ਆਓ ਬਾਲ ਮਜ਼ਦੂਰੀ ਦੇ ਕੋਹੜ ਤੋਂ ਆਪਣੇ ਸਮਾਜ ਨੂੰ ਬਚਾਈਏ

06/12/2020 11:01:52 AM

ਬਚਪਨ ਮਨੁੱਖੀ ਜੀਵਨ ਦੀ ਸਭ ਤੋਂ ਸੋਹਣੀ ਦਾਤ ਹੈ। ਨਾ ਕੋਈ ਫ਼ਿਕਰ, ਨਾ ਕਿਸੇ ਨਾਲ ਵੈਰ-ਵਿਰੋਧ ਸਿਰਫ ਪਿਆਰ ਭਰਿਆ ਅਤੇ ਹਾਸੇ ਖੇੜ੍ਹਿਆਂ ਵਾਲਾ ਜੀਵਨ। ਬਚਪਨ ਦਾ ਸਮਾਂ ਹਰ ਕਿਸੇ ਲਈ ਸਭ ਤੋਂ ਪਿਆਰਾ ਅਤੇ ਅਨਮੋਲ ਹੁੰਦਾ ਹੈ। ਹਰ ਸਮਾਂ ਖੇਡ, ਮਸਤੀ, ਪੜ੍ਹਨਾ, ਲਿਖਣਾ ਇਹੀ ਤਾਂ ਬਚਪਨ ਹੈ ਪਰ ਜ਼ਰੂਰੀ ਨਹੀਂ ਕਿ ਹਰ ਕਿਸੇ ਦਾ ਬਚਪਨ ਅਜਿਹਾ ਬਤੀਤ ਹੋਵੇ। ਕੁਝ ਬੱਚੇ ਗਰੀਬੀ, ਮਾਂ ਬਾਪ ਦੀ ਅਨਪੜਤਾ, ਬੇਰੁਜ਼ਗਾਰੀ ਅਤੇ ਤਾੜਨਾ ਕਾਰਨ ਰੋਜ਼ੀ-ਰੋਟੀ ਕਮਾਉਣ ਨੂੰ ਮਜ਼ਬੂਰ ਹੋ ਜਾਂਦੇ ਹਨ ਅਤੇ ਸਕੂਲ ਜਾਣ ਦੀ ਉਮਰ ਵਿੱਚ ਹੋਟਲ, ਘਰ, ਖੇਤ ਅਤੇ ਕਾਰਖਾਨਿਆਂ ਵਿੱਚ ਮਜ਼ਦੂਰੀ ਕਰਦੇ ਹਨ।

ਸੰਨ 2017 ਵਿਚ ਕੀਤੇ ਸਰਵੇ ਮੁਤਾਬਕ ਪੂਰੇ ਸੰਸਾਰ ਵਿੱਚ 152
ਮਿਲੀਅਨ ਬੱਚੇ ਬਾਲ ਮਜ਼ਦੂਰੀ ਦੇ ਦਲਦਲ ਵਿੱਚ ਫਸੇ ਹੋਏ ਹਨ। ਜਿਨ੍ਹਾਂ ਵਿਚੋਂ 73 ਮਿਲੀਅਨ ਬੱਚੇ ਖਤਰਨਾਕ ਕੰਮਾਂ ਵਿਚ ਗ੍ਰਸਤ ਹਨ। ਕਰੀਬ 58% ਭਾਵ 88 ਮਿਲੀਅਨ ਮੁੰਡੇ ਅਤੇ 42% ਭਾਵ 34 ਮਿਲੀਅਨ ਕੁੜੀਆਂ ਇਸ ਦਾ ਸ਼ਿਕਾਰ ਹਨ। ਇੱਕ ਹੋਰ ਗੱਲ ਧਿਆਨ ਦੇਣ ਯੋਗ ਹੈ ਕਿ 72 ਮਿਲੀਅਨ ਬਾਲ ਮਜ਼ਦੂਰੀ ਸਿਰਫ਼ ਅਫ਼ਰੀਕਾ ਵਿਚ ਅਤੇ 62 ਮਿਲੀਅਨ ਏਸ਼ੀਆ ਅਤੇ ਪੈਸੀਫਿਕ ਖੇਤਰਾਂ ਵਿੱਚ ਹੁੰਦੀ ਹੈ। ਇਸ ਸਮੇਂ ਵਿਸ਼ਵ ਵਿੱਚ ਕਰੀਬ ਹਰ ਦਸ ਵਿੱਚੋਂ ਇੱਕ ਬੱਚਾ ਬਾਲ ਮਜ਼ਦੂਰ ਹੈ।

ਪੜ੍ਹੋ ਇਹ ਵੀ - ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਦੇ ਕਨਵੈਨਸ਼ਨ ਨੰਬਰ 138 ਅਨੁਸਾਰ 15 ਸਾਲ ਆਮ ਤੌਰ ’ਤੇ ਕੰਮ ਕਰਨ ਲਈ ਘੱਟੋ-ਘੱਟ ਉਮਰ ਨਿਸ਼ਚਿਤ ਕੀਤੀ ਗਈ ਹੈ। ਸਾਰੇ ਰਾਸ਼ਟਰ ਇਹ ਸੁਨਿਸ਼ਚਿਤ ਕਰਨ ਕਿ ਬੱਚੇ ਇਸ ਉਮਰ ਤੱਕ ਸਕੂਲ ਜਾਣ ਤਾਂ ਕਿ ਉਨ੍ਹਾਂ ਦਾ ਸੰਪੂਰਨ ਸਰੀਰਕ ਅਤੇ ਮਾਨਸਿਕ ਵਿਕਾਸ ਹੋ ਸਕੇ। ਇਸ ਲਈ ਇਸ ਉਮਰ ਤੋਂ ਘੱਟ ਬੱਚੇ ਜੋ ਭਿੰਨ-ਭਿੰਨ ਤਰ੍ਹਾਂ ਦੇ ਕੰਮ ਕਰ ਕੇ ਪੈਸੇ ਕਮਾਉਂਦੇ ਹਨ ਬਾਲ ਮਜ਼ਦੂਰ ਕਹੇ ਜਾਂਦੇ ਹਨ, ਕਿਉਂਕਿ ਉਹ ਅਜੇ ਬਹੁਤ ਛੋਟੇ ਹਨ ਕਿ ਉਹ ਖਤਰਨਾਕ ਕਿਰਿਆਵਾਂ ਕਰਨ ਜੋ ਉਨ੍ਹਾਂ ਦੇ ਸਰੀਰਕ-ਮਾਨਸਿਕ, ਸਮਾਜਿਕ ਅਤੇ ਵਿਦਿਅਕ ਵਿਕਾਸ ਲਈ ਖਤਰਨਾਕ ਹੋਵੇ।

ਸੰਨ 2002 ਨੂੰ ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਨੇ ਹਰ ਸਾਲ 12 ਜੂਨ ਨੂੰ ਬਾਲ ਮਜ਼ਦੂਰੀ ਦੀ ਸਮੱਸਿਆ ਪ੍ਰਤੀ ਲੋਕਾਂ ਦਾ ਧਿਆਨ ਖਿੱਚਣ ਅਤੇ ਇਸ ਦੇ ਖਾਤਮੇ ਲਈ ਪ੍ਰਤੀਬੱਧ ਹੋਣ ਲਈ 'ਵਿਸ਼ਵ ਬਾਲ ਮਜ਼ਦੂਰੀ ਵਿਰੋਧ ਦਿਵਸ' ਵਜੋਂ ਮਨਾਉਣ ਦਾ ਫੈਸਲਾ ਕੀਤਾ। ਬੱਚਿਆਂ ਨੂੰ ਜ਼ਬਰਦਸਤੀ ਮਜ਼ਦੂਰੀ ਵੱਲ ਧੱਕਣਾ, ਡਰੱਗ ਟ੍ਰੈਫਿਕਿੰਗ ਆਦਿ ਗੈਰ ਕਾਨੂੰਨੀ ਕੰਮ ਕਰਵਾਉਣਾ ਬਹੁਤ ਹੀ ਮੰਦਭਾਗੀ ਸਮੱਸਿਆ ਹੈ ਇਸ ਦਾ ਸਾਹਮਣਾ ਅੱਜ ਪੂਰਾ ਵਿਸ਼ਵ ਕਰ ਰਿਹਾ ਹੈ।

ਪੜ੍ਹੋ ਇਹ ਵੀ - ਆਲਮੀ ਬਾਲ ਮਜ਼ਦੂਰੀ ਦਿਹਾੜਾ : ‘ਇਨਸਾਨੀਅਤ ਲਈ ਇਕ ਧੱਬਾ’

ਅੱਜ ਕੋਵਿਡ-19 ਦੀ ਮਹਾਮਾਰੀ ਨੇ ਜਿੱਥੇ ਪੂਰੇ ਵਿਸ਼ਵ ਨੂੰ ਆਪਣੇ ਜਾਲ ਵਿੱਚ ਜਕੜ ਲਿਆ ਹੈ ਉੱਥੇ ਗਰੀਬ ਦੇਸ਼ਾਂ ਵਿੱਚ ਇਸ ਦੇ ਹਾਨੀਕਾਰਕ ਪ੍ਰਭਾਵ ਦਿਖਣ ਲੱਗ ਪਏ ਹਨ। ਜਿਹੜੇ ਦੇਸ ਪਹਿਲਾਂ ਹੀ ਗੰਭੀਰ ਸਮੱਸਿਆਵਾਂ ਜਿਵੇਂ ਗਰੀਬੀ, ਬੇਰੁਜ਼ਗਾਰੀ, ਅਨਪੜਤਾ, ਵੱਧਦੀ ਜਨਸੰਖਿਆ ਦੀ ਮਾਰ ਝੱਲ ਰਹੇ ਹਨ। ਉੱਥੇ ਬਾਲ ਮਜ਼ਦੂਰੀ, ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦੀ ਸਮੱਸਿਆ ਵੱਧਣ ਦਾ ਖ਼ਤਰਾ ਵੀ ਹੋਰ ਵੱਧ ਗਿਆ ਹੈ।

ਸਮੇਂ ਦੀ ਮੰਗ ਹੈ ਕਿ ਵਿਸ਼ਵ ਪੱਧਰ ਤੇ ਇਸ ਸਮੱਸਿਆ ਪ੍ਰਤੀ ਸਭ ਨੂੰ ਜਾਗਰੂਕ ਕੀਤਾ ਜਾਵੇ। ਮਾਂ-ਬਾਪ ਦਾ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਦਾ ਸਹੀ ਪਾਲਣ-ਪੋਸ਼ਣ ਕਰਨ। ਬੱਚਿਆਂ ਦੀ ਪਰਵਰਿਸ਼ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਹਰ ਦੇਸ਼ ਨੂੰ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ। ਸਰਕਾਰਾਂ ਪ੍ਰਭਾਵਸ਼ਾਲੀ ਕਾਨੂੰਨ ਬਣਾਉਣ ਦੇ ਨਾਲ ਉਨ੍ਹਾਂ ਦਾ ਸਖਤੀ ਨਾਲ ਪਾਲਣ ਵੀ ਕਰਵਾਉਣ। ਅਪਰਾਧੀਆਂ ਨਾਲ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਪੜ੍ਹੋ ਇਹ ਵੀ - ਐੱਮ. ਏ., ਬੀ. ਐੱਡ. ਦੀ ਡਿਗਰੀ ਹਾਸਲ ਕਰ ਚੁੱਕੇ ਨੌਜਵਾਨ ਲਗਾ ਰਹੇ ਹਨ ਝੋਨਾ

ਬਾਲ ਮਜ਼ਦੂਰੀ ਇਕ ਸਰਾਪ ਹੀ ਨਹੀਂ ਬਲਕਿ ਕਿਸੇ ਸਮਾਜ ਲਈ ਬਹੁਤ ਵੱਡਾ ਕਲੰਕ ਵੀ ਹੈ। ਕਿਸੇ ਵੀ ਰਾਸ਼ਟਰ ਲਈ ਬੱਚੇ ਉਸ ਦੇਸ਼ ਦਾ ਅਨਮੋਲ ਧੰਨ ਅਤੇ ਭਵਿੱਖ ਹਨ। ਥੋੜੇ ਜਿਹੇ ਪੈਸਿਆਂ ਦੇ ਮੋਹ ਵੱਸ ਬੱਚਿਆਂ ਦੇ ਬਚਪਨ ਨਾਲ ਖਿਲਵਾੜ ਕਰਨਾ ਗੈਰ ਕਨੂੰਨੀ ਅਪਰਾਧ ਹੈ। ਹਰ ਇਕ ਇਨਸਾਨ ਦਾ ਫ਼ਰਜ਼ ਬਣਦਾ ਹੈ ਜਿੱਥੇ ਵੀ ਕਿਤੇ ਹੋਟਲ, ਢਾਬੇ, ਖੇਤ, ਕਾਰਖਾਨੇ ਵਿੱਚ ਕੋਈ ਬਾਲ ਮਜ਼ਦੂਰ ਦਿਖੇ ਤਾਂ ਇਸ ਦੀ ਸੂਚਨਾ ਪੁਲਸ ਥਾਣੇ ਦੇਣੀ ਬਣਦੀ ਹੈ। ਆਉ ਅਸੀ ਸਾਰੇ ਮਿਲ ਕੇ ਆਪਣੇ ਰਾਸ਼ਟਰ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰੀਏ ਅਤੇ ਬਾਲ ਮਜ਼ਦੂਰੀ ਦਾ ਕੋਹੜ ਆਪਣੇ ਸਮਾਜ ਤੋਂ ਹਮੇਸ਼ਾ ਲਈ ਕੱਢ ਦੇਈਏ।ਕਿਉਂਕਿ ਕਿਸੇ ਸਮਾਜ ਦੀ ਤਰੱਕੀ ਸਿਰਫ ਉਸ ਸਮੇਂ ਹੋਵੇਗੀ ਉਸ ਸਮਾਜ ਦੇ ਬੱਚਿਆਂ ਦਾ ਵਰਤਮਾਨ ਅਤੇ ਭਵਿੱਖ ਸੁਰੱਖਿਅਤ ਹੋਵੇਗਾ।

ਪੜ੍ਹੋ ਇਹ ਵੀ - ਇਹ ਯੋਗ-ਆਸਣ ਕਰਨ ਨਾਲ ਦੂਰ ਹੁੰਦੀਆਂ ਹਨ ਭਿਆਨਕ ਬੀਮਾਰੀਆਂ

ਪੂਜਾ ਸ਼ਰਮਾ
ਅੰਗਰੇਜ਼ੀ ਲੈਕਚਰਾਰ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂ ਸ਼ਹਿਰ
ਸ਼ਹੀਦ ਭਗਤ ਸਿੰਘ ਨਗਰ

rajwinder kaur

This news is Content Editor rajwinder kaur