‘ਗੁਰਦੁਆਰਾ ਝੂਲਣੇ ਮਹਿਲ ਠੱਠੀ ਖਾਰਾ ਦੀਆਂ ਦੀਵਾਰਾਂ ਅੱਜ ਵੀ ਝੂਲਦੀਆਂ ਹਨ’

06/16/2022 12:31:04 PM

ਤਰਨਤਾਰਨ (ਮਿਲਾਪ) : ਤਰਨਤਾਰਨ ਤੋਂ ਅੰਮ੍ਰਿਤਸਰ ਰੋਡ ਵੱਲ ਜਾਂਦਿਆਂ ਖੱਬੇ ਹੱਥ ਲਹਿੰਦੀ ਬਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਝੂਲਣੇ ਮਹਿਲ ਪਿੰਡ ਠੱਠੀ ਖਾਰਾ ਵਿਖੇ ਸੁਸ਼ੋਭਿਤ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਚਰਨ ਸਿੰਘ ਜੀ ਕਾਰ ਸੇਵਾ ਬੀੜ ਸਾਹਿਬ ਵਾਲਿਆਂ ਦੇ ਸਪੁੱਤਰ ਜਥੇਦਾਰ ਬਾਬਾ ਹੀਰਾ ਸਿੰਘ ਜੀ ਮੁਖੀ ਗੁਰਦੁਆਰਾ ਝੂਲਣੇ ਮਹਿਲ ਨੇ ਦੱਸਿਆ ਕਿ ਜਦੋਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਸਰੋਵਰ ਦੀ ਸੇਵਾ ਚੱਲ ਰਹੀ ਸੀ ਉਸ ਸਮੇਂ ਗੁਰੂ ਸਾਹਿਬ ਇਸ ਅਸਥਾਨ ’ਤੇ ਰਾਤ ਸਮੇਂ ਵਿਸ਼ਰਾਮ ਕਰਨ ਆਇਆ ਕਰਦੇ ਸਨ, ਸ੍ਰੀ ਗੁਰੂ ਅਰਜਨ ਦੇਵ ਜੀ ਇਥੇ 7 ਸਾਲ 7 ਮਹੀਨੇ 7 ਦਿਨ ਰਹੇ । ਇਸ ਸਮੇਂ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਮਿਲਾਪ ਹੋਇਆ ਅਤੇ ਇਸ ਖ਼ੁਸ਼ੀ ’ਚ 5ਵੇਂ ਪਾਤਿਸ਼ਾਹ ਨੇ ਇਸ ਅਸਥਾਨ ਨੂੰ 13 ਵਰ ਦਿੱਤੇ ਅਤੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਝੂਲਣੇ ਮਹਿਲ ਵੀ ਉਸ ਸਮੇਂ ਤੋਂ ਹੀ ਪਿਆ।

ਇਤਿਹਾਸ ਮੁਤਾਬਿਕ ਦੱਸਿਆ ਗਿਆ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਾਮ ਸਮੇਂ ਸੰਗਤਾਂ ਨੂੰ ਕਥਾ ਸੁਣਾ ਰਹੇ ਸਨ ਤੇ ਬਾਦਸ਼ਾਹ ਦੀ ਸਵਾਰੀ ਇਸ ਇਲਾਕੇ ’ਚੋਂ ਲੰਘੀ ਜੋ ਹਾਥੀ ਘੋੜਿਆਂ 'ਤੇ ਸਵਾਰ ਝੂੰਮਦੇ ਜਾ ਰਹੇ ਸਨ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਕਿ ਸੰਗਤ ਜੀ ਇਹ ਤਾਂ ਨਾਸ਼ਵਾਨ ਚੀਜ਼ਾਂ ਨੇ ਪਰ ਇਸ ਅਸਥਾਨ ਦੀਆਂ ਦੀਵਾਰਾਂ ਰਹਿੰਦੀ ਦੁਨੀਆ ਤੱਕ ਝੁਲਣਗੀਆਂ, ਜੋ ਇਸ ਅਸਥਾਨ ਦੀ ਦੀਵਾਰ 'ਤੇ ਸੰਗਤਾਂ ਅੱਜ ਵੀ ਝੂਟਾ ਲੈਂਦੀਆਂ ਹਨ ਤੇ ਖ਼ੁਸ਼ੀਆਂ ਪ੍ਰਾਪਤ ਕਰਦੀਆਂ ਹਨ ਇਸ ਅਸਥਾਨ ਦੀ ਕਾਰ ਸੇਵਾ ਚਲ ਰਹੀ ਹੈ।
 


Harnek Seechewal

Content Editor

Related News