਦਗੀ ਕੇ ਦਿਨ ਐ ਦੋਸਤ। 
ਵੋਹ ਤੇਰੀ ਯਾਦ ਮੇਂ ਹੋਂ ਯਾ ਤੁੱਝੇ ਭੁਲਾਣੇ ਮੇਂ।। 
***
ਸੁਣਤੇ ਹੈਂ ਇਸ਼ਕ ਨਾਮ ਕੇ ਗੁਜਰੇ ਹੈਂ ਇੱਕ ਬਜ਼ੁਰਗ । 
ਹਮ ਲੋਗ ਭੀ ਫਕੀਰ ਉਸੀ ਸਿਲਸਿਲੇ ਕੇ ਹੈਂ। 
***
ਮੈਂ ਮੁੱਦਤੋਂ ਜੀਆ ਹੂੰ ਕਿਸੀ ਦੋਸਤ ਕੇ ਬਗੈਰ। 
ਅਬ ਤੁਮ ਭੀ ਸਾਥ ਛੋੜਨੇ ਕੋ ਕਹਿ ਰਹੇ ਹੋ ਖੈਰ। 
**
ਏਕ ਮੁੱਦਤ ਸੇ ਤੇਰੀ ਯਾਦ ਭੀ ਆਈ ਨਾ ਹਮੇਂ ।
ਔਰ ਹਮ ਭੂਲ ਗਏ ਹੋਂ ਤੁਮਹੇਂ ਐਸਾ ਭੀ ਨਹੀਂ। 
**
ਮੈਂ ਹੂੰ ਦਿਲ ਹੈ ਤਨਹਾਈ ਹੈ। 
ਤੁਮ ਭੀ ਹੋਤੇ ਅੱਛਾ ਹੋਤਾ। 
*
ਇੱਕ ਉਮਰ ਕਟ ਗਈ ਹੈ ਤੇਰੇ ਇੰਤਜ਼ਾਰ ਮੇਂ। 
ਐਸੇ ਭੀ ਹੈਂ ਕਿ ਕਟ ਨਾ ਸਕੀ ਜਿਨ ਸੇ ਏਕ ਰਾਤ। 
*
ਅਬ ਤੋ ਉਨਕੀ ਯਾਦ ਭੀ ਆਤੀ ਨਹੀਂ। 
ਕਿਤਨੀ ਤਨਹਾ ਹੋ ਗਈ ਤਨਹਾਈਆਂ। 
*
ਤੁਮ ਮੁਖਾਤਿਬ ਭੀ ਹੋ ਕਰੀਬ ਭੀ ਹੋ। 
ਤੁਮ ਕੋ ਦੇਖੇਂ ਕਿ ਤੁਮ ਸੇ ਬਾਤ ਕਰੇਂ। 
*
ਕੌਣ ਯੇਹ ਲੇ ਰਹਾ ਅੰਗੜਾਈ।
ਆਸਮਾਨੋਂ ਕੋ ਨੀੰਦ ਆਤੀ ਹੈ।

ਦਰਅਸਲ ਫਿਰਾਕ ਨੇ ਆਪਣੀ ਸ਼ਾਇਰੀ ਅੰਦਰ ਪਰੰਪਰਾਗਤ ਭਾਵਬੋਧ ਅਤੇ ਸ਼ਬਦ-ਭੰਡਾਰ ਦੀ ਵਰਤੋਂ ਕਰਦਿਆਂ ਹੋਇਆਂ ਇਸਨੂੰ ਇਕ ਨਵੀਂ ਸ਼ੈਲੀ ਅਤੇ ਨਵੇਂ ਵਿਸ਼ਿਆਂ ਨਾਲ ਜੋੜਨ ਦੀ ਇਕ ਸਫਲ ਕੋਸ਼ਿਸ਼ ਕੀਤੀ ਹੈ। ਇਸ ਦੇ ਇਲਾਵਾ ਉਨ੍ਹਾਂ ਸਮਾਜ ਵਿੱਚ ਪਸਰੇ ਦੁੱਖ-ਦਰਦ ਨੂੰ ਵਿਅਕਤੀਗਤ ਅਨੁਭਵ ਬਣਾ ਕੇ ਆਪਣੀ ਸ਼ਾਇਰੀ ਵਿੱਚ ਢਾਲਣ ਦਾ ਉਪਰਾਲਾ ਕੀਤਾ। ਉਨ੍ਹਾਂ ਰੋਜ਼ਾਨਾ ਜੀਵਨ ਦੇ ਕੌੜੇ ਸੱਚ ਨੂੰ ਭਾਰਤੀ ਸੰਸਕ੍ਰਿਤੀ ਅਤੇ ਲੋਕਭਾਸ਼ਾ ਦੇ ਪ੍ਰਤੀਕਾਂ ਨਾਲ ਜੋੜਕੇ ਆਪਣੀ ਸ਼ਾਇਰੀ ਦੇ ਜਿਸ ਵੱਖਰੇ ਮਹਿਲ ਨੂੰ ਉਸਾਰਿਆ ਹੈ ਉਸ ਦੀ ਮਿਸਾਲ ਉਹ ਆਪ ਹਨ। ਫਿਰਾਕ ਦੇ ਵਿਆਪਕ ਅਧਿਅਨ ਅਤੇ ਉਨ੍ਹਾਂ ਦੀ ਫਾਰਸੀ, ਹਿੰਦੀ, ਬ੍ਰਿਜਭਾਸ਼ਾ ਅਤੇ ਭਾਰਤੀ ਸੰਸਕ੍ਰਿਤੀ ਦੀ ਡੂੰਘੀ ਅਤੇ ਪਕੜ ਦੇ ਚਲਦਿਆਂ ਉਨ੍ਹਾਂ ਦੀ ਸ਼ਾਇਰੀ ਵਿੱਚ ਭਾਰਤ ਦੀ ਮੂਲ ਪਛਾਣ ਰਚ-ਮਿਸ ਗਈ ਹੈ। 

ਬੇਸ਼ੱਕ ਫਿਰਾਕ ਅੰਗਰੇਜ਼ੀ ਭਾਸ਼ਾ ਦੇ ਵਿਦਵਾਨ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਉਰਦੂ ਭਾਸ਼ਾ ਨਾਲ ਅੰਤਾਂ ਦਾ ਲਗਾਓ ਸੀ। ਇਸ ਦਾ ਅੰਦਾਜ਼ਾ ਉਨ੍ਹਾਂ ਦੁਆਰਾ ਕਹੇ ਇਕ ਸ਼ੇਅਰ ਤੋਂ ਸਹਿਜੇ ਲਗਾਇਆ ਜਾ ਸਕਦਾ ਹੈ :

ਮੇਰੀ ਘੁੱਟੀ ਮੇਂ ਪੜੀ ਥੀ ਹੋ ਕੇ ਹਲ ਉਰਦੂ ਜ਼ੁਬਾਂ। 
ਜੋ ਭੀ ਮੈਂ ਕਹਿਤਾ ਗਿਆ ਹੁਸਨ-ਏ-ਬਿਆਂ ਹੋਤਾ ਗਿਆ। 
ਸ਼ਾਇਰੀ ਦੇ ਨਾਲ ਨਾਲ ਫਿਰਾਕ ਨੇ ਆਲ ਇੰਡੀਆ ਰੇਡੀਓ ’ਤੇ ਵੀ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਦਿੱਤੀਆਂ। 

ਇਕ ਥਾਂ ਜੀਵਨ ਦੀਆਂ ਮੁਸ਼ਕਲਾਂ ਨੂੰ ਬਿਆਨ ਕਰਦਿਆਂ ਆਖਦੇ ਹਨ ਕਿ:

ਜ਼ਿੰਦਗੀ ਕਾ ਕੋਈ ਇਲਾਜ ਨਹੀਂ। 
ਮੌਤ ਕਾ ਭੀ ਇਲਾਜ ਹੋ ਸ਼ਾਇਦ। 

PunjabKesari

ਫਿਰਾਕ ਦੀਆਂ ਚੋਣਵੀਆਂ ਰਚਨਾਵਾਂ ਵਿੱਚ ਗੁੱਲ-ਏ-ਨਗਮਾ, ਗੁਵ-ਏ-ਰਾਅਨਾ, ਮਸ਼ਆਲ, ਰੂਹੇ-ਕਾਇਨਾਤ, ਸ਼ਬਿਸਤਾਨ, ਸਰਗਮ ਬਜ਼ਮੇ ਜਿੰਦਗੀ ਰੰਗੇ ਸ਼ਾਇਰੀ, ਨਗਮਾ-ਏ-ਸਾਜ, ਗਜਲਿਸਤਾਨ ਆਦਿ ਸ਼ਾਮਲ ਹਨ। 

ਫਿਰਾਕ ਇਕ ਬਹੁਤ ਜ਼ਿੰਦਾਦਿਲ ਇਨਸਾਨ ਸਨ। ਇਸ ਦਾ ਅੰਦਾਜ਼ਾ ਉਨ੍ਹਾਂ ਦੇ ਜੀਵਨ ’ਚ ਵਾਪਰੀਆਂ ਘਟਨਾਵਾਂ ਤੋਂ ਸਹਿਜੇ ਲਗਾਇਆ ਜਾ ਸਕਦਾ ਹੈ। ਜਿਵੇਂ ਇਕ ਵਾਰ ਕਿਸੇ ਮੁਸ਼ਾਇਰੇ ਵਿੱਚ ਜਦੋਂ ਫਿਰਾਕ ਆਪਣੀ ਵਾਰੀ ਆਉਣ ਤੇ ਆਪਣਾ ਕਲਾਮ ਬੈਠ ਕੇ ਪੜਨ ਲੱਗੇ ਅਤੇ ਮਾਈਕ ਉਨ੍ਹਾਂ ਦੇ ਅੱਗੇ ਰੱਖਿਆ ਗਿਆ ਤਾਂ ਮੌਜੂਦ ਲੋਕਾਂ ਨੇ ਇਕ ਸ਼ੋਰ ਬਰਪਾ ਕਰਦਿਆਂ ਇਹ ਕਹਿਣਾ ਸ਼ੁਰੂ ਕਰ ਦਿੱਤਾ  "ਖੜ੍ਹੇ ਹੋ ਕੇ ਪੜੋ...ਖੜੇ ਹੋ ਕੇ ਪੜੋ" ਜਦੋਂ ਲੋਕ ਲਗਾਤਾਰ ਸ਼ੋਰ ਮਚਾਉੰਦੇ ਰਹੇ ਤਾਂ ਅਖੀਰ ਬਹੁਤ ਮਾਸੂਮੀਅਤ ਨਾਲ ਫਿਰਾਕ ਨੇ ਮਾਈਕ ਅਤੇ ਐਲਾਨ ਕੀਤਾ "ਮੇਰੇ ਪਜਾਮੇ ਦਾ ਡੋਰਾ ( ਨਾੜਾ) ਟੁੱਟਿਆ ਹੋਇਆ ਹੈ ( ਇਕ ਜੋਰਦਾਰ ਠਹਾਕਾ ਪਿਆ) ਕੀ ਤੁਸੀਂ ਹਾਲੇ ਵੀ ਅੜੇ ਹੋਏ ਹੋ ਕਿ ਮੈਂ ਖੜ੍ਹਾ ਹੋ ਕੇ ਪੜਾਂ?" ਇਨ੍ਹਾਂ ਸੁਨਣਾ ਸੀ ਕਿ ਪੂਰਾ ਮੁਸ਼ਾਇਰਾ ਠਹਾਕਿਆਂ ਨਾਲ ਗੂੰਜਣ ਲੱਗ ਪਿਆ । 

ਇਸੇ ਤਰ੍ਹਾਂ ਫਿਰਾਕ ਦੇ ਵਿਦਿਆਰਥੀ ਜੀਵਨ ਦੀ ਇਕ ਘਟਨਾ ਵੀ ਬੇਹੱਦ ਦਿਲਚਸਪ ਹੈ ਦਰਅਸਲ ਫਿਰਾਕ ਗੋਰਖਪੁਰੀ ਆਗਰਾ ਯੂਨੀਵਰਸਿਟੀ ਵਿਚ ਇੰਟਰ ਸਾਇੰਸ ਦੇ ਵਿਦਿਆਰਥੀ ਸਨ। ਇਸ ਦੌਰਾਨ ਉਹ ਸਾਰੇ ਵਿਸ਼ਿਆਂ ਵਿੱਚ ਵਧੀਆ ਨੰਬਰ ਪ੍ਰਾਪਤ ਕਰਦੇ ਪਰ ਫਿਜਿਕਸ ਵਿੱਚੋਂ ਅਕਸਰ ਫੇਲ੍ਹ ਹੋ ਜਾਂਦੇ। ਇਕ ਦਿਨ ਕਾਲਜ ਦੇ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਬੁਲਾ ਕੇ ਪੁੱਛਿਆ " ਵਈ ਕੀ ਗੱਲ ਹੈ, ਬਾਕੀ ਵਿਸ਼ਿਆਂ ਵਿੱਚ ਤੁਹਾਡਾ ਨਤੀਜਾ ਬਹੁਤ ਵਧੀਆ ਰਹਿੰਦਾ ਹੈ ਪਰ ਫਿਜਿਕਸ ਵਿੱਚ ਕਿਉਂ ਫੇਲ੍ਹ ਹੋ ਜਾਂਦੇ ਹੋ?" 

ਫਿਰਾਕ ਨੇ ਫੋਰਨ ਉਤਰ ਦਿੰਦਿਆਂ ਕਿਹਾ " ਜਨਾਬ ਇਸ ਲਈ ਕਿ ਮੈਂ ਫਿਜੀਕਲੀ ਕਮਜ਼ੋਰ ਹਾਂ" 

ਫਿਰਾਕ ਨੂੰ ਉਨ੍ਹਾਂ ਦੇ ਸਾਹਿਤ ਵਿੱਚ ਨਿਭਾਏ ਵੱਡਮੁੱਲੇ ਯੋਗਦਾਨ ਸਦਕਾ ਬਹੁਤ ਸਾਰੇ ਇਨਾਮਾਂ ਨਾਲ ਨਿਵਾਜਿਆ ਗਿਆ। ਇਸ ਸੰਦਰਭ ਵਿੱਚ 1969 ਵਿੱਚ ਭਾਰਤ ਸਰਕਾਰ ਦੁਆਰਾ ਉਨ੍ਹਾਂ ਨੂੰ ਉਰਦੂ ਕਾਵਿ-ਕ੍ਰਿਤੀ ‘ਗੁਲ-ਏ-ਨਗ‍ਮਾ’ ਲਈ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 1960- ਉਰਦੂ ਦਾ ਸਾਹਿਤ ਅਕੈਡਮੀ ਅਵਾਰਡ,1968 -ਪਦਮ ਭੂਸ਼ਣ 1968- ਸੋਵੀਅਤ ਲੈਂਡ ਨਹਿਰੂ ਇਨਾਮ, 1970- ਸਾਹਿਤ ਅਕੈਡਮੀ ਫੈਲੋਸ਼ਿਪ, 1981- ਗ਼ਾਲਿਬ ਅਕੈਡਮੀ ਅਵਾਰਡ ਇਸੇ ਦੋਰਾਨ 1970 ਵਿੱਚ ਉਨ੍ਹਾਂ ਨੂੰ ਸਾਹਿਤ ਅਕਾਦਮੀ ਦਾ ਮੈਂਬਰ ਵੀ ਨਾਮਜਦ ਕੀਤਾ ਗਿਆ। 

ਫ਼ਿਰਾਕ ਗੋਰਖਪੁਰੀ ਦੀਆਂ ਰਚਨਾਵਾਂ ਵਿੱਚ ਗੁੱਲ-ਏ-ਨਗਮਾ, ਮਸ਼ਅਲ, ਰੂਹੇ-ਕਾਇਨਾਤ, ਨਗਮਾ-ਏ-ਸਾਜ਼ , ਗਜਾਲਿਸਤਾਨ, ਸ਼ੇਰਿਸਤਾਨ, ਸ਼ਬਨਮਿਸਤਾਨ, ਰੂਪ, ਧਰਤੀ ਕੀ ਕਰਵਟ, ਗੁਲਬਾਗ, ਰੰਜ ਅਤੇ ਕਾਇਨਾਤ, ਚਿਰਾਗਾਂ, ਸ਼ੋਅਲਾ ਅਤੇ ਸਾਜ, ਹਜ਼ਾਰ ਦਾਸਤਾਨ, ਬਜਮੇ ਜਿੰਦਗੀ ਰੰਗੇ ਸ਼ਾਇਰੀ ਦੇ ਨਾਲ ਹਿੰਡੋਲਾ, ਜੁਗਨੂ, ਨਕੂਸ਼, ਆਧੀ ਰਾਤ, ਪਰਛਾਈਆਂ ਅਤੇ ਤਰਾਨਾ-ਏ-ਇਸ਼ਕ ਵਰਗੀਆਂ ਖੂਬਸੂਰਤ ਨਜਮਾਂ ਅਤੇ ਸਤਿਅਮ ਸ਼ਿਵੰਮ ਸੁੰਦਰਮ ਵਰਗੀਆਂ ਰੁਬਾਈਆਂ  ਸ਼ਾਮਲ ਹਨ। ਉਨ੍ਹਾਂ ਇੱਕ ਨਾਵਲ ਸਾਧੂ ਅਤੇ ਕੁਟੀਆ ਅਤੇ ਕਈ ਕਹਾਣੀਆਂ ਲਿਖੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਉਰਦੂ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਦਸ ਗਦ ਕ੍ਰਿਤੀਆਂ ਵੀ ਪ੍ਰਕਾਸ਼ਿਤ ਹੋਈਆਂ ਹਨ।

ਉਰਦੂ ਹਿੰਦੀ ਅਤੇ ਅੰਗਰੇਜ਼ੀ ਸਾਹਿਤ ਦਾ ਇਹ ਹਰਮਨ ਪਿਆਰਾ ਸਿਤਾਰਾ ਫਿਰਾਕ ਗੋਰਖਪੁਰੀ ਲੰਬੀ ਬੀਮਾਰੀ ਦੇ ਚਲਦਿਆਂ ਅਖੀਰ 3 ਮਾਰਚ 1982 ਨੂੰ ਪਚਾਸੀ ਸਾਲ ਉਮਰ ਵਿਚ ਹਮੇਸ਼ਾ ਹਮੇਸ਼ ਲਈ ਛਿਪ ਗਿਆ। ਉਨ੍ਹਾਂ ਆਪਣੇ ਅੰਤਿਮ ਸਾਹ ਦਿੱਲੀ ਵਿਖੇ ਲਏ। ਪਰ ਮਰਨ ਉਪਰੰਤ ਉਨ੍ਹਾਂ ਦੇ ਮ੍ਰਿਤਕ ਸ਼ਰੀਰ ਨੂੰ ਇਲਾਹਾਬਾਦ ਵਿਖੇ ਲੈ ਜਾਇਆ ਗਿਆ ਜਿਥੇ ਗੰਗਾ ਜਮਨਾ ਦੇ ਸੰਗਮ ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। 

ਲੇਖਕ :ਅੱਬਾਸ ਧਾਲੀਵਾਲ 
ਮਲੇਰਕੋਟਲਾ ।
ਸੰਪਰਕ :9855259650 
Abbasdhaliwal72@gmail.com


rajwinder kaur

Content Editor

Related News