ਕੋਰਨਾ ਤੋਂ ਬਚਾਅ ਦੇ ਨਾਲ-ਨਾਲ ਲੂ ਤੋਂ ਵੀ ਬਚਣ ਦੀ ਲੋੜ

06/16/2020 4:35:14 PM

ਕੋਰੋਨਾ ਦੇ ਦੌਰ ਵਿੱਚ ਤਾਲਾਬੰਦੀ ਤੋਂ ਤਾਂ ਲੋਕਾਂ ਨੂੰ ਕਾਫੀ ਰਾਹਤ ਮਿਲ ਗਈ ਹੈ ਪਰ ਨਾਲ ਹੀ ਮੌਸਮ ਦੇ ਬਦਲੇ ਮਿਜ਼ਾਜ ਨੇ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਦੇ ਚੱਲਦੇ ਇਸ ਸਾਲ ਸਾਡੀ ਜ਼ਿੰਦਗੀ ਹੀ ਬਦਲ ਗਈ। ਕਿੱਥੇ ਇਨ੍ਹਾਂ ਦਿਨਾਂ ਵਿੱਚ ਅਸੀਂ ਸਾਰੇ ਗਰਮੀ ਤੋਂ ਬਚਣ ਦੇ ਲਈ ਕਿਸੇ ਹਿੱਲ ਸਟੇਸ਼ਨ ’ਤੇ ਜਾਣ ਦੀ ਤਿਆਰੀ ਕਰਿਆ ਕਰਦੇ ਸੀ। ਗਰਮੀ ਦੇ ਕਾਰਨ ਬਾਜ਼ਾਰਾਂ ਵਿੱਚ ਰੌਣਕ ਉਂਜ ਹੀ ਘੱਟ ਹੁੰਦੀ ਸੀ, ਠੰਢੇ ਸ਼ਰਬਤ ਨਾਲ ਘਰ ਵਿੱਚ ਮਹਿਫਲਾਂ ਸਜਦੀਆਂ ਸਨ ਅਤੇ ਨਾਲ ਹੀ ਘਰੋਂ ਬਾਹਰ ਨਿਕਲਣਾ ਆਪਣੇ ਆਪ ਵਿੱਚ ਹੀ ਇੱਕ ਜੰਗ ਵਿੱਚ ਭਾਗ ਲੈਣਾ ਲੱਗਦਾ ਸੀ। ਪਰ ਕੁਦਰਤ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਨਹੀਂ ਭੁੱਲੀ। ਸਾਡੇ ਹਾਲਾਤ ਤਾਂ ਇੰਝ ਹੋ ਗਏ ਹਨ ਕਿ ਇਕ ਲੰਬੇ ਸਮੇਂ ਤੋਂ ਬਾਅਦ ਘਰ ਵਿੱਚੋਂ ਨਿਕਲਣ ਦਾ ਮੌਕਾ ਮਿਲਿਆ ਪਰ ਗਰਮੀ ਦੀ ਐਂਟਰੀ ਤੋਂ ਬਾਹਰ ਇੱਕ ਹੋਰ 'ਨੋ ਐਂਟਰੀ' ਦਾ ਬੋਰਡ ਲੱਗ ਗਿਆ, ਜਿਸ ਉੱਤੇ ਲਿਖਿਆ ਹੈ "ਕੋਰੋਨਾ ਤੋਂ ਘੱਟ ਨਾ ਸਮਝਣਾ "। 45 ਡਿਗਰੀ ਪਾਰ ਕਰ ਚੁੱਕੀ ਅੱਗ ਵਰਾਉਂਦੀ ਗਰਮੀ ਇਹੀ ਗੱਲ ਕਹਿ ਰਹੀ ਹੈ ।

ਗਰਮ ਹਵਾਵਾਂ ਸਾਡੀ ਤ੍ਰੇਹ (ਪਿਆਸ) ਵਧਾਉਣ ਦੇ ਨਾਲ-ਨਾਲ ਸਾਡੇ ਸਰੀਰ ਖਾਸ ਕਰਕੇ ਅੱਖਾਂ ਅਤੇ ਚਮੜੀ ਨੂੰ ਪੂਰੀ ਤਰ੍ਹਾਂ ਝੁਲਸਾ ਦਿੰਦੀ ਹੈ। ਜ਼ਿਆਦਾ ਗਰਮੀ ਹੋਣ ’ਤੇ ਸਾਡਾ ਸਰੀਰ ਪਸੀਨੇ ਦੇ ਰੂਪ ਵਿੱਚ ਗਰਮੀ ਬਾਹਰ ਕੱਢਦਾ ਹੈ ਅਤੇ ਤਾਪਮਾਨ ਨੂੰ ਨਿਯੰਤਰਿਤ ਰੱਖਦਾ ਹੈ। ਜਿਸ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇੱਕ ਨਿਸ਼ਚਿਤ ਸੀਮਾ ਤੋਂ ਬਾਅਦ ਸਾਡੇ ਸਰੀਰ ਦਾ ਇਹ ਸਿਸਟਮ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਸਰੀਰ ਬਾਹਰ ਦੇ ਤਾਪਮਾਨ ਦੇ ਸਮਾਨ ਗਰਮ ਹੋ ਜਾਂਦਾ ਹੈ। ਜਿਸ ਨੂੰ ਲੂ ਲੱਗਣਾ ਕਹਿੰਦੇ ਜਾਂ ਫਿਰ ਹੀਟ ਸਟ੍ਰੋਕ ਕਹਿੰਦੇ ਹਨ। 

ਆਮ ਤੌਰ ’ਤੇ ਲੋਕ ਇਸਨੂੰ ਹਲਕੇ ਵਿਚ ਲੈਂਦੇ ਹਨ ਅਤੇ ਮੰਨਦੇ ਹਨ ਕਿ ਉਨ੍ਹਾਂ ਨੂੰ ਲੂ ਲੱਗ ਹੀ ਨਹੀਂ ਸਕਦੀ ਪਰੰਤੂ ਇੱਕ ਰਿਪੋਰਟ ਦੇ ਅਨੁਸਾਰ ਲੂ ਲੱਗਣਾ 'ਹੀਟ ਸਟ੍ਰੋਕ' ਇੰਨੀ ਖਤਰਨਾਕ ਬੀਮਾਰੀ ਹੈ ਕਿ ਪੂਰੇ ਇਲਾਜ ਤੋਂ ਬਾਅਦ ਵੀ ਲਗਭਗ 63 ਫੀਸਦੀ ਲੋਕ ਇਸ ਤੋਂ ਮਰ ਹੀ ਜਾਂਦੇ ਹਨ ।ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਮੋਟਾਪੇ ਤੋਂ ਪੀੜਤ ਲੋਕ, ਦਿਲ ਦੇ ਮਰੀਜ਼, ਸਰੀਰਕ ਰੂਪ ਨਾਲ ਕਮਜ਼ੋਰ ਲੋਕ ਤੇ ਕੁਝ ਵਿਸ਼ੇਸ਼ ਦਵਾਈਆਂ, ਜਿਨ੍ਹਾਂ ਦਾ ਸਰੀਰ ਦੇ ਰਸਾਇਣਾਂ ਜਾਂ ਖੂਨ ਦੀਆਂ ਨਾਲੀਆਂ ’ਤੇ ਅਸਰ ਪੈਂਦਾ ਹੈ, ਨੂੰ ਖਾਣ ਵਾਲੇ ਲੋਕਾਂ ਨੂੰ ਗਰਮੀ ਲੱਗਣ ਦੇ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈ। ਇਸ ਦੇ ਇਲਾਵਾ ਮਜ਼ਦੂਰ ਵਰਗ, ਦਿਹਾੜੀਦਾਰ ਅਤੇ ਬੇਘਰ ਹੋ ਕੇ ਸੜਕਾਂ ਤੇ ਰੇਲਵੇ ਸਟੇਸ਼ਨਾਂ ਉੱਤੇ ਰਹਿਣ ਵਾਲੇ ਲੋਕੀਂ ਇਸ ਦਾ ਜਲਦੀ ਸ਼ਿਕਾਰ ਬਣ ਜਾਂਦੇ ਹਨ।

ਗਰਮੀ ਜਾਂ ਲੂ ਲੱਗਣ ਦੇ ਲੱਛਣ :-

1. ਅੱਖਾਂ ਦੇ ਸਾਹਮਣੇ ਹਨੇਰਾ ਛਾ ਜਾਣਾ ।
2. ਚੱਕਰ ਖਾ ਕੇ ਡਿੱਗ ਪੈਣਾ ।
3. ਬੇਚੈਨੀ ਅਤੇ ਘਬਰਾਹਟ ।
4. ਹਲਕਾ ਜਾਂ ਤੇਜ਼ ਬੁਖਾਰ ।
5. ਜੀਅ ਖਰਾਬ ਹੋਣਾ ।
6. ਲੋੜ ਤੋਂ ਜ਼ਿਆਦਾ ਪਿਆਸ ਲੱਗਣਾ ।
7. ਸਿਰ ਵਿਚ ਤੇਜ਼ ਦਰਦ ਹੋਣਾ ।
8. ਕਮਜ਼ੋਰੀ ਮਹਿਸੂਸ ਹੋਣਾ ।

ਲੂ ਲੱਗਣ ਵਿੱਚ ਮਰੀਜ਼ ਨੂੰ ਪਸੀਨਾ ਆਉਂਦੇ ਰਹਿਣਾ ਇੱਕ ਵਧੀਆ ਲੱਛਣ ਹੈ ,ਇਸ ਨਾਲ ਸਰੀਰ ਦਾ ਤਾਪਮਾਨ ਸਥਿਰ ਰਹਿੰਦਾ ਹੈ ।

ਖ਼ਤਰਨਾਕ ਸਥਿਤੀ :- 

1. ਤੇਜ਼ ਬੁਖਾਰ, ਜੋ 40 ਡਿਗਰੀ ਸੈਲਸੀਅਸ ਜਾਂ 104-105 ਡਿਗਰੀ ਫਾਰਨਹਾਈਟ ਤੋਂ ਜ਼ਿਆਦਾ ਹੋਵੇ ।
2. ਸਰੀਰ ਦੇ ਗਰਮ ਹੋਣ ਉੱਤੇ ਪਸੀਨਾ ਆਉਣਾ ਬੰਦ ਹੋ ਜਾਵੇ ਅਤੇ ਚਮੜੀ ਰੁੱਖੀ ਰੁੱਖੀ ਹੋ ਜਾਵੇ ।
3. ਮਰੀਜ਼ ਦਾ ਬੇਹੋਸ਼ ਹੋ ਜਾਣਾ ਘਬਰਾਹਟ ਹੀ ਘਬਰਾਹਟ ਵਿੱਚ ਹੋਣਾ ਆਂ ਪਾਗਲਾਂ ਵਰਗਾ ਵਿਵਹਾਰ ਕਰਨ ਲੱਗ ਪੈਣਾ । 

ਲੂ ਦੇ ਲੱਛਣ ਨਜ਼ਰ ਆਉਣ ਤੇ ਕੀ ਕੀਤਾ ਜਾਵੇ :- 

1. ਵਿਅਕਤੀ ਨੂੰ ਛਾਵੇਂ ਥਾਂ ਤੇ ਬਿਠਾ ਦਿੱਤਾ ਜਾਵੇ ।
2. ਵਿਅਕਤੀ ਦੇ ਕੱਪੜੇ ਢਿੱਲੇ ਕਰ ਦਿੱਤੇ ਜਾਣ ।
3. ਵਿਅਕਤੀ ਨੂੰ ਪੀਣ ਲਈ ਕੁਝ ਤਰਲ ਪਦਾਰਥ ਦਿੱਤਾ ਜਾਵੇ ।
4. ਸਰੀਰ ਦੇ ਤਾਪਮਾਨ ਨੂੰ ਘੱਟ ਕਰਨ ਦੇ ਲਈ ਠੰਢੇ ਪਾਣੀ ਦੀਆਂ ਪੱਟੀਆਂ ਕੀਤੀਆਂ ਜਾਣ ।
5. ਠੰਡੇ ਪਾਣੀ ਨਾਲ ਭਰੇ ਬਾਥਟੱਬ ਵਿੱਚ ਮਰੀਜ਼ ਨੂੰ ਗਲੇ ਤੱਕ ਲਿਟਾਇਆ ਜਾ ਸਕਦਾ ਹੈ ।
6. ਬੁਖਾਰ ਨੂੰ ਘੱਟ ਕਰਨ ਦੇ ਲਈ ਆਮ ਦਵਾਈਆਂ ਦਾ ਪ੍ਰਯੋਗ ਨਾ ਕੀਤਾ ਜਾਵੇ ।
7. ਮਰੀਜ਼ ਨੂੰ ਜਿੰਨੀ ਜਲਦੀ ਹੋ ਸਕੇ ਹਸਪਤਾਲ ਲੈ ਕੇ ਜਾਇਆ ਜਾਵੇ ।

  ਗਰਮੀ 'ਚ ਲੂ ਤੋਂ ਬਚਣ ਦੇ ਲਈ ਕੀ ਕੀਤਾ ਜਾਵੇ :-

1. ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਹੋਏ ਤਾਂ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਤਾ ਜਾਵੇ ।
2. ਸੂਤੀ ਅਤੇ ਆਰਾਮਦਾਇਕ ਕੱਪੜੇ ਪਾ ਕੇ ਅਤੇ ਸਿਰ ਨੂੰ ਢੱਕ ਕੇ ਰੱਖਿਆ ਜਾਵੇ ।
3. ਤਰਲ ਪਦਾਰਥਾਂ ਜਿਵੇਂ ਪਾਣੀ, ਲੱਸੀ, ਓ.ਆਰ.ਐੱਸ ਦੇ ਘੋਲ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ ।
4. ਦੁਪਹਿਰ ਦੇ ਵੇਲੇ ਘਰ ਤੋਂ ਬਾਹਰ ਲੋੜ ਪੈਣ ’ਤੇ ਹੀ ਨਿਕਲਿਆ ਜਾਵੇ ।

 ਕੀ ਨਾ ਕੀਤਾ ਜਾਵੇ :-

1. ਖਾਲੀ ਪੇਟ ਘਰੋਂ ਬਾਹਰ ਨਾ ਨਿਕਲਿਆ ਜਾਵੇ ।
2. ਪਾਣੀ ਹਮੇਸ਼ਾ ਆਪਣੇ ਨਾਲ ਰੱਖਿਆ ਜਾਵੇ ।
3. ਜ਼ਿਆਦਾ ਮਿਰਚ ਅਤੇ ਮਸਾਲੇਦਾਰ ਭੋਜਨ ਤੋਂ ਪ੍ਰਹੇਜ਼ ਕੀਤਾ ਜਾਵੇ ।
4. ਕੁਲਰ ਜਾਂ ਏ.ਸੀ ਵਿੱਚ ਬੈਠਣ ਤੋਂ ਬਾਅਦ ਇੱਕ ਦਮ ਧੁੱਪ ਵਿੱਚ ਨਾ ਨਿਕਲਿਆ ਜਾਵੇ ।

ਕੁਝ ਲੋਕਾਂ ਦਾ ਮੰਨਣਾ ਸੀ ਕਿ ਗਰਮੀ ਆਉਣ ਤੇ ਕੋਰੋਨਾ ਵਾਇਰਸ ਖਤਮ ਹੋ ਜਾਵੇਗਾ, ਇਸ ਦਾ ਵਿਨਾਸ਼ ਹੋ ਜਾਵੇਗਾ। ਅਜਿਹਾ ਹੁੰਦਾ ਤਾਂ ਨਜ਼ਰ ਨਹੀਂ ਆ ਰਿਹਾ ਪਰ ਕੋਰੋਨਾ ਵਾਇਰਸ ਤੋਂ ਬੱਚਦੇ-ਬੱਚਦੇ ਕਿਤੇ ਅਸੀਂ ਗਰਮੀ ਦਾ ਸ਼ਿਕਾਰ ਹੀ ਨਾ ਹੋ ਜਾਈਏ। ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀ ਹਿਦਾਇਤਾਂ ਦਾ ਪਾਲਣ ਕਰਦੇ ਹੋਏ ਘਰ ਵਿੱਚ ਰਹੋ, ਸੁਰੱਖਿਅਤ ਰਹੋ ਤੇ ਸਵਸਥ ਰਹੋ । 

PunjabKesari

ਮਨਬੀਰ ਸਿੰਘ, 
ਬੀ.ਈ.ਈ, ਸੀ.ਐੱਚ.ਸੀ ਵਹਾਬਵਾਲਾ, 
ਸਿਹਤ ਵਿਭਾਗ, ਜ਼ਿਲ੍ਹਾ ਫ਼ਾਜ਼ਿਲਕਾ । 
9417328603 


rajwinder kaur

Content Editor

Related News