ਡਾਲਰ 'ਚ ਕਮਜ਼ੋਰੀ ਤੇ ਬਾਜ਼ਾਰ 'ਚ ਤੇਜ਼ੀ ਨਾਲ ਰੁਪਏ 'ਚ 15 ਪੈਸੇ ਦਾ ਉਛਾਲ

01/12/2021 7:29:36 PM

ਮੁੰਬਈ- ਘਰੇਲੂ ਸ਼ੇਅਰ ਬਾਜ਼ਾਰ ਵਿਚ ਰਿਕਵਰੀ ਦੇ ਮੱਦੇਨਜ਼ਰ ਅਤੇ ਡਾਲਰ ਇੰਡੈਕਸ ਦੇ ਕਮਜ਼ੋਰ ਰਹਿਣ ਨਾਲ ਵਿਦੇਸ਼ੀ ਕਰੰਸੀ ਵਟਾਂਦਰਾ ਬਾਜ਼ਾਰ ਵਿਚ ਮੰਗਲਵਾਰ ਨੂੰ ਭਾਰਤੀ ਕਰੰਸੀ ਵਿਚ ਮਜਬੂਤੀ ਦਰਜ ਹੋਈ। ਭਾਰਤੀ ਕਰੰਸੀ 15 ਪੈਸੇ ਚੜ੍ਹ ਕੇ 73.25 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ।

ਹਾਲਾਂਕਿ, ਇਸ ਦੀ ਸ਼ੁਰੂਆਤ ਕਮਜ਼ੋਰੀ ਨਾਲ 73.42 'ਤੇ ਖੁੱਲ੍ਹਣ ਨਾਲ ਹੋਈ ਸੀ। ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ ਯਾਨੀ ਸੋਮਵਾਰ ਨੂੰ ਭਾਰਤੀ ਕਰੰਸੀ 73.40 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ।

ਕਾਰੋਬਾਰ ਸੈਸ਼ਨ ਦੌਰਾਨ ਭਾਰਤੀ ਕਰੰਸੀ 73.24 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਉੱਚੇ ਪੱਧਰ ਅਤੇ 73.44 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ਤੱਕ ਗਈ। ਇਸ ਵਿਚਕਾਰ ਛੇ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ ਵਿਚ ਅਮਰੀਕੀ ਡਾਲਰ ਦਾ ਰੁਖ਼ ਦਰਸਾਉਣ ਵਾਲਾ ਡਾਲਰ ਸੂਚਕ ਅੰਕ 0.09 ਫ਼ੀਸਦੀ ਡਿੱਗ ਕੇ 90.38 ਦੇ ਪੱਧਰ 'ਤੇ ਆ ਗਿਆ। ਉੱਥੇ ਹੀ, ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਵਿਚ ਤੇਜ਼ੀ ਰਹੀ ਅਤੇ ਇਹ 56.61 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਘਰੇਲੂ ਸ਼ੇਅਰ ਬਾਜ਼ਾਰ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਇਆ। ਸੈਂਸੈਕਸ 50 ਹਜ਼ਾਰ ਦੇ ਨਜ਼ਦੀਕ 49,517 ਦੇ ਰਿਕਾਰਡ ਉੱਚ ਪੱਧਰ 'ਤੇ ਅਤੇ ਨਿਫਟੀ 14,500 ਤੋਂ ਪਾਰ ਬੰਦ ਹੋਇਆ ਹੈ।


Sanjeev

Content Editor

Related News