#saalbhar60 ਮੁਹਿੰਮ ਦੇ ਸੰਗ ਆਪਣੀ ਆਬੋ-ਹਵਾ ਪ੍ਰਤੀ ਜਾਗਰੂਕ ਕਰਨ ਦਾ ਤਹੱਈਆ

06/06/2020 12:27:01 PM

2019 ਦੀ ਆਲਮੀ ਤਪਸ਼ ਨੂੰ ਲੈਕੇ ਦਿੱਤੀ ਗ੍ਰੇਟਾ ਥਨਬਰਗ ਦੀ ਮਸ਼ਹੂਰ ਤਕਰੀਰ ਦੌਰਾਨ ਨਾਲ ਸੀ ਰਿਧੀਮਾ ਪਾਂਡੇ 

ਹਰਪ੍ਰੀਤ ਸਿੰਘ ਕਾਹਲੋਂ

ਉਤਰਾਖੰਡ ਦੇ ਹਰਿਦੁਆਰ ਤੋਂ ਰਿਧੀਮਾ ਪਾਂਡੇ 12 ਸਾਲ ਦੀ ਉਮਰ ਵਿੱਚ ਉਹ ਆਬੋ-ਹਵਾ ਕਾਰਕੁੰਨ ਹੈ, ਜੋ ਤਾਲਾਬੰਦੀ ਦੇ ਇਸ ਮਾਹੌਲ ਵਿਚ ਭਾਰਤ ਵਾਸੀਆਂ ਨੂੰ ਸਾਫ਼ ਆਬੋ-ਹਵਾ ਲਈ ਪ੍ਰੇਰਿਤ ਕਰ ਰਹੀ ਹੈ। 

ਰਿਧੀਮਾ ਪਾਂਡੇ ਨੇ ਇਨ੍ਹਾਂ ਦਿਨਾਂ ਵਿਚ #saalbhar60 ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਵਿਚ ਰਿਧੀਮਾ ਦਾ ਕਹਿਣਾ ਹੈ ਸਾਰੇ ਆਪੋ ਆਪਣੇ ਸ਼ਹਿਰ ਲਈ ਸਾਫ਼ ਆਬੋ-ਹਵਾ ਸਰਕਾਰਾਂ ਤੋਂ ਮੰਗੋ। ਇਸ ਲਈ ਤੁਸੀਂ ਆਪਣੇ ਸ਼ਹਿਰ ਦਾ ਨਾਮ ਲਿਖ਼ ਤਖ਼ਤੀ ਫ਼ੜਕੇ ਫ਼ੋਟੋ ਖਿ਼ੋਚੋ ਅਤੇ ਆਪਣੀਆਂ ਸੋਸ਼ਲ ਸਾਈਟਾਂ ’ਤੇ ਪਾਓ। 

ਰਿਧੀਮਾ ਨੌਵੀਂ ਜਮਾਤ ਦੀ ਸਿੱਖਿਆਰਥੀ ਹੈ। ਆਲਮੀ ਤਪਸ਼, ਪ੍ਰਦੂਸ਼ਿਤ ਆਬੋ-ਹਵਾ, ਬਦਲ ਰਿਹਾ ਵਾਤਾਵਰਨ ਜਿਹੇ ਮੁੱਦਿਆਂ ਨੂੰ ਲੈ ਕੇ ਰਿਧੀਮਾ 2017 ਤੋਂ ਸਰਗਰਮ ਹੈ। ਰਿਧਿਮਾ ਨੇ 2017 ਵਿੱਚ ਭਾਰਤੀ ਸਰਕਾਰ ਖਿਲਾਫ਼ ਵਾਤਾਵਰਨ ਦੀ ਸੁਰੱਖਿਆ ਦੌਰਾਨ ਕੀਤੀਆਂ ਅਣਗਹਿਲੀਆਂ ਨੂੰ ਲੈ ਕੇ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਪਾਂਡੇ ਬਨਾਮ ਭਾਰਤ ਸਰਕਾਰ ਨਾਮ ਦੀ ਇਸ ਪਟੀਸ਼ਨ ਦੌਰਾਨ ਰਿਧੀਮਾ ਨੇ ਕਿਹਾ ਸੀ ਕਿ ਭਾਰਤ ਸਰਕਾਰ ਵਾਤਾਵਰਣ ਦੀਆਂ ਫ਼ਿਕਰਾਂ ਨਹੀਂ ਕਰ ਰਿਹਾ। ਰਿਧੀਮਾ ਕਹਿੰਦੀ ਹੈ ਕਿ ਅਸੀਂ ਇਸ ਦਾ ਨੁਕਸਾਨ 2013 ਵਿੱਚ ਕੇਦਾਰਨਾਥ ਵਿਖੇ ਭੁਗਤ ਚੁੱਕੇ ਹਾਂ। ਇਹ ਕੇਦਾਰਨਾਥ ਦੀ ਕੁਦਰਤੀ ਆਬੋ-ਹਵਾ ਨਾਲ ਛੇੜਛਾੜ ਹੀ ਸੀ ਉਸ ਸਮੇਂ 5000 ਤੋਂ ਵੱਧ ਮੌਤਾਂ ਹੋਈਆਂ ਅਤੇ 4000 ਪਿੰਡ ਉੱਜੜ ਗਏ। ਉਸ ਵੇਲੇ ਆਏ ਹੜ੍ਹਾਂ ਦੇ ਨੁਕਸਾਨ ਵਿੱਚ ਅਸੀਂ ਮੁੜ ਵਸੇਬੇ ਲਈ ਸਾਲ-ਦਰ-ਸਾਲ ਮੁਸ਼ੱਕਤ ਕੀਤੀ ਹੈ। 

ਰਿਧੀਮਾ 2019 ਦੇ ਸਤੰਬਰ ਮਹੀਨੇ ਵਿੱਚ ਸੰਯੁਕਤ ਰਾਸ਼ਟਰ ਦੀ ਜੀ-20 ਬੈਠਕ ਵਿੱਚ 16 ਬੱਚਿਆਂ ਦੀ ਮਨੁੱਖੀ ਅਧਿਕਾਰਾਂ ਦੀ ਕਮੇਟੀ ਦਾ ਹਿੱਸਾ ਵੀ ਰਹੀ ਹੈ। ਯੁਨਾਈਟਿਡ ਨੇਸ਼ਨ ਕਲਾਈਮੇਟ ਐਕਸ਼ਨ ਕਮੇਟੀ ਤਹਿਤ ਨੇਸ਼ਨ ਕਹਿੰਦਾ ਹੈ ਕਿ ਬੱਚਿਆਂ ਦਾ ਸਾਫ਼ ਆਬੋ ਹਵਾ ਵਿੱਚ ਸਾਹ ਲੈਣ ਦਾ ਜ਼ਰੂਰੀ ਹੱਕ ਹੈ। ਬੱਚਿਆਂ ਦੇ ਸਾਫ਼ ਹਵਾ ਦੇ ਇਸ ਦਸਤਾਵੇਜ਼ 'ਤੇ ਅਰਜਨਟਾਈਨਾ, ਬ੍ਰਾਜ਼ੀਲ, ਜਰਮਨੀ, ਤੁਰਕੀ, ਫ਼ਰਾਂਸ ਨੇ ਦਸਤਖ਼ਤ ਕੀਤੇ ਹਨ। 

ਇਸ ਸਿਲਸਿਲੇ ਵਿਚ ਹੀ ਪਿਛਲੇ ਸਾਲ ਦੀ ਸਭ ਤੋਂ ਮਸ਼ਹੂਰ ਕਿਸੇ ਵੀ ਬੱਚੇ ਵੱਲੋਂ ਕੀਤੀ ਤਕਰੀਰ ਚਰਚਾ ਵਿਚ ਰਹੀ ਸੀ। ਆਲਮੀ ਤਪਸ਼ ਦੀ ਫ਼ਿਕਰ ਕਰਦਿਆਂ ਇਹ ਤਕਰੀਰ ਸਵੀਡਨ ਦੀ ਕਾਰਕੁਨ ਗ੍ਰੇਟਾ ਥਨਬਰਗ ਨੇ ਕੀਤੀ ਸੀ। ਰਿਧੀਮਾ ਪਾਂਡੇ ਨੇ ਇਸ ਬੈਠਕ ਵਿਚ ਭਾਰਤ ਤੋਂ ਆਪਣੀ ਹਾਜ਼ਰੀ ਭਰੀ ਸੀ। ਰਿਧੀਮਾ ਕਹਿੰਦੀ ਹੈ ਕਿ ਸਾਨੂੰ ਪੈਰਿਸ ਸਮਝੌਤੇ ਦੇ ਮੁਤਾਬਕ ਪੂਰੀ ਧਰਤੀ ਦੀ ਆਬੋ ਹਵਾ ਲਈ ਜਾਗਰੂਕ ਹੋਣਾ ਪਵੇਗਾ। 

ਤਾਲਾਬੰਦੀ ਦੇ ਇਸ ਦੌਰ ਵਿਚ ਰਿਧੀਮਾ ਪਾਂਡੀ ਇੰਟਰਨੈੱਟ ਦੀ ਵਰਤੋਂ ਨਾਲ ਸਭ ਨੂੰ ਜਾਗਰੂਕ ਕਰ ਰਹੀ ਹੈ। ਰਿਧੀਮਾ ਮੁਤਾਬਕ ਸਾਡੇ ਸਰੀਰ, ਸਰੀਰਕ ਅਤੇ ਮਾਨਸਿਕ ਬੀਮਾਰੀਆਂ ਦਾ ਸਾਹਮਣਾ ਕਰ ਰਹੇ ਹਨ। ਇਹ ਮੰਦਭਾਗਾ ਹੈ ਕਿ ਅਸੀਂ ਭਾਰਤ ਵਿੱਚ ਆਬੋ-ਹਵਾ ਨਾਲ ਸਬੰਧਤ 4 ਖਾਸ ਕਾਨੂੰਨਾਂ ਨੂੰ ਹੀ ਅਣਗੋਲਿਆਂ ਕਰ ਰਹੇ ਹਾਂ। 

ਇਸ ਹਫ਼ਤੇ ਨੈਨੀਤਾਲ ਦੀ ਅਦਾਲਤ ਨੇ ਵੀ ਖਾਸ ਫੈਸਲਾ ਸੁਣਾਉਂਦਿਆਂ ਸ੍ਰੀ ਹੇਮਕੁੰਟ ਸਾਹਿਬ ਦੇ ਰਾਹ ਵਿੱਚ ਵੱਧ ਹੋਟਲਾਂ ਦੀ ਉਸਾਰੀ ਨੂੰ ਤੋੜਨ ਦੀ ਗੱਲ ਕਹੀ ਹੈ। ਮਾਣਯੋਗ ਅਦਾਲਤ ਦਾ ਵੀ ਇਹੋ ਕਹਿਣਾ ਹੈ ਕਿਸਾਨ ਨੂੰ ਆਬੋ-ਹਵਾ ਦੇ ਤਾਲਮੇਲ ਨੂੰ ਸਮਝਣਾ ਜ਼ਰੂਰੀ ਹੈ। ਇਹ ਫ਼ੈਸਲਾ 18 ਜੂਨ 2019 ਨੂੰ ਆਇਆ ਸੀ ਪਰ ਇੱਕ ਸਾਲ ਬਾਅਦ ਵੀ ਇਸ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਮਾਣਯੋਗ ਅਦਾਲਤ ਨੇ ਦੁਬਾਰਾ ਨੋਟਿਸ ਲੈਂਦਿਆਂ ਕਾਰਵਾਈ ਨੂੰ 8 ਜੂਨ ਤੋਂ ਅੰਜਾਮ ਦੇਣ ਨੂੰ ਕਿਹਾ ਹੈ।

ਰਿਧੀਮਾ ਪਾਂਡੇ 12 ਸਾਲ ਦੀ ਨਿੱਕੀ ਉਮਰ ਵਿੱਚ ਹੀ ਉਨ੍ਹਾਂ ਬਾਲ ਕਾਰਕੁੰਨਾਂ ਦਾ ਹਿੱਸਾ ਹੈ ਜਿਨ੍ਹਾਂ ਨੇ ਸਮੁੱਚੀ ਦੁਨੀਆਂ ਦਾ ਧਿਆਨ ਵਾਤਾਵਰਣ ਵੱਲ ਖਿੱਚਿਆ ਹੈ। ਰਿਧੀਮਾ ਦੇ ਪਿਤਾ ਖੁਦ ਵੀ ਵਾਇਲਡ ਲਾਈਫ ਟ੍ਰਸਟ ਆਫ ਇੰਡੀਆ ਦੇ ਕਾਰਕੁੰਨ ਹਨ। ਇਹ ਸਮਾਜਿਕ ਸੰਸਥਾ ਜਾਨਵਰਾਂ ਦੇ ਲਈ ਕੰਮ ਕਰਦੀ ਹੈ। 

"2017 ਵਿੱਚ ਭਾਰਤੀ ਸਰਕਾਰ ਨੂੰ ਆਲਮੀ ਤਪਸ਼ ਦੀ ਫਿਕਰ ਕਰਦਿਆਂ, ਕੇਦਾਰਨਾਥ ਦੇ ਆਏ ਹੜ੍ਹਾਂ ਦਾ ਵਾਸਤਾ ਦਿੰਦਿਆਂ, ਮੈਂ ਇਹੋ ਧਿਆਨ ਦਵਾਉਣਾ ਚਾਹੁੰਦੀ ਸੀ ਕੀ ਇਹ ਸਰਕਾਰਾਂ ਦੀ ਅਣਗਹਿਲੀ ਹੈ। ਇਸ ਅਣਗਹਿਲੀ ਕਾਰਨ ਪਹਾੜਾਂ ਤੇ ਵਾਧੂ ਦੀਆਂ ਉਸਾਰੀਆਂ ਹੋ ਰਹੀਆਂ ਨੇ। ਇਸੇ ਕਰਕੇ ਸਾਡੀ ਹਵਾ ਦੀ ਗੁਣਵੱਤਾ ਘਟ ਰਹੀ ਹੈ। ਜੇ ਅਸੀਂ ਆਉਣ ਵਾਲੀਆਂ ਨਸਲਾਂ ਲਈ ਧਰਤੀ ਨੂੰ ਸਾਂਭਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਯਕੀਨੀ ਬਣਾਉਣੀਆਂ ਪੈਣਗੀਆਂ। ਇਹ ਹਰ ਭਾਰਤੀ ਦਾ ਫਰਜ਼ ਹੈ। ਇਹ ਹਰ ਬੰਦੇ ਦਾ ਫ਼ਰਜ਼ ਹੈ। ਹਵਾ ਵਿਚ ਜਦੋਂ ਤੱਕ ਅਸੀਂ CO 2 ਦੀ ਮਾਤਰਾ 350 ਟੁਕੜੇ ਪ੍ਰਤੀ ਮਿਲੀਅਨ ਨਹੀਂ ਲਿਆਉਂਦੇ, ਉਦੋਂ ਤੱਕ ਅਸੀਂ ਚੁੱਪ ਨਹੀਂ ਬੈਠਾਂਗੇ। ਸਾਡੀ ਪਾਈ ਪਟੀਸ਼ਨ ਨੂੰ ਨੈਸ਼ਨਲ ਗਰੀਨ ਟ੍ਰਿਬਿਊਨਲ ਤੱਕ ਨੇ ਰੱਦ ਕਰ ਦਿੱਤਾ ਹੈ। ਅਸੀਂ ਹੁਣ ਆਪਣੀ ਪਟੀਸ਼ਨ 2018 ਵਿਚ ਮੁੜ ਸੁਪਰੀਮ ਕੋਰਟ ਵਿੱਚ ਪਾਈ ਹੈ।" - ਰਿਧੀਮਾ ਪਾਂਡੇ, 12 ਸਾਲ ਦੀ ਆਬੋ ਹਵਾ ਕਾਰਕੁੰਨ, ਭਾਰਤ

rajwinder kaur

This news is Content Editor rajwinder kaur