ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ’ਤੇ ਖੁੱਲ੍ਹਾ ਪੱਤਰ

06/29/2020 12:11:32 PM

ਕੈਪਟਨ ਸਾਹਿਬ, ਜੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣਾ ਤਾਂ ਖੇਡਾਂ ਨੂੰ ਸਕੂਲਾਂ-ਕਾਲਜਾਂ ਵਿਚ ਲਾਜ਼ਮੀ ਵਿਸ਼ਾ ਬਣਾਓ!
ਪੰਜਾਬ ਦੇ ਹਰ ਸਕੂਲ ਵਿਚ ਓਲੰਪਿਕ ਲਹਿਰ ਸ਼ੁਰੂ ਹੋਵੇ

ਇਕ ਵਕਤ ਸੀ ਜਦੋਂ ਪੰਜਾਬ ਦੀ ਖੇਡਾਂ, ਸਿੱਖਿਆ, ਖੇਤੀਬਾੜੀ ਤੇ ਸਨਅਤ ਆਦਿ ਹੋਰ ਖੇਤਰਾਂ ਵਿਚ ਤੇ ਪੂਰੀ ਦੁਨੀਆਂ ਵਿਚ ਇਕ ਵਿਲੱਖਣ ਪਛਾਣ ਸੀ ਪਰ ਅੱਜ ਪੰਜਾਬ ਦੇ ਹਾਲਾਤ ਇਹ ਹਨ ਕਿ ਸਨਅਤਕਾਰ ਇਥੋਂ ਕੂਚ ਕਰ ਰਹੇ ਹਨ। ਅੰਨਦਾਤਾ ਖੁਦਕੁਸ਼ੀ ਕਰਨ ਲਈ ਮਜਬੂਰ ਹੈ। ਸਿੱਖਿਆ ਦੇ ਖੇਤਰ ਵਿਚ ਪੰਜਾਬ ਖਾਸ ਕਰਕੇ ਸਰਕਾਰੀ ਸਕੂਲਾਂ ਦੀ ਕੈਟਾਗਰੀ ਵਿਚ ਆਪਣੀ ਪਛਾਣ ਗੁਆ ਚੁੱਕਾ ਹੈ। ਇਹ ਸਰਕਾਰੀ ਸਕੂਲ ਹੀ ਕਿਸੇ ਵੇਲੇ ਆਈ.ਏ. ਐੱਸ ਅਤੇ ਆਈ.ਪੀ. ਐੱਸ ਅਫ਼ਸਰ ਪੈਦਾ ਕਰਦੇ ਸਨ ਪਰ ਅੱਜ ਕੋਈ ਮੰਤਰੀ-ਸੰਤਰੀ ਤਾਂ ਛੱਡੋ, ਉੱਥੇ ਗਰੀਬ ਦਾ ਬੱਚਾ ਵੀ ਪੜ੍ਹਨ ਨੂੰ ਤਿਆਰ ਨਹੀਂ ਹੈ। ਕਿਸੇ ਵੇਲੇ ਦਾ ਨੰਬਰ ਇਕ ਪੰਜਾਬ ਅੱਜ ਸਿੱਖਿਆ ਦੇ ਖੇਤਰ ਵਿਚ 13ਵੇਂ ਨੰਬਰ ’ਤੇ ਹੈ ਜਦਕਿ ਪੰਜਾਬ ਦਾ ਖੇਡ ਸੱਭਿਆਚਾਰ ਤਾਂ ਉੱਜੜ ਕੇ ਹੀ ਰਹਿ ਗਿਆ ਹੈ। ਖਿਡਾਰੀਆਂ ਨੂੰ ਕੋਈ ਸਹੂਲਤ ਨਹੀ, ਨੌਕਰੀ ਨਹੀਂ, ਇਨਾਮਾਂ ਤੋਂ ਵਾਂਝੇ ਖਿਡਾਰੀ ਬਾਹਰਲੇ ਰਾਜਾਂ ਵਿਚ ਖੇਡਣ ਨੂੰ ਤਰਸਦੇ ਹਨ। ਜਿਹੜੇ ਸਰਕਾਰੀ ਸਕੂਲਾਂ ਵਿਚ ਪੰਜਾਬ ਸਰਕਾਰ ਨੇ ਖੇਡ ਸਿਸਟਮ ਅਪਣਾਇਆ ਹੈ, ਉੱਥੇ ਬੱਚਿਆਂ ਦਾ ਖੇਡਣਾ ਤਾਂ ਦੂਰ ਦੀ ਗੱਲ, ਕੋਈ ਪੜ੍ਹਾਈ ਕਰਨ ਨੂੰ ਤਿਆਰ ਨਹੀਂ ਹੈ। ਪੰਜਾਬ ਦੀ ਜਵਾਨੀ ਪੂਰੀ ਤਰ੍ਹਾਂ ਕੁਰਾਹੇ ਪੈ ਚੁੱਕੀ ਹੈ। ਨਸ਼ਿਆਂ ਦੇ ਦਰਿਆ ਨੂੰ ਕੋਈ ਠੱਲ੍ਹ ਨਹੀਂ ਪੈ ਰਹੀ, ਜੋ ਥੋੜ੍ਹੇ ਬਹੁਤੇ ਬੱਚੇ ਸਿੱਖਿਆ ਵਿਚ ਹੁਨਰਮੰਦ ਸਨ, ਉਹ ਬੱਚੇ ਵਿਦੇਸ਼ਾਂ ਨੂੰ ਦੌੜ ਗਏ ਹਨ। ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਬੇਖਬਰ ਹੋ ਕੇ ਪੰਜਾਬ ਦੀ ਲੁੱਟ-ਖਸੁੱਟ ਕਰਨ ਵਿਚ ਲੱਗੇ ਹੋਏ ਹਨ ।

ਮਜ਼ਦੂਰਾਂ ਦੀ ਘਾਟ: ਆਪਣੀ ‘ਹਿੰਮਤ’ ਅਤੇ ‘ਜਜ਼ਬੇ’ ਦਾ ਲੋਹਾ ਮਨਵਾਉਣ ’ਚ ਸਫਲ ਰਹੇ ਪੰਜਾਬ ਦੇ ਕਿਸਾਨ

ਅੱਜ ਪੰਜਾਬ ਨੂੰ ਹਰ ਖੇਤਰ ਵਿਚ ਕਦਮ-ਕਦਮ ’ਤੇ ਬਚਾਉਣ ਦੀ ਲੋੜ ਹੈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਪੰਜਾਬ ਦੇ ਪ੍ਰਤੀ ਉਨ੍ਹਾਂ ਸੁਹਿਰਦ ਅਤੇ ਫਿਕਰਮੰਦ ਲੋਕਾਂ ਦੀ ਦਿੱਤੀ ਸਲਾਹ ਦੀ ਇਕ ਬੇਨਤੀ ਕਰਨੀ ਚਾਹੁੰਦੇ ਹਾਂ, ਜਿਹੜੀ ਜੇਕਰ ਉਹ ਮੰਨ ਲੈਣ। ਬੇਨਤੀ ਹੈ ਕਿ ਕੈਪਟਨ ਸਾਹਿਬ, ਜੇਕਰ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਪੰਜਾਬ ਦੇ ਸਾਰੇ ਪਬਲਿਕ ਅਤੇ ਸਰਕਾਰੀ ਸਕੂਲਾਂ ਵਿਚ ਖੇਡਾਂ ਨੂੰ ਲਾਜ਼ਮੀ ਵਿਸ਼ਾ ਬਣਾ ਦਿਓ। ਭਾਰਤ ਸਰਕਾਰ ਦੇ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਰਾਸ਼ਟਰੀ ਖੇਡ ਸਿੱਖਿਆ ਬੋਰਡ ਬਣਾਉਣ ਦਾ ਐਲਾਨ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਵੀ ਪੂਰੇ ਮੁਲਕ ਵਿਚ ਨਵੀਂ ਸਿੱਖਿਆ ਨੀਤੀ ਵਿਚ ਖੇਡਾਂ ਨੂੰ ਲਾਜ਼ਮੀ ਵਿਸ਼ਾ ਬਣਾਉਣ ਦੀ ਵਕਾਲਤ ਕੀਤੀ ਹੈ। ਇਸ ਤਰ੍ਹਾਂ ਦੀ ਬਿਆਨਬਾਜ਼ੀ ਪਹਿਲਾਂ ਵੀ ਕਈ ਵਾਰ ਕਈ ਮੰਤਰੀਆਂ ਨੇ ਕੀਤੀ ਹੈ ਪਰ ਅਮਲ ਕਦੇ ਵੀ ਕਿਸੇ ਨੇ ਨਹੀਂ ਕੀਤਾ।

'ਕਰੰਡ' ਦੀ ਗੰਭੀਰ ਸਮੱਸਿਆ ਵੀ ਨਹੀਂ ਤੋੜ ਸਕੀ ਸਿੱਧੀ ਬਿਜਾਈ ਕਰਨ ਵਾਲੇ ਯੋਧੇ ਕਿਸਾਨਾਂ ਦਾ ‘ਸਿਰੜ’

ਪਰ ਜੇਕਰ ਮੁੱਖ ਮੰਤਰੀ ਪੰਜਾਬ ਕੈਪਟਨ ਸਾਹਿਬ ਇਹ ਪਹਿਲ ਕਦਮੀ ਕਰ ਲੈਣ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਭਾਗ ਖੁੱਲ੍ਹ ਜਾਣ। ਸਕੂਲਾਂ-ਕਾਲਜਾਂ ਵਿਚ ਖੇਡਾਂ ਲਾਜ਼ਮੀ ਵਿਸ਼ਾ ਬਣਨ, ਜਿਸ ਵਿਚ ਗੱਤਕਾ, ਯੋਗਾ ਅਤੇ ਖੇਡਾਂ ਨੂੰ ਇਕੱਠਿਆਂ ਕਰਕੇ ਅਮਲ ਸ਼ੁਰੂ ਹੋਵੇ। ਕੁਝ ਖਾਸ ਖੇਡਾਂ ਦੀ ਚੋਣ ਕੀਤੀ ਜਾਵੇ ਜਿਨ੍ਹਾਂ ਵਿਚ ਪੰਜਾਬ ਦੇ ਖਿਡਾਰੀ ਕੌਮਾਂਤਰੀ ਪੱਧਰ ’ਤੇ ਵਧੀਆ ਨਤੀਜੇ ਦੇ ਸਕਦੇ ਹਨ। ਸਕੂਲਾਂ ਦੇ ਵਕਤ ਦਾ ਆਖਰੀ ਇਕ ਘੰਟਾ ਸਿਰਫ ਖੇਡਾਂ ਲਈ ਹੀ ਹੋਵੇ। ਜਿਨ੍ਹਾਂ ਬੱਚਿਆਂ ਦੀ ਖੇਡਾਂ ਵਿਚ ਕਾਰਗੁਜ਼ਾਰੀ ਵਧੀਆ ਹੋਵੇ, ਉਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣ ਵਾਲੀ ਯੋਜਨਾ ਤਿਆਰ ਹੋਵੇ। ਜਿਸ ਤਰ੍ਹਾਂ ਯੂਰਪੀਨ ਮੁਲਕਾਂ ਦੇ ਬੱਚੇ ਸਕੂਲਾਂ ਵਿਚ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਮਿਥਦੇ ਹਨ ਕਿ ਉਨ੍ਹਾਂ ਨੇ ਕਿਹੜੀ ਖੇਡ ਵਿਚ ਅੱਗੇ ਜਾਣਾ ਹੈ ਤੇ ਫਿਰ ਮਾਪੇ ਵੀ ਅਤੇ ਉਥੋਂ ਦੀਆਂ ਸਰਕਾਰਾਂ ਵੀ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦਿੰਦੀਆਂ ਹਨ, ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਉਸ ਪੱਧਰ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਜੋ ਆਪਣਾ ਮਿੱਥਿਆ ਟੀਚਾ ਪੂਰਾ ਕਰ ਸਕਣ। ਖਾਸ ਕਰਕੇ ਅਮਰੀਕਾ, ਰੂਸ, ਚੀਨ ਤੋਂ ਇਲਾਵਾ ਬਹੁਤ ਸਾਰੇ ਯੂਰਪੀਨ ਮੁਲਕਾਂ ਵਿਚ ਪੜ੍ਹਾਈ ਅਤੇ ਖੇਡਾਂ ਦੇ ਸਿਸਟਮ ਦੀ ਸਾਨੂੰ ਨਕਲ ਕਰਨੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਮੁਲਕਾਂ ਨੇ ਆਪਣੇ ਯੂਥ ਨੂੰ ਸੰਭਾਲਿਆ ਹੋਇਆ ਹੈ ਅਤੇ ਦੇਸ਼ ਦੀ ਬਿਹਤਰੀ ਲਈ ਵਰਤਿਆ ਹੈ ਆਸਟ੍ਰੇਲੀਆ-ਨਿਊਜ਼ੀਲੈਂਡ ਆਦਿ ਮੁਲਕਾਂ ਵਿਚ ਬੱਚੇ ਤੋਂ ਲੈ ਕੇ ਬਜ਼ੁਰਗ ਤਕ ਸਪੋਰਟਸ ਨੂੰ ਲਾਜ਼ਮੀ ਅਤੇ ਉਨ੍ਹਾਂ ਦਾ ਸ਼ੌਕ ਬਣਾਇਆ ਹੋਇਆ ਹੈ। ਇੱਥੋਂ ਤੱਕ ਕੇ ਭੁੱਖ ਨਾ ਲੜਦੇ, ਸਹੂਲਤਾਂ ਦੀ ਘਾਟ ਦੇ ਬਾਵਜੂਦ ਅਫਰੀਕਨ ਮੁਲਕ ਘਾਨਾ, ਕੀਨੀਆ, ਨਾਜ਼ੀਰੀਆ, ਦੱਖਣੀ ਅਫਰੀਕਾ ਆਦਿ ਮੁਲਕਾਂ ਦੇ ਸਕੂਲਾਂ ਦੀ ਖੇਡ ਪ੍ਰਣਾਲੀ ਵੀ ਬੇਹੱਦ ਸ਼ਲਾਘਾਯੋਗ ਹੈ।

ਨਾਸ਼ਤੇ ’ਚ ਜ਼ਰੂਰ ਖਾਓ 2 ਅੰਡੇ, ਬਚ ਸਕਦੇ ਹੋ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਤੋਂ

ਅੱਜ ਦੇ ਪੰਜਾਬ ਦੇ ਸਕੂਲਾਂ ਦਾ ਹਰ ਵਿਦਿਆਰਥੀ ਜਾਂ ਬੱਚਾ ਕੰਪਿਊਟਰ ਜਾਂ ਮੋਬਾਈਲ ਫੋਨ ਤੱਕ ਸੀਮਿਤ ਰਹਿ ਗਿਆ ਹੈ ਪਰ ਜੇਕਰ ਇਕ ਲਾਜ਼ਮੀ ਵਿਸ਼ਾ ਸਿੱਖਿਆ ਦੇ ਨਾਲ ਨਾਲ ਖੇਡਾਂ ਦਾ ਹੋਵੇਗਾ ਤਾਂ ਹਰ ਬੱਚਾ ਖੇਡਾਂ ਨਾਲ ਜੁੜੇਗਾ ਤਾਂ ਉਸ ਨੂੰ ਸਰੀਰਕ ਤੰਦਰੁਸਤੀ ਮਿਲੇਗੀ। ਉਹ ਮਾਨਸਿਕ ਤੌਰ ’ਤੇ ਮਜ਼ਬੂਤ ਹੋਵੇਗਾ। ਖੇਡਾਂ ਇਨਸਾਨ ਵਿਚ ਜਿੱਥੇ ਦ੍ਰਿੜ੍ਹਤਾ, ਨਿਡਰਤਾ ਤੇ ਦਲੇਰੀ ਦੀ ਭਾਵਨਾ ਪੈਦਾ ਕਰਦੀਅਾਂ ਹਨ, ਉੱਥੇ ਹੀ ਇਕ ਮਿੱਤਰਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਇਕ ਟੀਮ ਦੇ ਤੌਰ ’ਤੇ ਅੱਗੇ ਵਧਣਾ ਸਿਖਾਉਂਦੀਆਂ ਹਨ, ਖੇਡਾਂ ਦੇ ਜ਼ਰੀਏ ਹੀ ਸਿੱਖਣ ਦੀ ਸਮਰਥਾ ਅਤੇ ਅੱਗੇ ਵਧਣ ਦਾ ਮੌਕਾ ਮਿਲਦਾ ਹੈ, ਖੇਡਾਂ ਹੀ ਮਾਣ ਨਾਲ ਜਿੱਤਣਾ ਅਤੇ ਹਾਰਨਾ ਸਿਖਾਉਂਦੀਆਂ ਹਨ । ਖੇਡਾਂ ਦੇ ਜੇਤੂ ਬੱਚੇ ਦੂਸਰਿਆਂ ਲਈ ਰੋਲ ਆਫ ਮਾਡਲ ਬਣਦੇ ਹਨ। ਜਿਸ ਤਰ੍ਹਾਂ ਅੱਜ ਭਾਰਤੀ ਹਾਕੀ ਟੀਮ ਦਾ ਕਪਤਾਨ ਮਨਪ੍ਰੀਤ ਸਿੰਘ, ਸਰਦਾਰਾ ਸਿੰਘ, ਬਾਸਕਟਬਾਲ ਦਾ ਸਟਾਰ ਅਰਸ਼ਪ੍ਰੀਤ ਸਿੰਘ ਭੁੱਲਰ, ਹਾਕੀ ਸਟਾਰ ਗੁਰਜੀਤ ਕੌਰ, ਕ੍ਰਿਕਟਰ ਹਰਮਨਪ੍ਰੀਤ ਕੌਰ ਬੱਚਿਆਂ ਲਈ ਇਕ ਪ੍ਰੇਰਣਾ ਸਰੋਤ ਹਨ। ਪੂਰੀ ਦੁਨੀਆਂ ਵਿਚ ਖੇਡਾਂ ਹੀ ਇਕ ਸਰਬ ਧਰਮ ਹਨ। ਇੱਥੇ ਕੋਈ ਧਰਮ ਜਾਂ ਜਾਤ-ਪਾਤ ਨਹੀਂ ਗਿਣੀ ਜਾਂਦੀ, ਜਿਹੜਾ ਜਿੱਤਦਾ ਹੈ, ਉਹੀ ਹੀਰੋ ਬਣਦਾ ਹੈ।

ਦੋ ਸਾਲਾਂ ਦੀ ਮੰਦੀ ਤੋਂ ਬਾਅਦ ਮੁੜ ਰਾਹਤ ਮਹਿਸੂਸ ਕਰਨ ਲੱਗੇ ਬਾਸਮਤੀ ਦੇ ‘ਐਕਸਪੋਰਟਰ’ ਤੇ ‘ਉਤਪਾਦਕ’

ਹਰ ਸਕੂਲ-ਕਾਲਜ ਵਿਚ ਓਲੰਪਿਕ ਲਹਿਰ ਸ਼ੁਰੂ ਹੋਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਨੂੰ ਓਲੰਪਿਕ ਖੇਡਾਂ ਦੇ ਇਤਿਹਾਸ ਅਤੇ ਓਲੰਪਿਕ ਦੇ ਜੇਤੂਆਂ ਬਾਰੇ ਪਤਾ ਹੋਵੇ ਅਤੇ ਉਹ ਭਵਿੱਖ ਵਿਚ ਆਪਣਾ ਟੀਚਾ ਓਲੰਪਿਕ ਜੇਤੂ ਬਣਨ ਦਾ ਮਿੱਥਣ, ਸਰਕਾਰ ਅਤੇ ਮਾਪੇ ਉਨ੍ਹਾਂ ਦੀ ਸਪੋਰਟ ’ਤੇ ਖੜ੍ਹੇ ਹੋਣ, ਫਿਰ ਕੁਝ ਹੀ ਮਹੀਨਿਆਂ ਵਿਚ ਪੂਰਾ ਪੰਜਾਬ ਨਸ਼ਾ ਰਹਿਤ ਹੋ ਜਾਵੇਗਾ। ਕੈਪਟਨ ਸਾਹਿਬ, ਪਿਛਲੀ ਸਰਕਾਰ ਨੇ 10 ਸਾਲ ਪੰਜਾਬ ਦੀ ਜਵਾਨੀ ਦਾ ਨਸ਼ਿਆਂ ਵਿਚ ਘਾਣ ਕੀਤਾ ਹੈ। ਅੱਜ ਕੁਦਰਤ ਨੇ ਤੁਹਾਨੂੰ ਰਾਜਨੀਤਿਕ ਤਾਕਤ ਦਿੱਤੀ ਹੈ ਕਿ ਤੁਸੀਂ ਮੌਤ ਦੇ ਖੂਹ ’ਚ ਡਿੱਗ ਰਹੇ ਬੱਚਿਆਂ ਨੂੰ ਬਚਾ ਲਓ। ਇਹ ਪੰਜਾਬ ਦੇ ਲੋਕਾਂ ਦੀ ਪੁਕਾਰ ਹੈ। ਪੰਜਾਬ ਦੇ ਭਲੇ ਦਾ ਕੀਤਾ ਇਹ ਕਰਮ ਰਹਿੰਦੀ ਦੁਨੀਆ ਤੱਕ ਤੁਹਾਡਾ ਦੀਵਾ ਜਗਾਏਗਾ। ਜੇਕਰ ਖੁੰਝ ਗਏ ਤਾਂ ਬਾਦਲਾਂ ਦੇ ਮੱਥੇ ’ਤੇ ਜਵਾਨੀ ਨੂੰ ਖਤਮ ਕਰਨ ਦਾ ਲੱਗਿਆ ਕਲੰਕ ਹੋਰ ਗਹਿਰਾ ਹੋ ਕੇ ਤੁਹਾਡੇ ਸ਼ਾਹੀ ਖਾਨਦਾਨ ਨੂੰ ਸਦਾ ਲਈ ਕਲੰਕਿਤ ਕਰਦਾ ਰਹੇਗਾ। ਕੈਪਟਨ ਸਾਹਿਬ, ਤੁਸੀਂ ਖੁਦ ਆਪ ਸਿਆਣੇ ਅਤੇ ਸੂਝਵਾਨ ਇਨਸਾਨ ਹੋ, ਪੰਜਾਬ ਦੀ ਸਿਆਸਤ ਦੇ ਰਹਿਨੁਮਾ ਹੋ ਸਾਡੇ ਵਰਗੇ ਆਮ ਲੋਕਾਂ ਦੀਆਂ ਮੱਤਾਂ ਦੀ ਤੁਹਾਨੂੰ ਲੋੜ ਨਹੀਂ ਪਰ ਬਚਾਅ ਲਾਓ ਪੰਜਾਬ ਜਿਵੇਂ ਵੀ, ਕਿਵੇਂ ਵੀ, ਤਿਵੇਂ ਵੀ, ਜੇ ਬੱਚਦਾ, ਬੱਸ ਤੁਹਾਡੇ ’ਤੇ ਹੀ ਆਸਾਂ ਹਨ। ਆਸ ਕਰਦੇ ਹਾਂ ਕਿ ਖੇਡਾਂ ਅਗਲੇ ਵਰ੍ਹੇ ਪੰਜਾਬ ਦੇ ਸਕੂਲਾਂ ਵਿਚ ਇਕ ਲਾਜ਼ਮੀ ਵਿਸ਼ਾ ਹੋਣਗੀਆਂ। ਪੰਜਾਬ ਦੇ ਬੱਚਿਆਂ ਦਾ ਰੱਬ ਰਾਖਾ !

ਜਗਰੂਪ ਸਿੰਘ ਜਰਖੜ, ਖੇਡ ਲੇਖਕ
ਫੋਨ ਨੰਬਰ 9814300722

ਸਰਕਾਰੀ ਸਕੂਲ ਦੇ ਵਿਦਿਆਰਥੀਆਂ ਰਾਹੁਲ ਅਤੇ ਅਮਨ ਦੀ ਸਫਲਤਾ ਦੇ ਅੰਬਰ ''ਤੇ ਕਾਬਲੇ ਤਾਰੀਫ ਉਡਾਣ!

rajwinder kaur

This news is Content Editor rajwinder kaur