ਜਾਣੋ ਕੀ ਹੈ ਕੌਮਾਂਤਰੀ ਮਹਿਲਾ ਦਿਹਾੜੇ ਦਾ ਇਤਿਹਾਸ; ਵਿਸ਼ਵ 'ਚ ਖੇਤੀ ਕਾਨੂੰਨਾਂ ਖ਼ਿਲਾਫ਼ ਡਟੀਆਂ ਬੀਬੀਆਂ ਦੀ ਚਰਚਾ

03/08/2021 4:08:50 PM

ਅੱਬਾਸ ਧਾਲੀਵਾਲ 
ਮਲੇਰਕੋਟਲਾ
ਸੰਪਰਕ ਨੰਬਰ 9855259650 
Abbasdhaliwal72@gmail.com 

ਦੁਨੀਆ ਦਾ ਮਸ਼ਹੂਰ ਅਮਰੀਕੀ 'ਟਾਈਮ' ਮੈਗਜ਼ੀਨ ਇਕ ਵਾਰ ਫਿਰ ਭਾਰਤ ’ਚ ਸੁਰਖੀਆਂ ਬਟੋਰ ਰਿਹਾ ਹੈ। ਵਜ੍ਹਾ ਇਹ ਹੈ ਕਿ ਇਸ ਵਾਰ 'ਟਾਈਮ' ਮੈਗਜ਼ੀਨ ਨੇ ਆਪਣੇ ਮਾਰਚ ਦੇ ਕੌਮਾਂਤਰੀ ਮਹਿਲਾ ਦਿਹਾੜੇ ਨੂੰ ਸਮਰਪਿਤ ਅੰਕ ਦੇ ਕਵਰ ਪੇਜ 'ਤੇ ਕਿਸਾਨ ਅੰਦੋਲਨ ਵਿਚ ਸ਼ਾਮਲ ਬੀਬੀਆਂ ਦੀ ਫੋਟੋ ਛਾਪੀ ਹੈ। ਯਕੀਨਨ ਇਸ ਨਾਲ ਬੀਬੀਆਂ ਨੂੰ, ਜੋ ਮਾਣ ਬਖਸ਼ਿਆ ਹੈ, ਉਸ ਨਾਲ ਆਪਣੇ ਹੱਕਾਂ ਲਈ ਲੜਨ ਵਾਲੇ ਹਰ ਇਕ ਫਰਦ ਦਾ ਸਿਰ ਫਖਰ ਨਾਲ ਉੱਚਾ ਹੋ ਜਾਂਦਾ ਹੈ। ਆਪਣੇ ਇਸ ਅੰਕ ਵਿੱਚ ਟਾਈਮ ਮੈਗਜ਼ੀਨ ਨੇ 'ਭਾਰਤ ਦੇ ਕਿਸਾਨ ਪ੍ਰੋਟੈੱਸਟ ਦੇ ਮੋਰਚੇ 'ਤੇ ਬੀਬੀਆਂ' ਨਾਂਅ ਦੀ ਇਕ ਲੰਮੀ-ਚੌੜੀ ਕਹਾਣੀ ਵੀ ਪ੍ਰਕਾਸ਼ਿਤ ਕੀਤੀ ਹੈ। ਇਸ ਸਬੰਧੀ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਡਟੀਆਂ ਬੀਬੀਆਂ ਦੇ ਇਕ ਗਰੁੱਪ ਬਾਰੇ ਮੈਗਜ਼ੀਨ ਨੇ ਲਿਖਿਆ ਹੈ ਕਿ ਕਿਵੇਂ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਵਿਚ ਬੀਬੀਆਂ ਵਧ-ਚੜ੍ਹ ਕੇ ਹਿੱਸਾ ਲੈ ਰਹੀਆਂ ਹਨ। 

ਕਿਸਾਨਾਂ ਦੇ ਵਿਰੋਧ ਦੀ ਅਗਵਾਈ ਕਰਨ ਵਾਲੀਆਂ ਬੀਬੀਆਂ
ਮੈਗਜ਼ੀਨ ਨੇ ਆਪਣੇ ਅੰਕ ’ਚ, ਜੋ ਕਹਾਣੀ ਉਕਤ ਸੰਘਰਸ਼ ਨੂੰ ਲੈ ਕੇ ਲਿਖੀ ਹੈ, ਉਸ ਦਾ ਟਾਈਟਲ ਹੈ 'ਸਾਨੂੰ ਡਰਾਇਆ ਨਹੀਂ ਜਾ ਸਕਦਾ ਤੇ ਨਾ ਹੀ ਖਰੀਦਿਆ ਜਾ ਸਕਦਾ ਹੈ': ਭਾਰਤ ਦੇ ਕਿਸਾਨਾਂ ਦੇ ਵਿਰੋਧ ਦੀ ਅਗਵਾਈ ਕਰਨ ਵਾਲੀਆਂ ਬੀਬੀਆਂ'। ਇਸ ਮੈਗਜ਼ੀਨ ਦੇ ਕਵਰ ਪੇਜ ਦੀ ਜੋ ਫੋਟੋ ਸਾਹਮਣੇ ਆਈ ਹੈ, ਉਸ ਵਿੱਚ ਅਸੀਂ ਵੇਖ ਸਕਦੇ ਹਾਂ ਕਿ ਪਹਿਲੇ ਸਫੇ ’ਤੇ ਇਕ ਮਾਂ ਆਪਣੇ ਨਿੱਕੇ ਬੱਚੇ ਨੂੰ ਗੋਦ ਵਿੱਚ ਚੁੱਕੀ ਹੋਈ ਹੈ, ਜਦੋਂ ਕਿ ਇਸੇ ਤਸਵੀਰ ਵਿੱਚ ਇਕ ਬੱਚੀ ਬੀਬੀਆਂ ਨਾਲ ਨਾਅਰੇ ਲਾਉਂਦੀ ਨਜ਼ਰ ਆ ਰਹੀ ਹੈ। ਇਕ ਨਿਊਜ਼ ਰਿਪੋਰਟ ਅਨੁਸਾਰ ਜਿਨ੍ਹਾਂ ਬੀਬੀਆਂ ਦੀ ਫੋਟੋ ਛਪੀ ਹੈ, ਉਨ੍ਹਾਂ ਵਿਚ 41 ਸਾਲ ਦੀ ਅਮਨਦੀਪ ਕੌਰ, ਕਿਰਨਜੀਤ ਕੌਰ, ਗੁਰਮਰ ਕੌਰ, ਜਸਵੰਤ ਕੌਰ, ਸੁਰਜੀਤ ਕੌਰ, ਦਿਲਬੀਰ ਕੌਰ, ਸਰਜੀਤ ਕੌਰ, ਬਿੰਦੂ ਅੰਮਾ, ਉਰਮਿਲਾ ਦੇਵੀ, ਸਾਹੂਮਤੀ ਪਾਧਾ, ਹੀਰਥ ਝਾੜੇ ਤੇ ਸੁਦੇਸ਼ ਗੋਇਤ ਸ਼ਮਾਲ ਹਨ। ਸਭ ਤੋਂ ਖੱਬੇ ਨਜ਼ਰ ਆ ਰਹੀ ਕਿਰਨਜੀਤ ਕੌਰ ਤਲਵੰਡੀ ਤੋਂ ਮੋਰਚੇ 'ਤੇ ਆਈ ਸੀ। ਉਸ ਨਾਲ ਬੱਚੇ ਤੇ ਸੱਸ 20 ਬੀਬੀਆਂ ਨਾਲ ਪੁੱਜੀ। ਟਾਈਮ ਮੈਗਜ਼ੀਨ ਨਾਲ ਆਪਣੀ ਗੱਲਬਾਤ ਕਰਦਿਆਂ ਕਿਰਨਜੀਤ ਕੌਰ ਦਾ ਆਖਣਾ ਸੀ ਕਿ ਸਾਰੀਆਂ ਬੀਬੀਆਂ ਦਾ ਇਥੇ ਆਉਣਾ ਤੇ ਇਸ ਅੰਦੋਲਨ ਵਿਚ ਹਾਜ਼ਰੀ ਦਰਜ ਕਰਾਉਣਾ ਅਹਿਮ ਹੈ। ਮੇਰੀਆਂ ਦੋ ਬੇਟੀਆਂ ਹਨ ਅਤੇ ਮੈਂ ਚਾਹੁੰਦੀ ਹਾਂ ਕਿ ਉਹ ਉਨ੍ਹਾਂ ਮਜ਼ਬੂਤ ਬੀਬੀਆਂ ਵਿਚ ਪਲੇ-ਵਧੇ, ਜਿਨ੍ਹਾਂ ਨੂੰ ਉਹ ਇੱਥੇ ਦੇਖਦੀਆਂ ਹਨ। 

ਮਹਿਲਾਵਾਂ ਦੁਆਰਾ ਆਪਣੇ ਹੱਕਾਂ ਲਈ ਕੀਤੇ ਸੰਘਰਸ਼ ਦਾ ਇਤਿਹਾਸ
ਵੈਸੇ ਮਹਿਲਾਵਾਂ ਦੁਆਰਾ ਆਪਣੇ ਹੱਕਾਂ ਲਈ ਕੀਤੇ ਜਾ ਰਹੇ ਸੰਘਰਸ਼ ਦਾ ਇਤਿਹਾਸ ਨਵਾਂ ਨਹੀਂ ਸਗੋਂ ਜਦੋਂ ਦੀ ਦੁਨੀਆਂ ’ਚ ਥੋੜ੍ਹਾ ਬਹੁਤ ਜਾਗਰੂਕਤਾ ਆਉਣੀ ਸ਼ੁਰੂ ਹੋਈ ਹੈ, ਉਦੋਂ ਤੋਂ ਇਹ ਸੰਘਰਸ਼ ਵੱਖੋ-ਵੱਖ ਢੰਗ ਤਰੀਕੇ ਨਾਲ ਚਲਦੇ ਆ ਰਹੇ ਹਨ। ਜਦੋਂ ਅਸੀਂ ਇਤਿਹਾਸ ਦੇ ਪੰਨਿਆਂ ਨੂੰ ਫਰੋਲਦੇ ਹਾਂ ਤਾਂ ਉਹ ਅਮਰੀਕਾ ਜੋ ਖੁਦ ਨੂੰ ਅੱਜ ਸੱਭਿਅਕ ਅਖਵਾਉਣ ਦਾ ਦਮ ਭਰਦਾ ਨਹੀਂ ਥੱਕਦਾ। ਦੱਸਿਆ ਜਾਂਦਾ ਹੈ ਕਿ ਉਸੇ ਅਮਰੀਕਾ ਵਿਚ 8 ਮਾਰਚ 1857 ਤੋਂ ਮਹਿਲਾਵਾਂ ਦਾ ਇਕ ਪ੍ਰਦਰਸ਼ਨ ਉਸ ਸਮੇਂ ਸ਼ੁਰੂ ਹੋਇਆ, ਜਦੋਂ ਨਿਊਯਾਰਕ ਵਿੱਚ ਬੁਣਕਰ ਜਨਾਨੀਆਂ ਨੇ ਤਥਾਕਥਿਤ “ਖਾਲੀ ਪਤੀਲਾ ਜਲੂਸ” ਕੱਢਿਆ ਸੀ ਅਤੇ ਕੱਪੜਾ ਮਿਲਾਂ ਵਿੱਚ ਆਪਣੇ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਮਹਿਲਾ ਦਿਵਸ ਮਨਾਉਣ ਦਾ ਮੁੱਢ ਦਰਅਸਲ 1908 ਵਿਚ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਇਕ ਮਹਿਲਾ ਮਜਦੂਰ ਅੰਦੋਲਨ ਦੌਰਾਨ ਉਸ ਸਮੇਂ ਬੰਨਿਆਂ ਗਿਆ, ਜਦੋਂ ਕਰੀਬ 15 ਹਜ਼ਾਰ ਬੀਬੀਆਂ ਆਪਣੇ ਅਧਿਕਾਰਾਂ ਦੀ ਮੰਗਾਂ ਨੂੰ ਲੈ ਕੇ ਸੜਕਾਂ ’ਤੇ ਉਤਰ ਆਈਆਂ ਸਨ। ਉਸ ਸਮੇਂ ਇਹ ਮਹਿਲਾਵਾਂ ਆਪਣੇ ਕੰਮ ਦੇ ਸਮੇਂ ਨੂੰ ਘੱਟ ਕਰਾਉਣ ਲਈ ਪ੍ਰਦਰਸ਼ਨ ਕਰ ਰਹੀਆਂ ਸਨ। 

ਅਮਰੀਕਾ ਦੀ ਸੋਸ਼ਲਿਸਟ ਪਾਰਟੀ
ਮਹਿਲਾਵਾਂ ਦੇ ਇਸ ਪ੍ਰਦਰਸ਼ਨ ਮਗਰੋਂ ਇਕ ਸਾਲ ਬਾਅਦ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ ਪਹਿਲੀ ਵਾਰ ਮਹਿਲਾ ਦਿਵਸ ਮਨਾਉਣ ਦੀ ਘੋਸ਼ਣਾ ਕੀਤੀ ਸੀ। ਇਸ ਤੋਂ ਬਾਅਦ ਮਹਿਲਾ ਦਿਵਸ ਨੂੰ ਅੰਤਰ-ਰਾਸ਼ਟਰੀ ਪੱਧਰ ’ਤੇ ਮਨਾਉਣ ਦਾ ਇਕ ਪ੍ਰਸਤਾਵ ਕਲਾਰਾ ਜੇਟਕਿਨ, ਕੇਟ ਡੰਕਰ, ਪਾਉਲਾ ਥੀਡ ਹੁਰਾਂ ਦੁਆਰਾ ਰੱਖਿਆ ਗਿਆ, ਉਸ ਮੀਟਿੰਗ ਵਿੱਚ 17 ਦੇਸ਼ਾਂ ਦੀਆਂ 100 ਤੋਂ ਵੱਧ ਜਨਾਨੀਆਂ ਨੇ ਹਿੱਸਾ ਲਿਆ। ਉਪਰੋਕਤ ਸੁਝਾਅ ਨੂੰ ਸਰਵ ਸੰਮਤੀ ਨਾਲ ਮਨਜੂਰ ਕੀਤਾ ਗਿਆ। ਇਸ ਦੇ ਨਾਲ ਹੀ ਇਸ ਮੌਕੇ ਜਨਾਨੀਆਂ ਲਈ ਵੋਟ ਦੇ ਹੱਕ ਸਮੇਤ ਬਰਾਬਰੀ ਦੇ ਅਧਿਕਾਰਾਂ ਦੀ ਲੜਾਈ ਲਈ ਕਾਰਜਨੀਤੀ ਦੇ ਤੌਰ ’ਤੇ ਉਚਿਆਉਣ, ਵਧਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਪਹਿਲਾਂ ਜਿਹੜਾ ਮਹਿਲਾ ਦਿਵਸ 28 ਫਰਵਰੀ, 1909 ਨੂੰ ਨਿਊਯਾਰਕ ਸਿਟੀ ਵਿੱਚ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਵੱਲੋਂ ਕਾਰਕੁਨ ਥੈਰੇਸਾ ਮਲਕੀਏਲ ਦੇ ਸੁਝਾਅ ’ਤੇ ਆਯੋਜਿਤ ਕੀਤਾ ਗਿਆ, ਉਸ ਨੂੰ "ਰਾਸ਼ਟਰੀ ਮਹਿਲਾ ਦਿਵਸ" ਕਿਹਾ ਗਿਆ।

ਜਨਾਨੀਆਂ ਦੇ ਸ਼ੋਸ਼ਣ ਦੀਆਂ ਭਿਅੰਕਰ ਪਰਿਸਥਿਤੀਆਂ
ਇਸ ਤੋਂ ਕੁੱਝ ਦਿਨਾਂ ਬਾਅਦ 25 ਮਾਰਚ ਨੂੰ ਨਿਊਯਾਰਕ ਦੀ ਟਰਾਇੰਗਲ ਕੱਪੜਾ ਫੈਕਟਰੀ ਵਿੱਚ ਲੱਗੀ ਅੱਗ ਵਿੱਚ ਫੈਕਟਰੀ ਵਿੱਚ ਸੁਰੱਖਿਆ ਉੱਪਰਾਲਿਆਂ ਦੀ ਕਮੀ ਦੇ ਕਾਰਨ 140 ਤੋਂ ਜ਼ਿਆਦਾ ਮਹਿਲਾ ਮਜਦੂਰਾਂ ਦੀ ਜਲ ਕੇ ਮੌਤ ਹੋ ਗਈ। ਜਨਾਨੀਆਂ ਦੇ ਸ਼ੋਸ਼ਣ ਦੀਆਂ ਭਿਅੰਕਰ ਪਰਿਸਥਿਤੀਆਂ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਰਾਜਨੀਤਕ ਅਜ਼ਾਦੀ ਤੋਂ ਵੰਚਿਤ ਰੱਖਣ ਦੇ ਬੁਰਜੁਆ ਸੰਸਦੀ ਯਤਨਾਂ ਦੇ ਖ਼ਿਲਾਫ਼ ਬਗ਼ਾਵਤ ਨੂੰ ਇਸ ਘਟਨਾ ਨੇ ਲਾਂਬੂ ਲਾਉਣ ਦਾ ਕੰਮ ਦਿੱਤਾ। 1913 ਵਿੱਚ ਦੁਨੀਆ ਭਰ ਦੀਆਂ ਸਾਰੀਆਂ ਜਨਾਨੀਆਂ ਆਪਣੇ ਵੋਟ ਦੇ ਅਧਿਕਾਰ ਦੀ ਮੰਗ ਨੂੰ ਉਠਾ ਰਹੀਆਂ ਸਨ। ਇਸੇ ਦੌਰਾਨ ਰੂਸ ਵਿੱਚ ਵੀ 1913 ਵਿੱਚ ਪਹਿਲੀ ਵਾਰ ਕੌਮਾਂਤਰੀ ਇਸਤਰੀ ਦਿਹਾੜਾ ਮਨਾਇਆ ਗਿਆ। ਸੋਵੀਅਤ ਸੱਤਾ ਦੀ ਸਥਾਪਨਾ ਦੇ ਬਾਅਦ ਇਹ ਸਰਕਾਰੀ ਤਿਉਹਾਰ ਹੋ ਗਿਆ ਸੀ (ਫਿਰ 1965 ਤੋਂ ਇਸਨੂੰ ਬਾਕਾਇਦਾ ਛੁੱਟੀ ਦਾ ਦਿਨ ਵੀ ਬਣਾ ਦਿੱਤਾ ਗਿਆ)। 

ਸੰਯੁਕਤ ਰਾਸ਼ਟਰ ਵਲੋਂ ਮਾਨਤਾ
ਚੀਨ ’ਚ ਇਹ ਦਿਹਾੜਾ ਮਾਰਕਸਵਾਦੀਆਂ ਦੁਆਰਾ 1922 ਵਿੱਚ ਤੇ ਸਪੈਨਿਸ਼ ਮਾਰਕਸਵਾਦੀਆਂ ਦੁਆਰਾ 1936 ਵਿੱਚ ਮਨਾਇਆ ਗਿਆ ਸੀ। 1 ਅਕਤੂਬਰ, 1949 ਈਸਵੀ ਨੂੰ ਚੀਨੀ ਗਣਤੰਤਰ ਤੋਂ ਬਾਅਦ 23 ਦਸੰਬਰ ਨੂੰ ਰਾਜ ਸਭਾ ਨੇ ਇਹ ਦਿਹਾੜਾ ਚੀਨ ਵਿੱਚ 8 ਮਾਰਚ ਨੂੰ ਛੁੱਟੀ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ। ਸੰਯੁਕਤ ਰਾਸ਼ਟਰ ਵਲੋਂ ਬਾਕਾਇਦਾ ਰੂਪ ਵਿੱਚ ਅੰਤਰ-ਰਾਸ਼ਟਰੀ ਮਹਿਲਾ ਦਿਵਸ ਨੂੰ ਰਸਮੀ ਤੌਰ ’ਤੇ ਸੰਯੁਕਤ ਰਾਸ਼ਟਰ ਵਲੋਂ ਮਾਨਤਾ 1975 ਪ੍ਰਦਾਨ ਕਰਦਿਆਂ ਇਸ ਨੂੰ ਮਨਾਉਣ ਦੀ ਸ਼ੁਰੂਆਤ ਕੀਤੀ। ਇਸ ਤਰ੍ਹਾਂ ਹੁਣ 8 ਮਾਰਚ ਨੂੰ ਇਹ ਦਿਹਾੜਾ ਵਿਸ਼ਵ-ਭਰ ਵਿੱਚ ਮਨਾਇਆ ਜਾਂਦਾ ਹੈ।

ਆਓ ਹੁਣ ਅਸੀਂ ਓਸ ਗੀਤ ਨੂੰ ਵੇਖਦੇ ਹਾਂ, ਜਿਸ ਵਿਚ ਸਾਹਿਰ ਲੁਧਿਆਣਵੀ ਇਸ ਪੁਰਸ਼ ਪ੍ਰਧਾਨ ਸਮਾਜ ਵਿੱਚ ਇਸਤਰੀ ਦੀ ਜ਼ਿੰਦਗੀ ਦੇ ਦੁਖਾਂਤ ਨੂੰ ਬਹੁਤ ਬੇਬਾਕ ਅੰਦਾਜ਼ ’ਚ ਪੇਸ਼ ਕੀਤਾ। ਉਸ ਗਾਣੇ ਦੀਆਂ ਕੁਝ ਕੁ ਪੰਕਤੀਆਂ ਤੁਸੀਂ ਵੀ ਵੇਖੋ ਸ਼ਾਹਿਰ ਕਹਿੰਦੇ ਹਨ ਕਿ :

ਮਹਿਲਾ ਨੇ ਜਨਮ ਦੀਆਂ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ। 
ਜਬ ਜੀ ਚਾਹਾ ਮਸਲਾ, ਖੇਲਾ, ਜਬ ਜੀ ਚਾਹਾ ਧਿੱਕਾਰ ਦੀਆ। 
ਤੁਲਤੀ ਹੈ ਕਹੀਂ ਦੀਨਾਰੋਂ ਮੇਂ, ਬਿਕਤੀ ਹੈ ਕਹੀਂ ਬਾਜ਼ਾਰੋਂ ਮੇਂ। 
ਨੰਗੀ ਨਚਵਾਈ ਜਾਤੀ ਹੈ, ਅਯਾਸ਼ੋਂ ਕੇ ਦਰਬਾਰੋਂ ਮੇਂ। 
ਯੇ ਵੋਹ ਬੇਇੱਜ਼ਤ ਚੀਜ਼ ਹੈ ਜੋ, ਬੰਟ ਜਾਤੀ ਹੈ ਇੱਜ਼ਤਦਾਰੋਂ ਮੇਂ।

rajwinder kaur

This news is Content Editor rajwinder kaur