ਸਹਾਰਾ ਦਾ ਸੇਬੀ ''ਤੇ ਦੋਸ਼, ''22 ਹਜ਼ਾਰ ਕਰੋੜ ਦਿੱਤੇ, ਨਿਵੇਸ਼ਕਾਂ ਨੂੰ ਮਿਲੇ ਸਿਰਫ਼ 106 ਕਰੋੜ''

11/17/2020 10:11:49 PM

ਮੁੰਬਈ– ਸਹਾਰਾ ਗਰੁੱਪ ਨੇ ਪੂੰਜੀ ਬਾਜ਼ਾਰ ਰੈਗੁਲੇਟਰ ਸੇਬੀ ’ਤੇ ਵੱਡਾ ਦੋਸ਼ ਲਗਾਇਆ ਹੈ। ਸਹਾਰਾ ਨੇ ਕਿਹਾ ਕਿ ਉਸ ਨੇ 8 ਸਾਲਾਂ ’ਚ ਸੇਬੀ ਨੂੰ 22,000 ਕਰੋੜ ਰੁਪਏ ਦਿੱਤੇ ਹਨ ਪਰ ਉਸ ਨੇ ਨਿਵੇਸ਼ਕਾਂ ਨੂੰ ਸਿਰਫ 106.10 ਕਰੋੜ ਰੁਪਏ ਦਿੱਤੇ ਹਨ। ਸਹਾਰਾ ਸਿਰਫ ਸੁਪਰੀਮ ਕੋਰਟ ਦੇ ਹੁਕਮ ਦੀ ਪਾਲਣਾ ਕਰ ਰਿਹਾ ਹੈ।

ਸਹਾਰਾ ਇੰਡੀਆ ਪਰਿਵਾਰ ਵਲੋਂ ਅਖ਼ਬਾਰਾਂ ’ਚ ਦਿੱਤੇ ਗਏ ਵਿਗਿਆਪਨ ’ਚ ਕਿਹਾ ਗਿਆ ਕਿ ਕੰਪਨੀ ਦੇ ਮੁਖੀ ਸੁਬਰਤੋ ਰਾਏ ਸਹਾਰਾ ਜਾਂ ਸਹਾਰਾ ਇੰਡੀਆ ਪਰਿਵਾਰ ਖ਼ਿਲਾਫ਼ ਸਿਰਫ ਇਕ ਦੋਸ਼ ਹੈ। ਉਹ ਦੋਸ਼ ਇਹ ਹੈ ਕਿ ਉਹ ਨਿਵੇਸ਼ਕਾਂ ਦਾ ਪੈਸਾ ਅਦਾ ਕਰਨ ’ਚ ਸਮਾਂ ਲੈ ਰਿਹਾ ਹੈ। ਹਾਲਾਂਕਿ ਉਹ ਇਸ ਦੇਰੀ ਦਾ ਵਿਆਜ ਵੀ ਦੇ ਰਿਹਾ ਹੈ।

ਸਹਾਰਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਪਿਛਲੇ 8 ਸਾਲਾਂ ਤੋਂ ਜੋ ਸ਼ਰਤ ਰੱਖੀ ਹੈ, ਉਸੇ ਦੇ ਮੁਤਾਬਕ ਕੰਪਨੀ ਆਪਣੀਆਂ ਅਸੈਟਸ ਵੇਚ ਕੇ ਪੈਸਾ ਅਦਾ ਕਰ ਰਹੀ ਹੈ। ਸੁਪਰੀਮ ਕੋਰਟ ਦੀ ਸ਼ਰਤ ਮੁਤਾਬਕ ਪੂਰੇ ਸਹਾਰਾ ਗਰੁੱਪ ਦੀ ਕਿਸੇ ਵੀ ਜਾਇਦਾਦ ਦੀ ਵਿਕਰੀ ਤੋਂ ਮਿਲੇ ਪੈਸਿਆਂ, ਜੁਆਇੰਟ ਵੈਂਚਰਸ ਤੋਂ ਮਿਲੇ ਪੈਸਿਆਂ ਨੂੰ ਸਹਾਰਾ-ਸੇਬੀ ਦੇ ਖਾਤੇ ’ਚ ਜਮ੍ਹਾ ਕਰਵਾਉਣਾ ਹੋਵੇਗਾ। ਸਹਾਰਾ ਨੇ ਕਿਹਾ ਕਿ ਉਸ ਨੇ 8 ਸਾਲਾਂ ’ਚ ਇਕ ਵੀ ਪੈਸੇ ਦੀ ਵਰਤੋਂ ਨਹੀਂ ਕੀਤੀ ਹੈ। ਸਾਰੇ ਪੈਸੇ ਇਸੇ ਖਾਤੇ ’ਚ ਜਮ੍ਹਾ ਕੀਤੇ ਗਏ ਹਨ।

ਸਮੂਹ ਦਾ ਕਹਿਣਾ ਹੈ ਕਿ ਇਸ ਨਾਲ ਉਸ ਦੇ ਇਸ ਦਾਅਵੇ ਦੀ ਹੀ ਪੁਸ਼ਟੀ ਹੁੰਦੀ ਹੈ ਕਿ ਭੁਗਤਾਨ ਲਈ ਕੋਈ ਵੀ ਦਾਅਵੇਦਾਰ ਨਹੀਂ ਬਚਿਆ ਹੈ ਕਿਉਂਕਿ ਰੈਗੁਲੇਟਰ ਵਲੋਂ ਸਹਾਰਾ ਸਮੂਹ ਨੂੰ ਧਨ ਉਸ ਦੇ ਕੋਲ ਜਮ੍ਹਾ ਕਰਨ ਲਈ ਕਹਿਣ ਤੋਂ ਪਹਿਲਾਂ ਹੀ ਸਮੂਹ ਜ਼ਿਆਦਾਤਰ ਬਾਂਡਧਾਰਕਾਂ ਨੂੰ ਉਨ੍ਹਾਂ ਦਾ ਧਨ ਮੋੜ ਚੁੱਕਾ ਸੀ।

ਦੱਸ ਦਈਏ ਕਿ ਸਹਾਰਾ ਗਰੁੱਪ ’ਚ ਅਜਿਹੇ 4 ਕੋਆਪ੍ਰੇਟਿਵ ਸੋਸਾਇਟੀਜ਼ ’ਚ ਕਰੀਬ 4 ਕਰੋੜ ਜਮ੍ਹਾਕਰਤਾਵਾਂ ਨੇ ਆਪਣੀ ਬਚਤ ਲਈ ਪੈਸੇ ਜਮ੍ਹਾਂ ਕੀਤੇ ਹੋਏ ਹਨ। ਸਹਾਰਾ ਗਰੁੱਪ ਨੇ ਇਨ੍ਹਾਂ ਡਿਪਾਜ਼ਿਟਰਸ ਤੋਂ 86,673 ਕਰੋੜ ਰੁਪਏ ਜੁਟਾਏ ਅਤੇ ਫਿਰ ਇਸ ’ਚੋਂ 62,643 ਕਰੋੜ ਰੁਪਏ ਐਂਬੀ ਵੈਲੀ ਲਿਮਟਿਡ ’ਚ ਇਨਵੈਸਟ ਕਰ ਦਿੱਤੇ।

ਇਸ ਤੋਂ ਪਹਿਲਾਂ ਸਮੂਹ ਨੇ ਇਕ ਬਿਆਨ ’ਚ ਕਿਹਾ ਸੀ ਕਿ ਸਹਾਰਾ ਦੇ ਦੇਸ਼ ਭਰ ਦੇ 8 ਕਰੋੜ ਨਿਵੇਸ਼ਕਾਂ ’ਚੋਂ ਦੇਰੀ ਨਾਲ ਭੁਗਤਾਨ ਦੀ ਸ਼ਿਕਾਇਤ ਕਰਨ ਵਾਲੇ ਸਿਰਫ 0.07 ਫੀਸਦੀ ਹੈ। ਸਮੂਹ ਨੇ ਬਿਆਨ ’ਚ ਕਿਹਾ ਸੀ ਕਿ ਸਹਾਰਾ ਨੇ ਪਿਛਲੇ 10 ਸਾਲ ਦੌਰਾਨ ਆਪਣੇ 5.76 ਕਰੋੜ ਨਿਵੇਸ਼ਕਾਂ ਨੂੰ 1 ਲੱਖ 40 ਹਜ਼ਾਰ 157 ਕਰੋੜ ਰੁਪਏ ਦੀ ਰਾਸ਼ੀ ਦੀ ਮਚਿਓਰਿਟੀ ਦੀ ਪੇਮੈਂਟ ਕੀਤੀ ਹੈ।
 


Sanjeev

Content Editor

Related News