‘ਡਾ. ਰਾਣਾ ਪ੍ਰੀਤ ਗਿੱਲ’ ਇੱਕ ਵੈਟਨਰੀ ਡਾਕਟਰ, ਜੋ ਕੁੜੀਆਂ ਲਈ ਉਮੀਦ ਹੈ...

06/28/2020 11:27:33 AM

ਹਰਪ੍ਰੀਤ ਸਿੰਘ ਕਾਹਲੋਂ

"ਸਤਲੁਜ ਦਰਿਆ ਦੇ ਪਾਸੇ ਪਿੰਡ ਬਘੇਲਾਂ ਮੇਰੀ ਪਹਿਲੀ ਡਿਊਟੀ ਸੀ। ਸ਼ਹਿਰ ਨਕੋਦਰ ਤੋਂ ਮਹਿਤਪੁਰ ਉੱਥੋਂ ਪਿੰਡ ਬਘੇਲਾਂ ਵੱਲ ਨੂੰ ਬੱਸ ਤੇ ਜਾਣਾ ਅਤੇ ਫਿਰ ਅੱਡੇ ਤੋਂ ਸਕੂਟਰ ਫੜ੍ਹ ਪੰਜ ਕਿਲੋਮੀਟਰ 'ਤੇ ਪਸ਼ੂਆਂ ਦੇ ਹਸਪਤਾਲ ਜਾ ਪਹੁੰਚਣਾ। ਹਸਪਤਾਲ ਦੀ ਨਵੀਂ ਬਿਲਡਿੰਗ ਸੀ ਪਰ ਪਿਛਲੇ ਸੱਤ-ਅੱਠ ਸਾਲ ਤੋਂ ਬੰਦ ਸੀ। ਪਹਿਲੇ ਮਹੀਨੇ ਤਾਂ ਪਿੰਡ ਦੇ ਲੋਕ ਉਂਝ ਹੀ ਪਸ਼ੂਆਂ ਦੇ ਹਸਪਤਾਲ ਮੈਨੂੰ ਵੇਖਣ ਲਈ ਆਉਂਦੇ ਰਹਿੰਦੇ। ਇੱਕ ਸਮੱਸਿਆ ਇਹ ਸੀ ਕਿ ਉਨ੍ਹਾਂ ਨੂੰ ਮੇਰੇ ਮਾਹਰ ਡਾਕਟਰ ਹੋਣ ਦੀ ਪਛਾਣ ਨਹੀਂ ਸੀ। ਹੌਲੀ-ਹੌਲੀ ਵਿਸ਼ਵਾਸ਼ ਬਣਿਆ। ਮੈਂ ਲੋਕਾਂ ਦੇ ਪਸ਼ੂਆਂ ਦਾ ਇਲਾਜ ਕੀਤਾ। ਪਸ਼ੂਆਂ ਦੇ ਮਾਹਰ ਡਾਕਟਰ ਵਜੋਂ ਆਪਣੀ ਪਛਾਣ ਬਣਾਈ ਅਤੇ ਅੱਜ ਮੈਨੂੰ ਬਤੌਰ ਵੈਟਨਰੀ ਅਫਸਰ 14 ਸਾਲ ਹੋ ਗਏ ਹਨ।"

ਇਹ ਤਜ਼ਰਬਾ ਮੇਰੇ ਨਾਲ ਡਾਕਟਰ ਰਾਣਾ ਪ੍ਰੀਤ ਗਿੱਲ ਸਾਂਝਾ ਕਰਦੇ ਹਨ। ਸਾਡੇ ਸਮਾਜ ਦਾ ਤਾਣਾ-ਬਾਣਾ ਬਹੁਤ ਗੁੰਝਲਦਾਰ ਹੈ। ਸਮਾਜ ਦਾ ਖਾਸ ਸੁਭਾਅ ਪਿਤਾ ਪੁਰਖੀ ਹੈ। ਇਸ ਮੁਤਾਬਕ ਕੁਝ ਕਿੱਤੇ ਵੀ ਸਾਡੀ ਸੋਚ ਵਿੱਚ ਰਵਾਇਤ ਬਣਾ ਚੁੱਕੇ ਹਨ ਕਿ ਇਹ ਕੰਮ ਬੰਦਿਆਂ ਦਾ ਹੈ ਅਤੇ ਇਹ ਕੰਮ ਜਨਾਨੀਆ ਦਾ ਹੈ। ਡਾਕਟਰ ਰਾਣਾ ਪ੍ਰੀਤ ਗਿੱਲ ਕਹਿੰਦੇ ਹਨ ਆਜ਼ਾਦ ਖਿਆਲ ਹੋਣਾ ਜ਼ਰੂਰੀ ਹੈ। ਆਪਣੇ ਅੰਦਰ ਦੀ ਆਵਾਜ਼ ’ਤੇ ਭਰੋਸਾ ਕਰੋ। ਸਮਾਜ ਅੰਦਰ ਜੜ੍ਹ ਬਣਾ ਚੁੱਕੀਆਂ ਰਵਾਇਤਾਂ ਵਿੱਚ ਤੁਸੀਂ ਉਹੋ ਵੀ ਕਰ ਸਕਦੇ ਹੋ ਜੋ ਤੁਸੀਂ ਕਰਨਾ ਚਾਹੁੰਦੇ ਹੋ। ਜੇ ਤੁਸੀਂ ਖੁਦ ਕੋਸ਼ਿਸ਼ ਕਰੋਗੇ ਲੋਕ ਵੀ ਤੁਹਾਨੂੰ ਉਹੀ ਕਬੂਲ ਕਰਨਗੇ। ਇਸ ਸਭ ਦੇ ਵਿਚਕਾਰ ਹੋਂਸਲੇ ਨਾਲ ਸਹਿਜ ਹੋਕੇ ਆਪਣੇ ਆਪ ’ਤੇ ਵਿਸ਼ਵਾਸ ਕਰਕੇ ਬੱਸ ਤੁਰਦੇ ਜਾਉ। 

ਇਤਫਾਕੀਆ ਕਿੱਤਾ : ਵੈਟਨਰੀ
ਡਾਕਟਰ ਰਾਣਾ ਪ੍ਰੀਤ ਗਿੱਲ ਪਿੰਡ ਪਹੇੜੀ ਤੋਂ ਹੈ। ਇਹ ਪਿੰਡ ਪਹਿਲਾਂ ਜ਼ਿਲ੍ਹਾ ਪਟਿਆਲੇ ਵਿਚ ਸੀ, ਜੋ ਬਾਅਦ ਵਿੱਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਹੋ ਗਿਆ। ਰਾਣਾ ਪ੍ਰੀਤ ਦੇ ਪਿਤਾ ਅੰਗਰੇਜ਼ੀ ਦੇ ਪ੍ਰੋਫੈਸਰ ਸਨ। ਇਹ 2002 ਦੇ ਸਾਲਾਂ ਦੀ ਗੱਲ ਹੈ, ਜਦੋਂ ਰਾਣਾ ਪ੍ਰੀਤ ਨੇ ਵੈਟਨਰੀ ਡਾਕਟਰ ਲਈ ਪੜ੍ਹਾਈ ਸ਼ੁਰੂ ਕੀਤੀ। ਰਾਣਾ ਪ੍ਰੀਤ ਦੱਸਦੇ ਹਨ ਕਿ ਉਦੋਂ ਸੋਚ ਸੀ ਕਿ ਵੈਟਨਰੀ ਦੀ ਵੁਕੱਤ ਵਿਦੇਸ਼ਾਂ ਵਿੱਚ ਬਹੁਤ ਹੈ, ਸੋ ਇਹ ਕੋਰਸ ਕਰ ਲੈਂਦੇ ਹਾਂ। ਪੰਜਾਬ ਵਿੱਚ ਵੈਟਨਰੀ ਕਿੱਤੇ ਨੂੰ ਨੋਬਲ ਪ੍ਰੋਫੈਸ਼ਨ ਹੋਣ ਦੇ ਬਾਵਜੂਦ ਉਹ ਨਜ਼ਰੀਆ ਨਹੀਂ ਮਿਲਦਾ। 2005 ਵਿੱਚ ਡਾਕਟਰ ਰਾਣਾ ਨੇ ਪੜ੍ਹਾਈ ਪੂਰੀ ਕੀਤੀ ਅਤੇ 2006 ਵਿੱਚ ਵੈਟਨਰੀ ਡਾਕਟਰਾਂ ਦੀਆਂ ਭਰਤੀਆਂ ਆ ਗਈਆਂ। ਡਾਕਟਰ ਰਾਣਾ ਦੱਸਦੇ ਹਨ। ਤੁਸੀਂ ਇਸ ਗੱਲ ਤੋਂ ਹੀ ਅੰਦਾਜ਼ਾ ਲਾਓ ਕਿ ਇਸ ਕਿੱਤੇ ਦਾ ਕੀ ਹਾਲ ਸੀ। ਸਾਡੇ ਬੈਚ ਤੋਂ ਪਹਿਲਾਂ ਅਜੇਹੇ ਡਾਕਟਰ ਕਤਾਰ ਵਿਚ ਸਨ, ਜਿਨ੍ਹਾਂ ਨੇ ਸਾਡੇ ਤੋਂ ਵੀ 10-15 ਸਾਲ ਪਹਿਲਾਂ ਆਪਣੀ ਪੜ੍ਹਾਈ ਪੂਰੀ ਕੀਤੀ ਸੀ। 2006 ਦੇ ਨੇੜੇ-ਤੇੜੇ ਦੇ ਇਹ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਰੋਸ ਮੁਜ਼ਾਹਰਿਆਂ ਦਾ ਭਰਿਆ ਸਾਲ ਸੀ। ਇੱਕ ਪਾਸੇ ਨੌਕਰੀਆਂ ਦਾ ਇੰਤਜ਼ਾਰ ਕਰਦੇ ਵੈਟਨਰੀ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰ ਰਹੇ ਸਨ ਜਾਂ ਉਹ ਦੁੱਧ ਵਾਲੀਆਂ ਕੰਪਨੀਆਂ ਵਿੱਚ ਨੌਕਰੀ ਕਰ ਰਹੇ ਸਨ। ਦੂਜੇ ਪਾਸੇ ਰੋਸ ਇਹ ਸੀ ਖੇਤੀਬਾੜੀ ਨਾਲ ਸਬੰਧਿਤ ਕੋਰਸਾਂ ਨੂੰ ਗ੍ਰਾਂਟਾਂ ਵੱਧ ਮਿਲਦੀਆਂ ਹਨ ਅਤੇ ਵੈਟਨਰੀ ਕੋਰਸਾਂ ਨੂੰ ਗ੍ਰਾਂਟਾਂ ਘੱਟ ਮਿਲਦੀਆਂ ਹਨ। ਅਖੀਰ ਇਨ੍ਹਾਂ ਸਾਲਾਂ ਵਿੱਚ ਹੀ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਬਣੀ। 

ਪਲੇਠੀ ਤਜ਼ਰਬਾ ਪਿੰਡ ਦਾ 
13 ਅਕਤੂਬਰ 2006 ਨੂੰ ਮੈਂ ਪਿੰਡ ਬਘੇਲਾਂ ਵਿਖੇ ਡਿਊਟੀ ’ਤੇ ਹਾਜ਼ਰ ਹੋਈ। ਸ਼ੁਰੂਆਤ ਵਿੱਚ ਮਹਿਸੂਸ ਹੋਇਆ ਕਿ ਮੈਂ ਕਿਥੇ ਆ ਗਈ ? ਮਾਪਿਆਂ ਨੇ ਹੌਂਸਲਾ ਦਿੱਤਾ, ਕੁਝ ਮੈਂ ਮਨ ਬਣਾਇਆ, ਹੁਣ ਪਿਛੇ ਨਹੀਂ ਮੁੜਨਾ। 

ਰਾਣਾ ਪ੍ਰੀਤ ਦੱਸਦੇ ਹਨ ਕਿ ਸਤਲੁਜ ਦਰਿਆ ਦੇ ਪਾਸੇ ਪੈਂਦੇ ਇਸ ਇਲਾਕੇ ਬਾਰੇ ਕਾਫੀ ਕੁਝ ਮਸ਼ਹੂਰ ਸੀ। ਇਹ ਇਲਾਕੇ ਬਾਰੇ ਸੁਣੀਂਦਾ ਸੀ ਕਿ ਅਫੀਮ ਡੋਡੇ ਅਤੇ ਦੇਸੀ ਸ਼ਰਾਬ ਦਾ ਕੰਮ ਕਾਫੀ ਹੈ। ਰਿਮੋਟ ਏਰੀਆ ਸੀ। ਪੰਚਾਇਤ ਮਹਿਕਮੇ ਦੇ ਅਧੀਨ ਰੂਰਲ ਸਰਵਿਸ ਪ੍ਰੋਵਾਈਡਰ ਦੇ ਤੌਰ 'ਤੇ ਮੈਂ ਇਥੇ ਆਈ ਸਾਂ। 2011 ਵਿਚ ਅਸੀਂ ਪੱਕੇ ਹੋਏ ਅਤੇ 2013 ਵਿੱਚ ਅਸੀਂ ਆਪਣੇ ਮੂਲ ਵਿਭਾਗ ਪਸ਼ੂ ਪਾਲਣ ਮਹਿਕਮੇ ਵਿਚ ਆ ਗਏ। 

ਹੈਲਪਰ ਚਾਚੀ
ਨੌਕਰੀ ਦੇ ਦੌਰਾਨ ਸਾਨੂੰ ਇਕ ਦਰਜਾ 4 ਮੁਲਾਜ਼ਮ ਅਤੇ ਦੂਜਾ ਫਾਰਮਸਿਸਟ ਮਿਲਿਆ ਸੀ। ਦਰਜਾ ਚਾਰ ਮੁਲਾਜ਼ਮ ਪਿੰਡ ਤੋਂ 70 ਸਾਲ ਦੇ ਬਜ਼ੁਰਗ ਸਨ। ਉਨ੍ਹਾਂ ਨੂੰ ਇਹ ਇਤਰਾਜ਼ ਹੁੰਦਾ ਸੀ ਕਿ ਮੈਨੂੰ ਨਾਮ ਨਾਲ ਨਾ ਬੁਲਾਇਆ ਜਾਵੇ ਅਤੇ ਚਾਚੀ ਕਹਿ ਸੰਬੋਧਨ ਕੀਤਾ ਜਾਵੇ। ਪਸ਼ੂਆਂ ਨੂੰ ਲੈ ਕੇ ਆਏ ਲੋਕ ਫਾਰਮਸਿਸਟ ਨੂੰ ਡਾਕਟਰ ਸਮਝਦੇ ਸਨ ਅਤੇ ਮੈਨੂੰ ਨਰਸ ਸਮਝਦੇ ਸਨ। ਬਤੌਰ ਡਾਕਟਰ ਮੈਨੂੰ ਆਪਣਾ ਆਪ ਸਾਬਤ ਕਰਨਾ ਪਿਆ। ਬਤੋਰ ਔਰਤ ਮੈਨੂੰ ਆਪਣੀ ਥਾਂ ਬਣਾਉਣੀ ਪਈ। ਮੈਂ ਸ਼ਹਿਰਾਂ ਦੀ ਪੜ੍ਹੀ ਪੱਛਮੀ ਪਹਿਰਾਵੇ ਵਿਚ ਚਲੇ ਜਾਣਾ। ਇਹ ਉਨ੍ਹਾਂ ਲੋਕਾਂ ਦਾ ਕਸੂਰ ਨਹੀਂ ਸੀ। ਹਰ ਇਲਾਕੇ ਦਾ ਆਪਣਾ ਸਲੀਕਾ ਅਤੇ ਮੁਹਾਵਰਾ ਹੁੰਦਾ ਹੈ। ਮੈਂ ਉਸ ਮੁਹਾਵਰੇ ਨੂੰ ਸਿੱਖਿਆ। ਠੇਠ ਪੰਜਾਬੀ ਜ਼ਬਾਨ ਦਾ ਮਸਲਾ ਵੀ ਸੀ। ਲੋਕਾਂ ਨੇ ਕੁੜੀ ਹੋਣ ਕਰਕੇ ਝਿਜਕਦੀਆਂ ਇਹ ਵੀ ਨਹੀਂ ਦੱਸਣਾ ਕਿ ਮੱਝ ਬੋਲੀ ਹੋਈ ਹੈ। ਅਸੀਂ ਪਾੜ੍ਹਿਆਂ ਨੇ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਪੜ੍ਹਿਆ ਸੀ। ਪਸ਼ ਦੀ ਜੇਰ ਨੂੰ ਅਸੀਂ ਪਲੇਸੈਂਟਾ ਕਹਿੰਦੇ ਸਾਂ। ਅਜਿਹੇ ਮਾਹੌਲ ਵਿਚ ਜਦੋਂ ਤੁਹਾਡਾ ਪ੍ਰੋਫੈਸ਼ਨ ਬਹੁਤ ਮੇਲ ਡੋਮੀਨੈਂਟ ਹੋਵੇ। ਆਪਣੀ ਥਾਂ ਤਲਾਸ਼ ਕਰਨੀ ਅਤੇ ਬਣਾਉਣੀ ਤੁਹਾਡਾ ਸੰਘਰਸ਼ ਹੈ। 2007 ਵਿਚ ਮੇਰਾ ਵਿਆਹ ਹੋਇਆ। 2013 ਤੋਂ ਮੈਂ ਹੁਸ਼ਿਆਰਪੁਰ ਤੋਂ ਬਤੌਰ ਵੈਟਨਰੀ ਅਫ਼ਸਰ ਸੇਵਾਵਾਂ ਨਿਭਾ ਰਹੀ ਹਾਂ। 

ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਡਾਕਟਰ ਰਾਣਾ ਇਉਂ ਦੱਸਦੇ ਹਨ ਕਿ ਜਿੰਦਗੀ ਵਿੱਚ ਪੜ੍ਹਾਈ ਦਾ ਹੋਣਾ ਬਹੁਤ ਜ਼ਰੂਰੀ ਹੈ। ਬਾਕੀ ਦੀ ਸਾਰੀ ਜ਼ਿੰਦਗੀ ਸੰਘਰਸ਼ ਦਾ ਨਾਮ ਹੈ ਅਤੇ ਆਪਣਾ ਆਪ ਸਾਬਤ ਕਰਨ ਦਾ ਸੰਘਰਸ਼ ਸਾਰੀ ਜ਼ਿੰਦਗੀ ਰਹਿੰਦਾ ਹੈ। 

ਪੰਜਾਬ ਵਿੱਚ ਦੁੱਧ ਕਾਰੋਬਾਰ ਦੀ ਨਬਜ਼
ਡਾਕਟਰ ਰਾਣਾ ਮੁਤਾਬਕ ਪੰਜਾਬ ਵਿੱਚ ਦੁੱਧ ਉਤਪਾਦਨ ਦਿਨੋਂ ਦਿਨ ਮਹਿੰਗਾ ਹੋਇਆ ਹੈ। ਦੁੱਧ ਉਤਪਾਦਨ ਵਾਈਟ ਕੌਲਰ ਨੌਕਰੀ ਨਹੀਂ ਹੈ। ਇਸ ਵਿੱਚ ਇੱਕ ਬੰਦੇ ਦਾ ਨਾਂ ਹੋਕੇ ਪੂਰੇ ਪਰਿਵਾਰ ਨੂੰ ਹੀ ਸ਼ਾਮਲ ਹੋਣਾ ਪੈਂਦਾ ਹੈ। ਏਸ ਕਾਰੋਬਾਰ ਦੀ ਤਰੱਕੀ ਤਾਂ ਹੀ ਸੰਭਵ ਹੈ। ਦੁੱਧ ਵਧਾਉਣ ਲਈ ਅਸੀਂ ਟੀਕਿਆਂ ਦਾ ਸਹਾਰਾ ਵੀ ਲੈ ਰਹੇ ਹਾਂ। ਇੰਜ ਅਸੀਂ ਪਸ਼ੂਆਂ ਦੀ ਸਿਹਤ ਨਾਲ ਸਮਝੌਤਾ ਕਰਦੇ ਹਾਂ। ਮਸਲਾ ਗੁਣਵੱਤਾ ਦਾ ਵੀ ਹੈ। ਨੌਜਵਾਨ ਆਪਣਾ ਇਹ ਕਿੱਤਾ ਅਪਣਾਉਣਾ ਨਹੀਂ ਚਾਹੁੰਦੇ। ਇੱਕ ਡਾਕਟਰ ਦੀ ਸਧਾਰਨ ਜਾਂਚ 300-500 ਰੁਪਏ ਹੁੰਦੀ ਹੈ। ਕਿਸੇ ਵੀ ਪਸ਼ੂ ਦਾ ਐਂਟੀਬਾਇਟਿਕ ਕੌਰਸ ਦੋ ਤੋਂ ਚਾਰ ਮਿਲਣੀਆਂ ਦਾ ਹੁੰਦਾ ਹੈ। ਸਬੰਧਤ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਦੁੱਧ ਉਤਪਾਦਨ ਨੂੰ ਹੁੰਗਾਰਾ ਦੇਣ ਲਈ ਇਸ ਉਤਪਾਦਨ ਦੀ ਮਹਿੰਗਾਈ ਘੱਟਾਉਣ ਬਾਰੇ ਸੋਚਣ।

ਹਰਫਾਂ ਦੇ ਸੰਗ ਲੇਖਕ ਦੇ ਰੂਪ ਵਿੱਚ
ਡਾਕਟਰ ਰਾਣਾ ਉਨ੍ਹਾਂ ਕੁੜੀਆਂ ਜਾਂ ਲੋਕਾਂ ਦੀ ਪ੍ਰੇਰਨਾ ਹੈ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਉਮੀਦ ਨਜ਼ਰ ਨਹੀਂ ਆਉਂਦੀ। ਹੁਸ਼ਿਆਰਪੁਰ ਦੇ ਪ੍ਰਸ਼ਾਸਨਿਕ ਪ੍ਰੋਗਰਾਮ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦਾ ਉਹ ਚਿਹਰਾ ਹਨ। ਹਾਲ ਹੀ ਦੇ ਵਿਚ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਗਿਆ ਹੈ। ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵੱਲੋਂ ਵੀ ਉਨ੍ਹਾਂ ਦੇ ਵੈਟਰਨਰੀ ਕਾਰਜ ਨੂੰ ਸਨਮਾਨਤ ਕੀਤਾ ਗਿਆ ਹੈ। ਡਾਕਟਰ ਰਾਣਾ ਪੰਜਾਬ ਤੋਂ ਅੰਗਰੇਜ਼ੀ ਦੇ ਨਾਵਲਕਾਰ ਹਨ। 2018 ਵਿਚ ਉਨ੍ਹਾਂ ਦੀ ਪਹਿਲੀ ਕਿਤਾਬ 'ਦੋਜ਼ ਕਾਲਜ ਈਅਰ' ਆਈ ਸੀ। ਇਸ ਤੋਂ ਬਾਅਦ ਵੀ ਡਾਕਟਰ ਰਾਣਾ ਦੋ ਕਿਤਾਬਾਂ 'ਫਾਈਡਿੰਗ ਜੂਲੀਆ' ਅਤੇ 'ਦੀ ਮਿਸ ਐਂਡਵੇਂਚਰ ਆਫ ਏ ਵੈੱਟ' ਲਿਖ ਚੁੱਕੇ ਹਨ। ਤਾਲਾਬੰਦੀ ਦੇ ਇਸ ਦੌਰ ਵਿਚ ਉਹ ਆਪਣੇ ਚੌਥੇ ਨਾਵਲ 'ਤੇ ਕੰਮ ਕਰ ਰਹੇ ਹਨ।

rajwinder kaur

This news is Content Editor rajwinder kaur