ਸੇਬੀ ਨੇ ਕਰਮਚਾਰੀਆਂ ਨੂੰ ‘ਹਾਲੀਡੇ ਹੋਮ’ ਉਪਲੱਬਧ ਕਰਵਾਉਣ ਦੀ ਦਿਸ਼ਾ ’ਚ ਉਠਾਏ ਕਦਮ

01/06/2020 12:38:23 PM

ਨਵੀਂ ਦਿੱਲੀ — ਬਾਜ਼ਾਰ ਰੈਗੂਲੇਟਰ ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਆਪਣੇ ਕਰਮਚਾਰੀਆਂ ਨੂੰ ਵਾਧੂ ਸਹੂਲਤਾਂ ਦੇਣ ਦੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਛੁੱਟੀਆਂ ਦੌਰਾਨ ਉਨ੍ਹਾਂ ਲਈ ਦੇਸ਼ਭਰ ’ਚ ਸੈਰ-ਸਪਾਟਾ ਸਥਾਨਾਂ ਦੇ ਆਲੇ-ਦੁਆਲੇ ਹੋਟਲ ਜਾਂ ਰਿਜ਼ਾਰਟ ’ਚ ਠਹਿਰਨ ਦੀ ਵਿਵਸਥਾ ਉਪਲੱਬਧ ਕਰਵਾਉਣ ਦੀ ਪਹਿਲ ਕੀਤੀ ਹੈ। ਇਸ ਤੋਂ ਪਹਿਲਾਂ ਸੇਬੀ ਨੇ ਅਕਤੂਬਰ 2019 ’ਚ ਜਿਮ ਟ੍ਰੇਨਰ ਉਪਲੱਬਧ ਕਰਵਾਉਣ ਅਤੇ ਦਫਤਰਾਂ ’ਚ ਫੁੱਲਾਂ ਦੀ ਸਪਲਾਈ ਤੇ ਸਜਾਵਟ ਲਈ ਕੰਪਨੀਆਂ ਤੋਂ ਬੋਲੀਆਂ ਮੰਗੀਆਂ ਸਨ।

ਸੇਬੀ ਨੇ ਹੁਣ ਆਪਣੇ ਕਰਮਚਾਰੀਆਂ ਲਈ ‘ਹਾਲੀਡੇ ਹੋਮ’ (ਛੁੱਟੀਆਂ ਦੌਰਾਨ ਠਹਿਰਨ ਦੀ ਵਿਵਸਥਾ) ਲਈ ਦੇਸ਼ ਦੇ ਸੈਰ-ਸਪਾਟਾ ਸਥਾਨਾਂ ’ਤੇ ਹੋਟਲ ਜਾਂ ਰਿਜ਼ਾਰਟ ’ਚ ਰਹਿਣ ਦੀ ਵਿਵਸਥਾ ਕਰਨ ਵਾਲੀਆਂ ਨਾਮਵਰ ਕੰਪਨੀਆਂ ਕੋਲੋਂ ਬੋਲੀਆਂ ਮੰਗੀਆਂ ਹਨ। ਸੇਬੀ ਨੇ ਯੋਗਤਾ ਸ਼ਰਤਾਂ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਹੈ ਕਿ ਬੋਲੀ ਲਾਉਣ ਵਾਲੀ ਕੰਪਨੀ ਦੇ ਕੋਲ ਮਹਿਮਾਨ ਨਿਵਾਜ਼ੀ ਖੇਤਰ ’ਚ ਘੱਟੋ-ਘੱਟ 3 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਅਜਿਹੀ ਕੰਪਨੀ ਲਈ ਸੇਬੀ ਨੇ ਇਹ ਸ਼ਰਤ ਵੀ ਰੱਖੀ ਹੈ ਕਿ ਦੇਸ਼ ਭਰ ਦੇ 24 ਸਥਾਨਾਂ ’ਚੋਂ ਘੱਟ ਤੋਂ ਘੱਟ 10 ਸਥਾਨਾਂ ’ਤੇ ਉਸਦੇ ਰਿਜ਼ਾਰਟ ਅਤੇ ਹੋਟਲ ਹੋਣੇ ਚਾਹੀਦੇ ਹਨ, ਜਿਨ੍ਹਾਂ ’ਚ ਸਾਰੀਆਂ ਆਧੁਨਿਕ ਸਹੂਲਤਾਂ ਉਪਲੱਬਧ ਹੋਣ। ਇਨ੍ਹਾਂ ਸਥਾਨਾਂ ’ਚ ਸ਼੍ਰੀਨਗਰ, ਮੰਸੂਰੀ, ਅੰਮ੍ਰਿਤਸਰ, ਦਿੱਲੀ, ਮੁੰਬਈ, ਊਟੀ, ਗੋਆ, ਗੰਗਟੋਕ, ਦਾਰਜਲਿੰਗ, ਲੋਨਾਵਾਲਾ, ਮੈਸੂਰ , ਹੈਦਰਾਬਾਦ, ਭੁਵਨੇਸ਼ਵਰ, ਕੋਲਕਾਤਾ ਤੇ ਪੁਣੇ ਸ਼ਾਮਲ ਹਨ ।


Related News