ਹੁਣ ਕੋਰੋਨਾ ਕਾਲ ’ਚ ਪੈਟਰੋਲ-ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੇ ਲੋਕ ਕੀਤੇ ਚਿੰਤਤ

06/24/2020 5:14:08 PM

ਬਿੰਦਰ ਸਿੰਘ ਖੁੱਡੀ ਕਲਾਂ
ਮੋਬ:98786-05965

ਦੇਸ਼ ’ਚ ਲਾਗੂ ਕੀਤੀ ਤਾਲਾਬੰਦੀ ਦੇ ਸ਼ੁਰੂਆਤੀ ਦਿਨਾਂ 'ਚ ਇੰਝ ਜਾਪਦਾ ਸੀ ਜਿਵੇਂ ਅਸੀਂ ਕੋਰੋਨਾ ਕਾਬੂ ਦੀ ਸੰਸਾਰ ਪੱਧਰ 'ਤੇ ਮਿਸ਼ਾਲ ਪੈਦਾ ਕਰਨ ਜਾ ਰਹੇ ਹੋਈਏ। ਪਰ ਬੀਤੇ ਕੱਲ੍ਹ ਦੀ ਸਥਿਤੀ ਅਨੁਸਾਰ ਮੁਲਕ 'ਚ ਕੋਰੋਨਾ ਪੀੜਤਾਂ ਦਾ ਅੰਕੜਾ ਸਵਾ ਚਾਰ ਲੱਖ ਤੋਂ ਉੱਪਰ ਚਲਾ ਗਿਆ ਹੈ ਅਤੇ ਮੌਤਾਂ ਦਾ ਅੰਕੜਾ ਸਾਢੇ ਸਤਾਰਾਂ ਹਜ਼ਾਰ ਦੇ ਕਰੀਬ ਹੈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਸਵਾ ਦੋ ਲੱਖ ਤੋਂ ਉੱਪਰ ਹੈ। ਮੁਲਕ 'ਚ ਕੋਰੋਨਾ ਪੀੜਤਾਂ ਦੇ ਅੰਕੜੇ 'ਚ ਇਸ ਕਦਰ ਇਜ਼ਾਫਾ ਹੋਇਆ ਹੈ ਕਿ ਮੁਲਕ ਵਿਸ਼ਵ ਪੱਧਰ 'ਤੇ ਚੌਥੇ ਸਥਾਨ 'ਤੇ ਚਲਾ ਗਿਆ ਹੈ। 

ਮੌਜੂਦਾ ਸਥਿਤੀ ਅਨੁਸਾਰ ਪੀੜਤਾਂ ਦੀ ਸਭ ਤੋਂ ਜ਼ਿਆਦਾ ਗਿਣਤੀ ਕ੍ਰਮਵਾਰ ਅਮਰੀਕਾ, ਬ੍ਰਾਜੀਲ, ਰੂਸ ਅਤੇ ਉਸ ਤੋਂ ਬਾਅਦ ਭਾਰਤ ਦਾ ਸਥਾਨ ਆ ਗਿਆ ਹੈ।

ਮੌਤਾਂ ਦੀ ਗਿਣਤੀ ਦੇ ਹਿਸਾਬ ਨਾਲ ਵਿਸ਼ਵ 'ਚ ਸਾਡੇ ਮੁਲਕ ਦੀ ਸਥਿਤੀ ਤੀਜੀ ਹੈ। ਰੂਸ 'ਚ ਠੀਕ ਹੋਣ ਦੀ ਦਰ ਸਾਡੇ ਮੁਲਕ ਨਾਲੋਂ ਵੀ ਜ਼ਿਆਦਾ ਹੈ। ਰੂਸ 'ਚ ਪੀੜਤਾਂ ਦੀ ਗਿਣਤੀ ਪੌਣੇ ਛੇ ਲੱਖ ਦੇ ਕਰੀਬ ਹੈ, ਜਦਕਿ ਮੌਤਾਂ ਦਾ ਅੰਕੜਾ ਸਿਰਫ ਅੱਠ ਹਜ਼ਾਰ ਹੈ। ਸਾਡੇ ਮੁਲਕ 'ਚ ਸਵਾ ਚਾਰ ਲੱਖ ਪੀੜਤ ਲੋਕਾਂ ਦੇ ਅੰਕੜੇ ਪਿੱਛੇ ਸਾਢੇ ਤੇਰਾਂ ਹਜ਼ਾਰ ਤੋਂ ਜ਼ਿਆਦਾ ਲੋਕ ਜਾਨ ਤੋਂ ਹੱਥ ਧੋ ਬੈਠੇ ਹਨ। ਮੁਲਕ ਦੀ ਸੂਬਿਆਂ ਅਨੁਸਾਰ ਸਥਿਤੀ ਵੇਖੀ ਜਾਵੇ ਤਾਂ ਸਾਡੇ ਸੂਬੇ ਦੀ ਸਥਿਤੀ ਵੀ ਬਹੁਤੀ ਤਸ਼ੱਲੀਖਸ ਨਹੀਂ ਰਹੀ। ਰੋਜ਼ਾਨਾਂ ਪੀੜਤਾਂ ਦੀ ਗਿਣਤੀ ਵਿੱਚ ਇਜ਼ਾਫਾ ਹੋ ਰਿਹਾ ਹੈ। ਮੌਤਾਂ ਦਾ ਅੰਕੜਾਂ ਵੀ ਰੋਜ਼ਾਨਾ ਇਜ਼ਾਫੇ ਵੱਲ੍ਹ ਜਾ ਰਿਹਾ ਹੈ।

ਗਲਵਾਨ ਘਾਟੀ ਦੇ ਯੋਧੇ : ‘ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ’

ਮੁਲਕ 'ਚ ਕੋਰੋਨਾ ਦਾ ਵਧਦਾ ਕਹਿਰ ਚਿੰਤਾ ਦਾ ਵਿਸ਼ਾ ਹੈ। ਚਿੰਤਾ ਦਾ ਵਿਸ਼ਾ ਇਸ ਲਈ ਹੈ ਕਿ ਸਾਡਾ ਮੁਲਕ ਸੰਘਣੀ ਆਬਾਦੀ ਵਾਲਾ ਖੇਤਰ ਹੈ। ਇੱਥੇ ਪੀੜਤਾਂ ਦੀ ਗਿਣਤੀ 'ਚ ਇਜ਼ਾਫਾ ਅਮਰ ਵੇਲ ਵਾਂਗ ਹੋਣਾ ਹੈ। ਦੂਜੇ ਸਾਡੇ ਮੁਲਕ ਦੀਆਂ ਸਿਹਤ ਸੁਵਿਧਾਵਾਂ ਵੀ ਕਿਸੇ ਅਣਸੁਖਾਵੀਂ ਸਥਿਤੀ ਨਾਲ ਨਿਪਟਣ ਲਈ ਤਸ਼ੱਲੀਬਖਸ਼ ਨਹੀਂ ਹਨ। ਹਸਪਤਾਲਾਂ 'ਚ ਮਰੀਜ਼ਾਂ ਦੀ ਇੱਥੋਂ ਤੱਕ ਕਿ ਮ੍ਰਿਤਕਾਂ ਦੀ ਹੋ ਰਹੀ ਦੁਰਗਤੀ ਅਕਸਰ ਅਖਬਾਰਾਂ ਦੀਆਂ ਸੁਰਖੀਆ ਦਾ ਹਿੱਸਾ ਬਣਦੀ ਰਹਿੰਦੀ ਹੈ। ਮੁਲਕ 'ਚ ਕੋਰੋਨਾ ਦੇ ਹੋ ਰਹੇ ਇਜ਼ਾਫੇ ਨੇ ਹਰ ਸੂਝਵਾਨ ਨਾਗਰਿਕ ਨੂੰ ਚਿੰਤਤ ਕੀਤਾ ਹੋਇਆ ਹੈ। ਕੋਰੋਨਾ ਦੇ ਵਧਦੇ ਕੇਸਾਂ ਨਾਲ ਲੋਕਾਂ ਨੂੰ ਜਾਨ ਦੀ ਬਣੀ ਹੋਈ ਹੈ। ਅਨਲਾਕ ਦੇ ਚੱਲਦਿਆਂ ਕੰਮ ਧੰਦਿਆਂ ਲਈ ਬਾਹਰ ਜਾਣ ਅਤੇ ਲੋਕਾਂ ਦਾ ਆਪਸੀ ਸੰਪਰਕ ਵਧਣ ਨਾਲ ਖਤਰਾ ਦਿਨ ਪ੍ਰਤੀ ਦਿਨ ਵਧਦਾ ਪ੍ਰਤੀਤ ਹੋ ਰਿਹਾ ਹੈ।

ਇੱਧਰ ਜਿੱਥੇ ਕੋਰੋਨਾ ਪੀੜਤਾਂ ਦੇ ਲਗਾਤਾਰ ਵਧਦੇ ਅੰਕੜੇ ਨਾਲ ਲੋਕਾਂ ਦੀ ਜਾਨ ਖਤਰੇ 'ਚ ਪੈ ਰਹੀ ਹੈ, ਉੱਥੇ ਦੂਜੇ ਪਾਸੇ ਕੋਰੋਨਾ ਵਾਂਗ ਹੀ ਨਿੱਤ ਵਧਦੀਆਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਨੇ ਲੋਕਾਂ ਦੀ ਜੇਬ ਲਈ ਖਤਰਾ ਖੜ੍ਹਾ ਕਰ ਦਿੱਤਾ ਹੈ। ਸਰਕਾਰਾਂ ਆਪਣੀ ਆਰਥਿਕਤਾ ਨੂੰ ਪੈਰਾਂ ਸਿਰ ਕਰਨ ਲਈ ਆਮ ਲੋਕਾਂ ਦੀ ਜੇਬ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀਆਂ ਹਨ। ਅਨਲਾਕ ਦੀ ਸ਼ੁਰੂਆਤ ਤੋਂ ਲੈ ਕੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਰੋਜ਼ਾਨਾ ਕੀਮਤ ਨਿਰਧਾਰਤ ਹੋਣ ਦੀ ਵਿਧੀ ਅਨੁਸਾਰ ਆਮ ਲੋਕਾਂ ਨੂੰ ਦਿਨ ਚੜ੍ਹਦੇ ਹੀ ਡੀਜ਼ਲ ਅਤੇ ਪੈਟਰੋਲ ਕੀਮਤਾਂ 'ਚ ਵਾਧੇ ਦਾ ਸੁਨੇਹਾ ਮਿਲਦਾ ਹੈ। 

ਕਾਲੇ ਹੋਏ ਭਾਂਡਿਆਂ ਨੂੰ ਮੁੜ ਤੋਂ ਚਮਕਾਉਣ ਲਈ ਵਰਤੋ ਇਹ ਨੁਸਖ਼ੇ, ਹੋਣਗੇ ਲਾਹੇਵੰਦ ਸਿੱਧ

ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ 'ਚ ਰੋਜ਼ਾਨਾ ਇਜ਼ਾਫਾ ਕਰਕੇ ਲੋਕਾਂ ਦੀ ਜੇਬ 'ਤੇ ਉਸ ਸਮੇਂ ਭਾਰ ਪਾਇਆ ਜਾ ਰਿਹਾ ਹੈ ਜਦੋਂ ਆਮ ਲੋਕ ਸਰਕਾਰਾਂ ਕੋਲੋ ਰਾਹਤ ਦੀ ਉਮੀਦ ਲਗਾਈ ਬੈਠੇ ਹਨ। ਲੋਕਾਂ ਨੂੰ ਉਮੀਦ ਹੈ ਕਿ ਸਰਕਾਰ ਉਹਨਾਂ ਦੀਆਂ ਜੇਬਾਂ ਦੀ ਰਖਵਾਲੀ ਲਈ ਕੋਈ ਨਾ ਕੋਈ ਕਦਮ ਜਰੂਰ ਉਠਾਏਗੀ ਪਰ ਇਹ ਉਮੀਦ ਨਿਰੀ ਉਮੀਦ ਹੀ ਬਣਕੇ ਰਹਿੰਦੀ ਜਾਪ ਰਹੀ ਹੈ। ਆਮ ਲੋਕ ਤਹਿਸ ਨਹਿਸ ਹੋਈ ਆਰਥਿਕਤਾ ਦਾ ਕਹਿਰ ਹੰਢਾਉਣ ਲਈ ਮਜੂਰ ਹਨ।

ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ 'ਚ ਇਜ਼ਾਫਾ ਹੋ ਵੀ ਉਸ ਸਮੇਂ ਰਿਹਾ ਹੈ ਜਦੋਂ ਪੂਰੇ ਵਿਸ਼ਵ 'ਚ ਇਨ੍ਹਾਂ ਪਦਾਰਥਾਂ ਦੀ ਕੀਮਤਾਂ ਪਾਣੀ ਤੋਂ ਵੀ ਹੇਠਾਂ ਦੱਸੀਆਂ ਜਾ ਰਹੀਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪਾਣੀ ਤੋਂ ਵੀ ਸਸਤੇ ਮੁੱਲ 'ਤੇ ਖਰੀਦਿਆ ਜਾ ਰਿਹਾ ਡੀਜ਼ਲ ਪੈਟਰੋਲ ਆਮ ਲੋਕਾਂ ਲਈ ਇੰਨ੍ਹਾਂ ਜ਼ਿਆਦਾ ਮਹਿੰਗਾ ਹੋਣ ਦਾ ਕਾਰਨ ਟੈਕਸਾਂ ਦਾ ਭਾਰ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਪਦਾਰਥਾਂ 'ਤੇ ਟੈਕਸ ਲਗਾਉਣ ਦੇ ਮਾਮਲੇ 'ਚ ਸਾਡੀਆਂ ਸਰਕਾਰਾਂ ਵਿਸ਼ਵ ਪੱਧਰ 'ਤੇ ਮੋਹਰੀ ਹਨ। ਤੇਲ ਪਦਾਰਥਾਂ 'ਤੇ ਟੈਕਸਾਂ ਦੇ ਮਾਮਲੇ 'ਚ ਰਾਜ ਸਰਕਾਰਾਂ ਵੀ ਚੰਗੇ ਹੱਥ ਰੰਗਦੀਆਂ ਪ੍ਰਤੀਤ ਹੋ ਰਹੀਆਂ ਹਨ। ਦਰਅਸਲ ਤੇਲ ਕੰਪਨੀਆਂ ਸਰਕਾਰੀ ਸ਼ਹਿ 'ਤੇ ਅਮ ਲੋਕਾਂ ਦੀਆਂ ਜੇਬਾਂ 'ਤੇ ਅੱਖ ਰੱਖ ਕੇ ਆਪਣੀ ਆਰਥਿਕਤਾ ਨੂੰ ਪੈਰਾਂ ਸਿਰ ਕਰਨ ਲੱਗੀਆਂ ਹੋਈਆਂ ਹਨ।

ਇਤਿਹਾਸ ਦਾ ਬੇਮਿਸਾਲ ਸਾਕਾ;ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ

ਤਾਲਾਬੰਦੀ ਪਾਬੰਦੀਆਂ ਦੇ ਚੱਲਦਿਆਂ ਤੇਲ ਕੰਪਨੀਆਂ ਨੂੰ ਭਾਰੀ ਘਾਟਾ ਪੈਣ ਦੀਆਂ ਖਬਰਾਂ ਅਕਸਰ ਅਖਬਾਰਾਂ 'ਚ ਪੜ੍ਹਨ ਸੁਣਨ ਨੂੰ ਮਿਲਦੀਆਂ ਰਹੀਆਂ ਹਨ। ਡੀਜ਼ਲ ਅਤੇ ਪੈਟਰੋਲ ਦੀ ਖਪਤ 'ਚ ਆਈ ਭਾਰੀ ਗਿਰਾਵਟ ਨੇ ਤੇਲ ਕੰਪਨੀਆਂ ਦੀ ਆਰਥਿਕਤਾ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆਂ ਹਨ।ਪਰ ਹੁਣ ਕੀਮਤਾਂ 'ਚ ਪ੍ਰਤੀ ਦਿਨ ਹੋ ਰਿਹਾ ਇਜ਼ਾਫਾ ਮਹਿੰਗਾਈ ਦਾ ਅਜਿਹਾ ਸਬੱਬ ਬਣੇਗਾ ਕਿ ਆਮ ਲੋਕਾਂ ਦੀ ਆਰਥਿਕਤਾ ਦੀਆਂ ਚੂਲਾਂ ਹਿਲਦਿਆਂ ਦੇਰ ਨਹੀਂ ਲੱਗੇਗੀ।ਇਸ ਮਹਿੰਗਾਈ ਦਾ ਕਿਸਾਨਾਂ ਦੀ ਆਰਥਿਕਤਾ 'ਤੇ ਬਹੁਤ ਮਾਰੂ ਅਸਰ ਪੈਣ ਦੀਆਂ ਸੰਭਾਵਨਾਵਾਂ ਖੜ੍ਹੀਆਂ ਹੋ ਗਈਆਂ ਹਨ।

ਬੜੇ ਅਫਸੋਸ ਵਾਲੀ ਗੱਲ ਹੈ ਕਿ ਸਰਕਾਰਾਂ ਆਮ ਲੋਕਾਂ ਦੀ ਆਰਥਿਕਤਾ ਦੀ ਕੀਮਤ 'ਤੇ ਖੁਦ ਦੀ ਆਰਥਿਕਤਾ ਮਜਬੂਤ ਕਰਨ ਵਿੱਚ ਮਸਰੂਫ ਹਨ। ਵਿਸ਼ਵ ਦੀਆਂ ਸਾਰੀਆਂ ਸਰਕਾਰਾਂ ਵੱਲੋਂ ਇਸ ਸੰਕਟ ਸਮੇਂ ਆਪਣੇ ਨਾਗਰਿਕਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਾਡੇ ਮੁਲਕ 'ਚ ਆਮ ਲੋਕਾਂ ਦੀਆਂ ਜੇਬਾਂ ਨੂੰ ਲਗਾਤਾਰ ਨਿਸ਼ਾਨਾ ਬਣਾਕੇ ਸਰਕਾਰੀ ਖਜ਼ਾਨੇ ਨੂੰ ਖੁਸ਼ਹਾਲ ਕਰਨ ਦੀਆਂ ਕੋਸ਼ਿਸ਼ਾਂ ਦਾ ਦੌਰ ਜਾਰੀ ਹੈ। ਸਵਾਲਾਂ ਦਾ ਸਵਾਲ ਹੈ ਕਿ ਆਖਿਰ ਕਦੋਂ ਸਾਡੀਆਂ ਸਰਕਾਰਾਂ ਆਮ ਲੋਕਾਂ ਦੀ ਆਰਥਿਕਤਾ ਦਾ ਫਿਕਰ ਕਰਨਾ ਸ਼ੁਰੂ ਕਰਨਗੀਆਂ? 

ਭਾਰਤੀ-ਚੀਨ ਸਰਹੱਦ ’ਤੇ ਸ਼ਹੀਦੀ ਪਹਿਰੇ ਦਾ ਸੂਰਮਾ : ਬਾਬਾ ਹਰਭਜਨ ਸਿੰਘ

rajwinder kaur

This news is Content Editor rajwinder kaur