ਜਾਣੋ ਭਗਤ ਸਿੰਘ ਦੇ ਜੀਵਨ ਅਤੇ ਕੰਮਾਂ ਬਾਰੇ ਕੁਝ ਅਹਿਮ ਗੱਲਾਂ ਅਤੇ ਵੇਖੋ ਕੁਝ ਦੁਰਲੱਭ ਤਸਵੀਰਾਂ

09/28/2020 2:37:57 PM

ਸੀਤਾ ਰਾਮ ਬਾਂਸਲ

1. ਭਗਤ ਸਿੰਘ ਪੜ੍ਹਨ ਦਾ ਬਹੁਤ ਸ਼ੌਕੀਨ ਸੀ। ਹਰ ਵੇਲੇ ਕਿਤਾਬਾਂ ਉਨ੍ਹਾਂ ਦੇ ਕੋਲ ਹੁੰਦੀਆਂ ਸਨ। ਇਨ੍ਹਾਂ ਦੇ ਕ੍ਰਾਂਤੀਕਾਰੀ ਦਲ ਦੇ ਹਰ ਇੱਕ ਖ਼ੁਫ਼ੀਆ ਟਿਕਾਣੇ ਵਿੱਚ ਬੰਬ, ਪਿਸਤੌਲਾਂ ਦੇ ਨਾਲ ਇੱਕ ਲਾਇਬ੍ਰੇਰੀ ਵੀ ਹੁੰਦੀ ਸੀ।

ਭਗਤ ਸਿੰਘ ਉਮਰ 12 ਸਾਲ

2. ਪਹਿਲਾਂ ਕ੍ਰਾਂਤੀਕਾਰੀ ਕਾਰਵਾਈਆਂ ਵਿੱਚ ਜ਼ਿਆਦਾ ਵਿਸ਼ਵਾਸ਼ ਰੱਖਦੇ ਸਨ ਪਰ ਭਗਤ ਸਿੰਘ ਨੇ ਵਿਚਾਰਧਾਰਾ ਨੂੰ ਲੋਕਾਂ ਵਿੱਚ ਲਿਜਾਣ ’ਤੇ ਜ਼ੋਰ ਦਿੱਤਾ। ਨੌਜਵਾਨ ਭਾਰਤ ਸਭਾ ਬਣਾਈ, ਆਮ ਸਭਾ, ਬਿਆਨ, ਪਰਚੇ, ਮੈਜਿਕ ਲੈਂਟਰਨ ਰਾਹੀਂ ਪ੍ਰਚਾਰ, ਦੇਸ਼ ਭਗਤਾਂ ਬਾਰੇ ਪ੍ਰਦਰਸ਼ਨੀ ਤੇ ਅਖਬਾਰਾਂ ਵਿੱਚ ਲੇਖ ਆਦਿ ਯਤਨਾਂ ਨਾਲ ਲੋਕ ਮਨਾਂ ਵਿੱਚ ਥਾਂ ਬਣਾਈ। ਇਸ ਪ੍ਰਚਾਰ ਸਦਕਾ ਕਾਂਗਰਸ ਦੇ ਹਜ਼ਾਰਾਂ ਨੌਜਵਾਨ ਇਨ੍ਹਾਂ ਵੱਲ ਖਿੱਚੇ ਗਏ ਸਨ।

3. ਭਗਤ ਸਿੰਘ ਨੇ ਆਪਣੇ ਸਾਥੀਆਂ ਨੂੰ ਸਮਾਜਵਾਦ ਦਾ ਅਧਿਐਨ ਕਰਨ ਅਤੇ ਖੁੱਲ੍ਹ ਕੇ ਬਹਿਸ ਕਰਨ ਲਾਇਆ।

 ਦਸਤਾਰ ਬੰਨ੍ਹਣ ਸਮੇਂ ਦੀ ਭਗਤ ਸਿੰਘ ਦੀ ਤਸਵੀਰ

4. ਭਗਤ ਸਿੰਘ ਚੰਗਾ ਪਾਠਕ, ਸੁਹਿਰਦ ਸਾਥੀ, ਚੰਗਾ ਬੁਲਾਰਾ, ਐਕਟਰ, ਯੋਗ ਪ੍ਰਬੰਧਕ, ਮਜ਼ਾਕੀਆ ਦੋਸਤ, ਇਨਸਾਨੀ ਗੁਣਾਂ ਨਾਲ ਭਰਪੂਰ, ਵਿਚਾਰਵਾਨ ਸਮਰੱਥ ਇਨਕਲਾਬੀ, ਲੇਖ਼ਕ, ਸੰਪਾਦਕ, ਪੱਤਰਕਾਰ, ਸੱਚਾ ਦੇਸ਼ ਪ੍ਰੇਮੀ ਸੀ।

ਭਗਤ ਸਿੰਘ ਤੇ ਸਾਥੀਆਂ ਦਾ ਗੁਪਤ ਟਿਕਾਣਾ, ਤੂੜੀ ਬਜ਼ਾਰ ਫਿਰੋਜ਼ਪੁਰ

5. ਕੌਮੀ ਪੱਧਰ ਦਾ ਕ੍ਰਾਂਤੀਕਾਰੀ ਦਲ ਬਣਾਉਣ ਲਈ ਭਗਤ ਸਿੰਘ ਦੇ ਯਤਨਾਂ ਸਦਕਾ 8-9 ਸਤੰਬਰ 1928 ਨੂੰ ਦਿੱਲੀ ਫਿਰੋਜ਼ ਸ਼ਾਹ ਕੋਟਲਾ ਕਿਲ੍ਹੇ ਦੇ ਖੰਡਰਾਂ ਵਿੱਚ ਕ੍ਰਾਂਤੀਕਾਰੀਆਂ ਦਾ ਇਕੱਠ ਹੋਇਆ, ਜਿਸ ਵਿੱਚ ਭਗਤ ਸਿੰਘ ਦੇ ਸੁਝਾਅ ਤੇ ਸਮਾਜਵਾਦੀ ਸ਼ਬਦ ਜੋੜ ਕੇ ਦਲ ਦਾ ਨਾਂ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਰੱਖਿਆ ਗਿਆ। ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ ਵਿੱਚ ਇਸਦਾ ਮਿਲਟਰੀ ਵਿੰਗ ਬਣਾਇਆ ਗਿਆ।

ਦਿੱਲੀ ਬੰਬ ਧਮਾਕੇ ਮਗਰੋਂ ਆਪਣੇ ਪਿਤਾ ਜੀ ਨਾਲ ਸਲਾਹ ਮਸ਼ਵਰਾ ਕਰਨ ਲਈ ਸੀ.ਆਈ.ਡੀ ਅਧਿਕਾਰੀਆਂ ਨੂੰ ਲਿਖਿਆ ਭਗਤ ਸਿੰਘ ਦਾ ਖ਼ਤ

6. ਪਹਿਲਾਂ ਕ੍ਰਾਂਤੀਕਾਰੀ ਦਲ ਵਿੱਚ ਕਮਾਂਡ ਇੱਕ ਜਣੇ ਕੋਲ਼ ਹੁੰਦੀ ਸੀ ਪਰ ਭਗਤ ਸਿੰਘ ਨੇ ਸਾਰੇ ਫ਼ੈਸਲੇ ਲੈਣ ਲਈ ਕੇਂਦਰੀ ਕਮੇਟੀ ਬਣਾਈ. ਜੋ ਕਾਫ਼ੀ ਵਿਚਾਰ ਵਟਾਂਦਰੇ ਬਾਅਦ ਸਾਂਝੀ ਸਹਿਮਤੀ ਨਾਲ ਫ਼ੈਸਲੇ ਕਰਦੇ ਸਨ।

ਭਗਤ ਸਿੰਘ ਤੇ ਬਟੁਕੇਸ਼ਵਰ ਦੱਤ

7. ਸਾਂਡਰਸ ਦਾ ਕਤਲ ਕਰਨ ਮਗਰੋਂ ਲਾਹੌਰ ਦੀਆਂ ਕੰਧਾਂ ਤੇ ਲਾਏ ਪਰਚਿਆਂ ਤੇ ਭਗਤ ਸਿੰਘ ਹੁਰਾਂ ਲਿਖਿਆ ਸੀ, "ਇਨਸਾਨ ਦਾ ਖੂਨ ਵਹਾਉਣ ਦਾ ਸਾਨੂੰ ਅਫਸੋਸ ਹੈ ਪਰ ਕ੍ਰਾਂਤੀ ਦੀ ਬਲੀਵੇਦੀ 'ਤੇ ਖੂਨ ਵਹਾਉਣਾ ਲਾਜ਼ਮੀ ਹੋ ਜਾਂਦਾ ਹੈ। ਸਾਡਾ ਨਿਸ਼ਾਨਾ ਐਸਾ ਇਨਕਲਾਬ ਲਿਆਉਣਾ ਹੈ, ਜੋ ਮਨੁੱਖ ਵੱਲੋਂ ਮਨੁੱਖ ਦੇ ਸ਼ੋਸ਼ਣ ਦਾ ਅੰਤ ਕਰ ਦੇਵੇਗਾ।"

ਰਾਮ ਨਾਥ ਫੋਟੋਗਰਾਫ਼ਰ ਕਸ਼ਮੀਰੀ ਗੇਟ ਦਿੱਲੀ ਵੱਲੋਂ ਖਿੱਚੀ ਭਗਤ ਸਿੰਘ ਦੀ ਫੋਟੋ ਅਪ੍ਰੈਲ 1929

8 ਸਰਕਾਰ ਨੇ ਪਬਲਿਕ ਸੇਫਟੀ ਬਿੱਲ ਅਤੇ ਟਰੇਡ ਡਿਸਪਿਊਟ ਬਿੱਲ ਪਾਸ ਕੀਤੇ ਤਾਂ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ ਅਸੰਬਲੀ ਵਿੱਚ ਦੋ ਬੰਬ ਧਮਾਕੇ ਕਰਕੇ ਸਰਕਾਰ ਦੇ ਧੱਕੇ ਦਾ ਜਵਾਬ ਦਿੱਤਾ। ਇਹ ਇੱਕ ਅਜਿਹਾ ਐਕਸ਼ਨ ਸੀ, ਜਿਸ ਨਾਲ ਕ੍ਰਾਂਤੀਕਾਰੀਆਂ ਨੇ ਮਜ਼ਦੂਰ ਕਿਸਾਨ ਅੰਦੋਲਨ ਨਾਲ ਇੱਕਜੁੱਟਤਾ ਦਿਖਾਈ। ਬੰਬ ਸੁੱਟਣ ਤੋਂ ਬਾਅਦ ਉਹ ਉੱਥੇ ਖੜ੍ਹੇ ਰਹੇ ਤੇ ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ, ਦੁਨੀਆਂ ਭਰ ਦੇ ਮਿਹਨਤਕਸ਼ੋ ਇੱਕ ਹੋ ਜਾਓ ਦੇ ਨਾਹਰੇ ਲਾਉਂਦੇ ਰਹੇ।

ਭਗਤ ਸਿੰਘ ਜੀ ਦੇ ਅੰਗੂਠੇ ਦਾ ਨਿਸ਼ਾਨ

9. ਨੌਜਵਾਨ ਭਾਰਤ ਸਭਾ ਦੇ ਉਦੇਸ਼ਾਂ ਤੋਂ ਪਤਾ ਲੱਗਦਾ ਹੈ ਕਿ ਉਸਦੇ ਸੰਸਥਾਪਕਾਂ ਤੇ ਮੈਂਬਰਾਂ ਦਾ ਸਮਾਜਵਾਦੀ ਗਣਰਾਜ ਦੇ ਆਦਰਸ਼ਾਂ ਵਿੱਚ ਦ੍ਰਿੜ ਵਿਸ਼ਵਾਸ ਸੀ। ਇਸਨੇ ਦੇਸ਼ ਦੇ ਸਾਹਮਣੇ ਆਜ਼ਾਦੀ, ਜਮਹੂਰੀਅਤ ਤੇ ਸਮਾਜਵਾਦ ਤਿੰਨ ਨਿਸ਼ਾਨੇ ਰੱਖੇ। ਉਨ੍ਹਾਂ ਦਾ ਮੰਨਣਾ ਸੀ ਕਿ ਲੋਕਾਂ ਨੂੰ ਆਪਸ ਵਿੱਚ ਵੰਡਣ ਵਾਲੀਆਂ ਜਾਤੀ, ਧਾਰਮਿਕ ਅਤੇ ਫ਼ਿਰਕੂ ਭਾਵਨਾਵਾਂ ਤੋਂ ਉਨ੍ਹਾਂ ਨੂੰ ਮੁਕਤ ਕਰਕੇ ਅਤੇ ਨੌਜਵਾਨਾਂ ਦੇ ਦਿਲਾਂ ਵਿੱਚ ਦੇਸ਼ ਪਿਆਰ ਦੀ ਭਾਵਨਾ ਪੈਦਾ ਕਰਕੇ ਉਨ੍ਹਾਂ ਨਿਸ਼ਾਨਿਆਂ ਦੀ ਪੂਰਤੀ ਕੀਤੀ ਜਾ ਸਕਦੀ ਹੈ। ਨੌਜਵਾਨ ਇਨਕਲਾਬ ਦੇ ਹਰਿਆਵਲ ਦਸਤੇ ਦੇ ਤੌਰ 'ਤੇ ਜਨਤਾ ਨੂੰ ਉਲੀਕੇ ਨਿਸ਼ਾਨਿਆਂ ਤੱਕ ਲਿਜਾ ਸਕਦੇ ਹਨ।

ਸਭਾ ਨੇ ਕਿਰਤੀ ਪਾਰਟੀ ਨਾਲ ਮਿਲ ਕੇ ਕਿਸਾਨਾਂ ਮਜ਼ਦੂਰਾਂ ਵਿੱਚ ਵੀ ਆਪਣਾ ਅਸਰ ਫੈਲਾਉਣ ਦੀ ਕੋਸ਼ਿਸ਼ ਕੀਤੀ। ਸਭਾ ਨੇ ਅਕਤੂਬਰ 1928 ਵਿੱਚ "ਨੌਜਵਾਨ" ਨਾਮ ਦੀ ਅਖ਼ਬਾਰ ਸ਼ੁਰੂ ਕੀਤੀ ਸੀ।ਐੱਚ. ਐੱਸ. ਆਰ ਏ ਨੇ ਇਨ੍ਹਾਂ ਸ਼ਬਦਾਂ ਵਿੱਚ ਦੇਸੀ ਪੂੰਜੀਪਤੀਆਂ ਨੂੰ ਚੁਣੌਤੀ ਦਿੱਤੀ ਸੀ-- ਉਹ ਸਮਾਂ ਦੂਰ ਨਹੀਂ ਜਦੋਂ ਸਾਡੀ ਪਾਰਟੀ ਇਹ ਤੈਅ ਕਰੇਗੀ ਕਿ ਪਿਸਤੌਲ ਦੇ ਨਿਸ਼ਾਨੇ ਤੇ ਕੌਣ ਹੋਵੇ। ਕਦੋਂ ਇਨ੍ਹਾਂ ਪੂੰਜੀਪਤੀਆਂ ਦੇ ਪੂੰਜੀਵਾਦ ਨੂੰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਮਿੱਟੀ ਵਿੱਚ ਮਿਲਾ ਦਿੱਤਾ ਜਾਵੇਗਾ। ਜੇਕਰ ਉਹ ਆਪਣਾ ਰਵੱਈਆ ਨਹੀਂ ਬਦਲਣਗੇ ਤਾਂ ਸਾਡੀ ਪਾਰਟੀ ਉਨ੍ਹਾਂ ਦੇ ਪੂਰੇ ਕੁਨਬੇ ਅਤੇ ਉਨ੍ਹਾਂ ਦੇ ਪੂੰਜੀਵਾਦ ਨੂੰ ਇਸ ਧਰਤੀ ਤੋਂ ਮਿਟਾ ਦੇਵੇਗੀ।

ਭਗਤ ਸਿੰਘ ਜੀ ਦੀ ਮੌਤ ਦਾ ਵਾਰੰਟ

10 ਅਸੰਬਲੀ ਬੰਬ ਕੇਸ ਦੌਰਾਨ ਅਦਾਲਤ ਵਿੱਚ ਭਗਤ ਸਿੰਘ ਤੇ ਦੱਤ ਨੇ ਸਾਂਝਾ ਬਿਆਨ ਦਿੱਤਾ। ਕ੍ਰਾਂਤੀ ਦਾ ਮਤਲਬ ਲਾਜ਼ਮੀ ਤੌਰ ਤੇ ਖੂਨੀ ਸੰਘਰਸ਼ ਨਹੀਂ ਹੁੰਦਾ ਅਤੇ ਨਾ ਹੀ ਉਸ ਵਿੱਚ ਵਿਅਕਤੀਗਤ ਵੈਰ ਦੀ ਕੋਈ ਜਗ੍ਹਾ ਹੁੰਦੀ ਹੈ। ਇਹ ਬੰਬ ਅਤੇ ਪਿਸਤੌਲ ਦੀ ਸੰਸਕ੍ਰਿਤੀ ਨਹੀਂ ਹੈ, ਦੇਸ਼ ਨੂੰ ਇੱਕ ਵੱਡੀ ਤਬਦੀਲੀ ਦੀ ਲੋੜ ਹੈ ਅਤੇ ਜਿਹੜੇ ਲੋਕ ਇਸ ਗੱਲ ਨੂੰ ਮਹਿਸੂਸ ਕਰਦੇ ਹਨ ਉਨ੍ਹਾਂ ਦਾ ਫਰਜ਼ ਹੈ ਕਿ ਸਮਾਜਵਾਦੀ ਸਿਧਾਂਤਾਂ ਉੱਤੇ ਸਮਾਜ ਦੀ ਮੁੜ ਉਸਾਰੀ ਕਰਨ।
ਉਨ੍ਹਾਂ ਲਈ ਇਨਕਲਾਬ ਦਾ ਮਤਲਬ ਸੀ ਕਿ ‘ਮੌਜੂਦਾ ਵਿਵਸਥਾ ਬਦਲਣੀ ਚਾਹੀਦੀ ਹੈ ਸੋ ਸਾਫ਼ ਸਾਫ਼ ਬੇਇਨਸਾਫ਼ੀ ’ਤੇ ਟਿਕੀ ਹੋਈ ਹੈ।’

ਫ਼ਾਂਸੀ ਦਾ ਫੰਦਾ

3 ਮਾਰਚ 1929 ਦੇ ਆਪਣੇ ਸੰਦੇਸ਼ ਵਿੱਚ ਭਗਤ ਸਿੰਘ ਨੇ ਲਿਖਿਆ ਸੀ। ਯੁੱਧ ਛਿੜਿਆ ਹੋਇਆ ਹੈ ਅਤੇ ਇਹ ਲੜਾਈ ਉਦੋਂ ਤੱਕ ਚਲਦੀ ਰਹੇਗੀ ਜਦੋਂ ਤੱਕ ਤਾਕਤਵਰ ਵਿਅਕਤੀਆਂ ਨੇ ਭਾਰਤੀ ਜਨਤਾ ਅਤੇ ਕਾਮਿਆਂ ਦੀ ਆਮਦਨ ਦੇ ਸਾਧਨਾਂ ਉੱਤੇ ਆਪਣਾ ਏਕਾਧਿਕਾਰ ਜਮਾਇਆ ਹੋਇਆ ਹੈ। ਚਾਹੇ ਅਜਿਹੇ ਵਿਅਕਤੀ ਅੰਗਰੇਜ਼ ਪੂੰਜੀਵਾਦੀ ਹੋਣ ਜਾਂ ਅੰਗਰੇਜ਼ ਅਤੇ ਭਾਰਤੀ ਪੂੰਜੀਪਤੀਆਂ ਦਾ ਗੱਠਜੋੜ ਹੋਵੇ, ਉਨ੍ਹਾਂ ਨੇ ਆਪਸ ਵਿੱਚ ਮਿਲ਼ ਕੇ ਇੱਕ ਲੁੱਟ ਮਚਾ ਰੱਖੀ ਹੈ। ਚਾਹੇ ਸ਼ੁੱਧ ਭਾਰਤੀ ਪੂੰਜੀਪਤੀਆਂ ਵੱਲੋਂ ਹੀ ਗਰੀਬਾਂ ਦਾ ਖੂਨ ਚੂਸਿਆ ਜਾ ਰਿਹਾ ਹੋਵੇ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।

ਭਗਤ ਸਿੰਘ ਜੀ ਦੀ ਮੌਤ ਦਾ ਪ੍ਰਮਾਣ ਪੱਤਰ

11. ਭਗਤ ਸਿੰਘ ਨੇ ਦੱਬੇ-ਕੁਚਲੇ ਲੋਕਾਂ ਬਾਰੇ ਇੱਕ ਲੇਖ ਲਿਖਿਆ "ਅਛੂਤ ਦਾ ਸਵਾਲ" ਜੋ ਕਿਰਤੀ ਅਖ਼ਬਾਰ ਵਿੱਚ ਛਪਿਆ। ਉਸਨੇ ਦਲਿਤਾਂ ਨੂੰ ਆਪਣੀ ਦੁਰਦਸ਼ਾ ਵਿਰੁੱਧ ਅਤੇ ਅਣਖ ਨਾਲ ਜੀਣ ਲਈ ਬਗ਼ਾਵਤ ਕਰਨ ਲਈ ਕਿਹਾ।
    ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਫਾਂਸੀ ਤੋਂ ਬਾਅਦ ਇੱਕ ਲੇਖ ਲਿਖਿਆ ਜਿਸ ਨੂੰ ਜਨਤਾ ਅਖਬਾਰ ਨੇ "ਤੀਨ ਬਲੀ" ਸਿਰਲੇਖ ਹੇਠ ਸੰਪਾਦਕੀ ਵਜੋਂ 13 ਅਪ੍ਰੈਲ 1931 ਨੂੰ ਛਾਪਿਆ ਸੀ।

12. ਕਾਂਗਰਸੀ ਨੇਤਾ ਅਤੇ ਮਹਾਤਮਾ ਗਾਂਧੀ ਦੇ ਚੇਲੇ ਪੱਟਾਭੀ ਸੀਤਾਰਮੈਈਆ ਨੇ ਭਗਤ ਸਿੰਘ ਹੁਰਾਂ ਦੀ ਫਾਂਸੀ ਬਾਰੇ ਆਪਣੀ ਅੰਗਰੇਜ਼ੀ ਕਿਤਾਬ 'ਹਿਸਟਰੀ ਆਫ ਦਾ ਇੰਡੀਅਨ ਨੈਸ਼ਨਲ ਕਾਂਗਰਸ' ਦੇ ਭਾਗ ਪਹਿਲਾ ਦੇ 442 ਸਫ਼ੇ ’ਤੇ ਲਿਖਿਆ ਹੈ। ਮਹਾਤਮਾ ਗਾਂਧੀ ਨੇ ਖੁਦ ਵਾਇਸਰਾਏ ਨੂੰ ਅਪੀਲ ਕੀਤੀ ਸੀ ਕਿ ਜੇਕਰ ਇਨ੍ਹਾਂ ਨੌਜਵਾਨਾਂ ਨੂੰ ਫਾਂਸੀ ਦੇਣੀ ਹੀ ਹੈ ਤਾਂ ਉਨ੍ਹਾਂ ਨੂੰ ਕਰਾਚੀ ਕਾਂਗਰਸ ਸੈਸ਼ਨ ਤੋਂ ਬਾਅਦ ਨਹੀਂ ਬਲਕਿ ਪਹਿਲਾਂ ਫਾਂਸੀ ਦੇ ਦੇਣੀ ਚਾਹੀਦੀ ਹੈ।

ਉਕਤ ਸਾਰੀਆਂ ਤਸਵੀਰਾਂ ਸੀਤਾ ਰਾਮ ਬਾਂਸਲ ਜੀ ਵਲੋਂ

ਜਵਾਹਰ ਨਵੋਦਿਆ ਵਿਦਿਆਲਿਆ 

ਤਲਵੰਡੀ ਮਾਧੋ, ਫ਼ੋਨ ਨੰਬਰ: +91 75892 56092

rajwinder kaur

This news is Content Editor rajwinder kaur