ਅਕਾਲੀ ਦਲ ਵਾਲੀਆਂ ਸਹੂਲਤਾਂ ਨਾ ਮਿਲਣ ਕਾਰਨ ਲੋਕ ਕਾਂਗਰਸ ਸਰਕਾਰ ਤੋਂ ਦੁਖੀ : ਜਥੇ. ਮੇਘ ਸਿੰਘ

04/26/2018 5:41:37 PM

ਖਡੂਰ ਸਾਹਿਬ (ਕੁਲਾਰ) : ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਮੌਜੂਦਾ ਕਾਂਗਰਸ ਦੀ ਸਰਕਾਰ ਵਲੋਂ ਜਨਤਾ ਨੂੰ ਨਾ ਦੇਣ ਕਰਕੇ ਪੰਜਾਬ ਵਾਸੀ ਬਹੁਤ ਦੁਖੀ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਜਥੇਦਾਰ ਮੇਘ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿ ਪੰਜਾਬ ਦੀ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਲੋਕਾਂ ਲਈ ਅਨੇਕਾਂ ਸਹੂਲਤਾਂ ਦਾ ਪਿਟਾਰਾ ਖੋਲ੍ਹਿਆ ਸੀ, ਜਿਸ 'ਚ ਸਕੂਲ ਪੜ੍ਹਦੀਆਂ ਲੜਕੀਆਂ ਲਈ ਮਾਈ ਭਾਗੋ ਮੁਫਤ ਸਾਈਕਲ ਸਕੀਮ, ਸ਼ਗਨ ਸਕੀਮ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਧਾਰਮਿਕ ਸਥਾਨਾਂ ਦੇ ਮੁਫਤ ਦਰਸ਼ਨ, ਕਬੱਡੀ ਕੱਪ, ਐੱਸ. ਸੀ ਤੇ ਬੀ. ਸੀ ਲਈ ਮੁਫਤ 200 ਯੂਨਿਟ ਬਿਜਲੀ, ਕਿਸਾਨਾਂ ਦੇ ਟਿਊਬਵੈੱਲਾਂ ਲਈ ਮੁਫਤ ਬਿਜਲੀ ਆਦਿ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ ਪਰ ਕਾਂਗਰਸ ਸਰਕਾਰ ਦੇ ਰਾਜ 'ਚ ਉਕਤ ਸਹੂਲਤਾਂ ਤੋਂ ਲੋਕ ਵਾਂਝੇ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣੀ ਨੂੰ ਇਕ ਸਾਲ ਤੋਂ ਉਪਰ ਹੋ ਗਿਆ ਹੈ ਪਰ ਅਜੇ ਤੱਕ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਹਲਕੇ ਦੇ ਵਿਕਾਸ ਕਾਰਜਾਂ ਲਈ ਇਕ ਰੁਪਏ ਦੀ ਗ੍ਰਾਂਟ ਨਹੀਂ ਦੇ ਸਕੇ ਜੋ ਕਾਂਗਰਸ ਦੇ ਹਲਕਾ ਵਰਕਰਾਂ ਲਈ ਬੜੀ ਸ਼ਰਮ ਵਾਲੀ ਗੱਲ ਹੈ। ਜਦਕਿ ਅੱਜ ਵੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਹਲਕੇ ਲਈ ਗ੍ਰਾਂਟਾ ਜਾਰੀ ਕਰ ਰਹੇ ਹਨ, ਜੋ ਅਕਾਲੀ ਵਰਕਰਾਂ ਲਈ ਇਕ ਮਾਣ ਵਾਲੀ ਗੱਲ ਹੈ।