ਬਾਲ ਸਾਹਿਤ ਵਿਸ਼ੇਸ਼ - 6 : ਰਾਜਧਾਨੀ ਦਾ ਜੰਗਲ

06/06/2020 6:41:45 PM

ਇਹ ਢਲਵੀ ਜਿਹੀ ਥਾਂ। ਥੋੜ੍ਹਾ ਜਿਹਾ ਦੂਰ ਛੋਟੇ-ਵੱਡੇ ਪੱਥਰ ਇੱਕ ਦੂਜੇ ਵਿੱਚ ਫ਼ਸੇ ਹੋਏ ਪਏ ਹਨ। ਇਨ੍ਹਾਂ ਦੀਆਂ ਦਰਾੜਾਂ ਵਿਚ ਉੱਗਿਆ ਘਾਹ ਅਤੇ ਜੜੀ ਬੂਟ ਹਵਾ ਦੇ ਹਲਕੇ-ਹਲਕੇ ਬੁੱਲਿਆਂ ਨਾਲ ਹਿੱਲ ਰਿਹਾ ਹੈ। ਇੱਕ ਸ਼ੇਰ ਪਰਿਵਾਰ ਦੇ ਜੀਅ ਏਧਰ ਓਧਰ ਆਪੋ ਆਪਣੇ ਅੰਦਾਜ਼ ਨਾਲ ਲੰਮੇ ਪਏ ਹਨ। ਜੇ ਵੱਡੇ ਜੀਅ ਸ਼ਾਂਤ ਚਿੱਤ ਹਨ ਤਾਂ ਛੋਟੇ ਬੱਚੇ ਚੰਚਲ।

ਬੱਚੇ ਆਪਸ 'ਚ ਖ਼ੇਡ ਰਹੇ ਹਨ। ਖ਼ੇਡਦਿਆਂ-ਖ਼ੇਡਦਿਆਂ ਉਨ੍ਹਾਂ ਦਾ ਜਦ ਚਿੱਤ ਕਰਦਾ ਹੈ ਤਾਂ ਆਪਣੇ ਮਾਪਿਆਂ ਦੇ ਪਿੰਡਿਆਂ ਨੂੰ ਵੀ ਆਪਣੀ ਖੇਡ ਵਿੱਚ ਸ਼ਾਮਲ ਕਰ ਲੈਂਦੇ ਹਨ। ਇਹ ਵੀ ਤਾਂ ਵੱਡੇ ਪੱਥਰਾਂ ਵਾਂਗ ਹਿੱਲ ਪਏ ਰਹਿੰਦੇ ਹਨ। ਲੱਗਦਾ ਹੈ ਚੰਗਾ ਸ਼ਿਕਾਰ ਹੱਥ ਲੱਗ ਜਾਣ ਕਾਰਨ ਸਭ ਬੇਫ਼ਿਕਰ ਹੋ ਕੇ ਆਰਾਮ ਕਰ ਰਹੇ ਹਨ। 

ਜੇ ਸ਼ੇਰ ਪਰਿਵਾਰ ਬਿਨਾਂ ਆਵਾਜ਼ ਕੀਤਾ ਪਿਆ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਜੰਗਲ ਸ਼ਾਂਤ ਹੈ, ਇੱਥੇ ਤਾਂ ਹਰ ਵੇਲੇ ਕੁਝ ਨਾ ਕੁਝ ਵਾਪਰਦਾ ਹੀ ਰਹਿੰਦਾ ਹੈ, ਇਹੋ ਇਸ ਦਾ ਸੁਭਾਅ ਹੈ ਅਤੇ ਇਸੇ ਕਰਕੇ ਇਹ ਜੰਗਲ ਹੈ।

ਇੱਕ ਸ਼ੇਰਨੀ ਥੋੜ੍ਹੀ ਵੱਖ ਹੋ ਕੇ ਸੰਘਣੀ ਥਾਂ ਛਾਂ ਥੱਲੇ ਲੰਮੀ ਪਈ ਹੈ। ਉਸ ਦੇ ਦੋ ਬੱਚੇ ਆਪਸ ਵਿੱਚ ਖੇਡ ਰਹੇ ਹਨ। ਉਹ ਕਦੇ ਇੱਕ ਦੂਜੇ ਦਾ ਪਿੱਛਾ ਕਰਦੇ ਹੋਏ ਪੱਥਰਾਂ ਦੇ ਉੱਪਰ ਚੜ੍ਹ ਜਾਂਦੇ ਹਨ। ਕਦੇ ਥੱਲੇ ਵੱਲ ਆ ਜਾਂਦੇ ਹਨ। ਕਦੇ ਝਾੜੀਆਂ ਬੂਝਿਆਂ ਦੇ ਪਿੱਛੇ ਲੁਕੇ ਬੱਚੇ ਨੂੰ ਦੂਜਾ ਬੱਚਾ ਲੱਭ ਕੇ ਖੁਸ਼ ਹੁੰਦਾ ਹੈ। ਖ਼ੇਡਦੇ-ਖ਼ੇਡਦੇ ਦੋਵੇਂ ਗਾਇਬ ਹੋ ਜਾਂਦੇ ਹਨ। ਕਾਫੀ ਸਮਾਂ ਲੰਘ ਜਾਣ ਤੋਂ ਬਾਅਦ ਉਹ ਦੌੜੇ ਆਉਂਦੇ ਵਿਖਾਈ ਦਿੰਦੇ ਹਨ। ਮਾਂ ਕੋਲ ਪਹੁੰਚਣ ਤੋਂ ਪਹਿਲਾਂ ਹੀ ਉਹ ਇੱਕ ਦੂਜੇ ਤੋਂ ਪਹਿਲਾਂ ਆਪਣੀ ਮੰਗ ਰੱਖਣ ਦੇ ਲਾਲਚ ਵਿੱਚ ਇੱਕ ਦੂਜੇ ਨੂੰ ਧੱਕਾ ਦੇ ਕੇ ਥੱਲੇ ਸੁੱਟਦਿਆਂ ਹੋਇਆਂ ਅੱਗੇ ਵਧਦੇ ਹਨ। 

ਇੱਕ ਬੱਚਾ ਦੂਰੋਂ ਹੀ ਬੋਲ ਪਿਆ, "ਮਾਂ ...ਮਾਂ ਸਾਨੂੰ ਰਾਜਧਾਨੀ ਲੈ ਚੱਲੋ ।" ਮਾਂ ਕੋਲ ਪਹੁੰਚ ਕੇ ਉਹ ਉਸ ਦੇ ਆਲੇ-ਦੁਆਲੇ ਘੁੰਮਣ ਲੱਗੇ। ਉਹਦੇ ਜਿਸਮ ਉੱਪਰ ਚੜ੍ਹਦਿਆਂ ਥੱਲੇ ਉੱਤਰਦਿਆਂ ਉਹ ਆਪਣੀ ਗੱਲ ਨੂੰ ਬਿਨਾਂ ਰੁਕਿਆਂ ਕਹੀ ਜਾ ਰਹੇ ਹਨ। ਲੱਗਦਾ ਹੈ ਉਹ ਬੋਲਣ ਨਾਲੋਂ ਸ਼ਰਾਰਤਾਂ ਜ਼ਿਆਦਾ ਕਰ ਰਹੇ ਹਨ। 

ਪੜ੍ਹੋ ਇਹ ਵੀ ਖਬਰ - ‘ਕੋਰੋਨਾ ਜਾਂਚ ਲਈ ਨਮੂਨੇ ਇਕੱਤਰ ਕਰਨ ’ਚ ਲਗਦਾ ਹੈ 60 ਸੈਕਿੰਟ ਤੋਂ ਘੱਟ ਦਾ ਸਮਾਂ’

ਇੱਕੋ ਗੱਲ ਮੁੜ ਮੁੜ ਸੁਣ ਕੇ ਸ਼ੇਰਨੀ ਨੂੰ ਗੁੱਸਾ ਆ ਜਾਂਦਾ ਹੈ। ਉਹ ਥੋੜ੍ਹਾ ਹੈ ਹਿੱਲਦੀ ਹੈ ਅਤੇ ਘੂਰ ਕੇ ਉਨ੍ਹਾਂ ਵੱਲ ਵੇਖਦੀ ਹੈ। ਬੱਚਿਆਂ ਨੂੰ ਇਸ ਗੱਲ ਦੀ ਖੁਸ਼ੀ ਹੋਈ ਕੇ ਉਨ੍ਹਾਂ ਦੀ ਮੰਗ ਦਾ ਕੁਝ ਅਸਰ ਤਾਂ ਹੋਇਆ ਹੈ। 

ਦੋਵੇਂ ਨਾਲ-ਨਾਲ ਜੋੜ ਕੇ ਖੜ੍ਹੇ ਹੋ ਗਏ । ਪੂਛ ਕੱਟਿਆ ਬੱਚਾ ਆਪਣੇ ਮੂੰਹ ਤੋਂ ਮੱਖੀ ਨੂੰ ਪੈਰ ਨਾਲ ਉਡਾਉਂਦਿਆਂ ਬੋਲਿਆ, "ਅਸੀਂ ਉਸ ਦਰੱਖ਼ਤ ਕੋਲੋਂ ਹੋ ਕੇ ਆਏ ਹਾਂ, ਉੱਥੇ..।"

ਸ਼ੇਰਨੀ ਵੱਲੋਂ ਕੋਈ ਹਰਕਤ ਨਾ ਹੋਣ ਕਾਰਨ ਉਹ ਖ਼ਾਮੋਸ਼ ਹੋ ਗਿਆ। ਸ਼ੇਰਨੀ ਨੇ ਉਸ ਦਿਸ਼ਾ ਵੱਲ ਵੇਖਿਆ, ਜਿਸ ਵੱਲ ਉਹ ਸੰਕੇਤ ਕਰ ਰਿਹਾ ਸੀ। ਉੱਥੇ ਕੋਈ ਰੁੱਖ ਨਹੀਂ ਸੀ। ਉਸ ਨੇ ਮਨ ਹੀ ਮਨ ਸੋਚਿਆ ਇਹ ਕਿਤੇ ਦੂਰ ਨਿਕਲ ਗਏ ਹੋਣਗੇ। ਉਹ ਡਰ ਵੀ ਗਈ ਸੀ। ਕਿਤੇ ਕੋਈ ਜੰਗਲੀ ਗਿੱਦੜ ਜਾਂ ਕੁੱਤਾ ਇਨ੍ਹਾਂ ਦੇ ਮਗਰ ਪੈ ਜਾਂਦਾ ਤਾਂ...

ਹਿੰਮਤ ਕਰਕੇ ਦੂਜਾ ਬੱਚਾ ਬੋਲਿਆ, "ਉਸ ਦਰੱਖਤ 'ਤੇ ਬੈਠੀ ਚਿੜੀ ਰਾਜਧਾਨੀ ਹੋ ਕੇ ਆਈ ਹੈ। ਪੂਛ ਕੱਟੇ ਨੇ ਕਿਹਾ, "ਕੱਲੀ ਗਈ ਸੀ ...ਅਸੀਂ ਉਸੇ ਦੀਆਂ ਗੱਲਾਂ ਸੁਣ ਰਹੇ ਸੀ।" ਦੂਸਰੇ ਨੇ ਵੀ ਪਿੱਛੇ ਰਹਿਣਾ ਠੀਕ ਨਾ ਸਮਝਿਆ, "ਹੋਰ ਵੀ ਕਈ ਪੰਛੀ ਤੇ ਜਾਨਵਰ ਉਸ ਦੀਆਂ ਗੱਲਾਂ ਸੁਣ ਰਹੇ ਸਨ।"

ਸ਼ੇਰਨੀ ਵਿੱਚੋਂ ਬੋਲੀ, "ਕੱਲੀ ਕਿਵੇਂ ਪਹੁੰਚ ਗਈ ਉੱਥੇ। ਰਾਜਧਾਨੀ ਤਾਂ ਬਹੁਤ ਦੂਰ ਹੈ।" ਥੋੜ੍ਹਾ ਰੁਕ ਕੇ ਅਤੇ ਪਾਸਾ ਬਦਲ ਕੇ ਬੋਲੀ, "ਝੂਠ ਬੋਲਦੀ ਹੋਵੇਗੀ। ਨਿੱਕੀ ਜਿਹੀ ਜਾਨ... ਵਿਚਾਰੀ..।"

ਪੂਛ ਕੱਟਿਆ ਬੱਚਾ ਖਰਮਸਤੀ ਕਰਦਾ ਬੋਲਿਆ, "ਸੱਚ ਬੋਲਦੀ ਸੀ ਤਾਂ ਹੀ ਤਾਂ ਇੰਨੇ ਜਣੇ ਉੱਥੇ ਇਕੱਠੇ ਹੋ ਗਏ ਸਨ।"

ਪੜ੍ਹੋ ਇਹ ਵੀ ਖਬਰ - #saalbhar60 ਮੁਹਿੰਮ ਦੇ ਸੰਗ ਆਪਣੀ ਆਬੋ-ਹਵਾ ਪ੍ਰਤੀ ਜਾਗਰੂਕ ਕਰਨ ਦਾ ਤਹੱਈਆ

ਦੂਜੇ ਨੇ ਗੱਲ ਦੀ ਆਪਣੇ ਢੰਗ ਨਾਲ ਹਮਾਇਤ ਕੀਤੀ, "ਉੱਥੇ ਹਾਜ਼ਰ ਹਰ ਜਾਨਵਰ ਸਿਰਫ਼ ਚਿੜੀ ਵੱਲ ਹੀ ਵੇਖ ਰਿਹਾ ਸੀ।" ਸ਼ੇਰਨੀ ਨੂੰ ਬੱਚਿਆਂ ਦੀ ਆਵਾਰਗੀ ਅਤੇ ਗੱਲਾਂ ਉੱਤੇ ਗੁੱਸਾ ਆ ਰਿਹਾ ਸੀ। ਉਹ ਇਨ੍ਹਾਂ ਦੀਆਂ ਇਹੋ ਜਿਹੀਆਂ ਹਰਕਤਾਂ ਨੂੰ ਰੋਕਣਾ ਚਾਹੁੰਦੀ ਸੀ ਅਤੇ ਕੁਝ ਕਹਿਣ ਹੀ ਵਾਲੀ ਸੀ ਕਿ ਪੂਛ ਕੱਟਿਆ ਬੋਲ ਪਿਆ, "ਉਹ ਕਹਿ ਰਹੀ ਸੀ ਕਿ ਰਾਜਧਾਨੀ 'ਚ ਇੱਕ ਨਵੀਂ ਗੱਡੀ ਚੱਲੀ ਹੈ। ਉਹ ਉਸ ਦੀ ਸਵਾਰੀ ਵੀ ਕਰ ਆਈ ਹੈ।"

ਆਪਣੇ ਚਾਰ ਪੈਰ ਜ਼ਮੀਨ ਉੱਤੇ ਫ਼ੈਲਾ ਕੇ ਅਤੇ ਪੂਛ ਨੂੰ ਹਿਲਾਉਂਦਿਆਂ ਹੋਇਆ ਦੂਜਾ ਬੱਚਾ ਉੱਚੀ ਆਵਾਜ਼ ਵਿੱਚ ਬੋਲਿਆ, "ਉਹ ਗੱਡੀ ਜ਼ਮੀਨ ਉੱਪਰ ਨਹੀਂ ਚੱਲਦੀ। ਉਹ ਤਾਂ ਜ਼ਮੀਨ ਵਿੱਚ ਗੱਡੇ ਡੰਡਿਆਂ ਉੱਪਰ ਦੌੜਦੀ ਹੈ।"

ਪਹਿਲਾ, "ਉੱਥੇ ਲੋਕਾਂ ਦੀ ਭੀੜ ਬਹੁਤ ਹੈ।"

ਪੂਛ ਕੱਟੇ ਨੇ ਪਿੱਛੇ ਰਹਿਣਾ ਠੀਕ ਨਾ ਸਮਝਿਆ, "ਚਿੜੀ ਕਹਿ ਰਹੀ ਸੀ ਗੱਡੀ ’ਤੇ ਚੜ੍ਹਨ ਲਈ ਉਹ ਲੋਕੀਂ ਇੱਕ ਦੂਜੇ ਨੂੰ ਖੂਬ ਮਾਰ ਕੁੱਟ ਰਹੇ ਸਨ।"

ਮਾਂ ਨੂੰ ਚੁੱਪ ਵੇਖ ਉਹ ਥੋੜ੍ਹਾ-ਥੋੜ੍ਹਾ ਡਰ ਵੀ ਰਹੇ ਸਨ। ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੀਆਂ ਹਰਕਤਾਂ ਨੂੰ ਕਾਬੂ ਵਿੱਚ ਨਾ ਰੱਖਿਆ। ਦੋਹਾਂ ਨੇ ਗੱਲ ਕਰਦਿਆਂ ਕਰਦਿਆਂ ਹੁਣ ਮਾਂ ਦੇ ਪਿੰਡੇ ਨੂੰ ਇੱਕ ਨਿੱਕੀ ਜਿਹੀ ਗੁਦਗੁਦੀ ਪਹਾੜੀ ਸਮਝ ਲਿਆ ਸੀ। ਇਸ ਹਰਕਤ ਨਾਲ ਮਾਂ ਚਿੜ੍ਹ ਗਈ। ਉਸ ਆਪਣਾ ਪਿੰਡਾ ਛੰਡਿਆ ਅਤੇ ਪੂਛ ਘੁਮਾਈ। ਜਿਸ ਨਾਲ ਦੋਵੇਂ ਬੱਚੇ ਮਿਆਂਕਦੇ ਹੋਏ ਦੂਰ ਜਾ ਪਏ। ਥੋੜ੍ਹੀ ਹਿੰਮਤ ਕਰਕੇ ਦੋਵੇਂ ਜਣੇ ਮੁੜ ਖੜ੍ਹੇ ਹੋਏ। ਆਪਣੇ ਆਪ ਨੂੰ ਥਾਂ ਸਿਰ ਕੀਤਾ ਅਤੇ ਅੱਗੇ ਪਿੱਛੇ ਹੋ ਕੇ ਸ਼ੇਰਨੀ ਵੱਲ ਵਧਣ ਲੱਗੇ। ਕੁੱਟ ਖਾ ਲੈਣ ਤੋਂ ਬਾਅਦ ਉਨ੍ਹਾਂ ਨੇ ਜਿਵੇਂ ਮਹਿਸੂਸ ਕੀਤਾ ਕਿ ਆਪਣੀ ਗੱਲ ਕਹਿਣ ਦਾ ਉਨ੍ਹਾਂ ਦਾ ਹੱਕ ਹੋਰ ਮਜ਼ਬੂਤ ਹੋ ਗਿਆ ਹੈ।

ਪੜ੍ਹੋ ਇਹ ਵੀ ਖਬਰ - ਸਕੂਲੀ ਸਿੱਖਿਆ ਨੂੰ ਮੁੜ ਤੋਂ ਲੀਹੇ ਪਾਉਣ ਦੀ ਤਿਆਰੀ ਜਾਣੋ ਕਿਵੇਂ ਕਰੀਏ ?

ਸ਼ੇਰਨੀ ਚੁੱਪਚਾਪ ਆਪਣੇ ਬੱਚਿਆਂ ਦੇ ਕਾਰਨਾਮੇ ਵੇਖ ਸੁਣ ਰਹੀ ਸੀ। ਤਦੇ ਉਸ ਦੇ ਕੰਨਾਂ ਵਿੱਚ ਇੱਕ ਹੋਰ ਗੱਲ ਪਈ। ਦੋਵੇਂ ਜਣੇ ਹੁਣ ਸ਼ੇਰਨੀ ਤੋਂ ਥੋੜ੍ਹੀ ਵਿੱਥ ਉੱਪਰ ਆ ਖੜ੍ਹੇ ਹੋਏ ਸਨ। ਦੋਵੇਂ ਜਣੇ ਇੱਕੋ ਸੁਰ ਵਿੱਚ ਬੋਲੇ, "ਅਸੀਂ ਵੀ ਰਾਜਧਾਨੀ ਜਾਵਾਂਗੇ। ਸਾਨੂੰ ਵੀ ਗੱਡੀ ਵਿਖਾ ਲਿਆਓ।" 

ਰਾਜਧਾਨੀ ਅਤੇ ਗੱਡੀ ਦਾ ਨਾਂ ਮੁੜ ਮੁੜ ਬੱਚਿਆਂ ਦੇ ਮੂੰਹੋਂ ਸੁਣ ਉਹ ਹੈਰਾਨ ਹੋ ਰਹੀ ਸੀ। ਪਰ ਬੱਚਿਆਂ ਦੀ ਆਵਾਜ਼ ਵਿੱਚ ਦ੍ਰਿੜਤਾ ਵਧਦੀ ਜਾ ਰਹੀ ਸੀ।

" ਰਾਜਧਾਨੀ ਬਹੁਤ ਦੂਰ ਹੈ। ਤੁਸੀਂ ਤਾਂ ਅਜੇ ਬੱਚੇ ਹੋ।" ਸ਼ੇਰਨੀ ਦੇ ਜਵਾਬ ਵਿੱਚ ਕਈ ਤਰ੍ਹਾਂ ਦੇ ਭਾਵ ਲੁੱਕੇ ਹੋਏ ਸਨ। ਹੈਰਾਨ ਤਾਂ ਉਹ ਪਹਿਲਾਂ ਹੀ ਸੀ। ਇਸ ਨਾਹ ਨੇ ਦੋਹਾਂ ਵਿੱਚ ਹੋਰ ਜੋਸ਼ ਭਰ ਦਿੱਤਾ। ਆਪੋ ਆਪਣੇ ਜਿਸਮਾਂ ਨੂੰ ਉਨ੍ਹਾਂ ਨੇ ਹਰਕਤ ਵਿੱਚ ਲਿਆਂਦਾ ਅਤੇ ਪਹਿਲਾਂ ਨਾਲੋਂ ਕਿਤੇ ਉੱਚੀ ਆਵਾਜ਼ ਵਿੱਚ ਬੋਲੇ, "ਜਾਵਾਂਗੇ ਜਾਵਾਂਗੇ ..ਅਸੀਂ ਇਕੱਲੇ ਚਲੇ ਜਾਵਾਂਗੇ।" 

ਸ਼ੇਰਨੀ ਦੀਆਂ ਅੱਖਾਂ ਵਿੱਚ ਗੁੱਸਾ ਉੱਤਰ ਰਿਹਾ ਸੀ। ਇਸ ਦੀ ਜ਼ਰਾ ਜਿੰਨੀ ਪ੍ਰਵਾਹ ਕੀਤੇ ਬਿਨਾਂ ਉਨ੍ਹਾਂ ਨੇ ਆਪਣੀ ਗੱਲ ਨੂੰ ਅੱਗੇ ਤੋਰਿਆ।

"ਜੇ ਚਿੜੀ ਜਾ ਸਕਦੀ ਹੈ ਤਾਂ ਅਸੀਂ ਕਿਉਂ ਨਹੀਂ। ਅਸੀਂ ਚਿੜੀ ਤੋਂ ਤਾਂ ਵੱਡੇ ਹਾਂ।"

ਮਾਂ ਨੇ ਮੁੜ ਉਨ੍ਹਾਂ ਦੀ ਅੜੀ ਤੋੜਨੀ ਚਾਹੀ, "ਰਾਹ ਵਿੱਚ ਖ਼ਤਰੇ ਹਨ। ਜੇ ਤੁਹਾਨੂੰ ਕੁਝ ਹੋ ਗਿਆ ਤਾਂ।"

ਪੜ੍ਹੋ ਇਹ ਵੀ ਖਬਰ - ਜਾਣੋ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਨਾਮ, ਸ਼ੁਰੁਆਤ ਤੇ ਉਨ੍ਹਾਂ ਦਾ ਪਿਛੋਕੜ (ਵੀਡੀਓ)

ਪੂਛ ਕੱਟਿਆ ਬੋਲ ਪਿਆ, "ਜਦ ਚਿੜੀ ਨੂੰ ਕੁਝ ਨਹੀਂ ਹੋਇਆ ਤਾਂ ਸਾਨੂੰ ਕੀ ਹੋਵੇਗਾ।" 

ਮਾਂ ਬੱਚਿਆਂ ਦੀ ਜ਼ਿਦ ਅੱਗੇ ਬੇਵੱਸ ਸੀ ਪਰ ਰਾਹ ਵਿੱਚ ਆਉਣ ਵਾਲੀਆਂ ਖਤਰਿਆਂ ਬਾਰੇ ਬੱਚਿਆਂ ਨੂੰ ਸਮਝਾ ਨਹੀਂ ਸੀ ਸਕਦੀ। ਦੋਵੇਂ ਪਾਸੇ ਥੋੜ੍ਹਾ ਸਮਾਂ ਚੁੱਪ ਰਹੀ। ਪਤਾ ਨਹੀਂ ਦੋਵਾਂ ਦੇ ਮਨ ਵਿੱਚ ਕੀ ਆਈ। ਇੱਕ ਨੇ ਦੂਸਰੇ ਨੂੰ ਕਿਹਾ, "ਆ ਕੱਲੇ ਹੀ ਚੱਲਦੇ ਹਾਂ।" ਦੂਜਾ ਬੋਲਿਆ, "ਜਾਣ ਤੋਂ ਪਹਿਲਾਂ ਚਿੜੀ ਕੋਲੋਂ ਰਾਹ ਪੁੱਛ ਲਵਾਂਗੇ।"

ਦੋਹਾਂ ਨੇ ਸ਼ੇਰਨੀ ਵੱਲ ਪਿੱਠ ਕੀਤੀ ਅਤੇ ਨਿੱਕੇ ਨਿੱਕੇ ਪੈਰਾਂ ਨਾਲ ਅਗਾਂਹ ਵਧਣ ਲੱਗੇ। ਉਹ ਰਾਜਧਾਨੀ ਵੱਲ ਜਾ ਰਹੇ ਹਨ ਜਾਂ ਕਿ ਚਿੜੀ ਵੱਲ। ਉਨ੍ਹਾਂ ਨੂੰ ਇਸ ਬਾਰੇ ਕੋਈ ਖਬਰ ਨਹੀਂ ਸੀ। ਵੇਖਦਿਆਂ ਵੇਖਦਿਆਂ ਉਨ੍ਹਾਂ ਕਾਫੀ ਪੈਂਡਾ ਤੈਅ ਕਰ ਲਿਆ।

ਸ਼ੇਰਨੀ ਦੀ ਦੇਹ ਹੁਣ ਗੁੱਸੇ ਨਾਲ ਭਰ ਗਈ ਸੀ। ਉਹ ਇੱਕ ਦਮ ਉੱਠੀ ਅਤੇ ਪੂਰੀ ਰਫ਼ਤਾਰ ਨਾਲ ਬੱਚਿਆਂ ਵੱਲ ਦੌੜੀ। ਪਲਾਂ ਵਿੱਚ ਆਪਣੇ ਮੋਹਰਲੇ ਪੈਰਾਂ ਦੀ ਮਾਰ ਨਾਲ ਦੋਹਾਂ ਨੂੰ ਢੇਰ ਕਰ ਲਿਆ। ਗੋਲ ਮੋਲ ਹੁੰਦੇ ਹੋਏ ਉਹ ਬਹੁਤ ਦੂਰ ਤੱਕ ਰਿੜਦੇ ਚਲੇ ਗਏ। ਇਹੋ ਜਿਹੀ ਮਾਰ ਉਨ੍ਹਾਂ ਨੂੰ ਪਹਿਲੀ ਵਾਰ ਪਈ ਸੀ।

ਹੁਣ ਸ਼ੇਰਨੀ ਪੈਰਾਂ ਭਾਰ ਜ਼ਮੀਨ ਉੱਪਰ ਅਟੱਲ ਖੜ੍ਹੀ ਸੀ । ਜਦਕਿ ਉਹ ਦੋਵੇਂ ਹੁਣ ਵੀ ਦੁਬਕੇ ਬੈਠੇ ਹੋਏ ਸਨ। ਉਨ੍ਹਾਂ ਦੋਹਾਂ ਦੀਆਂ ਅੱਖਾਂ ਹੀ ਸ਼ੇਰਨੀ ਵੱਲ ਝਾਕ ਰਹੀਆਂ ਸਨ। ਸ਼ੇਰਨੀ ਨੇ ਨਾਲ ਤੁਰਨ ਲਈ ਕਿਹਾ। ਪਰ ਉਹ ਪੱਥਰ ਵਾਂਗ ਉੱਥੇ ਹੀ ਪਏ ਰਹੇ। ਸਥਿਤੀ ਚਿੰਤਾ ਵਾਲੀ ਸੀ। ਉਨ੍ਹਾਂ ਨੇ ਗ਼ੁੱਸੇ ਦੀ ਆਵਾਜ਼ ਨੂੰ ਵੀ ਜਿਵੇਂ ਸਮਝਦੇ ਨਾਂਹ ਕਰ ਦਿੱਤੀ ਸੀ। ਸਮਝੌਤਾ ਹੀ ਆਖ਼ਰੀ ਰਾਹ ਲੱਗ ਰਿਹਾ ਸੀ। ਉਹ ਨਰਮੀ ਵਾਲੇ ਸ਼ਬਦ ਵਰਤਦਿਆਂ ਬੋਲੀ, "ਵੇਖੋ ਰਾਤ ਹੋ ਰਹੀ ਹੈ। ਕੋਈ ਵੀ ਸ਼ਿਕਾਰੀ ਜਾਨਵਰ ਤੁਹਾਨੂੰ ਆਪਣਾ ਸ਼ਿਕਾਰ ਬਣਾ ਸਕਦਾ ਹੈ..।"

"ਅਸੀਂ ਰਾਜਧਾਨੀ ਜਾਣਾ ਹੈ ..।"

ਪੜ੍ਹੋ ਇਹ ਵੀ ਖਬਰ - ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

"ਚੰਗੇ ਬੱਚੇ ਰਾਤ ਨੂੰ ਆਪਣੇ ਘਰ ਜਾਂਦੇ ਹਨ। ਤੁਹਾਡੀ ਇਸ ਥਾਂ ਰਾਖੀ ਕੌਣ ਕਰੇਗਾ।" ਮਾਂ ਨੇ ਕੋਲ ਹੋ ਕੇ ਆਪਣੀ ਜੀਭ ਨਾਲ ਚੱਟਦਿਆਂ ਹੋਇਆਂ ਆਪਣੇ ਲਾਡਲਿਆਂ ਨੂੰ ਕਿਹਾ।

"ਲੈ ਚੱਲਾਂਗੀ.. ਅਸੀਂ ਸਾਰੇ ਚੱਲਾਂਗੇ... ਇਕੱਠੇ ...।" 

ਦਿਲਾਸਾ ਮਿਲਣ 'ਤੇ ਬੱਚੇ ਖ਼ੁਸ਼ ਹੋ ਕੇ ਟਪੂਸੀਆਂ ਮਾਰਨ ਲੱਗੇ। ਤਿੰਨੇ ਜਣੇ ਜਦ ਆਪਣੇ ਪਰਿਵਾਰ ਵਿੱਚ ਪਹੁੰਚੇ ਤਾਂ ਗੂੜ੍ਹਾ ਹਨੇਰਾ ਹੋ ਗਿਆ ਸੀ। ਰਲ ਮਿਲ ਕੇ ਇਹ ਫੈਸਲਾ ਕੀਤਾ ਗਿਆ ਕਿ ਪਹਿਲਾਂ ਸ਼ੇਰਨੀ ਰਾਜਧਾਨੀ ਜਾਵੇਗੀ। ਜੇ ਸਭ ਕੁਝ ਠੀਕ ਰਿਹਾ ਤਾਂ ਫੇਰ ਬੱਚੇ ਵੀ ਜਾਣਗੇ। ਰਸਤੇ ਦੀ ਜਾਣਕਾਰੀ ਚਿੜੀ ਨੂੰ ਆਪਣੇ ਕੋਲ ਸੱਦ ਕੇ ਲੈ ਲਈ ਗਈ। ਅਗਲੇ ਦਿਨ ਸ਼ੇਰਨੀ ਨੇ ਆਪਣੇ ਬੱਚਿਆਂ ਨੂੰ ਜਾਣ ਤੋਂ ਪਹਿਲਾਂ ਖੂਬ ਪਿਆਰ ਕੀਤਾ ਅਤੇ ਫਿਰ ਰਾਜਧਾਨੀ ਵੱਲ ਮੂੰਹ ਕਰ ਕੇ ਤੁਰ ਪਈ।

ਸਮਾਂ ਬੀਤਣ ਲੱਗਾ। ਆਮ ਨਾਲੋਂ ਜ਼ਿਆਦਾ ਦਿਨ ਬੀਤ ਗਏ ਸਨ। ਸ਼ੇਰਨੀ ਵਾਪਸ ਨਹੀਂ ਸੀ ਆਈ। ਬੱਚਿਆਂ ਦੀ ਖੁਸ਼ੀ ਹੁਣ ਦੁੱਖ ਵਿੱਚ ਬਦਲਦੀ ਜਾ ਰਹੀ ਸੀ। ਬੱਚਿਆਂ ਦੇ ਨਾਲ ਨਾਲ ਪਰਿਵਾਰ ਦੀ ਚਿੰਤਾ ਵੀ ਵਧ ਰਹੀ ਸੀ।  ਸ਼ੇਰ ਪਰਿਵਾਰ ਦੇ ਮੁਖੀ ਦਾ ਖ਼ਿਆਲ ਸੀ ਕਿ ਕਿਤੇ ਰਾਜਧਾਨੀ ਨੇ ਸ਼ੇਰਨੀ ਨੂੰ ਖਤਮ ਹੀ ਨਾ ਕਰ ਦਿੱਤਾ ਹੋਵੇ।

ਚਿੰਤਾ ਦਾ ਅੰਤ ਕਰਨ ਲਈ ਕੁਝ ਉਪਾਅ ਸੋਚੇ ਗਏ ਆਖਿਰ ਚਿੜੀ ਨੂੰ ਸੱਦਿਆ ਗਿਆ ਅਤੇ ਸ਼ੇਰ ਨੇ ਉਸ ਨੂੰ ਹੁਕਮ ਸੁਣਾਇਆ ਕਿ ਉਹ ਰਾਜਧਾਨੀ ਜਾ ਕੇ ਸ਼ੇਰਨੀ ਦਾ ਪਤਾ ਲਵੇ। ਕਿਉਂਕਿ ਉਹ ਪਹਿਲਾਂ ਵੀ ਉੱਥੇ ਰਹਿ ਆਈ ਹੈ। ਬਾਦਸ਼ਾਹ ਦਾ ਹੁਕਮ ਮੰਨ ਕੇ ਉਹ ਰਾਜਧਾਨੀ ਵੱਲ ਉੱਡ ਪਈ। ਥੋੜ੍ਹੀ ਬਹੁਤ ਮਿਹਨਤ ਕਰਕੇ ਉਹ ਉਸ ਥਾਂ ਪਹੁੰਚ ਗਈ ਜਿੱਥੇ ਪਹਿਲਾਂ ਹੋਰ ਰਹਿ ਚੁੱਕੀ ਸੀ। ਇਸ ਪ੍ਰਾਪਤੀ ਨੇ ਉਸ ਦਾ ਥਕੇਵਾਂ ਲਾਹ ਦਿੱਤਾ ਅਤੇ ਅਗਲੇ ਕੰਮ ਲਈ ਹਿੰਮਤ ਪੈਦਾ ਕਰ ਦਿੱਤੀ। ਉਹ ਦਿਨ ਵੇਲੇ ਇਧਰ ਉਧਰ ਘੁੰਮਦੀ। ਰਾਤ ਪਿਆ ਉਹ ਉਸੇ ਰੁੱਖ ਉੱਪਰ ਆ ਬੈਠ ਜਾਂਦੀ। ਇੱਕ ਵਾਰ ਸ਼ੇਰਨੀ ਨੂੰ ਲੱਭਦਿਆਂ ਲੱਭਦਿਆਂ ਚਿੜੀ ਨੂੰ ਰਾਤ ਪੈ ਗਈ। ਇਹ ਸ਼ੀਆਬਾਨ ਇਲਾਕਾ ਸੀ। ਇਸ ਇਲਾਕੇ ਵਿੱਚ ਖੜ੍ਹੇ ਅਨੇਕ ਰੁੱਖਾਂ ਵਿੱਚੋਂ ਇੱਕ ਉੱਪਰ ਬੈਠ ਕੇ ਉਸ ਨੇ ਰਾਤ ਗੁਜ਼ਾਰਨ ਦਾ ਫੈਸਲਾ ਕੀਤਾ। ਜਿਵੇਂ ਜਿਵੇਂ ਰਾਤ ਵਧਣ ਲੱਗੀ ਚਿੜੀ ਨੂੰ ਭਾਂਤ ਸੁਭਾਂਤ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਉਸ ਸੋਚਿਆ ਇਹੋ ਜਿਹੀਆਂ ਆਵਾਜ਼ਾਂ ਤਾਂ ਜੰਗਲ ਵਿੱਚ ਹੀ ਸੁਣਾਈ ਦਿੰਦੀਆਂ ਹਨ। ਕੀ ਮੈਂ ਮੁੜ ਜੰਗਲ ਵਿੱਚ ਪਹੁੰਚ ਗਈ ਹਾਂ? ਇਨ੍ਹਾਂ ਆਵਾਜ਼ਾਂ ਵਿੱਚੋਂ ਇੱਕ ਵੱਖਰੀ ਆਵਾਜ਼ ਵੀ ਸੁਣਨ ਨੂੰ ਮਿਲੀ। ਇਹ ਸ਼ੇਰਨੀ ਦੀ ਸੀ। ਇੱਕ ਹੋਰ ਗੱਲ ਨੇ ਉਸ ਨੂੰ ਹੈਰਾਨ ਕਰ ਦਿੱਤਾ। ਉਸ ਨੂੰ ਇਹ ਆਵਾਜ਼ ਜਾਣੀ ਪਛਾਣੀ ਲੱਗੀ। ਪਰ ਇਸ ਆਵਾਜ਼ ਵਿੱਚ ਤਾਂ ਦੁੱਖ ਦਾ ਰਲਾਅ ਸੀ। ਸਭ ਕੁਝ ਉਸਦੀ ਸਮਝ ਤੋਂ ਪਰ੍ਹਾਂ ਸੀ। ਹੌਲੀ ਹੌਲੀ ਚਿੜੀ ਨੇ ਉਸੇ ਆਵਾਜ਼ ਉੱਪਰ ਆਪਣਾ ਧਿਆਨ ਟਿਕਾ ਲਿਆ। ਚਿੜੀ ਨੂੰ ਯਕੀਨ ਹੋ ਗਿਆ ਕਿ ਇਹ ਉਸੇ ਸ਼ੇਰਨੀ ਦੀ ਆਵਾਜ਼ ਹੈ। ਜਿਹੜੀ ਉਸ ਨੂੰ ਜੰਗਲ ਵਿੱਚ ਮਿਲੀ ਸੀ। ਇਹ ਤਾਂ ਉਸੇ ਸ਼ੇਰਨੀ ਦੀ ਆਵਾਜ਼ ਹੈ ਜਿਹੜੀ ਗੱਡੀ ਦੀ ਤਲਾਸ਼ ਵਿੱਚ ਰਾਜਧਾਨੀ ਵੱਲ ਆਈ ਹੋਈ ਸੀ। 

ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਮਿੱਤਰ : ਨਵਾਬ ਸੈਫ਼ੂਦੀਨ

ਚਿੜੀ ਆਪਣੇ ਥਾਂ ਬੈਠੀ ਬੈਠੀ ਸਵੇਰ ਦਾ ਇੰਤਜ਼ਾਰ ਕਰਨ ਲੱਗੀ। ਸਵੇਰ ਹੋਈ ਤਾਂ ਉਹ ਉਸ ਦਿਸ਼ਾ ਵੱਲ ਉੱਡ ਪਈ ਜਿੱਧਰੋਂ ਆਵਾਜ਼ ਆ ਰਹੀ ਸੀ। ਸ਼ੇਰਨੀ ਦੀ ਲਗਾਤਾਰ ਆ ਰਹੀ ਆਵਾਜ਼ ਉਸ ਨੂੰ ਸੇਧ ਦੇ ਰਹੀ ਸੀ। ਛੇਤੀ ਹੀ ਉਹ ਜੰਗਲੇ ਦੀ ਇੱਕ ਸੀਖ ਉੱਪਰ ਜਾ ਬੈਠੀ ਜਿਸ ਵਿੱਚ ਸ਼ੇਰਨੀ ਲੰਮੀ ਪਈ ਹੋਈ ਸੀ। ਦਰਦੀਲੀ ਆਵਾਜ਼ ਹੁਣ ਵੀ ਉਸ ਦੇ ਮੂੰਹੋਂ ਥੋੜ੍ਹੀ ਦੇਰ ਬਾਅਦ ਆਪਣੇ ਆਪ ਨਿਕਲ ਰਹੀ ਸੀ। ਸ਼ੇਰਨੀ ਨੂੰ ਉਸ ਦੇ ਆਉਣ ਦੀ ਕੋਈ ਖ਼ਬਰ ਨਹੀਂ ਸੀ। ਪਰ ਚਿੜੀ ਨੇ ਨੇੜੇ ਹੋਣ ਸਦਕਾ ਪਛਾਣ ਲਿਆ ਕਿ ਇਹ ਉਹ ਸ਼ੇਰਨੀ ਹੈ ਜਿਹੜੀ ਜੰਗਲ ਵਿੱਚ ਮਿਲੀ ਸੀ।

ਚਿੜੀ ਨੇ ਉੱਚੀ ਆਵਾਜ਼ ਵਿੱਚ ਪੁੱਛਿਆ, "ਤੁਸੀਂ ਇੱਥੇ ਕਿਵੇਂ ਪਹੁੰਚ ਗਏ? ਤੁਸੀਂ ਤਾਂ ਆਪਣੇ ਬੱਚਿਆਂ ਦੇ ਕਹੇ ਤੇ ਰਾਜਧਾਨੀ ਆਏ ਸੀ।"

ਤੇਜ਼ ਆਵਾਜ਼ ਨੇ ਸ਼ੇਰਨੀ ਦਾ ਧਿਆਨ ਆਪਣੇ ਵੱਲ ਖਿੱਚਿਆ। ਉਸ ਸਿਰ ਉਤਾਂਹ ਚੁੱਕ ਸਲਾਖ ਉੱਪਰ ਬੈਠੀ ਚਿੜੀ ਨੂੰ ਵੇਖਿਆ। ਉਸ ਨੂੰ ਵੀ ਇਹ ਆਵਾਜ਼ ਜਾਣੀ ਪਛਾਣੀ ਲੱਗੀ। ਪ੍ਰਸ਼ਨ ਦੇ ਹੁੰਗਾਰੇ ਵਿੱਚ ਉਸ ਕਿਹਾ, "ਮੈਂ ਹੀ ਆਪਣੇ ਬੱਚਿਆਂ ਦੇ ਕਹੇ ਤੇ ਰਾਜਧਾਨੀ ਆਈ ਸੀ। ਪਰ ਤੂੰ ਕੌਣ ਹੈ?" ਉਹ ਆਪਣੇ ਸ਼ੱਕ ਨੂੰ ਦੂਰ ਕਰਨਾ ਚਾਹੁੰਦੀ ਸੀ। ਮੈਂ ਉਹੀ ਹਾਂ ਜਿਸ ਨੂੰ ਤੁਸੀਂ ਰਾਜਧਾਨੀ ਦਾ ਰਾਹ ਪੁੱਛਿਆ ਸੀ। ਸ਼ੇਰਨੀ ਨੇ ਥੋੜ੍ਹਾ ਸਿੱਧਾ ਹੋਣਾ ਚਾਹਿਆ ਪਰ ਇਸ ਦੀ ਬਜਾਏ ਉਸ ਦੇ ਮੂੰਹੋਂ ਦਰਦ ਭਰੀ ਚੀਸ ਨਿਕਲੀ। ਉਸ ਕੋਲੋਂ ਇਹੋ ਕਹਿ ਹੋਇਆ, "ਠੀਕ ਹੈ।"

ਚਿੜੀ ਦਾ ਧਿਆਨ ਉਸ ਜ਼ਖਮ ਵੱਲ ਚਲਾ ਗਿਆ। ਜਿਹੜਾ ਪਿਛਲੀ ਸੱਜੀ ਲੱਤ ਦੇ ਪੱਟ ਉੱਪਰ ਸੀ। ਅਤੇ ਜਿਸ ਵਿੱਚੋਂ ਅਜੇ ਵੀ ਖੂਨ ਸਿਮ ਰਿਹਾ ਸੀ। ਚਿੜੀ ਨੇ ਹਿੰਮਤ ਕਰਕੇ ਪੁੱਛ ਲਿਆ, "ਇਹ ਕਿਵੇਂ ਹੋ ਗਿਆ ਹੈ?"

ਸ਼ੇਰਨੀ ਨੇ ਸਿਰ ਘੁਮਾ ਕੇ ਉਹਦੇ ਵੱਲ ਵੇਖਿਆ ਅਤੇ ਆਪਣੀ ਵਿੱਥਿਆ ਸੁਣਾਉਣੀ ਸ਼ੁਰੂ ਕਰ ਦਿੱਤੀ, "ਤੇਰੇ ਕੋਲੋਂ ਰਾਹ ਪੁੱਛਣ ਤੋਂ ਬਾਅਦ ਮੈਂ ਉਸੇ ਸ਼ਾਮ ਚੱਲ ਪਈ। ਰਾਹ ਵਿੱਚ ਜਿੱਥੇ ਥੱਕ ਜਾਂਦੀ ਆਰਾਮ ਕਰ ਲੈਂਦੀ। ਇੱਕ ਦੋ ਵਾਰ ਸ਼ਿਕਾਰ ਵੀ ਕੀਤਾ। ਇੱਕ ਵਾਰ ਅਜਿਹੀ ਥਾਂ ਰਾਤ ਪੈ ਗਈ ਜਿੱਥੇ ਆਸ ਪਾਸ ਸਪਾਟ ਥਾਂ ਸੀ। ਕਿਤੇ ਕਿਤੇ ਟਾਵਾਂ ਰੁੱਖ ਸੀ। ਸਵੇਰ ਹੋਈ ਤਾਂ ਵੇਖਿਆ ਕਿ ਆਲੇ ਦੁਆਲੇ ਕਾਫੀ ਹਿਲਜੁਲ ਹੈ। ਲੱਗਿਆ ਉਹ ਪਿੰਡਾਂ ਦੇ ਬਾਹਰ ਦੀ ਥਾਂ ਸੀ। ਬੜੀ ਮੁਸ਼ਕਿਲ ਨਾਲ ਝਾੜੀਆਂ ਦੇ ਪਿੱਛੇ ਲੁੱਕ ਕੇ ਦਿਨ ਗੁਜ਼ਾਰਿਆ। ਮੈਨੂੰ ਹੁਣ ਦੋਹਰਾ ਫਿਕਰ ਹੋ ਗਿਆ।

ਚਿੜੀ ਨੇ ਗੱਲ ਕੱਟਦਿਆਂ ਕਿਹਾ, "ਦੋਹਰਾ ਫਿਕਰ ਕਿਸ ਚੀਜ਼ ਦਾ?"

ਉਹ ਵੀ ਆਪਣੀ ਚਿੰਤਾ ਸਾਂਝੀ ਕਰਨਾ ਚਾਹੁੰਦੀ ਸੀ। ਤੇਜ਼ ਦਰਦ ਕਾਰਨ ਥੋੜ੍ਹਾ ਚੁੱਪ ਰਹਿਣ ਬਾਅਦ ਬੋਲੀ, "ਇੱਕ ਆਪਣਾ ਤੇ ਦੂਜਾ ਬੱਚਿਆਂ ਦਾ।"

"ਦਿਨ ਡੁੱਬਿਆ ਤਾਂ ਮੈਂ ਡਰਦੀ ਡਰਦੀ ਉੱਥੋਂ ਨਿਕਲੀ । ਥੋੜ੍ਹਾ ਅੱਗੇ ਗਈ ਹੋਵਾਂਗੀ ਤਾਂ ਮੈਨੂੰ ਕਿਸੇ ਆਦਮੀ ਨੇ ਵੇਖ ਲਿਆ। ਉਸ ਨੇ ਉੱਚੀ ਬੋਲ ਬੋਲ ਹੋਰਾਂ ਨੂੰ ਵੀ ਸੱਦ ਲਿਆ। ਉਸ ਦੇ ਬੋਲ ਹੁਣ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਹਨ। ਵੇਖਦਿਆਂ ਵੇਖਦਿਆਂ ਮੈਂ ਭੀੜ ਦੇ ਅੱਗੇ ਅੱਗੇ ਤੇ ਉਹ ਮੇਰੇ ਪਿੱਛੇ ਪਿੱਛੇ। ਸਭ ਦੇ ਹੱਥਾਂ ਵਿੱਚ ਕੁਝ ਨਾ ਕੁਝ ਸੀ ਤਾਂ ਕਿ ਮੈਨੂੰ ਮਾਰਿਆ ਜਾ ਸਕੇ। ਨੱਠਦੇ ਨੱਠਦੇ ਉਹ ਬੋਲ ਵੀ ਰਹੇ ਸਨ। ਉਨ੍ਹਾਂ ਦੇ ਬੋਲ ਮੇਰੇ ਕੰਨ ਪਾੜ ਰਹੇ ਸਨ। "ਜੇ ਹੱਥ ਆ ਜਾਏ ਤਾਂ ਛੱਡਾਂਗੇ ਨਹੀਂ"

"ਮੈਂ ਤਾਂ ਉਹਦਾ ਸਿਰ ਵੱਢ ਕੇ ਘਰ ਲੈ ਜਾਵਾਂਗਾ। ਕਹਿੰਦੇ ਹਨ ਇਹਦੇ ਨਾਲ ਬੁਰੇ ਅਸਰ ਤੋਂ ਬਚਿਆ ਜਾ ਸਕਦਾ ਹੈ।"

"ਇਹਦੀ ਖੱਲ ਹੀ ਬੜੀ ਕੀਮਤੀ ਹੁੰਦੀ ਹੈ।"

"ਕਿਸੇ ਅਮੀਰ ਜ਼ਾਦੇ ਨੇ ਆਪਣੇ ਫਾਰਮ ਵਿੱਚ ਪਾਲ ਰੱਖੀ ਹੋਵੇਗੀ। ਉਥੋਂ ਨੱਠ ਆਈ ਹੋਵੇਗੀ ..ਧੋਖਾ ਦੇ ਕੇ..।"

"ਠੀਕ ਹੈ ..ਪਰ ਹੁਣ ਤਾਂ ਇਹ ਸਾਡਾ ਤੇ ਸਾਡੇ ਬੱਚਿਆਂ ਦਾ ਘਰੋਂ ਨਿਕਲਣਾ ਬੇਹਾਲ ਕਰ ਦੇਵੇਗੀ।"

" ਆਹੋ ਅੱਜ ਤਾਂ ਇਸ ਨੂੰ ਮਾਰ ਕੇ ਹੀ ਸਾਹ ਲਵਾਂਗੇ।"

"ਕਦੇ ਕਦੇ ਲੋਅ ਸਿੱਧੀ ਅੱਖਾਂ ਵਿੱਚ ਆ ਕੇ ਲੱਗਦੀ। ਮੈਂ ਤਾਂ ਹਨੇਰੇ ਦੀ ਤਲਾਸ਼ ਵਿੱਚ ਸਾਂ। ਕੀ ਕਰਦੀ। ਅਚਾਨਕ ਕੋਈ ਲੁਕਵੀਂ ਥਾਂ ਮਿਲ ਗਈ। ਮੈਂ ਇਕੱਠੀ ਹੋ ਕੇ ਬੈਠ ਗਈ। ਪਰ ਆਵਾਜ਼ਾਂ ਆਉਂਦੀਆਂ ਰਹੀਆਂ ਤੇ ਸੁਣਾਈ ਦਿੱਤਾ, "ਜੰਗਲੀ ਜਾਨਵਰਾਂ ਨੂੰ ਨਹੀਂ ਮਾਰਨਾ ਚਾਹੀਦਾ। ਇਸ ਨੂੰ ਕੁਝ ਨਾ ਕਹੋ ਤੁਹਾਡਾ ਕੀ ਵਿਗਾੜਿਆ ਹੈ ਇਸ ਨੇ।"

"ਤਾਂ ਵਿਗਾੜ ਦੇਵੇਗੀ।" ਕਈ ਜਾਣਿਆਂ ਨੇ ਮਿਲ ਕੇ ਉਸ ਨੂੰ ਨਠਾ ਦਿੱਤਾ।

ਚਿੜੀ ਦਾ ਇਹੋ ਜਿਹੀਆਂ ਗੱਲਾਂ ਸੁਣ ਕੇ ਸਾਹ ਸੁੱਕਦਾ ਜਾ ਰਿਹਾ ਸੀ। ਹਿੰਮਤ ਕਰਕੇ ਆਖਿਰ ਬੋਲ ਹੀ ਪਈ, "ਇਨ੍ਹਾਂ ਨੂੰ ਤਾਂ ਮੈਂ ਜਦ ਵੀ ਵੇਖਿਆ ਹੈ ਆਪਸ ਵਿੱਚ ਲੜਦੀਆਂ ਹੀ ਵੇਖਿਆ ਹੈ। ਤੁਹਾਡੇ ਪਿੱਛੇ ਕਿਵੇਂ ਪੈ ਗਏ।"

ਸ਼ੇਰਨੀ ਨੂੰ ਪਿਛਲਾ ਵੇਲਾ ਯਾਦ ਆ ਗਿਆ ਕਹਿਣ ਲੱਗੀ, "ਸਾਨੂੰ ਤਾਂ ਮਾਰਦੇ ਹੀ ਆ ਰਹੇ ਹਨ ਇਹ। ਮੈਨੂੰ ਵੀ ਮਾਰਨਾ ਹੀ ਚਾਹੁੰਦੇ ਸਨ। ਮੈਨੂੰ ਬੈਠੀ ਨੂੰ ਅਜੇ ਥੋੜ੍ਹਾ ਸਮਾਂ ਹੋਇਆ ਸੀ ਕਿ ਮੈਨੂੰ ਰੌਸ਼ਨੀ ਦਾ ਹੜ੍ਹ ਆਪਣੇ ਵੱਲ ਆਉਂਦਾ ਦਿਸਿਆ ਤੇ ਫੇਰ ਅੱਖਾਂ ਨੂੰ ਕੁਝ ਵੀ ਪਤਾ ਨਾ ਲੱਗਾ।"

ਚਿੜੀ ਦੀ ਆਪਣੀ ਹਾਲਤ ਵਿਗੜਦੀ ਜਾ ਰਹੀ ਸੀ। ਉਹ ਸੋਚ ਰਹੀ ਸੀ ਕਿ ਜੇ ਜੰਗਲ ਦੇ ਤਾਕਤਵਰ ਜਾਨਵਰ ਦੀ ਇਹ ਹਾਲਤ ਹੈ ਤਾਂ ਸਾਡੀ ਕੀ ਹੋ ਸਕਦਾ ਹੈ। ਉਸ ਨੇ ਕਥਾ ਦਾ ਅੰਤ ਜਾਣਨਾ ਚਾਹਿਆ। "ਇੱਥੇ ਕਿਵੇਂ ਪਹੁੰਚੇ?"

"ਕੁਝ ਪਤਾ ਨਹੀਂ। ਰੌਸ਼ਨੀ ਵਿੱਚੋਂ ਹੀ ਕੁਝ ਆਵਾਜ਼ਾਂ ਆਈਆਂ ਸਨ। ਉਧਰ... ਥੋੜ੍ਹਾ ਹੋਰ.. ਤੇ ਫੇਰ ਕੁਝ ਵੀ ਪਤਾ ਨਾ ਲੱਗਾ। ਜਦ ਹੋਸ਼ ਆਈ ਤਾਂ ਮੈਂ ਕੈਦ ਵਿੱਚ ਸਾਂ।"

ਪੜ੍ਹੋ ਇਹ ਵੀ ਖਬਰ -  ਜੋੜਾਂ ਦੇ ਦਰਦ ਨੂੰ ਠੀਕ ਕਰਦੀ ਹੈ ‘ਇਮਲੀ’, ਸ਼ੂਗਰ ਲਈ ਵੀ ਹੁੰਦੀ ਹੈ ਫਾਇਦੇਮੰਦ

ਦਰਦ ਨਾਲ ਬੇਹਾਲ ਚਿੜੀ ਨੇ ਆਪਣੇ ਵੱਲੋਂ ਪੂਰੀ ਹਮਦਰਦੀ ਨਾਲ ਕਿਹਾ' "ਇਹ ਤਾਂ ਬਹੁਤ ਬੁਰਾ ਹੋਇਆ ਹੈ। ਇਨ੍ਹਾਂ ਸਲਾਖਾਂ ਨੂੰ ਤਾਂ ਅਸੀਂ ਟੁੱਕ ਵੀ ਨਹੀਂ ਸਕਦੇ। ਦੁੱਖ ਨਾਲ ਭਰੀ ਅਤੇ ਉਦਾਸ ਸ਼ੇਰਨੀ ਬੋਲੀ ਤਾਂ ਉਹਦੀ ਆਵਾਜ਼ ਕੰਬ ਰਹੀ ਸੀ, "ਲੱਗਦਾ ਹੈ ਬਾਕੀ ਦੀ ਜ਼ਿੰਦਗੀ ਇੰਝ ਹੀ ਗੁਜ਼ਾਰਨੀ ਪਵੇਗੀ। ਹੁਣ ਜੰਗਲ ਨਸੀਬ ਨਹੀਂ ਹੋਣ ਲੱਗਾ। ਇਹ ਲੋਕ ਤਾਂ ਜ਼ਾਲਮ ਹਨ।" 

ਚਿੜੀ ਨੇ ਏਧਰ ਉਧਰ ਵੇਖਿਆ। ਉਸ ਦੇ ਚੇਤੇ ਵਿੱਚ ਆਪਣੇ ਜੰਗਲ ਦਾ ਮਾਹੌਲ ਘੁੰਮਣ ਲੱਗਾ। ਉਹ ਥੋੜ੍ਹੀ ਹਿੰਮਤ ਕਰਕੇ ਬੋਲੀ, "ਜੰਗਲ ਵਿੱਚ ਰਹਿ ਗਏ ਬੱਚੇ ਤੁਹਾਡਾ ਇੰਤਜ਼ਾਰ ਕਰ ਰਹੇ ਹਨ।" 

ਸ਼ੇਰਨੀ ਇਹ ਬੋਲ ਸੁਣ ਕੇ ਪੂਰੀ ਤਰ੍ਹਾਂ ਟੁੱਟ ਗਈ। ਉਸ ਦਾ ਦਰਦ ਇਸ ਨਾਲ ਹੋਰ ਵੱਧ ਗਿਆ। ਖ਼ੁਦ ਨੂੰ ਸੰਭਾਲਦਿਆਂ ਕਿਹਾ, "ਮੇਰੇ ਬੱਚਿਆਂ ਨੂੰ ਮੇਰੇ ਬਾਰੇ ਦੱਸ ਦਵੀਂ। ਪਤਾ ਨਹੀਂ ਕਦੋਂ ਉਨ੍ਹਾਂ ਨੂੰ ਮਿਲ ਸਕਾਂ। ਇੱਕ ਗੱਲ ਉਨ੍ਹਾਂ ਨੂੰ ਜ਼ਰੂਰ ਸਮਝਾ ਦੇ ਕੇ ਉਹ ਰਾਜਧਾਨੀ ਵੱਲ ਮੂੰਹ ਕਰਨ ਦੀ ਕਦੇ ਗੱਲ ਨਾ ਕਰਨ। ਹੁਣ ਤੂੰ ਜਾਂ ਬਹੁਤ ਦਿਨ ਹੋ ਗਏ ਹਨ ਆਈ ਨੂੰ।"

ਕੁਝ ਪਲਾਂ ਲਈ ਚਿੜੀ ਬਿਨਾਂ ਹਿੱਲੇ ਜੁੱਲੇ ਲੋਹੇ ਦੀ ਸਲਾਖ਼ ਉੱਪਰ ਬੈਠੀ ਰਹੀ। ਫੇਰ ਸਿਰ ਚੁੱਕਿਆ ਅਤੇ ਆਕਾਸ਼ ਦੇ ਨੀਲੇ ਪਾਣੀ ਨੂੰ ਵੇਖਿਆ। ਅਗਲੇ ਹੀ ਛਿਣ ਉਹ ਪਰ ਫੈਲਾਅ ਜੰਗਲ ਵੱਲ ਮੂੰਹ ਕਰਕੇ ਉੱਡ ਰਹੀ ਸੀ।


rajwinder kaur

Content Editor

Related News