ਪਿਤਾ ਦਿਵਸ 'ਤੇ ਵਿਸ਼ੇਸ਼ : ਬਾਪ ਦੀਆਂ ਉਹ ਨਿੱਘੀਆਂ ਯਾਦਾਂ ਜੋ ਅੱਜ ਵੀ ਰੂਹ ਨੂੰ ਝੰਜੋੜ ਦਿੰਦੀਆਂ ਨੇ

06/18/2023 5:31:31 AM

ਕਹਿੰਦੇ ਨੇ ਕਿ ਸਮਾਂ ਉਹ ਚੀਜ਼ ਹੈ, ਜੋ ਵੱਡੇ ਤੋਂ ਵੱਡੇ ਦਰਦ, ਵਿਛੋੜੇ ਜਾਂ ਕਿਸੇ ਵੈਰ ਵਿਰੋਧ ਵਰਗੇ ਭੇਦ ਭਾਵ ਨੂੰ ਖ਼ਤਮ ਕਰ ਦਿੰਦਾ ਹੈ। ਮੈਨੂੰ 30 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਸਮਾਂ ਮੇਰਾ ਸਾਥ ਨਹੀਂ ਦੇ ਰਿਹਾ। ਜ਼ਿੰਦਗੀ ’ਚ ਅੱਗੇ ਵਧਣ ਲਈ ਆਪਣੇ ਪਰਿਵਾਰ, ਬੱਚਿਆਂ ਅਤੇ ਪਤਨੀ ਦਾ ਖ਼ਿਆਲ ਰੱਖਣ ਦੇ ਨਾਲ-ਨਾਲ ਸਮੇਂ ਨੂੰ ਪਿਛੇ ਛੱਡ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹਾਂ ਪਰ ਜਦੋਂ ਕਦੇ ਮੇਰੇ ਮਨ ਨੂੰ ਠੇਸ ਪਹੁੰਚਦੀ ਹੈ, ਤਾਂ ਲੋਕਾਂ ਨੂੰ ਅੱਗੇ ਵਧਦਾ ਦੇਖਦਾ ਹਾਂ। ਇਸ ਦੌਰਾਨ ਮੇਰੇ ਮਨ ਵਿਚੋਂ ਇੱਕ ਦਰਦ ਭਰੀ ਹੂਕ ਨਿਕਲਦੀ ਹੈ, ਜੋ ਮਨ ਨੂੰ ਝੰਜੂੜ ਕੇ ਰੱਖ ਦਿੰਦੀ ਹੈ, ਉਹ ਯਾਦ, ਦਰਦ ਜੋ ਮੇਰੇ ਪਿਤਾ ਦੇ ਵਿਛੋੜੇ ਦਾ ਹੈ। 

ਹਰ ਸਾਲ ਪਿਤਾ ਦਿਵਸ ਆਉਂਦਾ ਹੈ ਅਤੇ ਲੋਕ ਆਪੋ-ਆਪਣੇ ਪਿਤਾ ਨੂੰ ਇਸ ਦਿਨ ਤੌਹਫ਼ੇ ਦਿੰਦੇ ਹਨ। ਉਸ ਨੂੰ ਚੁੰਮਦੇ ਹਨ, ਗਲੇ ਲਗਾਉਂਦੇ ਹਨ। ਬਾਪ ਵੀ ਉਨ੍ਹਾਂ ਨੂੰ ਗਲਵੱਕੜੀ ਵਿੱਚ ਲੈ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ ਪਰ ਮੇਰਾ ਇਹ ਪਿਆਰ ਤਾਂ ਬਚਪਨ ਤੋਂ ਹੀ ਛੁੱਟ ਗਿਆ ਸੀ। ਜਦੋਂ ਮੇਰੇ ਪਿਤਾ ਮੇਰੇ ਭੈਣ-ਭਰਾ ਤੇ ਮਾਂ ਨੂੰ ਚੰਗੀ ਅਤੇ ਵਧਿਆ ਜ਼ਿੰਦਗੀ ਦੇਣ ਲਈ ਕੈਨੇਡਾ ਆ ਗਏ ਸੀ। ਕੈਨੇਡਾ ਦੀ ਧਰਤੀ ’ਤੇ ਮੇਰੇ ਪਿਤਾ ਨੇ 11 ਸਾਲ ਇਕੱਲੇ ਕੱਟੇ ਤਾਂਕਿ ਇਕ ਦਿਨ ਉਹ ਕੈਨੇਡਾ ਦੀ ਧਰਤੀ ’ਤੇ ਪੱਕੇ ਹੋ ਜਾਣਗੇ ਅਤੇ ਫਿਰ ਸਾਰੇ ਪਰਿਵਾਰ ਨੂੰ ਕੈਨੇਡਾ ਸੱਦ ਲੈਣਗੇ ਪਰ ਉਹ ਦਿਨ ਕਦੇ ਨਹੀਂ ਆਇਆ।

11 ਸਾਲਾਂ ਬਾਅਦ ਜਦੋਂ ਉਨ੍ਹਾਂ ਦੀ ਅਰਜੀ ਮਨਜ਼ੂਰ ਹੋਈ ਅਤੇ ਇੰਮੀਗਰੇਸ਼ਨ ਦੇ ਪੇਪਰ ਮਿਲੇ ਤਾਂ ਆਲੇ ਦੁਆਲੇ ਦੇ ਦੋਸਤਾਂ ਮਿਤਰਾਂ ਰਿਸ਼ਤੇਦਾਰਾ ਤੋਂ ਪਤਾ ਲੱਗਿਆ ਕਿ ਉਹ ਫੁਲੇ ਨਹੀਂ ਸਨ ਸਮਾ ਰਹੇ। ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਉਹ 11 ਸਾਲਾਂ ਦੇ ਵਿਛੋੜੇ ਦੇ ਦਰਦ ਨੂੰ ਕੁਝ ਮਿੰਟਾਂ ਵਿੱਚ ਹਵਾ ਹੋ ਕੇ ਤੈਹ ਕਰ ਲੈਣਾ ਲੋਚਦੇ ਸਨ। ਸਭ ਤੋਂ ਛੋਟੀ ਮੇਰੀ ਭੈਣ ਤਾਂ 6 ਮਹੀਨੇ ਦੀ ਹੀ ਸੀ, ਜਦੋਂ ਉਹ ਸਾਨੂੰ ਰੱਬ ਦੇ ਸਹਾਰੇ ਛੱਡ ਕੈਨੇਡਾ ਆ ਵਸੇ ਸਨ ਪਰ ਉਨ੍ਹਾਂ ਦੀ ਇਹ ਖ਼ੁਸ਼ੀ ਸ਼ਾਇਦ ਪ੍ਰਮਾਤਮਾ ਤੋਂ ਬਰਦਾਸ਼ਿਤ ਨਹੀਂ ਹੋਈ। ਹਾਰਟ ਅਟੈਕ ਦੇ ਕਾਰਨ ਉਹ ਪ੍ਰਮਾਤਮਾ ਦੀ ਗੋਦੀ ਵਿੱਚ ਜਾ ਵੈਰਾਜੈ।

ਇਧਰ ਸਾਨੂੰ ਪਤਾ ਲੱਗਾ ਕਿ ਜੋ ਬਾਪ 11 ਸਾਲਾਂ ਦੇ ਪਤਨੀ ਅਤੇ ਬੱਚਿਆਂ ਦੇ ਵਿਛੋੜੇ ਨੂੰ ਮਿੰਟਾਂ ਵਿੱਚ ਹਵਾ ਹੋ ਕੇ ਉਡ ਕੇ ਮਿਲਣ ਦੀ ਤਾਂਘ ਰੱਖਦਾ ਸੀ, ਉਹ ਹੁਣ ਇਸ ਦੁਨੀਆਂ 'ਚ ਨਹੀਂ ਰਿਹਾ। ਅਸੀਂ ਟੁੱਟ ਕੇ ਚੂਰ-ਚੂਰ ਹੋ ਗਏ ਸੀ। ਸਾਡੇ ਅਰਮਾਨ ਕੈਨੇਡਾ ਜਾਣ ਦੇ ਤਾਂ ਦੂਰ ਅਸੀਂ ਤਾਂ ਬਾਪ ਦੇ ਦਰਸ਼ਨ ਵੀ ਨਾ ਕਰ ਸਕੇ। ਗਲੇ ਗਲਵੱਕੜੀ ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਜੇਕਰ ਕਦੇ ਯਾਦ ਆਏ ਤਾਂ ਕਦੇ ਕਦਾਈ ਉਨ੍ਹਾਂ ਦੀ ਫੋਟੋ ਨਾਲ ਮਨ ਦੇ ਦਰਦ ਅਤੇ ਮਨ ਦੇ ਗਿਲੇ ਸ਼ਿਕਵੇ ਦੂਰ ਕਰ ਲੈਂਦਾ ਹਾਂ।

ਮਨ ਕਹਿੰਦਾ ਹੈ ਕਿ ਜੇਕਰ ਅੱਜ ਮੇਰਾ ਬਾਪ ਮੇਰੇ ਨਾਲ ਹੁੰਦਾ ਤਾਂ ਮੇਰੀ ਜ਼ਿੰਦਗੀ ਬਹੁਤ ਕਾਮਯਾਬ ਹੁੰਦੀ, ਕਿਉਂਕਿ ਬਾਪ ਦਾ ਸਿਰ ’ਤੇ ਸਹਾਰਾ ਪੁੱਤਰ ਦੀ ਹਿੰਮਤ ਨੂੰ ਦੋਗਣਾ-ਚੋਗਣਾ ਕਰ ਦਿੰਦਾ ਹੈ। ਮੈਂ ਆਪਣੀ ਮਾਂ ਨੂੰ ਪਿੱਛੇ ਨਹੀਂ ਛੱਡਗਾ, ਕਿਉਂਕਿ ਉਸ ਨੇ ਜੋ ਮੇਰੇ ਬਾਪ ਦੇ ਤੁਰ ਜਾਣ ਤੋਂ ਬਾਅਦ ਸਾਡਾ ਪਾਲਣ-ਪੋਸ਼ਨ ਕਰਕੇ ਵੱਡਾ ਕੀਤਾ ਹੈ। ਦੁਨੀਆਂ ਦੇ ਲੋਕਾਂ ਦੇ ਤਾਹਨੇ-ਮੇਹਣੇ, ਦੁੱਖ ਆਦਿ ਸੀਨੇ ਵਿੱਚ ਦਬਾ ਕੇ ਉਹ ਸਾਡੇ ਨਾਲ ਖੜ੍ਹੀ ਰਹੀ। ਸਾਨੂੰ ਕਦੇ ਇਹ ਮਹਿਸੁਸ ਨਹੀਂ ਹੋਣ ਦਿੱਤਾ ਕਿ ਅਸੀਂ ਬਾਪ ਤੋਂ ਵਾਂਝੇ ਹਾਂ। ਮੇਰਾ ਮੇਰੇ ਬਾਪ ਨਾਲ ਬਹੁਤ ਲਗਾਓ ਸੀ। ਸ਼ਾਇਦ ਅੱਜ ਇਹ ਹੀ ਕਾਰਨ ਹੈ ਕਿ ਮੈਂ ਉਨ੍ਹਾਂ ਦੇ ਵਿਛੋੜੇ ਨੂੰ 32 ਸਾਲਾਂ ਬਾਅਦ ਵੀ ਭੁਲਾ ਨਹੀਂ ਪਾ ਰਿਹਾ।

ਕੈਨੇਡਾ ਵਿੱਚ ਰਹਿੰਦੇ ਹੋਏ 30 ਸਾਲਾਂ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ। ਹਰ ਸਾਲ ਜਦੋਂ ਵੀ ਪਿਤਾ ਦਿਵਸ ਆਉਂਦਾ ਹੈ, ਤਾਂ ਮਨ ਵਿੱਚ ਵਿਛੋੜੇ ਦਾ ਦਰਦ, ਅੱਖਾਂ ਵਿੱਚ ਹੰਝੂ ਆਪ ਮੁਹਾਰੇ ਆਉਣੇ ਸ਼ੁਰੂ ਹੋ ਜਾਂਦੇ ਹਨ ਕਿ ਇਸ ਵਾਰ ਮੈਂ ਪਿਤਾ ਦਿਵਸ ’ਤੇ ਕਿਸ ਨੂੰ ਤੌਹਫ਼ਾ ਦੇਵਾਂਗਾ। ਕਿਸ ਨੂੰ ਗਲੇ ਲਗਾ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਾਂਗਾ, ਕੌਣ ਮੇਰੇ ਸਿਰ ’ਤੇ ਹੱਥ ਰੱਖ ਕੇ ਖੁਸ਼ੀਆਂ ਭਰਿਆ ਅਸ਼ੀਰਵਾਦ ਦੇਵੇਗਾ। ਪਿਤਾ ਦਿਵਸ ’ਤੇ ਮੇਰਾ ਮਨ ਭਰਿਆਂ-ਭਰਿਆਂ ਰਹਿੰਦਾ ਹੈ। ਦਿਲ ਖ਼ਾਮੋਸ਼ ਹੋ ਜਾਂਦਾ ਹੈ।  

ਮੈਂ ਗਲਤ ਹਾਂ ਮੇਰੇ ਤੋਂ ਵੀ ਵੱਧ ਤਾਂ ਮੇਰੇ ਬਾਪ ਨੂੰ ਉਹ ਪ੍ਰਮਾਤਮਾ ਪਿਆਰ ਕਰਦਾ ਸੀ, ਜਿਸ ਕਰਕੇ ਉਸ ਨੇ ਆਪਣੇ ਪਿਆਰ ਨੂੰ ਉਨ੍ਹਾਂ ’ਤੇ ਭਾਰੀ ਹਾਵੀ ਕਰਕੇ ਉਨ੍ਹਾਂ ਨੂੰ ਮੇਰੇ ਤੋਂ ਖੋਹ ਲਿਆ। ਇਹ ਸੱਚ ਹੈ ਕਿ ਇਸ ਧਰਤੀ ’ਤੇ ਜੋ ਆਇਆ ਹੈ, ਉਸ ਨੇ ਇੱਕ ਨਾ ਇੱਕ ਦਿਨ ਜ਼ਰੂਰ ਚਲੇ ਜਾਣਾ। ਜੋ ਉਸ ਪ੍ਰਮਾਤਮਾ ਦਾ ਬਣਾਇਆ ਹੋਇਆ ਦਸਤੂਰ ਹੈ, ਜਿਸ ਨੂੰ ਕੋਈ ਬਦਲ ਨਹੀਂ ਸਕਦਾ। ਮੈਂ ਪ੍ਰਮਾਤਮਾ ਕੋਲ ਇਕ ਅਰਦਾਸ, ਇਕ ਜੋਦੜੀ, ਬੇਨਤੀ ਕਰਦਾ ਹਾਂ ਕਿ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਦਰਦ ਨਾ ਦੇਵੇ, ਜਿਸ ਨਾਲ ਕੋਈ ਵੀ ਇਨਸਾਨ ਆਪਣੀ ਜ਼ਿੰਦਗੀ ਹੰਝੂਆਂ ਭਰ ਕੇ ਕੱਢੇ। ਆਖਿਰ ’ਤੇ ਸਭ ਨੂੰ ਪਿਤਾ ਦਿਵਸ ਦੀ ਬਹੁਤ ਬਹੁਤ ਮੁਬਾਰਕ!

ਸੁਰਜੀਤ ਸਿੰਘ ਫਲੋਰਾ

rajwinder kaur

This news is Content Editor rajwinder kaur