ਜਨਮ ਅਸਥਾਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ‘ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ’

03/30/2021 6:14:58 PM

ਗੁਰਦੁਆਰਾ ਗੁਰੂ ਕੇ ਮਹਿਲ ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਅਸਥਾਨ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਗੁਰੂ ਕੇ ਮਹਿਲ ਵਿਖੇ 1 ਅਪ੍ਰੈਲ 1621 ਨੂੰ ਹੋਇਆ। ਸ੍ਰੀ ਅੰਮ੍ਰਿਤਸਰ ਦੀ ਇਸ ਪਾਵਨ ਧਰਤੀ ’ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਨਾਲ ਲੈ ਕੇ ਪਵਿੱਤਰ ਚਰਨ ਪਾਏ ਅਤੇ ਹੁਕਮ ਕੀਤਾ ਕਿ ਇੱਥੇ ਆਪਣਾ ਘਰ ਬਣਾਓ ਤੇ ਨਵੀਂ ਨਗਰੀ ਵਸਾਓ। ਗੁਰੂ ਜੀ ਨੇ ਨਵੀਂ ਨਗਰੀ ਵਸਾ ਕੇ ਉਸਦਾ ਨਾਮ ਗੁਰੂ ਕਾ ਚੱਕ ਰੱਖਿਆ, ਜੋ ਬਾਅਦ ਵਿੱਚ ਰਾਮਦਾਸਪੁਰ ਤੇ ਆਖਿਰ ਸ੍ਰੀ ਅੰਮ੍ਰਿਤਸਰ ਦੇ ਨਾਂ ਨਾਲ ਪ੍ਰਸਿੱਧ ਹੋਇਆ। ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੀ ਰਿਹਾਇਸ਼ ਲਈ ਅੰਮ੍ਰਿਤਸਰ ਦੇ ਇਸ ਥਾਂ ‘ਤੇ ਆਪਣਾ ਘਰ ਬਣਾਇਆ, ਜਿਸ ਥਾਂ ਹੁਣ ਸੁੰਦਰ ਇਮਾਰਤ ਨਜ਼ਰ ਆ ਰਹੀ ਹੈ। ਇੱਥੇ ਪਹਿਲਾਂ ਕਾਨਿਆਂ ਦੀ ਇੱਕ ਛਪਰੀ ਗੁਰੂ ਰਾਮਦਾਸ ਜੀ ਨੇ ਆਪ ਬਣਾਈ ਸੀ, ਜਿਸ ਨੂੰ ਬਾਅਦ ’ਚ ਗੁਰੂ ਅਰਜਨ ਸਾਹਿਬ ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਖ਼ੂਬਸੂਰਤ ਘਰ ਵਿੱਚ ਬਦਲ ਦਿੱਤਾ। ਗੁਰੂ ਸਾਹਿਬ ਦਾ ਉਹ ਘਰ ਹੀ ਹੁਣ ਗੁਰਦੁਆਰਾ ਗੁਰੂ ਕੇ ਮਹਿਲ ਹੈ।

ਇਹ ਗੁਰਦੁਆਰਾ ਕਟੜਾ ਚੌਂਕ ਪਾਸੀਆਂ ਵਿੱਚ ਹੈ, ਜੋ ਅਕਾਲ ਤਖਤ ਸਾਹਿਬ ਦੇ ਪੱਛਮ ਵੱਲ ਗੁਰੂ ਕਾ ਬਾਜ਼ਾਰ ਗਲੀ ਲੰਘ ਕੇ ਆਉਂਦਾ ਹੈ। ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਲੰਮਾ ਸਮਾਂ ਨਿਵਾਸ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਗੋਬਿੰਦ ਜੀ ਦਾ ਵਿਆਹ ਇੱਥੇ ਰਹਿ ਕੇ ਹੀ ਹੋਇਆ। ਸ੍ਰੀ ਗੁਰੂ ਹਰਗੋਬਿੰਦ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖੋਂ ਬਾਬਾ ਸੂਰਜ ਮੱਲ ਜੀ, ਅਣੀ ਰਾਇ, ਬਾਬਾ ਅਟੱਲ ਰਾਇ ਤੇ ਬੀਬੀ ਵੀਰੋ ਜੀ ਦਾ ਜਨਮ ਗੁਰੂ ਕੇ ਮਹਿਲ ਦੇ ਇਸ ਅਸਥਾਨ ‘ਤੇ ਹੋਇਆ। ਪਿਤਾ ਗੁਰੂ ਹਰਗੋਬਿੰਦ ਜੀ ਦੇ ਸਭ ਤੋਂ ਛੋਟੇ ਸਪੁੱਤਰ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪ੍ਰਕਾਸ਼ ਵੀ ਇੱਥੇ ਹੀ ਹੋਇਆ।

ਗੁਰੂ ਤੇਗ਼ ਬਹਾਦਰ ਪਾਤਸ਼ਾਹ ਦੇ ਜਨਮ ਅਸਥਾਨ ਵਾਲੀ ਥਾਂ ’ਤੇ ਯਾਦਗਾਰ ਵਜੋਂ ਥੜਾ ਸਾਹਿਬ ਸ਼ੁਸੋਭਿਤ ਹੈ। ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਹੀ ਉਹ ਖੂਹ ਵੀ ਮੌਜੂਦ ਹੈ, ਜੋ ਗੁਰੂ ਸਾਹਿਬ ਨੇ ਇੱਥੇ ਪਾਣੀ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਲਗਵਾਇਆ ਸੀ। ਗੁਰਦੁਆਰਾ ਸਾਹਿਬ ਦੇ ਵੱਡੇ ਹਾਲ ‘ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ। ਗੁਰਬਾਣੀ ਦਾ ਪ੍ਰਵਾਹ ਚੱਲਦਾ ਤੇ ਸੰਗਤ ਬੜੀ ਸ਼ਰਧਾ ਨਾਲ ਦਰਸ਼ਨ ਕਰਦੀ ਹੈ ।

ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਹਰ ਸਾਲ ਗੁਰੂ ਤੇਗ਼ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਇਸ ਵਾਰ ਇੱਥੇ ਵੱਡੀਆਂ ਤਿਆਰੀਆਂ ਚੱਲ ਰਹੀਆਂ ਹਨ। ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਨਵੀਂ ਉਸਾਰੀ ਕੀਤੀ ਜਾ ਰਹੀ ਹੈ ਤੇ ਇਮਾਰਤ ਨੂੰ ਹੋਰ ਸੁੰਦਰ ਬਣਾਉਣ ਲਈ ਲਗਾਤਾਰ ਕੰਮ ਚੱਲ ਰਿਹਾ ਹੈ। ਇੱਥੋਂ ਦੀ ਕਾਰ ਸੇਵਾ ਦਾ ਕਾਰਜ ਮਹਾਂਪੁਰਖਾਂ ਦੁਆਰਾ ਬੜੀ ਤਨਦੇਹੀ ਨਾਲ ਕੀਤਾ ਜਾ ਰਿਹਾ ਹੈ। ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ , ਸੰਗਤ ਬਹੁਤ ਪਿਆਰ ਨਾਲ ਗੁਰੂ ਕਾ ਲੰਗਰ ਛਕਦੀ ਤੇ ਗੁਰੂ ਸਾਹਿਬ ਦੇ ਗੁਣ ਗਾਉਂਦੀ ਹੈ। ਇਸ ਅਸਥਾਨ ਦੇ ਦਰਸ਼ਨ ਕਰਕੇ ਸੰਗਤ ਆਪਣੇ ਆਪ ‘ਚ ਵਡਭਾਗਾ ਮਹਿਸੂਸ ਕਰਦੀ ਹੈ। 

rajwinder kaur

This news is Content Editor rajwinder kaur