ਕਿਤਾਬ ਘਰ 5 : ਜਾਤਪਾਤ ਦਾ ਅਣਸੁਲਝਿਆ ਸਵਾਲ ਕਹਾਣੀ ਸੰਗ੍ਰਹਿ ‘31 ਦਲਿਤ ਕਹਾਣੀਆਂ’

11/03/2020 1:50:55 PM

ਡਾ. ਸਤਨਾਮ ਸਿੰਘ ਜੱਸਲ
ਪੁਸਤਕ ਚਰਚਾ

31 ਦਲਿਤ ਕਹਾਣੀਆਂ (ਸੰਪਾਦਕ: ਅਨੇਮਨ ਸਿੰਘ, ਕੀਮਤ: 600 ਰੁਪਏ, ਪੰਨੇ:485, ਪ੍ਰਕਾਸ਼ਕ: ਆਰਸੀ ਪਬਲਿਸ਼ਰਜ਼, ਦਿੱਲੀ)

ਹੱਥਲੇ ਕਹਾਣੀ ਸੰਗ੍ਰਹਿ ਵਿਚ ਵੱਖ-ਵੱਖ ਕਹਾਣੀਕਾਰਾਂ ਦੀਆਂ ਇਕੱਤੀ ਕਹਾਣੀਆਂ ਦਰਜ ਹਨ। ਇਸ ਸੰਗ੍ਰਹਿ ਦੀ ਭੂਮਿਕਾ ਪੰਜਾਬੀ ਦੇ ਸਥਾਪਿਤ ਕਹਾਣੀਕਾਰ ਜਿੰਦਰ ਨੇ ਲਿਖੀ ਹੈ। ਜਿੰਦਰ ਨੇ ਭਾਰਤੀ ਸਮਾਜ ਵਿਚ ਦਲਿਤ ਦੀ ਸਥਿਤੀ ਨੂੰ ਇਤਿਹਾਸਕ ਪਰਿਪੇਖ ਵਿਚ ਵਿਚਾਰਿਆ ਹੈ ਕਿ ਕਿਵੇਂ ਦਲਿਤਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ, ਜਿਸ ਕਾਰਨ ਉਹ ਆਪਣਾ ਆਤਮ ਵਿਸ਼ਵਾਸ ਵੀ ਗੁਆ ਬੈਠਦੇ ਸਨ। 

ਉਨ੍ਹਾਂ ਨੂੰ ਵਿਦਿਆ ਤੋਂ ਵੀ ਦੂਰ ਰੱਖਿਆ ਜਾਂਦਾ ਸੀ। ਉਸ ਦਾ ਮੰਨਣਾ ਹੈ ਕਿ ਭਾਰਤ ਦੇ ਦੂਜੇ ਰਾਜਾਂ ਦੇ ਮੁਕਾਬਲੇ ਦਲਿਤਾਂ ਦੀ ਪੰਜਾਬ ‘ਚ ਉਹੋ ਜਿਹੀ ਸਥਿਤੀ ਨਹੀਂ ਸੀ। ਪਰ ਫਿਰ ਵੀ ਵਿਵਸਥਾ ਵਿਚ ਵਖਰੇਵਾਂ ਖ਼ਤਮ ਨਹੀ ਹੋ ਸਕਿਆ। ਜਿੰਦਰ ਨੇ ਆਪਣੀ ਭੂਮਿਕਾ ਵਿਚ ਇਕ ਹੋਰ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਹੈ ਕਿ ਦਲਿਤ ਸਾਹਿਤ ਬਾਰੇ ਕੀ ਦਲਿਤ ਹੀ ਉੱਤਮ ਲਿਖ ਸਕਦਾ ਹੈ ਜਾਂ ਗ਼ੈਰ-ਦਲਿਤ? 

ਇਸ ਸਬੰਧ ਵਿਚ ਜਿੰਦਰ ਨੇ ਲਿਖਿਆ ਹੈ ਕਿ ਹਿੰਦੀ ਲੇਖਕ ਡਾ.ਨਾਮਵਰ ਸਿੰਘ ਨੇ ਇਕ ਵਾਰ ਤਾਲਸਤਾਏ ਦੀ ਪ੍ਰਸਿੱਧ ਕਹਾਣੀ ‘ਇਨਸਾਨ ਅਤੇ ਹੈਵਾਨ’ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਘੋੜੇ ’ਤੇ ਲਿਖਣ ਲਈ ਘੋੜਾ ਹੋਣਾ ਜ਼ਰੂਰੀ ਨਹੀਂ। ਭਾਵ ਦਲਿਤ ਸਾਹਿਤ ਦੀ ਰਚਨਾ ਲਈ ਦਲਿਤ ਹੋਣਾ ਜ਼ਰੂਰੀ ਨਹੀਂ ਹੈ। ਇਹ ਗੱਲ ਬਿਲਕੁੱਲ ਠੀਕ ਹੈ ਕਿ ਪੰਜਾਬੀ ਸਾਹਿਤ ‘ਚ ਇਹ ਵਿਚਾਰਧਾਰਕ ਲੜਾਈ ਅਜੇ ਤੱਕ ਸਿੱਧੇ ਰੂਪ ਵਿਚ ਸਾਹਮਣੇ ਨਹੀਂ ਆਈ, ਅਸਿੱਧੇ ਰੂਪ ਦੇਖਣ/ਸੁਣਨ ਨੂੰ ਮਿਲ ਰਿਹਾ ਹੈ। ਉਸ ਦਾ ਇਹ ਵੀ ਮੰਨਣਾ ਹੈ ਕਿ ਪੰਜਾਬੀ ਸਾਹਿਤ ਵਿਚ ਦਲਿਤ ਸਾਹਿਤ ਅਜੇ ਮੁੱਢਲੀ ਅਵਸਥਾ ਵਿਚ ਹੈ।

ਹੱਥਲੇ ਸੰਗ੍ਰਹਿ ਵਿਚ ਇਕੱਤੀ ਕਹਾਣੀਆਂ ਸ਼ਾਮਲ ਕੀਤੀਆ ਗਈਆਂ ਹਨ ਅਤੇ ਪਹਿਲੀ ਕਹਾਣੀ ‘ਗਧੀ ਵਾਲਾ’ ਗੁਰਦਿਆਲ ਸਿੰਘ ਦੀ ਲਿਖੀ ਹੈ। ਇਸ ਵਿਚ ਕਹਾਣੀਕਾਰ ਨੇ ਸ਼ਾਮ ਸਿੰਘ ਪਾਤਰ ਦੇ ਕਿਰਦਾਰ ਰਾਹੀਂ ਮੱਧ-ਵਰਗੀ ਮਾਨਸਿਕਤਾ ਦੀ ਅਭਿਵਿਅਕਤੀ ਕੀਤੀ ਹੈ। ਜਿਹੜੇ ਲੋਕ ਖ਼ੁਦ ਨਿੱਕੀਆਂ ਲਾਲਸਾਵਾਂ ਤੇ ਲਾਲਚਾਂ ਵਿਚ ਜਿਉਂ ਰਹੇ ਹਨ, ਉਹ ਲੋਕਾਂ ’ਤੇ ਹੱਸਦੇ ਹਨ, ਸਮਾਜ ਦੀਆਂ ਕੁਰੀਤੀਆਂ ਦੀ ਗੱਲ ਕਰਦੇ ਹਨ, ਨਿਮਨ ਵਰਗ ਦਾ ਮਖੌਲ ਉਡਾਉਂਦੇ ਹਨ ਪਰ ਖ਼ੁਦ ਕਿਸੇ ਵੀ ਨੀਚਤਾਈ ਤੱਕ ਜਾ ਸਕਦੇ ਹਨ। ਕਹਾਣੀਕਾਰ ਇਨ੍ਹਾਂ ਦੀਆਂ ਗੰਭੀਰ ‘ਵਿਚਾਰਾਂ’ ਦਾ ਪੱਧਰ ‘ਗਿਟਿਆਂ-ਗੋਡਿਆਂ’ ਤੱਕ ਮਿੱਥਦਾ ਹੈ।

‘ਲੱਛਮੀ’ ਕਹਾਣੀ ਰਾਹੀਂ ਪ੍ਰੇਮ ਪ੍ਰਕਾਸ਼ ਨੇ ਛੂਤ-ਛਾਤ ਦੇ ਮਸਲੇ ਨੂੰ ਇਕ ਵੱਖਰੀ ਦ੍ਰਿਸ਼ਟੀ ਤੋਂ ਪੇਸ਼ ਕੀਤਾ ਹੈ। ਉੱਚ ਵਰਗ ਦੇ ਲੋਕ ਮਜਬੂਰੀ ਵਿਚ ਸਮਝੌਤੇ ਅਧੀਨ ਉਹ ਕੰਮ ਤਾਂ ਕਰ ਸਕਦੇ ਹਨ ਜਿਹੜਾ ਉਹ ਸੁਭਾਵਿਕ ਤੌਰ ’ਤੇ ਹਊਮੈਂ ਅਧੀਨ ਨਹੀਂ ਕਰਦੇ ਪਰ ਜਦੋਂ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਉਨ੍ਹਾਂ ਨੇ ਤਾਂ ਆਪਣੇ ਤੋਂ ਨੀਵੀਂ ਜਾਤ ਦੇ ਵਿਅਕਤੀ ਕੋਲ ਕੰਮ ਕੀਤਾ ਹੈ। ਇਸ ਨੂੰ ਪ੍ਰਵਾਨ ਨਹੀਂ ਕਰਦੇ। ਮਨਮਮੋਹਨ ਬਾਵਾ ਦੀ ਕਹਾਣੀ ‘ਉਦਾਂਬਰਾ’ ਅੱਜ ਤੋਂ ਦੋ ਹਜ਼ਾਰ ਵਰ੍ਹੇ ਪਹਿਲਾਂ ਦੀ ਜਾਤਕ ਕਥਾ ਤੇ ਆਧਾਰਿਤ ਹੈ। ਇਹ ਕਹਾਣੀ ਜੈਅਦੇਵ ਨਾਂ ਦੇ ਵਿਅਕਤੀ ਦੁਆਲੇ ਘੁੰਮਦੀ ਹੈ, ਜਿਹੜਾ ਕਿ ਉੱਚ ਜਾਤੀ ਦਾ ਨਾ ਹੋਣ ਕਾਰਨ ਸੰਕਟ ਭੋਗਦਾ ਹੈ। ਇਸ ਸਾਰੇ ਦੁਖਾਂਤ ਨੂੰ ਮਨਮੋਹਨ ਬਾਵਾ ਵਿਭਿੰਨ ਪਰਤਾਂ ਰਾਹੀਂ ਵਿਅਕਤ ਕਰਦਾ ਹੈ। 

ਸੰਪਾਦਕ: ਅਨੇਮਨ ਸਿੰਘ

ਲਾਲ ਸਿੰਘ ਦੀ ਕਹਾਣੀ ‘ਅੱਧੇ ਅਧੂਰੇ’ ਸਮਾਜ ਦੇ ਮੂੰਹ ’ਤੇ ਚਪੇੜ ਹੈ। ਸਿੱਖਿਆ ਸੰਸਥਾਵਾਂ ਅਤੇ ਮੋਹਤਬਰ ਵਿਅਕਤੀਆਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਨੈਤਿਕ ਕਦਰਾਂ-ਕੀਮਤਾਂ ਦੇ ਪ੍ਰਸੰਗ ਵਿਚ ਉਸਾਰੂ ਭੂਮਿਕਾ ਨਿਭਾਉਣ ਪਰ ਸਥਿਤੀ ਦਾ ਦੁਖਾਂਤ ਇਹ ਹੈ ਕਿ ਸਿੱਖਿਆ ਸੰਸਥਾਵਾਂ ਵਿਚ ਖ਼ਾਸ ਵਰਗ ਨੂੰ ਉੱਚ ਵਰਗ ਦੇ ਲੋਕਾਂ ਅਤੇ ਰੱਜੇ-ਪੁੱਜੇ ਲੋਕਾਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੋ ਕੇ ਮਾਨਸਿਕ ਸੰਤਾਪ ਭੋਗਣਾ ਪੈਂਦਾ ਹੈ। ਅਤਰਜੀਤ ਦੀ ਕਹਾਣੀ ‘ਬਠਲੂ ਚਮਿਆਰ’ ਦਾ ਪਾਤਰ ਸੁੰਦਰ ਸਿੰਘ ਜਿਹੜਾ ਟੋਆ ਭਰਕੇ ਪਿੰਡ ਦੇ ਭਲੇ ਲਈ ਸੋਚਦਾ ਹੈ, ਨੂੰ ਨਾ ਕੇਵਲ ਉੱਚ ਵਰਗ ਦੇ ਲੋਕਾਂ ਮਾੜੀ ਰਾਜਨੀਤੀ, ਆਰਥਿਕ ਲੁੱਟ ਦਾ ਹੀ ਸ਼ਿਕਾਰ ਹੋਣਾ ਪੈਂਦਾ ਹੈ ਬਲਕਿ ਜੋਖ਼ਮ ਭਰੇ ਕਾਰਜ ਵਿਚ ਪੈ ਕੇ ਜਾਨ ਵਾਰ ਦਿੰਦਾ ਹੈ।

ਕਿਰਪਾਲ ਕਜ਼ਾਕ ਦੀ ਕਹਾਣੀ ‘ਅੰਤਹੀਣ’ ਦੇ ਅੰਤ ਵਿਚ ਬਾਰੂ ਵੱਲੋਂ ਖੜ੍ਹੇ ਕੀਤੇ ਸਵਾਲ ਦਲਿਤ ਵਰਗ ਦੀ ਚੇਤਨ ਦੇ ਲਖਾਇਕ ਬਣਦੇ ਹਨ। ਮੁਖਤਿਆਰ ਸਿੰਘ ਦੀ ਕਹਾਣੀ ‘ਬੂ’ ਸਮਾਜ ਦੀ ਉਸ ਸੌੜੀ ਮਾਨਸਿਕਤਾ ਨੂੰ ਫ਼ਰੋਲਦੀ ਹੈ, ਜਿਸ ਵਿਚ ਗੁਣਾਂ ਦੀ ਥਾਂ ਜਾਤ-ਪਾਤ ਨੂੰ ਘੋਖਿਆ ਜਾਂਦਾ ਹੈ। ਬਲਦੇਵ ਸਿੰਘ ਦੀ ਕਹਾਣੀ ‘ਜਿਸ ਤਨ ਲਾਗੇ’ ਕਰਮੂ ਵਰਗੇ ਕਿਰਤੀਆਂ ਦੇ ਦੁਖਾਂਤ ਦੇ ਧੁਰੇ ਦੁਆਲੇ ਉਸਰੀ ਹੋਈ ਹੈ। ਕਲਾ-ਨਿਪੁੰਨ ਹੋਣ ਸਦਕਾ ਵੀ ਯੋਗ ਮਿਹਨਤਾਨਾ ਮਿਲਣ ਦੀ ਥਾਂ ‘ਬੇ-ਸੁਧੀ’ ਸਨਮੁੱਖ ਹੋਣਾ ਪੈਂਦਾ ਹੈ। 

ਦਲਬੀਰ ਚੇਤਨ ਦੀ ਕਹਾਣੀ ‘ਇਕਬਾਲੀਆ ਬਿਆਨ’ ਕਿਰਤੀ ਵਰਗ ਦੇ ਉਸ ਦੁਖਾਂਤ ਨਾਲ ਜੁੜੀ ਹੋਈ ਜਿੱਥੇ ‘ਕਰਦਾ ਕੋਈ ਹੈ ਅਤੇ ਭਰਦਾ ਕੋਈ ਹੈ’। ਵਰਿਆਮ ਸੰਧੂ ਦੀ ਕਹਾਣੀ ‘ਨੌਂ ਬਾਰਾਂ ਦਸ’ ਦਲਿਤ ਸ਼੍ਰੇਣੀ ਨਾਲ ਸਬੰਧਿਤ ਵਿਅਕਤੀ ਨਿੰਦਰ ਨੂੰ ਕੇਂਦਰ ਵਿਚ ਰੱਖਦੀ ਹੋਈ ਸਾਡੀ ਸਮਾਜਕ ਵਿਵਸਥਾ ਦੇ ਸਾਮੰਤੀ ਪੈਂਤੜੇ ਅਧੀਨ ਘੁੰਮਦੀ ਹੈ। ਸਰੂਪ ਸਿਆਲਵੀ ਦੀ ਕਹਾਣੀ ‘ਕਾਲ ਕਲੰਤਰ’ ਇਤਿਹਾਸਕ ਬਿਰਤਾਂਤ ਰਾਹੀਂ ਦਸਦੀ ਹੈ ਕਿ ਵੈਦਿਕ ਕਾਲ ਤੋਂ ਸ਼ੁਰੂ ਹੋਇਆ ਜਾਤੀ-ਪਾਤੀ ਵਿਤਕਰਾ, ਵਿਭਿੰਨਾਂ ਕਾਲਾਂ ਰਾਹੀਂ ਵਿਚਰਦਾ ਹੋਇਆ, ਅੱਜ ਵੀ ਵਰਣ-ਭੇਦ ਨਾਲ ਜੁੜਿਆ, ਪਤਾ ਨਹੀਂ ਇਹ ‘ਕਰਮਾ ਦੇ ਫ਼ਲ’ ਤੋਂ ਕਦੋਂ ਮੂੰਹ ਮੋੜੇਗਾ। ਇਸ ਸੰਗ੍ਰਹਿ ਵਿਚ ਦਰਜ ਹੋਰ ਵੀ ਮੁੱਲਵਾਨ ਕਹਾਣੀਆਂ ਦਲਿਤ ਵਰਗ ਦੇ ਵਿਭਿੰਨ ਮਸਲਿਆਂ ਨੂੰ ਲੈ ਕੇ ਸਿਰਜੀਆਂ ਗਈਆਂ ਹਨ।

ਸਾਰੀਆਂ ਕਹਾਣੀਆਂ ਬਹੁਤ ਗੰਭੀਰ ਮਸਲਿਆਂ ਦੇ ਧੁਰੇ ਦੁਆਲੇ ਘੁੰਮਦੀਆਂ ਹਨ ਅਤੇ ਇਹ ਵੀ ਸਾਬਤ ਕਰਦੀਆਂ ਹਨ ਕਿ ਜ਼ਰੂਰੀ ਨਹੀ ਦਲਿਤ ਹੀ ਦਲਿਤ ਮਸਲਿਆਂ ਸਬੰਧੀ ਵਧੀਆ ਕਹਾਣੀ ਲਿਖ ਸਕਦਾ ਹੈ। ਇਸ ਸੰਗ੍ਰਹਿ ਵਿਚ ਦਰਜ ਕਹਾਣੀਆਂ ਦੇ ਬਹੁਤ ਸਾਰੇ ਕਹਾਣੀਕਾਰ ਉਸ ਵਰਗ ਨਾਲ ਸਬੰਧਿਤ ਨਹੀਂ ਪਰ ਉਨ੍ਹਾਂ ਦੀ ਸੁੱਚ-ਭਿੱਟ ਤੋਂ ਕੋਹਾਂ ਦੂਰ ਸੋਚ, ਸੁੱਚੇ ਸਾਹਿਤ ਦਾ ਪ੍ਰਗਟਾਵਾ ਕਰਦੀ ਹੈ ਜਿਹੜੀ ਵਰਣ-ਭੇਦ ਨੂੰ ਰੱਦ ਕਰਦੀ ਹੋਈ ਮਾਨਵੀ ਮੁੱਲਾਂ ਨੂੰ ਪਹਿਲ ਦਿੰਦੀ ਹੈ। ਸਾਰੀਆਂ ਕਹਾਣੀਆਂ ਦਾ ਲੇਖਾ-ਜੋਖਾ ਨਾ ਹੋਣਾ ਇਸ ਕਾਰਜ ਦੀ ਮਜਬੂਰੀ ਹੈ। ਸੰਪਾਦਕ ਅਨੇਮਨ ਸਿੰਘ ਨੇ ਯੋਗ ਉਪਰਾਲਾ ਕਰਕੇ, ਜਿੰਦਰ ਦੀ ਭੂਮਿਕਾ ਰਾਹੀਂ ਇਕ ਲੋੜੀਂਦਾ ਸੰਵਾਦ ਜ਼ਰੂਰ ਛੇੜ ਦਿੱਤਾ ਹੈ, ਜਿਸ ਦੀ ਕਿ ਲੋੜ ਵੀ ਸੀ।

ਕਿਤਾਬ ਆਲੋਚਕ : ਡਾ. ਸਤਨਾਮ ਸਿੰਘ ਜੱਸਲ
ਕਹਾਣੀ ਸੰਗ੍ਰਹਿ :31 ਦਲਿਤ ਕਹਾਣੀਆਂ
ਪ੍ਰਕਾਸ਼ਕ: ਆਰਸੀ ਪਬਲਿਸ਼ਰਜ਼, ਦਿੱਲੀ
ਸੰਪਾਦਕ: ਅਨੇਮਨ ਸਿੰਘ
ਨੰਬਰ - 98720 92101
ਕੀਮਤ: 600 ਰੁਪਏ
ਪੰਨੇ:485

rajwinder kaur

This news is Content Editor rajwinder kaur