ਸੈਂਸੈਕਸ ''ਚ 100 ਤੋਂ ਵੱਧ ਦੀ ਗਿਰਾਵਟ, ਨਿਫਟੀ 11 ਹਜ਼ਾਰ ਦੇ ਨੇੜੇ ਬੰਦ

07/31/2020 5:51:07 PM

ਮੁੰਬਈ— ਗਲੋਬਲ ਬਾਜ਼ਾਰਾਂ 'ਚ ਨਕਾਰਾਤਮਕ ਸੰਕੇਤਾਂ ਤੇ ਰਿਲਾਇੰਸ ਇੰਡਸਟਰੀਜ਼, ਐੱਚ. ਡੀ. ਐੱਫ. ਸੀ. ਬੈਂਕ ਅਤੇ ਐੱਚ. ਡੀ. ਐੱਫ. ਸੀ. ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਗਿਰਾਵਟ ਕਾਰਨ ਸ਼ੁੱਕਰਵਾਰ ਨੂੰ ਭਾਰਤੀ ਬਾਜ਼ਾਰਾਂ 'ਚ ਸੁਸਤੀ ਦਰਜ ਕੀਤੀ ਗਈ।

ਬੀ. ਐੱਸ. ਈ. ਦਾ ਪ੍ਰਮੁੱਖ ਸੂਚਕ ਸੈਂਸੈਕਸ 129.18 ਅੰਕ ਯਾਨੀ 0.34 ਫੀਸਦੀ ਦੇ ਨੁਕਸਾਨ ਨਾਲ 37,606.89 ਦੇ ਪੱਧਰ 'ਤੇ ਆ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਪ੍ਰਮੁੱਖ ਸੂਚਕ ਨਿਫਟੀ ਵੀ 28.07 ਅੰਕ ਯਾਨੀ 0.26 ਫੀਸਦੀ ਟੁੱਟ ਕੇ 11,073.45 ਦੇ ਪੱਧਰ 'ਤੇ ਬੰਦ ਹੋਇਆ।

ਸੈਂਸੈਕਸ ਦੀਆਂ ਕੰਪਨੀਆਂ 'ਚ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ 'ਚ ਸਭ ਤੋਂ ਵੱਧ ਦੋ ਫੀਸਦੀ ਦੀ ਗਿਰਾਵਟ ਆਈ। ਮੌਜੂਦਾ ਉੱਚ ਪੱਧਰ 'ਤੇ ਰਿਲਾਇੰਸ ਦੇ ਸ਼ੇਅਰਾਂ 'ਚ ਨਿਵੇਸ਼ਕਾਂ ਨੇ ਮਨਾਫਾ ਕੱਟਿਆ।
ਰਿਲਾਇੰਸ ਨੇ ਜੂਨ ਤਿਮਾਹੀ 'ਚ ਰਿਕਾਰਡ 13,248 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਦਰਜ ਕੀਤਾ ਹੈ। ਹਿੱਸੇਦਾਰੀ ਵਿਕਰੀ ਤੋਂ ਜਿੱਥੇ ਕੰਪਨੀ ਨੂੰ ਇਕਮੁਸ਼ਤ ਲਾਭ ਹੋਇਆ ਹੈ, ਉੱਥੇ ਹੀ ਦੂਰਸੰਚਾਰ ਕਾਰੋਬਾਰ 'ਚ ਬੰਪਰ ਆਮਦਨ ਨਾਲ ਕੰਪਨੀ ਕੋਵਿਡ-19 ਦੀ ਵਜ੍ਹਾ ਨਾਲ ਰਿਫਾਈਨਿੰਗ, ਪੈਟਰੋ ਰਸਾਇਣ ਤੇ ਪ੍ਰਚੂਨ ਸੈਗਮੈਂਟ 'ਚ ਆਈ ਗਿਰਾਵਟ ਦੀ ਭਰਪਾਈ ਕਰ ਸਕੀ। ਐੱਚ. ਡੀ. ਐੱਫ. ਸੀ. ਬੈਂਕ, ਏਸ਼ੀਅਨ ਪੇਂਟਸ, ਕੋਟਕ ਬੈਂਕ, ਬਜਾਜ ਆਟੋ ਅਤੇ ਐੱਚ. ਡੀ. ਐੱਫ. ਸੀ. ਦੇ ਸ਼ੇਅਰ ਵੀ ਗਿਰਾਵਟ 'ਚ ਰਹੇ। ਉੱਥੇ ਹੀ, ਸਨ ਫਾਰਮਾ, ਮਹਿੰਦਰਾ ਐਂਡ ਮਹਿੰਦਰਾ, ਐੱਚ. ਸੀ. ਐੱਲ. ਟੈੱਕ ਅਤੇ ਐਕਸਿਸ ਬੈਂਕ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਐੱਸ. ਬੀ. ਆਈ. ਦਾ ਸਟਾਕ ਲਗਭਗ ਤਿੰਨ ਫੀਸਦੀ ਤੱਕ ਮਜਬੂਤ ਹੋਇਆ।


Sanjeev

Content Editor

Related News